ਯੈੱਸ ਪੰਜਾਬ
ਜਲੰਧਰ 5 ਫ਼ਰਵਰੀ, 2020:
ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਮੰਗਲਵਾਰ ਸਵੇਰੇ ਸੰਘਣੀ ਧੁੰਦ ਕਾਰਨ ਵਾਪਰੇ ਇਕ ਹਾਦਸੇ ਦੌਰਾਨ ਦੋ ਗੱਡੀਆਂ ਦੀ ਭਿਾਨਕ ਟੱਕਰ ਵਿਚ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਪਿੰਡ ਕਾਨਪੁਰ ਕੋਲ ਵਾਪਰੀ ਜਦ ਧੁੰਦ ਕਾਰਨ ਗੱਡੀਆਂ ਦੇ ਆਪਸ ਵਿਚ ਵੱਜਣ ਕਾਰਨ ਦੋ ਗੱਡੀਆਂ ਪਲਟ ਗਈਆਂ ਜਿਸ ਦੌਰਾਨ ਇਕ ਟਰੱਕ ਡਰਾਈਵਰ ਰਾਜਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਹੁਸੈਨਪੁਰ ਲਾਲੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਦੀ ਮੌਤ ਹੋ ਗਈ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਈ ਗੱਡੀਆਂ ਦੇ ਪਰਖ਼ਚੇ ਉੱਡ ਗਏ ਜਿਸ ਕਰਕੇ ਗੱਡੀਆਂ ਦੇ ਚਾਲਕ ਦਹਿਸ਼ਤ ਵਿਚ ਆ ਗਏ।
ਸੂਚਨਾ ਮਿਲਣ ’ਤੇ ਮਕਸੂਦਾਂ ਥਾਣੇ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਡਰਾਈਵਰ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜੀ। ਪੁਲਿਸ ਨੇ ਹਾਦਸਾਗ੍ਰਸਤ ਗੱਡੀਆਂ ਸਾਈਡ ’ਤੇ ਕਰਵਾ ਕੇ ਮੌਕੇ ’ਤੇ ਲੱਗਾ ਟਰੈਫ਼ਿਕ ਜਾਮ ਖੁਲ੍ਹਵਾਇਆ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧੁੰਦ ਕਾਰਨ ਲਗਪਗ 25 ਵਾਹਨ ਆਪਸ ਵਿਚ ਟਕਰਾ ਗਏ ਜਿਸ ਨਾਲ ਕਈਆਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲਾਂ ਵਿਚ ਇਲਾਜ ਲਈ ਲਿਜਾਇਆ ਗਿਆ।