35.1 C
Delhi
Thursday, April 25, 2024
spot_img
spot_img

ਜਾਖ਼ੜ, ਮਨਪ੍ਰੀਤ ਤੇ ਕਾਂਗੜ ਜ਼ਖ਼ਮੀ ਕਿਸਾਨਾਂ ਦਾ ਹਾਲ ਪੁੱਛਣ ਪੁੱਜੇ, ਕਿਹਾ ਅਕਾਲੀਆਂ ਨੇ ਕਿਸਾਨੀ ਦੀ ਪਿੱਠ ’ਚ ਛੁਰਾ ਮਾਰਿਆ

ਬਠਿੰਡਾ, 23 ਸਤੰਬਰ, 2020 –

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ: ਸੁਖਬੀਰ ਸਿੰਘ ਬਾਦਲ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਜੋ ਸਾਰੀ ਉਮਰ ਕਿਸਾਨਾਂ ਦੇ ਨਾਂਅ ਤੇ ਸਿਆਸਤ ਕਰਦੇ ਰਹੇ ਹਨ, ਨੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਰਾਜ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ।

ਸ਼੍ਰੀ ਜਾਖੜ ਅੱਜ ਇੱਥੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਅਤੇ ਮਾਲ ਮੰਤਰੀ ਸ: ਗੁਰਪ੍ਰੀਤ ਸਿੰਘ ਕਾਂਗੜ ਸਮੇਤ ਮੈਕਸ ਅਤੇ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਉਨਾਂ ਕਿਸਾਨਾਂ ਦਾ ਹਾਲ ਚਾਲ ਜਾਣਨ ਲਈ ਆਏ ਸਨ ਜਿੰਨਾਂ ਦੀ ਬੱਸ ਬੀਤੀ ਰਾਤ ਧਰਨੇ ਤੋਂ ਵਾਪਸ ਆਉਂਦੇ ਸਮੇਂ ਦੁਰਘਟਨਾਗ੍ਰਸਤ ਹੋ ਗਈ ਸੀ।

ਜਖ਼ਮੀ ਹੋਏ ਕਿਸਾਨਾਂ ਦਾ ਹਾਲ ਚਾਲ ਪੁੱਛਣ ਉਪਰੰਤ ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨਾਂ ਨੂੰ ਵਿਸੇਸ਼ ਤੌਰ ਤੇ ਕਿਸਾਨਾਂ ਦਾ ਹਾਲ ਜਾਣਨ ਲਈ ਭੇਜਿਆ ਗਿਆ ਹੈ ਤਾਂ ਜੋ ਕਿਸਾਨ ਇਲਾਜ ਅਧੀਨ ਹਨ, ਉਨਾਂ ਦੇ ਇਲਾਜ ਵਿਚ ਕੋਈ ਕਮੀ ਨਾ ਰਹੇ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ, ਆਈ.ਜੀ. ਬਠਿੰਡਾ ਰੇਂਜ ਸ. ਜਸਕਰਨ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਸ. ਭੁਪਿੰਦਰਜੀਤ ਸਿੰਘ ਵਿਰਕ, ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਅਤੇ ਕਾਂਗਰਸੀ ਆਗੂ ਅਰੁਣ ਵਿਧਾਵਨ ਵੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਮੌਜੂਦ ਰਹੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਸਲ ਵਿਚ ਕਿਸਾਨ ਨੇਤਾ ਨਹੀਂ ਰਹੇ ਹਨ ਬਲਕਿ ਇਕ ਬਿਜਨੈਸਮੈਨ ਬਣ ਚੁੱਕੇ ਹਨ। ਉਨਾਂ ਨੇ ਕਿਹਾ ਕਿ ਪਹਿਲਾਂ ਮਹੀਨਿਆਂ ਤੋਂ ਸ: ਬਾਦਲ ਇੰਨਾਂ ਕਾਲੇ ਖੇਤੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ ਹਨ ਅਤੇ ਹੁਣ ਵੀ ਲੋਕ ਰੋਹ ਕਾਰਨ ਹਰਸਿਮਰਤ ਕੌਰ ਬਾਦਲ ਵੱਲੋਂ ਭਾਵੇਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦਾ ਡਰਾਮਾ ਕੀਤਾ ਗਿਆ ਹੈ ਪਰ ਫਿਰ ਵੀ ਕੇਂਦਰ ਦੀ ਮੋਦੀ ਸਰਕਾਰ ਨੂੰ ਸਮਰੱਥਨ ਜਾਰੀ ਰੱਖਿਆ ਜਾ ਰਿਹਾ ਹੈ।

ਉਨਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਤੱਥ ਕਾਫੀ ਹੈ ਇਹ ਸਿੱਧ ਕਰਨ ਲਈ ਕਿ ਅਕਾਲੀ ਦਲ ਅੱਜ ਵੀ ਭਾਜਪਾ ਨਾਲ ਸ਼ਾਮਿਲ ਹੈ ਅਤੇ ਕਿਸਾਨਾਂ ਦੀ ਏਕਤਾ ਨੂੰ ਭੰਗ ਕਰਨ ਦੇ ਇਰਾਦੇ ਨਾਲ ਪੰਜਾਬ ਮੁੜਿਆ ਹੈ। ਉਨਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਸੇ ਲਈ ਤਾਂ ਅਕਾਲੀ ਦਲ ਨੇ ਬੜੀ ਚਲਾਕੀ ਨਾਲ 25 ਸਤੰਬਰ ਨੂੰ ਹੀ ਆਪਣਾ ਬੰਦ ਦਾ ਪ੍ਰੋਗਰਾਮ ਐਲਾਣਿਆਂ ਹੈ ਤਾਂ ਜੋ ਉਸ ਦਿਨ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਕਮਜੋਰ ਕੀਤਾ ਜਾ ਸਕੇ।

ਸੂਬਾ ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਅੰਦਰ ਹੀ ਇੰਨਾਂ ਕਾਲੇ ਕਾਨੂੰਨਾਂ ਸਬੰਧੀ ਇਕ ਮੱਤ ਨਹੀਂ ਹੈ। ਉਨਾਂ ਨੇ ਕਿਹਾ ਕਿ ਹੁਣ ਸ: ਸੁਖਬੀਰ ਸਿੰਘ ਬਾਦਲ ਇੰਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਪਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਹਾਲੇ ਵੀ ਆਖ ਰਹੇ ਹਨ ਕਿ ਉਹ ਇੰਨਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਨਹੀਂ ਮੰਨਦੇ ਬਲਕਿ ਕਿਸਾਨ ਇੰਨਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਆਖ ਰਹੇ ਹਨ।

ਇਸ ਤੋਂ ਬਿਨਾਂ ਜਦ ਰਾਸ਼ਟਰਪਤੀ ਕੋਲ ਅਕਾਲੀ ਦਲ ਦਾ ਵਫਦ ਇੰਨਾਂ ਕਾਨੂੰਨਾਂ ਦੇ ਹਸਤਾਖਰ ਨਾ ਕਰਨ ਦੀ ਅਪੀਲ ਕਰਨ ਲਈ ਗਿਆ ਤਦ ਵੀ ਪਾਰਟੀ ਦੇ ਸੀਨਿਅਰ ਆਗੂ ਸ੍ਰੀਮਤੀ ਬਾਦਲ ਨਾਲ ਨਹੀਂ ਗਏ। ਸ੍ਰੀ ਜਾਖੜ ਨੇ ਕਿਹਾ ਕਿ ਇਹ ਤੱਥ ਸਿੱਧ ਕਰਦੇ ਹਨ ਕਿ ਅਕਾਲੀ ਦਲ ਵੀ ਅੰਦਰੋ ਇਸ ਮੁੱਦੇ ਤੇ ਵੰਡਿਆ ਹੋਇਆ ਹੈ। ਉਨਾਂ ਨੇ ਕਿਹਾ ਕਿ ਰਾਸ਼ਟਰਪਤੀ ਕੋਲ ਗਏ ਵਫਦ ਵਿਚ ਸ: ਬਾਦਲ ਕੋਈ ਕਿਸਾਨ ਨੇਤਾ ਨਾਲ ਨਹੀਂ ਲੈ ਕੇ ਗਏ ਜੋ ਉਥੇ ਕਿਸਾਨ ਦੀ ਗੱਲ ਕਰ ਸਕਦਾ।

ਸ੍ਰੀ ਜਾਖੜ ਨੇ ਕਿਹਾ ਕਿ ਇਹ ਕਾਲੇ ਕਾਨੂੰਨ ਕਿਸਾਨਾਂ ਲਈ ਬਹੁਤ ਮਾਰੂ ਹਨ ਤਾਂ ਹੀ ਸਮਾਜ ਦਾ ਹਰ ਵਰਗ ਇੰਨਾਂ ਦਾ ਵਿਰੋਧ ਕਰ ਰਿਹਾ ਹੈ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਣਕ ਦੀ ਕੀਮਤ ਵਿਚ ਪਿੱਛਲੇ 10 ਸਾਲਾਂ ਵਿਚ ਸਭ ਤੋਂ ਘੱਟ ਸਿਰਫ 2.6 ਫੀਸਦੀ ਦਾ ਮਾਮੂਲੀ ਵਾਧਾ ਕੀਤਾ ਹੈ। ਇਹ ਦੱਸਦਾ ਹੈ ਕਿ ਮੋਦੀ ਸਰਕਾਰ ਲਈ ਕਿਸਾਨ ਤਰਜੀਹ ਨਹੀਂ ਹਨ ਬਲਕਿ ਉਹ ਤਾਂ ਮੰਡੀ ਵਿਵਸਥਾ ਖਤਮ ਕਰਕੇ ਕਿਸਾਨਾਂ ਨੂੰ ਪੂਰੀ ਤਰਾਂ ਵੱਡੀਆਂ ਕੰਪਨੀਆਂ ਦੇ ਰਹਿਮੋ ਕਰਮ ਤੇ ਛੱਡਣਾ ਚਾਹੁੰਦੀ ਹੈ।

ਇਸ ਮੌਕੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬੀਤੀ ਰਾਤ ਹੋਏ ਹਾਦਸੇ ਵਿਚ ਕਿਸ਼ਨਗੜ ਦੇ ਕਿਸਾਨ ਮੁਖਤਿਆਰ ਸਿੰਘ ਦੀ ਦੁੱਖਦਾਈ ਮੌਤ ਹੋਈ ਹੈ। ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਹਰ ਢੁੱਕਵੀਂ ਮਦਦ ਕੀਤੀ ਜਾਵੇਗੀ।

ਉਨਾਂ ਨੇ ਕਿਹਾ ਕਿ ਜਖ਼ਮੀ ਸਾਰੇ ਕਿਸਾਨਾਂ ਦਾ ਇਲਾਜ ਵੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਕਰਵਾਇਆ ਜਾਵੇਗਾ। ਇਲਾਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਜਖ਼ਮੀ ਕਿਸਾਨਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਪੂਰਾ ਵਿਸਵਾਸ਼ ਦਵਾਇਆ ਕਿ ਸੂਬਾ ਸਰਕਾਰ ਪੂਰੀ ਤਰਾਂ ਕਿਸਾਨਾਂ ਦੇ ਨਾਲ ਖੜੀ ਹੈ।

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION