35.1 C
Delhi
Saturday, April 20, 2024
spot_img
spot_img

ਜੈਪਾਲ ਭੁੱਲਰ ਮਾਮਲੇ ’ਚ ਇਕ ਹੋਰ ਗ੍ਰਿਫ਼ਤਾਰ: ਗੈਂਗਸਟਰਾਂ ਲਈ ਇਸੇ ਵਿਅਕਤੀ ਦੀ ਆਈ.ਡੀ. ’ਤੇ ਕਿਰਾਏ ’ਤੇ ਲਿਆ ਗਿਆ ਸੀ ਫ਼ਲੈਟ

ਯੈੱਸ ਪੰਜਾਬ
ਚੰਡੀਗੜ੍ਹ, 12 ਜੂਨ, 2021:
ਪੰਜਾਬ ਪੁਲਿਸ ਨੇ ਅੱਜ ਹਰਿਆਣਾ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੇ ਪਛਾਣ ਪੱਤਰ ਅਤੇ ਦਸਤਾਵੇਜ਼ਾਂ ਦੀ ਵਰਤੋਂ ਗੈਂਗਸਟਰ ਤੋਂ ਨਸ਼ਾ ਤਸਕਰ ਬਣੇ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਉਰਫ ਜੱਸੀ ਦੇ ਲੁਕਣ ਲਈ ਕੋਲਕਾਤਾ ਵਿੱਚ ਕਿਰਾਏ `ਤੇ ਫਲੈਟ ਲੈਣ ਲਈ ਕੀਤੀ ਗਈ ਸੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸੁਮਿਤ ਕੁਮਾਰ ਵਾਸੀ ਮਹਿਮ, ਹਰਿਆਣਾ ਵਜੋਂ ਹੋਈ ਹੈ।

ਇਹ ਮਾਮਲਾ ਪੱਛਮੀ ਬੰਗਾਲ ਪੁਲਿਸ ਦੀ ਐਸ.ਟੀ.ਐਫ. ਵੱਲੋਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਦੇ ਐਨਕਾਊਂਟਰ ਦੌਰਾਨ ਮਾਰੇ ਜਾਣ ਤੋਂ ਤਿੰਨ ਦਿਨ ਬਾਅਦ ਸਾਹਮਣੇ ਆਇਆ ਹੈ।ਦੱਸਣਯੋਗ ਹੈ ਕਿ ਜਦੋਂ ਪੱਛਮੀ ਬੰਗਾਲ ਪੁਲਿਸ ਨੇ ਕੋਲਕਾਤਾ ਵਿੱਚ ਉਕਤ ਗੈਂਗਸਟਰਾਂ ਦੇ ਫਲੈਟ `ਤੇ ਛਾਪਾ ਮਾਰਿਆ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ `ਤੇ ਗੋਲੀਆਂ ਚਲਾ ਦਿੱਤੀਆਂ।

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਕਾਊਂਟਰ ਇੰਟੈਲੀਜੈਂਸ ਅਤੇ ਸੰਗਠਿਤ ਅਪਰਾਧ ਰੋਕੂ ਇਕਾਈ (ਓ.ਸੀ.ਸੀ.ਯੂ.), ਅਮਿਤ ਪ੍ਰਸਾਦ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਸੁਮਿਤ, ਜੋ ਕਿ ਭਰਤ ਕੁਮਾਰ ਦਾ ਕਰੀਬੀ ਸਾਥੀ ਕਮ ਬਿਜ਼ਨਸ ਪਾਰਟਨਰ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਭਰਤ ਕੁਮਾਰ ਨੇ 15 ਮਈ, 2021 ਦੀ ਸ਼ਾਮ ਨੂੰ ਜਗਰਾਉਂ ਦੀ ਅਨਾਜ ਮੰਡੀ ਵਿਖੇ ਜਗਰਾਉਂ ਪੁਲਿਸ ਦੇ ਦੋ ਏ.ਐਸ.ਆਈਜ਼ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੀ ਹੱਤਿਆ ਤੋਂ ਬਾਅਦ ਜੈਪਾਲ ਭੁੱਲਰ ਅਤੇ ਜੱਸੀ ਨੂੰ ਮੋਰੈਨਾ, ਗਵਾਲੀਅਰ ਤੋਂ ਫਰਾਰ ਹੋਣ ਅਤੇ ਉਨ੍ਹਾਂ ਲਈ ਕੋਲਕਾਤਾ ਵਿਚ ਲੁਕਣ ਦਾ ਪ੍ਰਬੰਧ ਕਰਨ ਵਿੱਚ ਸਹਾਇਤਾ ਕੀਤੀ ਸੀ।

ਭਰਤ ਨੂੰ 9 ਜੂਨ ਦੇ ਦਿਨ ਰਾਜਪੁਰਾ ਖੇਤਰ ਦੇ ਸ਼ੰਭੂ ਬਾਰਡਰ ਨੇੜੇ .30 ਬੋਰ ਦੀ ਪਿਸਤੌਲ ਅਤੇ ਹੌਂਡਾ ਅਕੌਰਡ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਆਧਾਰ `ਤੇ ਪੰਜਾਬ ਪੁਲਿਸ ਨੇ ਪੱਛਮੀ ਬੰਗਾਲ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਦੋਵੇਂ ਗੈਂਗਸਟਰ ਜੈਪਾਲ ਅਤੇ ਜੱਸੀ, ਕੋਲਕਾਤਾ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਹੇ ਹਨ।

ਏ.ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਪਾਇਆ ਗਿਆ ਹੈ ਕਿ ਸੁਮਿਤ ਕੁਮਾਰ ਅਤੇ ਭਰਤ ਕੁਮਾਰ ਜੋ ਸਾਲ 2015 ਤੋਂ ਬਿਜ਼ਨਸ ਪਾਰਟਨਰ ਸਨ, ਵੱਖ-ਵੱਖ ਦੇਸ਼ਾਂ ਅਤੇ ਹੋਰ ਰਾਜਾਂ ਤੋਂ ਖਰੀਦੇ ਵਿਦੇਸ਼ੀ ਟੈਲੀਕਾਮ ਦੇ ਮੋਬਾਈਲ ਨੰਬਰਾਂ ਸਮੇਤ ਫੈਂਸੀ ਮੋਬਾਈਲ ਨੰਬਰਾਂ ਦੀ ਗੈਰਕਨੂੰਨੀ ਵਿਕਰੀ ਵਿੱਚ ਸ਼ਾਮਲ ਸਨ ਅਤੇ ਉਹ ਅਜਿਹੇ ਮੋਬਾਇਲ ਨੰਬਰ ਬਹੁਤ ਮਹਿੰਗੇ ਮੁੱਲ `ਤੇ ਪੰਜਾਬ ਅਤੇ ਹਰਿਆਣਾ ਵਿਚ ਵੇਚਦੇ ਸਨ।

ਉਨ੍ਹਾਂ ਦੱਸਿਆ ਕਿ ਭਰਤ ਕੋਲ ਕਾਂਸਟੇਬਲ ਅਮਰਜੀਤ ਸਿੰਘ ਦੀ ਅਧਿਕਾਰਤ ਆਈਡੀ ਵੀ ਸੀ ਜਿਸਦੀ ਵਰਤੋਂ ਗਵਾਲੀਅਰ ਤੋਂ ਫਰਾਰ ਹੋਣ ਵੇਲੇ ਟੋਲ ਪਲਾਜ਼ਿਆਂ ਤੋਂ ਲੰਘਣ ਲਈ ਕੀਤੀ ਗਈ ਸੀ। ਏ.ਡੀ.ਜੀ.ਪੀ. ਅਮਿਤ ਪ੍ਰਸਾਦ ਨੇ ਕਿਹਾ, “ਹਾਲਾਂਕਿ ਭਰਤ ਨੇ ਦਾਅਵਾ ਕੀਤਾ ਕਿ ਕਾਂਸਟੇਬਲ ਅਮਰਜੀਤ ਉਸ ਦਾ ਅਤੇ ਸੁਮਿਤ ਦਾ ਦੋਸਤ ਹੈ, ਪਰ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਕੋਲ ਅਮਰਜੀਤ ਦੀ ਅਧਿਕਾਰਤ ਆਈਡੀ ਕਿਉਂ ਸੀ ਅਤੇ ਕੀ ਕਾਂਸਟੇਬਲ ਅਮਰਜੀਤ ਸਿੰਘ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਭਰਤ ਵੱਲੋਂ ਉਸ ਦੀ ਅਧਿਕਾਰਤ ਆਈਡੀ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਅਪਰਾਧਿਕ ਕਾਰਵਾਈਆਂ ਅਤੇ ਗਤੀਵਿਧੀਆਂ ਵਿਚ ਭਰਤ ਅਤੇ ਸੁਮਿਤ ਦੀ ਭੂਮਿਕਾ ਦੀ ਜਾਂਚ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION