29 C
Delhi
Saturday, April 20, 2024
spot_img
spot_img

ਜੱਗ ਜਿਉਂਦਿਆਂ ਦੇ ਮੇਲੇ, ਮੋਇਆਂ ਸਾਰ ਨਾ ਕਾਈ – ਕੋਰੋਨਾਵਾਇਰਸ ’ਤੇ ਬੀਰਦਵਿੰਦਰ ਸਿੰਘ ਦਾ ਭਾਵਪੂਰਤ ਲੇਖ਼

ਅੱਜ ਪੂਰੇ ਵਿਸ਼ਵ ਵਿੱਚ ਕਰੋਨਾ-ਵਾਇਰਸ ਦਾ ਕਹਿਰ ਨਾਜ਼ਲ ਹੈ। ਇਸ ਮਹਾਂਮਾਰੀ ਨੂੰ ਕੋਵਿਡ-19 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਚੀਨ ਦੇ ਹੁਬੀ ਪ੍ਰਾਂਤ ਦੇ ਵੁਹਾਨ ਸ਼ਹਿਰ ’ਚੋਂ ਦਸੰਬਰ-2019 ਵਿੱਚ ਉਤਪੰਨ ਹੋਏ ਇਸ ਜਹਿਰੀਲੇ ਵਾਇਰਸ ਨੇ, ਮਹਿਜ਼ ਢਾਈ ਮਹੀਨੇ ਦੇ ਸਮੇਂ ਅੰਦਰ ਹੀ, ਕੁੱਲ ਦੁਨੀਆਂ ਦੇ 195 ਮੁਲਕਾਂ ਵਿੱਚੋਂ, 166 ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਮਹਾਂਮਾਰੀ ਕਾਰਨ ਪੂਰੇ ਵਿਸ਼ਵ ਵਿੱਚ 2,76,665 ਵਿਅਕਤੀ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਇਨ੍ਹਾਂ ਤੋਂ ਬਿਨਾਂ ਲਗਪਗ 11,419 ਵਿਅਕਤੀਆਂ ਦੀ ਤਾਂ ਮੌਤ ਵੀ ਹੋ ਚੁਕੀ ਹੈ।ਇਸ ਅਸਪਸ਼ਟ ਤੇ ਦੁਰਬੋਧ ਮਹਾਂਮਾਰੀ ਨੇ ਤਾਂ, ਪਲੇਗ ਦੀ ਮਹਾਂਮਾਰੀ ਦੀ ਭਿਅਨਕਤਾ ਨੂੰ ਯਾਦ ਕਰਵਾ ਦਿੱਤਾ ਹੈ।

ਇਸ ਨੂੰ ਵਕਤ ਦੀ ਸਿਤਮ-ਜਰੀਫ਼ੀ ਕਹੋ ਜਾਂ ਫੇਰ ਮਹਿਜ਼ ਇਤਫ਼ਾਕ ਕਿ ਸਾਲ 1855 ਵਿੱਚ ਵੀ ਪਲੇਗ ਦੀ ਮਹਾਂਮਾਰੀ ਦਾ ਆਰੰਭ ਵੀ, ਚੀਨ ਦੇ ਯੁਨਾਨ ਸ਼ਹਿਰ ਵਿੱਚੋਂ ਹੀ ਹੋਇਆ ਸੀ। ਉਸ ਵੇਲੇ ਚੀਨ ਦਾ ਸਾਸ਼ਕ, ਬਾਦਸ਼ਾਹ ਸ਼ਿਨਫ਼ੈਂਗ ਸੀ।ਪਲੇਗ ਦੀ ਮਹਾਂਮਾਰੀ ਕਾਰਨ ਚੀਨ ਅਤੇ ਭਾਰਤ ਵਿੱਚ 1,20,00000 (ਇੱਕ ਕ੍ਰੋੜ ਵੀਹ ਲੱਖ) ਲੋਕਾਂ ਦੀ ਮੌਤ ਹੋ ਗਈ ਸੀ।

ਜਿਸ ਵਿੱਚੋਂ ਚੀਨ ਵਿੱਚ ਮਰਨ ਵਾਲਿਆਂ ਦੀ ਗਿਣਤੀ 20,00000 (ਵੀਹ ਲੱਖ) ਸੀ ਅਤੇ ਭਾਰਤ ਵਿੱਚ ਪਲੇਗ ਕਾਰਨ ਮਰਨ ਵਾਲਿਆਂ ਦੀ ਗਿਣਤੀ 10000000 ( ਇੱਕ ਕ੍ਰੋੜ) ਤੱਕ ਅੱਪੜ ਗਈ ਸੀ।

ਮਹਾਂਮਾਰੀ ਕੁਦਰਤ ਦਾ ਇੱਕ ਅਜੇਹਾ ਕਹਿਰ ਹੈ ਜਿਸ ਦੀ ਵਿਕਰਾਲਤਾ ਅੱਗੇ ਮਨੁੱਖ ਦੇ ਸਾਰੇ ਹੀਲੇ-ਵਸੀਲੇ ਬੇਵੱਸ ਹੋ ਜਾਂਦੇ ਹਨ।ਜਦੋਂ ਅਜੇਹੀ ਮਹਾਂਮਾਰੀ ਫੈਲਦੀ ਹੈ, ਤਾਂ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਉਨ੍ਹਾਂ ਦੇਸ਼ਾਂ ਨੂੰ ਕਰਨਾ ਪੈਂਦਾ ਹੈ, ਜਿਨ੍ਹਾਂ ਦੀ ਅਬਾਦੀ, ਨਿਯੰਤਰਿਤ ਪ੍ਰਬੰਧਾਂ ਦੀਆਂ ਸੀਮਾਵਾਂ ਦੇ ਸਾਰੇ ਮਾਪਦੰਡਾਂ ਦੇ ਬਾਵਜੂਦ ਵੀ, ਬੇਕਾਬੂ ਜਾਪਦੀ ਹੋਵੇ।

ਅੱਜ ਅਬਾਦੀ ਦੇ ਪੱਖੋਂ, ਚੀਨ ਅਤੇ ਭਾਰਤ ਕੁੱਝ ਅਜੇਹੀ ਹੀ ਸਥਿੱਤੀ ਵਿਚੋਂ ਗੁਜ਼ਰ ਰਹੇ ਹਨ। ਚੀਨ ਦੀ ਅਬਾਦੀ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਹੈ, ਜੋ ਕਿ ਲਗਪਗ 143 ਕ੍ਰੋੜ 10 ਲੱਖ ਦੇ ਕਰੀਬ ਹੈ। ਇਸ ਤੋਂ ਬਾਅਦ ਭਾਰਤ ਦੂਸਰੇ ਨੰਬਰ ਤੇ ਹੈ, ਜਿਸਦੀ ਅਬਾਦੀ ਇਸ ਵੇਲੇ 138 ਕ੍ਰੋੜ ਦੇ ਕਰੀਬ ਹੈ।

ਇੱਥੇ ਇਹ ਵਰਨਣ ਕਰਨਾ ਵੀ ਜ਼ਰੂਰੀ ਹੈ ਕਿ ਕਰੋਨਾ ਵਾਇਰਸ ਦੀ ਲਪੇਟ ਵਿੱਚ ਜੋ ਦੇਸ਼ ਆਏ ਹਨ, ਉਨ੍ਹਾਂ ਵਿੱਚੋਂ ਬਹੁਤੇ ਦੇਸ਼ ਪੂਰੀ ਤਰ੍ਹਾਂ ਉੱਨਤ ਅਤੇ ਸ਼ਕਤੀਸ਼ਾਲੀ ਦੇਸ਼ ਹਨ ਅਤੇ ਸਾਧਨਾ ਪੱਖੋਂ ਵੀ ਪੂਰੀ ਤਰ੍ਹਾਂ ਸਮਰੱਥ ਹਨ ਪਰ ਭਾਰਤ ਇਸ ਪੱਖੋਂ, ਕਈ ਸ਼ੋਭਿਆਂ ਵਿੱਚ, ਹਾਲੇ ਬਹੁਤ ਪਿੱਛੇ ਹੈ।

ਚੀਨ ਵਿੱਚ ਇਸ ਭਿਅੰਕਰ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 81,008 ਹੈ ਅਤੇ ਮਰਨ ਵਾਲਿਆ ਦੀ ਗਣਤੀ 3,255 ਹੋ ਚੁੱਕੀ ਹੈ।ਮਰਨ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਹੁਣ ਇਟਲੀ ਵਿੱਚ ਹੈ, ਜਿੱਥੇ ਹੁਣ ਤੀਕਰ 4,032 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 47,021 ਕੇਸ ਕਰੋਨਾ ਵਇਰਸ ਤੋਂ ਪ੍ਰਭਾਵਤ ਮਰੀਜ਼ਾਂ ਦੇ ਹਨ।

ਇਨ੍ਹਾਂ ਦੋ ਦੇਸ਼ਾਂ ਤੋਂ ਬਿਨਾਂ, ਇਸ ਮਹਾਂਮਾਰੀ ਦੀ ਲਪੇਟ ਵਿੱਚ, ਸਪੇਨ, ਜਰਮਨੀ, ਅਮਰੀਕਾ, ਇਰਾਨ ਅਤੇ ਫਰਾਂਸ ਆਦੀ ਦੇ ਨਾਮ, ਮੁੱਖ ਤੌਰ ਤੇ ਵਰਨਣ ਯੋਗ ਹਨ।

ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਇਸ ਮਹਾਂਮਾਰੀ ਦੇ ਇਲਾਜ ਲਈ ਹਾਲੇ ਤੱਕ ਕਿਸੇ ਵੀ ਦੇਸ਼ ਦੇ ਮੈਡੀਕਲ ਸਾਇੰਸ ਦੇ ਖੇਤਰ ਨਾਲ ਜੁੜੇ ਵਿਗਿਆਨੀਆਂ ਨੇ ਕੋਈ ਵੀ ਕਾਰਗਰ ਵੈਕਸੀਨ ਈਜਾਦ ਨਹੀਂ ਕੀਤੀ, ਉਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਕਰੋਨਾ ਵਾਇਰਸ, ਇੱਕ ਨਵੀਂ ਕਿਸਮ ਦਾ ਅਤੀ ਭਿਆਨਕ ਵਾਇਰਸ ਹੈ, ਇਸ ਲਈ ਇਸ ਦੇ ਰਵੱਈਏ ਤੇ ਮਾਰੂ ਪ੍ਰਭਾਵਾਂ ਨੂੰ ਸਮਝਣ ਲਈ, ਹਾਲੇ ਕੁੱਝ ਹੋਰ ਦੇਰ ਲੱਗ ਸਕਦੀ ਹੈ।

ਇਹ ਠੀਕ ਹੈ, ਕਿ ਚੀਨ ਵਰਗੇ ਦੇਸ਼ ਵਿੱਚ, ਜਿੱਥੇ ਇਹ ਵਾਇਰਸ ਉਤਪੰਨ ਹੋਇਆ ਹੈ ਉਨ੍ਹਾਂ ਨੇ ਤਾਂ ਬੇਹੱਦ ਕਰੜੇ ਮਾਪਦੰਡ ਇਖ਼ਤਿਆਰ ਕਰਕੇ, ਇਸ ਵਾਇਰਸ ਨੂੰ ਹੁਣ ਹੋਰ ਅੱਗੇ ਫੈਲਣ ਤੋਂ ਰੋਕ ਲਿਆ ਹੈ, ਪਰ ਬਾਕੀ ਦੇਸ਼ਾਂ ਲਈ, ਖਾਸ ਕਰਕੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ, ਚੀਨ ਵਰਗੇ ਕਰੜੇ ਮਾਪਦੰਡ ਅਪਣਾ ਕੇ, ਇਸ ਭਿਆਨਕ ਮਹਾਂਮਾਰੀ ਦੀ ਰੋਕਥਾਮ ਕਰ ਲੈਣਾ, ਕੋਈ ਆਸਾਨ ਕੰੰਮ ਨਹੀਂ ਹੈ।

ਭਾਵੇਂ ਭਾਰਤ ਵਿੱਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਹਾਲੇ ਕੇਵਲ 258 ਹੈ ਪਰ ਫਿਕਰ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚ 63 ਕੇਸਾਂ ਦਾ ਇਜ਼ਾਫ਼ਾ ਕੇਵਲ ਪਿਛਲੇ 24 ਘੰਟਿਆਂ ਦੇ ਅੰਦਰ ਹੀ ਹੋਇਆ ਹੈ, ਇਨ੍ਹਾਂ ਵਿੱਚੋਂ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 24 ਪ੍ਰਭਾਵਿਤ ਮਰੀਜ਼ ਰਾਜ਼ੀ ਵੀ ਹੋ ਗਏ ਹਨ ।

ਵਿਸ਼ਵ ਸਿਹਤ ਸੰਸਥਾ (ਾਂ.੍ਹ.ੌ) ਦੇ ਅਨੁਮਾਨਾਂ ਅਨੁਸਾਰ ਉਹ ਇਸ ਮਹਾਂਮਾਰੀ ਦੇ ਭਾਰਤ ਵਿੱਚ ਫੈਲਾਓ ਨੂੰ, ਦੂਸਰੇ ਪੜਾਅ ਵਿੱਚ ਅੱਪੜ ਗਈ ਸਮਝਦੇ ਹਨ। ਭਾਰਤ ਦੇ ਹੀਲੇ ਅਤੇ ਵਸੀਲਿਆਂ ਨੂੰ ਮੁੱਖ ਰੱਖਦੇ ਹੋਏ ਇਸ ਮਹਾਂਮਾਰੀ ਦਾ ਤੀਸਰਾ ਪੜਾਅ ਬੇਹੱਦ ਭਿਆਨਕ ਅਵਸਥਾ ਅਖਿਤਿਆਰ ਕਰ ਸਕਦਾ ਹੈ। ਇਸ ਭਿਆਨਕ ਅਵਸਥਾ ਵਿੱਚ ਤਾਂ ਮੌਤਾਂ ਦੀ ਗਿਣਤੀ ਕਰਨੀ ਵੀ ਸੰਭਵ ਨਹੀਂ ਹੋ ਸਕੇਗੀ।

ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ ਨੇ ਵੀ, ਸ਼ਾਇਦ ਇਸ ਭਿਆਨਕਤਾ ਦੇ ਵਿਕਰਾਲ਼ ਰੂਪ ਨੂੰ ਸਮਝਦੇ ਹੋਏ ਅਤੇ ਇਸ ਮਹਾਂਮਾਰੀ ਦੀ ਵਿਆਪਕਤਾ ਦੇ ਸਨਮੁੱਖ, ਦੇਸ਼ ਦੇ ਸਾਧਨਾਂ ਦੀ ਖੀਣਤਾ ਦੇ ਖੱਪੇ ਨੂੰ ਮੁੱਖ ਰੱਖਦੇ ਹੋਏ ਹੀ, 19 ਮਾਰਚ ਨੂੰ ਰਾਤ ਦੇ 8 ਵਜੇ, ਗੰਭੀਰ ਫਿਕਰਮੰਦੀ ਦੇ ਆਲਮ ਵਿਚੱ, ਦੇਸ਼ ਵਾਸੀਆਂ ਨੂੰ ਸੰਬੋਧਨ ਕਰਨ ਦਾ ਫੈਸਲਾ ਕੀਤਾ ਸੀ।

ਭਾਵੇਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਰਾਜਨੀਤਕ ਵਿਚਾਰਧਾਰਾ ਅਤੇ ਉਸ ਨੂੰ ਦੇਸ਼ ਵਿੱਚ ਲਾਗੂ ਕਰਨ ਦੀ, ਉਨ੍ਹਾਂ ਦੀ ਵਿਧਾ ਨਾਲ ਅਸੀਂ ਕਤੱਈ ਇਤਫ਼ਾਕ ਨਹੀਂ ਰੱਖਦੇ ਅਤੇ ਉਸਦਾ ਪੂਰੀ ਨਿਸ਼ਟਾ ਨਾਲ ਵਿਰੋਧ ਕਰਦੇ ਹਾਂ। ਪਰ 19 ਮਾਰਚ ਨੂੰ ਰਾਤ ਦੇ 8 ਵਜੇ ਜੋ ਸੁਨੇਹਾ ਨਰਿੰਦਰ ਮੋਦੀ, ਦੇਸ਼ ਵਾਸੀਆਂ ਨੂੰ ਦੇ ਰਿਹਾ ਸੀ, ਉਸ ਸਮੇਂ ਉਹ ਸੱਚਮੁੱਚ ਹੀ ਭਾਰਤ ਦਾ ਇੱਕ ਸੰਵੇਦਨਸ਼ੀਲ ਪ੍ਰਧਾਨ ਮੰਤਰੀ ਜਾਪ ਰਿਹਾ ਸੀ।

ਇਹ ਪਹਿਲੀ ਵਾਰ ਹੈ ਕਿ ਸ਼੍ਰੀ ਨਰਿੰਦਰ ਮੋਦੀ ਵੱਲੋਂ ਕਹੀ ਗਈ ਹਰ ਇੱਕ ਗੱਲ ਦਾ, ਮੈਂ ਆਪਣੇ ਦੇਸ਼ ਵਾਸੀਆਂ ਦੇ ਹਿੱਤ ਵਿੱਚ, ਪੂਰਨ ਸਮਰਥਨ ਕਰਦਾ ਹਾਂ। ਮੈਂ ਮੰਨਦਾ ਹਾਂ ਕਿ ਪ੍ਰਧਾਨ ਮੰਤਰੀ ਦੇ ਇਸ ਭਾਸ਼ਨ ਵਿੱਚ ਕੋਈ ਰਾਜਨੀਤਕ ਜ਼ੁਮਲੇਬਾਜ਼ੀ ਨਹੀਂ ਸੀ, ਸਗੋਂ ਉਨ੍ਹਾਂ ਦੀ ਆਵਾਜ਼ ਤੇ ਹਾਵਭਾਵ ਵਿੱਚ ਬੇਹੱਦ ਸੰਜੀਦਗੀ ਸੀ ਅਤੇ ਦੇਸ਼ ਵਾਸੀਆਂ ਲਈ ਗਹਿਰਾ ਦਰਦ ਝਲਕ ਰਿਹਾ ਸੀ।

ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਸਾਰੀਆਂ ਨਿਰੰਤਰ ਕੋਸ਼ਿਸ਼ਾਂ ਅਤੇ ਉਪਰਾਲਿਆਂ ਦੇ ਬਾਵਜੂਦ , ਸਭ ਹੱਦਾਂ-ਬੰਨੇ ਤੋੜ ਕੇ, ਇਸ ਮਹਾਂਮਾਰੀ ਦੀ ਭਿਆਨਕਤਾ ਦਾ, ਤੀਸਰੇ ਤੇ ਆਖਰੀ ਪੜਾਅ ਵਿੱਚ ਅੱਪੜ ਜਾਣ ਦਾ ਸਹਿਮ ਤੇ ਬੇਬਸੀ, ਪ੍ਰਧਾਨ ਮੰਤਰੀ ਦੇ ਬੋਲਾਂ ਅਤੇ ਉਸਦੇ ਚਿਹਰੇ ਦੇ ਉਦਾਸੀ ਵਿੱਚ ਸਾਫ਼ ਝਲਕ ਰਹੀ ਸੀ।

ਭਾਰਤ ਵਰਸ਼ ਦੇ 130 ਕ੍ਰੋੜ ਦੇਸ਼ ਵਾਸੀਆਂ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਸ ਧੁਰ ਅੰਦਰਲੀ ਪੀੜਾ ਤੇ ਬੇਬਸੀ ਨੂੰ ਸਮਝਣਾ ਅਤੇ ਮਹਿਸੂਸ ਕਰਨਾ ਚਾਹੀਦਾ ਹੈ।ਦੇਸ਼ ਦੇ ਸੱਚੇ ਨਾਗਰਿਕ ਹੋਣ ਦੀ ਹੈਸੀਅਤ ਵਿੱਚ, ਉਸ ਪ੍ਰਤੀ, 100 ਫੀਸਦੀ ਸੰਵੇਦਨਸ਼ੀਲਤਾ ਅਤੇ ਨਿਸ਼ਠਾਵਾਨ ਉੱਤਰਦਾਇਕਤਾ ਦਾ ਸਬੂਤ ਦੇਣਾ ਬਣਦਾ ਹੈ ਅਤੇ ਅਜਿਹਾ ਕਾਰਗਰ ਅਮਲ ਦੇਸ਼ ਅਤੇ ਦੇਸ਼ ਵਾਸੀਆਂ ਦੇ ਹਿੱਤ ਵਿੱਚ ਹੋਵੇਗਾ।

ਸਾਰੀ ਦੁਨੀਆਂ ਇਸ ਵੇਲੇ ਭਿਆਨਕ ਮਹਾਂਮਾਰੀ ਦੀ ਵੱਡੀ ਆਫ਼ਤ ਵਿੱਚੋਂ ਗੁਜ਼ਰ ਰਹੀ ਹੈ। ਇਹ ਮਹਾਂਮਾਰੀ ਵੀ ਅਜੇਹੀ ਹੈ, ਕਿ ਜਿਸਦੀ ਕੇਵਲ ਤੇ ਕੇਵਲ ਦਵਾਈ, ਸਾਡਾ ਕੌਮੀ ਅਨੁਸਾਸ਼ਨ ਹੀ ਹੋ ਸਕਦਾ ਹੈ। ਜੋ ਵੀ ਸੁਝਾਓ ਤੇ ਪ੍ਰਸਤਾਵਨਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਦੇ ਦਰਿਸ਼ਟੀ ਗੋਚਰ ਕੀਤੀ ਹੈ, ਉਸ ਦਾ ਇੰਨਬਿੰਨ ਪਾਲਣ ਕਰਨਾ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜੋ 22 ਮਾਰਚ ਦਿਨ ਐਤਵਾਰ ਨੂੰ ਸਵੇਰੇ 7 ਬਜੇ ਤੋਂ ਰਾਤ ਦੇ 9 ਬਜੇ ਤੱਕ ‘ਜਨਤਕ ਕਰਫਿਊ’ ਨਾਫ਼ਜ਼ ਕਰਨ ਦੀ ਜੋ ਅਪੀਲ ਕੀਤੀ ਹੈ, ਉਸ ਉੱਤੇ ਨੇਕ ਨੀਅਤੀ ਨਾਲ ਅਮਲ ਕੀਤਾ ਜਾਵੇ। ਇਸ ‘ਜਨਤਕ ਕਰਫਿਊ’ ਜਾਂ ਕਰੜੀਆਂ ਪਾਬੰਦੀਆਂ ਦਾ ਇੱਕੋ-ਇੱਕ ਮਕਸਦ ਇਹ ਹੈ, ਕਿ ਦੇਸ਼ ਵਾਸੀਆਂ ਦੇ ਇਰਾਦਿਆਂ ਅੰਦਰ, ਇਸ ਮਹਾਂਮਾਰੀ ਦਾ ਡੱਟ ਕੇ ਟਾਕਰਾ ਕਰਨ ਲਈ, ਸਵੈ-ਸੰਜਮ, ਸਵੈ-ਅਨੁਸਾਸ਼ਨ ਅਤੇ ਸਵੈ-ਸੰਕਲਪ ਦੀ ਭਾਵਨਾ ਪੈਦਾ ਕੀਤੀ ਜਾਵੇ ਅਤੇ ਅਜਿਹੇ ਸੰਕਲਪਾਂ ਉੱਤੇ ਪੂਰਨ ਸੁਹਿਰਦਤਾ ਅਤੇ ਇਮਾਨਦਾਰੀ ਨਾਲ ਪਹਿਰਾ ਦੇਣ ਲਈ ਦੇਸ਼ ਵਾਸੀਆਂ ਨੂੰ ਤਿਆਰ ਕੀਤਾ ਜਾਵੇ।

ਅਜਿਹੇ ਅਮਲਾਂ ਵਿੱਚ ਹੀ ਸਾਡਾ ਸਾਰਿਆਂ ਦਾ, ਭਾਰਤ ਦੇਸ਼ ਦਾ ਅਤੇ ਮਨੁੱਖਤਾ ਦਾ ਬਚਾਅ ਹੈ। ਜੇ ਅਸੀਂ ਇਸ ਭਿਆਨਕ ਮਹਾਂਮਾਰੀ ਤੋਂ ਆਪ ਖੁਦ ਬਚਣਾ ਹੈ ਅਤੇ ਆਪਣੇ ਪਰਿਵਾਰ ਨੂੰ ਬਚਾਊਂਣਾ ਹੈ ਤਾਂ ਸਾਨੂੰ ਆਮ ਅਤੇ ਖਾਸ ਸਮਾਜਿਕ ਮੇਲ-ਜੋਲ ਨੂੰ, ਕੁੱਝ ਸਮੇਂ ਲਈ ਕਤੱਈ ਘਟਾ ਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਸਮਾਜਿਕ, ਧਾਰਮਿਕ ਅਤੇ ਦੁਨਿਆਵੀ ਵਰਤ-ਵਿਹਾਰਾਂ ਤੋਂ ਪਾਸਾ ਵੱਟਣਾ ਪਵੇਗਾ, ਆਪਣੇ ਆਪ ਨੂੰ ਅਤੇ ਪਰਿਵਾਰ ਨੂੰ ਹਰ ਕਿਸਮ ਦੀ ਭੀੜ ਤੋਂ ਦੂਰ ਰੱਖਣ ਲਈ ਹਰ ਲੁੜੀਂਦਾ ਉਪਰਾਲਾ ਕਰਨਾ ਅਜ਼ਹਦ ਜ਼ਰੂਰੀ ਹੋਵੇਗਾ ।

ਮਹਿਕਮਾਂ ਸਿਹਤ ਅਤੇ ਸਰਕਾਰਾਂ ਵੱਲੋਂ ਸੋਸ਼ਲ ਮੀਡੀਏ ਅਤੇ ਬਿਜਲਈ ਮਾਧਿਅਮਾਂ ਰਾਹੀਂ ਦਿੱਤੇ ਜਾ ਰਹੇ ਪਰਹੇਜ਼ਗਾਰ ਮਸ਼ਵਰਿਆਂ ਅਤੇ ਮਹਾਂਮਾਰੀ ਦੀ ਰੋਕਥਾਮ ਲਈ ਦਿੱਤੀਆਂ ਜਾ ਰਹੀਆਂ ਨਸੀਹਤਾਂ ਉੱਤੇ, ਆਪਣੇ ਧਾਰਮਿਕ ਫਰਜ਼ਾ ਵਾਂਗ ਹੀ ਪਹਿਰਾ ਦੇਣਾ ਹੋਵੇਗਾ। ਬੱਸ ਏਹੋ ਇੱਕ ਸਭ ਤੋਂ ਉੱਤਮ ਤੇ ਕਾਰਗਰ ਉਪਾਅ ਹੈ, ਜੋ ਸਾਨੂੰ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦਾ ਟਾਕਰਾ ਕਰਨ ਦੇ ਸਮਰੱਥ ਕਰ ਸਕਦਾ ਹੈ।

ਪਰ ਜੇ ਅਸੀਂ ਸਵੈ-ਸੰਜਮ ਤੇ ਸਵੈ-ਅਨੁਸਾਸ਼ਨ ਨਿਭਾਊਣ ਤੋਂ ਖੁੰਝ ਗਏ ਅਤੇ ਜ਼ਰਾ ਜਿੰਨੀ ਵੀ ਕੁਤਾਹੀ ਕਰ ਗਏ, ਤਾਂ ਫੇਰ ਮੇਰੀ ਗੱਲ ਚੇਤੇ ਰੱਖਿਓ ! ਕਿ ਸਾਨੂੰ ਇਸ ਮਾਮਲੇ ਵਿੱਚ ਤਾਂ ਪਛਤਾਊਂਣ ਦਾ ਮੌਕਾ ਵੀ ਨਹੀਂ ਮਿਲੇਗਾ, ਅਜਿਹੇ ਦਿਲਕੰਬਾਊ ਤੇ ਭਿਆਨਕ ਮੰਜ਼ਰ ਦੇਖਣੇ ਪੈ ਸਕਦੇ ਹਨ ਜਿਨ੍ਹਾਂ ਨੂੰ ਅਸੀਂ ਕਦੇ ਆਪਣੇ ਚੇਤਿਆਂ ਦੀਆਂ ਉਦਾਸੀਆਂ ਵਿੱਚ ਵੀ, ਕਿਆਸਿਆ ਨਹੀਂ ਹੋਣਾਂ।

ਪਿਆਰੇ ਮਿੱਤਰੋ ! ਜੇ ਜਿਊਂਦੇ ਰਹੇ ਤਾਂ ਸਾਰੀ ਜ਼ਿਦੰਗੀ ਹੀ ਮੇਲਿਆਂ-ਗੇਲਿਆਂ ਤੇ ਗਲ਼ਵਕੜੀਆਂ ਲਈ ਹੈ, ਤੇ ਜੇ ਆਪਣੀਆਂ ਅਣਗਹਿਲੀਆਂ ਤੇ ਗ਼ਲਤੀਆਂ ਕਾਰਨ ਇਸ ਬਿਮਾਰੀ ਨੂੰ ਸਹੇੜ ਕੇ ਆਪਣੇ ਘਰ ਲੈ ਗਏ, ਤਾਂ ਯਾਦ ਰੱਖਿਓ, ਕਿ ਸਮਾਂ ਅਜਿਹਾ ਭਿਆਨਕ ਆ ਰਿਹਾ ਹੈ ਕਿ ਚਾਰ ਬੰਦੇ ਤੁਹਾਡੀ ਅਰਥੀ ਨੂੰ ਮੋਢਾ ਦੇਣ ਵਾਲੇ ਵੀ ਨਹੀਂ ਲੱਭਣੇ।

ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ
ਪੰਜਾਬ ਵਿਧਾਨ ਸਭਾ
ਸੰਪਰਕ : 9814033362

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION