35.6 C
Delhi
Tuesday, April 23, 2024
spot_img
spot_img

ਜਾਅਲੀ ਕਰਫ਼ਿਊ ਪਾਸ ਦੇ ਜ਼ਰੀਏ ਮਜ਼ਦੂਰਾਂ ਨੂੰ ਯੂ.ਪੀ. ਛੱਡਣ ਜਾ ਰਹੇ 5 ਬੱਸ ਚਾਲਕ ਅਤੇ ਇਕ ਮਾਲਕ ਗ੍ਰਿਫ਼ਤਾਰ

ਮਾਨਸਾ, 14 ਜੂਨ, 2020:

ਨੋਵਲ ਕੋਰੋਨਾ ਵਾਇਰਸ ਦੇ ਚੱਲਦਿਆਂ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾਣ ਲਈ ਈ-ਪਾਸ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਗਈ ਸੀ ਪਰ ਲਾਲਚ ਦੇ ਚੱਲਦਿਆਂ ਕੁਝ ਲੋਕ ਇਸਦਾ ਗਲਤ ਇਸਤੇਮਾਲ ਕਰਨ ਤੋਂ ਵੀ ਬਾਜ ਨਹੀਂ ਆਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਸਬੰਧੀ ਵਿੱਚ ਮਾਨਸਾ ਪੁਲਿਸ ਵੱਲੋਂ 5 ਡਰਾਇਵਰਾਂ ਅਤੇ 1 ਬੱਸ ਮਾਲਕ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਉਤਰ ਪ੍ਰਦੇਸ਼ ਦੇ ਮੋਹੋਬਾ ਵਿਖੇ ਛੱਡਣ ਲਈ ਮੋਟੀ ਰਕਮ ਵਸੂਲ ਕਰਨ ਵਾਲੇ ਇਨ੍ਹਾਂ ਬੱਸ ਚਾਲਕਾਂ/ਮਾਲਕਾਂ ਵੱਲੋਂ ਜਾਅਲੀ ਕਰਫਿਊ ਪਾਸ ਬਣਾ ਕੇ ਛੱਡਣ ਲਈ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਇਹ ਜਾਅਲੀ ਪਾਸ ਏ.ਡੀ.ਐਮ. ਬਠਿੰਡਾ ਵੱਲੋਂ ਜਾਰੀ ਕੀਤੇ ਦਰਸਾਏ ਗਏ ਸਨ।

ਡਾ. ਭਾਰਗਵ ਨੇ ਦੱਸਿਆ ਕਿ ਇਸ ਸਬੰਧ ਵਿੱਚ ਨੂਰ ਚਹਿਲ ਬੱਸ ਟਰਾਂਸਪੋਰਟ ਦੇ ਪਰਮਜੀਤ ਸਿੰਘ, ਬੰਟੀ ਸੇਠ ਅਤੇ ਜਸਬੀਰ ਸਿੰਘ, ਜੋਗੀ ਪੀਰ ਬੱਸ ਟਰਾਂਸਪੋਰਟ ਦੇ ਗੋਮੀ ਸਿੰਘ, ਸੋਹਲ ਬੱਸ ਦੇ ਬਲਬੀਰ ਸਿੰਘ ਅਤੇ ਭਾਈ ਬਹਿਲੋ ਬੱਸ ਸਰਵਿਸ ਦੇ ਅਮਰੀਕ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬੱਸ ਕੰਪਨੀ ਦੇ ਮਾਲਕਾਂ ਸੁਰਿੰਦਰ ਕੁਮਾਰ, ਹਰਮਿੰਦਰ ਸਿੰਘ, ਬਲਕਰਨ ਸਿੰਘ ਅਤੇ ਮਨਪ੍ਰੀਤ ਸਿੰਘ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਇਨ੍ਹਾਂ ਸਾਰੇ ਵਿਅਕਤੀਆਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 420, 467, 468, 471, 120ਬੀ, 269 ਅਤੇ 188 ਤਹਿਤ ਸਰਦੂਲਗੜ੍ਹ ਥਾਣੇ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ।ਇਹ ਸਾਰੇ ਵਿਅਕਤੀ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸ ਚਾਲਕਾਂ ਅਤੇ ਮਾਲਕਾਂ ਵੱਲੋਂ ਬੱਸ ਵਿੱਚ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਦੂਰੀ ਦਾ ਕੋਈ ਧਿਆਨ ਵੀ ਨਹੀਂ ਰੱਖਿਆ ਗਿਆ ਸੀ।

ਡਾ. ਭਾਰਗਵ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਮਾਨਸਾ ਪੁਲਿਸ ਵੱਲੋਂ ਮਜ਼ਦੂਰਾਂ, ਜਿਨ੍ਹਾਂ ਵਿੱਚ 150 ਪੁਰਸ਼, 80 ਔਰਤਾਂ ਅਤੇ 115 ਬੱਚੇ ਸ਼ਾਮਿਲ ਸਨ, ਨੂੰ ਨਾਈਟ ਸ਼ੈਲਟਰ, ਸਵੇਰ ਦਾ ਨਾਸ਼ਤਾ, ਚਾਹ, ਆਰ.ਓ. ਵਾਲਾ ਪਾਣੀ ਅਤੇ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਗਿਆ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਪ੍ਰਵਾਸੀਆਂ ਦੀ ਮੈਡੀਕਲ ਸਕਰੀਨਿੰਗ ਵੀ ਕਰਵਾਈ ਗਈ।

ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਪ੍ਰਵਾਸੀਆਂ ਨੂੰ ਬੱਸਾਂ ਅਤੇ ਸਹੀ ਪਾਸ ਮੁਹੱਈਆ ਕਰਵਾ ਕੇ ਕੋਵਿਡ-19 ਦੀਆਂ ਸਾਵਧਾਨੀਆਂ ਦਾ ਧਿਆਨ ਰੱਖਦਿਆਂ ਉਨ੍ਹਾਂ ਦੀ ਮੰਜਿਲ ਮੋਹੋਬਾ (ਯੂ.ਪੀ.) ਲਈ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਹਾਲੇ ਜਾਰੀ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION