29 C
Delhi
Friday, April 19, 2024
spot_img
spot_img

ਜਲੰਧਰ ਦੇ 7 ਹਸਪਤਾਲਾਂ ਵਿੱਚ ਆਕਸੀਜਨ ਉਤਪਾਦਨ ਪਲਾਂਟ ਸਥਾਪਤ, ਹੋਰ ਸਿਹਤ ਸੰਸਥਾਵਾਂ ਵੀ ਆਤਮ ਨਿਰਭਰ ਬਣਨ: ਡੀ.ਸੀ. ਘਨਸ਼ਿਆਮ ਥੋਰੀ

ਯੈੱਸ ਪੰਜਾਬ
ਜਲੰਧਰ, 2 ਜੂਨ, 2021:
ਆਕਸੀਜਨ ਉਤਪਾਦਨ ਵਿੱਚ ਜਲੰਧਰ ਨੂੰ ਸਵੈ-ਨਿਰਭਰ ਜ਼ਿਲ੍ਹਾ ਬਣਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬੁੱਧਵਾਰ ਨੂੰ ਉੱਚ ਓ 2 ਖਪਤ ਵਾਲੇ ਹਸਪਤਾਲਾਂ ਨੂੰ ਜਲਦੀ ਹੀ ਆਪਣੇ ਪੀ.ਐਸ.ਏ. ਆਧਾਰਤ ਆਕਸੀਜਨ ਉਤਪਾਦਨ ਪਲਾਂਟ ਸਥਾਪਤ ਕਰਨ ਦੀ ਅਪੀਲ ਕੀਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨ.ਐਚ.ਐਸ., ਨਿਊ ਰੂਬੀ, ਸ਼੍ਰੀਮਨ ਸੁਪਰ ਸਪੈਸ਼ਲਿਟੀ, ਟੈਗੋਰ, ਪਟੇਲ, ਪਿਮਸ ਅਤੇ ਕੈਪੀਟੋਲ ਹਸਪਤਾਲਾਂ ਸਮੇਤ ਸੱਤ ਹਸਪਤਾਲਾਂ ਵੱਲੋਂ ਪਹਿਲਾਂ ਹੀ ਆਪਣੇ ਹਸਪਤਾਲਾਂ ਵਿੱਚ ਆਕਸੀਜਨ ਪਲਾਂਟ ਸਥਾਪਤ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਬਾਕੀ ਹਸਪਤਾਲਾਂ ਨੂੰ ਵੀ ਇਸੇ ਰਾਹ ‘ਤੇ ਚੱਲਣਾ ਚਾਹੀਦਾ ਹੈ, ਜਿਸ ਨਾਲ ਇਹ ਸਿਹਤ ਸੰਭਾਲ ਸੰਸਥਾਵਾਂ ਸੰਭਾਵਤ ਜੇਕਰ ਤੀਜੀ ਲਹਿਰ ਆਉਂਦੀ ਹੈ ਤਾਂ ਉਸ ਦੌਰਾਨ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਸਮਰੱਥ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਓ2 ਲਈ ਦੂਜੇ ਰਾਜਾਂ ‘ਤੇ ਨਿਰਭਰਤਾ ਵੀ ਘਟੇਗੀ।

ਡਿਪਟੀ ਕਮਿਸ਼ਨਰ ਨੇ ਪ੍ਰਸ਼ਾਸਨ ਦੀ ਅਪੀਲ ਨੂੰ ਮੰਨਦਿਆਂ ਪਲਾਂਟ ਲਗਾਉਣ ਵਾਲੇ ਇਨ੍ਹਾਂ ਸੱਤ ਹਸਪਤਾਲਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੂਰਬੀ ਰਾਜਾਂ ਤੋਂ ਆਕਸੀਜਨ ਦੀ ਢੋਆ-ਢੁਆਈ ਦੀ ਲਾਗਤ ਅਕਸਰ ਆਕਸੀਜਨ ਦੀ ਲਾਗਤ ਦਾ 200 ਪ੍ਰਤੀਸ਼ਤ ਤੱਕ ਹੋ ਸਕਦੀ ਹੈ। ਇਸ ਤਰ੍ਹਾਂ ਅਜਿਹੇ ਪਲਾਂਟ ਸਥਾਪਤ ਕਰਨ ਨਾਲ ਹਸਪਤਾਲ ਨਾ ਸਿਰਫ਼ ਆਕਸੀਜਨ-ਸੁਤੰਤਰ ਹੋ ਜਾਣਗੇ ਸਗੋਂ ਭਵਿੱਖ ਵਿੱਚ ਜੇਕਰ ਕੋਈ ਸੰਕਟ ਆਉਂਦਾ ਹੈ ਤਾਂ ਆਪਣੇ ਮਰੀਜ਼ਾਂ ਦੀ ਬਿਨਾਂ ਕਿਸੇ ਰੁਕਾਵਟ ਤੋਂ ਗੁਣਵੱਤਾ ਭਰਪੂਰ ਦੇਖਭਾਲ ਵੀ ਕਰ ਸਕਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਹਸਪਤਾਲਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਮਰੀਜ਼ਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਦੇ ਸਮਰੱਥ ਹੋਣ ਲਈ ਪੀ.ਐਸ.ਏ. ਆਧਾਰਤ ਪਲਾਂਟ ਲਗਾਉਣ ਦੀ ਜ਼ਰੂਰਤ ਹੈ। ਉਨ੍ਹਾਂ ਇਸ ਸਬੰਧੀ ਇਨੋਸੈਂਟ ਹਾਰਟਜ਼ ਹਸਪਤਾਲ, ਸਰਵੋਦਿਆ, ਜੌਹਲ, ਨਿਊਰੋਨੋਵਾ, ਮਾਨ ਮੈਡੀਸਿਟੀ, ਓਕਸਫੋਰਡ, ਮਿਲਟਰੀ ਹਸਪਤਾਲ ਕੇਅਰਮੈਕਸ ਅਤੇ ਘਈ ਹਸਪਤਾਲ ਦੀ ਮੈਨੇਜਮੈਂਟ ਨੂੰ ਅਪੀਲ ਕੀਤੀ।

ਸ਼੍ਰੀ ਥੋਰੀ ਨੇ ਅੱਗੇ ਦੱਸਿਆ ਕਿ ਜਲੰਧਰ ਸਿਵਲ ਹਸਪਤਾਲ ਵਿਖੇ ਦੂਜਾ ਆਕਸੀਜਨ ਉਤਪਾਦਨ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਨਾਲ ਇਸ ਦੀ ਮੈਡੀਕਲ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਹੋਰ ਵਧ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹਿਕ ਯਤਨਾਂ ਨਾਲ ਹੀ ਅਸੀਂ ਆਕਸੀਜਨ ਉਤਪਾਦਨ ਵਿੱਚ ਸਵੈ-ਨਿਰਭਰ ਬਣਨ ਦੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION