37.8 C
Delhi
Friday, April 19, 2024
spot_img
spot_img

ਜੂਨ 1984 ਦੇ ਸ਼ਹੀਦਾਂ ਦੀ ਯਾਦ ’ਚ ਹੋਏ ਸ਼ਹੀਦੀ ਸਮਾਗਮ ਮੌਕੇ ਜਥੇਦਾਰ ਅਕਾਲ ਤਖ਼ਤ ਨੇ ਕਿਹਾ ਘੱਲੂਘਾਰੇ ਨੂੰ ਕਦੇ ਭੁੱਲ ਨਹੀਂ ਸਕਦੀ ਸਿੱਖ ਕੌਮ

ਯੈੱਸ ਪੰਜਾਬ
ਅੰਮ੍ਰਿਤਸਰ, 6 ਜੂਨ, 2021:
ਜੂਨ 1984 ਵਿਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਜਨਰਲ ਸ਼ੁਬੇਗ ਸਿੰਘ ਸਮੇਤ ਹੋਰ ਸ਼ਹੀਦਾਂ ਦੀ ਯਾਦ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਰਵਣ ਕਰਵਾਇਆ।

ਸਮਾਗਮ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਵਧੀਕ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਦਲ ਬਾਬਾ ਬਿਧੀ ਚੰਦ ਸੰਪ੍ਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਸੰਬੋਧਨ ਹੁੰਦਿਆਂ ਆਪਸੀ ਵਿਤਕਰੇ ਅਤੇ ਮਤਭੇਦ ਭੁਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਜੁਟ ਹੋਣ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਜੂਨ 1984 ਵਿਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਮਾਨਵਤਾ ਦੇ ਰੂਹਾਨੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਰਵਾਇਆ ਗਿਆ ਫ਼ੌਜੀ ਹਮਲਾ ਉਹ ਨਾਸੂਰ ਹੈ, ਜੋ ਹਰ ਸਾਲ ਰਿਸਦਾ ਹੈ।

ਇਸ ਘੱਲੂਘਾਰੇ ਨੂੰ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਇਹ ਪੀੜਾ ਅਸਹਿ ਹੈ, ਪਰੰਤੂ ਇਸ ਨੂੰ ਕੌਮੀ ਸ਼ਕਤੀ ਲਈ ਵਰਤਣਾ ਜ਼ਰੂਰੀ ਹੈ। ਸਿੱਖ ਕੌਮ ਦੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਕੌਮ ਦੀ ਤਾਕਤ ਹਨ ਅਤੇ ਕੌਮ ਦੇ ਬਾਸ਼ਿੰਦਿਆਂ ਦਾ ਫ਼ਰਜ਼ ਹੈ ਕਿ ਇਨ੍ਹਾਂ ਨੂੰ ਕਮਜ਼ੋਰ ਨਾ ਹੋਣ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਸਦਾ ਚੜ੍ਹਦੀ ਕਲਾ ਵਿਚ ਰਹੀ ਹੈ ਅਤੇ ਭਵਿੱਖ ਵਿਚ ਵੀ ਰਹੇਗੀ। ਅੱਜ ਵੀ ਜਦੋਂ ਕਿਧਰੇ ਸਿੱਖਾਂ ’ਤੇ ਕੋਈ ਹਮਲਾ ਹੁੰਦਾ ਹੈ ਤਾਂ ਪੂਰੀ ਕੌਮ ਸੁਚੇਤ ਰੂਪ ਵਿਚ ਉਸ ਦੇ ਨਾਲ ਖੜ੍ਹਦੀ ਹੈ। ਪਾਰਲੀਮੈਂਟਾਂ ਵਿਚ ਅਤੇ ਅੰਬੈਸੀਆਂ ਦੇ ਸਾਹਮਣੇ ਅਜਿਹੇ ਮਾਮਲਿਆਂ ਨੂੰ ਲੈ ਕੇ ਸਿੱਖਾਂ ਵੱਲੋਂ ਕੀਤੇ ਜਾਂਦੇ ਵਿਰੋਧ ਪ੍ਰਦਰਸ਼ਨ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਸਬੂਤ ਹਨ। ਇਹ ਸ਼ਕਤੀ ਸਿੱਖ ਕੌਮ ਨੇ ਆਪਣੇ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਤੋਂ ਪ੍ਰਾਪਤ ਕੀਤੀ ਹੈ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਕਿ ਜੂਨ ਚੌਰਾਸੀ ਦੇ ਫ਼ੌਜੀ ਹਮਲੇ ਨੂੰ ਸਿੱਖ ਨਸਲਕੁਸ਼ੀ ਐਲਾਨ ਕਰਨ ਬਾਰੇ ਕਈ ਈ-ਮੇਲਾਂ ਪੁੱਜੀਆਂ ਹਨ, ਪਰੰਤੂ ਇਸ ਨੂੰ ਸਿੱਖ ਕੌਮ ਘੱਲੂਘਾਰਾ ਪ੍ਰਵਾਨ ਕਰ ਚੁੱਕੀ ਹੈ ਕਿਉਂਕਿ ਇਸ ਦੌਰਾਨ ਹਮਲਾਵਰ ਫ਼ੌਜ ਦਾ ਸਿੱਖ ਸੂਰਮਿਆਂ ਨੇ ਮੂੰਹ ਤੋੜ ਜਵਾਬ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਕੌਮ ਇਸ ਘੱਲੂਘਾਰੇ ਨੂੰ ਸਾਕਾ ਨੀਲਾ ਤਾਰਾ ਕਹਿਣ ਤੋਂ ਵੀ ਗੁਰੇਜ਼ ਕਰੇ।

ਸ਼ਹੀਦੀ ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਜੂਨ ਚੌਰਾਸੀ ਵਿਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਬੇਦੋਸ਼ੀਆਂ ਸੰਗਤਾਂ ’ਤੇ ਤੋਪਾਂ ਅਤੇ ਟੈਂਕਾਂ ਨਾਲ ਕੀਤਾ ਗਿਆ ਹਮਲਾ ਕਰਨਾ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ। ਉਨ੍ਹਾਂ ਕਿਹਾ ਕਿ ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹੀ ਹਮਲਾ ਨਹੀਂ ਕੀਤਾ, ਸਗੋਂ ਸਰਕਾਰ ਨੇ 37 ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ।

ਇਸ ਮੌਕੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਬੀਬੀ ਸਤਵੰਤ ਕੌਰ, ਭਰਾ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ਼ਹੀਦ ਭਾਈ ਨਛੱਤਰ ਸਿੰਘ ਭਲਵਾਨ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਭਲਵਾਨ ਸਮੇਤ ਹੋਰ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪੁੱਜੀਆਂ ਪੰਥਕ ਸ਼ਖ਼ਸੀਅਤਾਂ ਨੂੰ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿਰੋਪਾਓ ਦੇ ਕੇ ਨਿਵਾਜਿਆ।

ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵਡ, ਜਨਰਲ ਸਕੱਤਰ ਸ. ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਭਾਈ ਮਲਕੀਤ ਸਿੰਘ, ਅੰਤ੍ਰਿੰਗ ਮੈਂਬਰ ਸ. ਸਤਵਿੰਦਰ ਸਿੰਘ ਟੋਹੜਾ, ਸ. ਭੁਪਿੰਦਰ ਸਿੰਘ ਭਲਵਾਨ, ਸ. ਅਜਮੇਰ ਸਿੰਘ ਖੇੜਾ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਕੁਲਦੀਪ ਸਿੰਘ ਤੇੜਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਅਮਰਬੀਰ ਸਿੰਘ ਢੋਟ, ਸ. ਕੰਵਰਚੜ੍ਹਤ ਸਿੰਘ ਗਿੱਲ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪਰਮਜੀਤ ਸਿੰਘ ਸਰੋਆ, ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਆਨਰੇਰੀ ਸਕੱਤਰ ਸ. ਗੁਰਮੀਤ ਸਿੰਘ, ਸ. ਸਿਮਰਨਜੀਤ ਸਿੰਘ ਮਾਨ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਨਰਾਇਣ ਸਿੰਘ ਚੌੜਾ, ਸ. ਕੰਵਰਪਾਲ ਸਿੰਘ, ਸ. ਈਮਾਨ ਸਿੰਘ ਮਾਨ, ਸ. ਗੁਰਦੀਪ ਸਿੰਘ ਬਠਿੰਡਾ, ਭਾਈ ਜਸਬੀਰ ਸਿੰਘ ਘੁੰਮਣ, ਭਾਈ ਮੋਹਕਮ ਸਿੰਘ, ਭਾਈ ਹਰਪਾਲ ਸਿੰਘ ਚੀਮਾ, ਸ. ਸਤਨਾਮ ਸਿੰਘ ਮਾਨਾਵਾਂ ਆਦਿ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION