ਜਲੰਧਰ, 23 ਅਗਸਤ, 2019:
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਬਲਾਕ ਲੋਹੀਆਂ ਵਿਖੇ ਯੂਨਿਫਾਈਡ ਕੰਟਰੋਲ ਐਂਡ ਕਲੈਕਸ਼ਨ ਐਂਡ ਡਿਸਪੈਚ ਸੈਂਟਰ ਸਖਾਪਿਤ ਕੀਤਾ ਗਿਆ ਹੈ। ਇਹ ਸੈਂਟਰ ਲੋਹੀਆਂ ਦੇ ਇੱਕ ਪੈਲਸ ਵਿਖੇ ਸਥਾਪਿਤ ਕੀਤਾ ਗਿਆ ਹੈ ਅਤੇ 24 ਘੰਟੇ ਖੁੱਲਾ ਰਹੇਗਾ ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਲਾਕੇ ਵਿੱਚ ਹੜਾਂ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਕੁਝ ਦਾਨੀ ਸੱਜਣ ਪ੍ਸ਼ਾਸ਼ਨ ਨਾਲ ਬਿਨਾ ਸਲਾਹ ਕੀਤਿਆਂ ਜਾਂ ਸੂਚਨਾ ਦਿੱਤਿਆਂ ਹੀ ਲੰਗਰ ਲਗਾ ਰਹੇ ਹਨ। ਜਿਸ ਕਾਰਨ ਕਈ ਥਾਵਾਂ ਉਪਰ ਟ੍ਰੈਫਿਕ ਜਾਮ ਲੱਗ ਰਹੇ ਹਨ, ਜਿਸਦੇ ਨਤੀਜੇ ਵਜੋਂ ਜ਼ਿਲਾ ਪ੍ਸ਼ਾਸ਼ਨ ਅਤੇ ਭਾਰਤੀ ਫੌਜ ਵਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਵਿੱਚ ਅੜਿਕਾ ਪੈਦਾ ਹੋ ਰਿਹਾ ਹੈ।
ਉਨਾਂ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਉਹ ਰਾਹਤ ਸਮੱਗਰੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਪਿਤ ਕੀਤੇ ਗਏ ਯੂਨਿਫਾਈਡ ਕੰਟਰੋਲ ਐਂਡ ਕਲੈਕਸ਼ਨ ਐਂਡ ਡਿਸਪੈਚ ਸੈਂਟਰ ਵਿਖੇ ਜਮ੍ਹਾਂ ਕਰਵਾਉਣ ਤਾਂ ਜੋ ਇਹ ਰਾਹਤ ਸਮੱਗਰੀ 21 ਕਿਸ਼ਤੀਆਂ ਦੀ ਮਦਦ ਨਾਲ ਹੜ੍ਹ ਪੀੜਤਾਂ ਤੱਕ ਪਹੁੰਚਾਈ ਜਾ ਸਕੇ। ਉਨਾਂ ਦੱਸਿਆ ਕਿ ਹਰ ਪਿੰਡ ਨੂੰ 1 ਕਿਸ਼ਤੀ ਅਲਾਟ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਪ ਮੰਡਲ ਮੈਜਿਸਟਰੇਟ-2 ਸ੍ਰੀ ਪਰਮਵੀਰ ਸਿੰਘ ਨੂੰ ਯੂਨਿਫਾਈਡ ਕੰਟਰੋਲ ਐਂਡ ਕਲੈਕਸ਼ਨ ਐਂਡ ਡਿਸਪੈਚ ਸੈਂਟਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਫੂਡ ਐਂਡ ਸਿਵਲ ਸਪਲਾਈ,ਸਿਹਤ,ਪਸ਼ੂ ਪਾਲਨ ਵਿਭਾਗ ਵਲੋਂ ਦਵਾਈਆਂ,ਰਾਸ਼ਨ,ਸੁੱਕਾ ਰਾਸ਼ਨ ਐਸ.ਡੀ.ਆਰ.ਐਫ ਅਤੇ ਐਨ.ਡੀ.ਆਰ.ਐਫ ਦੁਆਰਾ ਕਿਸ਼ਤੀਆਂ ਰਾਹੀਂ ਹੜ੍ਹ ਪੀੜਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਹਰੇਕ ਟੀਮ ਵਲੋਂ ਘਰ ਘਰ ਜਾ ਕੇ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆਂ ਕਰਵਾਈ ਜਾ ਰਹੀ ਹੈ ਅਤੇ ਜੋ ਆਪਣਾ ਘਰ ਛੱਡ ਕੇ ਰਾਹਤ ਕੇਂਦਰ ਵਿਚ ਜਾਨ ਦੇ ਚਾਹਵਾਨਾਂ ਨੂੰ ਕਿਸ਼ਤੀਆਂ ਰਾਹੀਂ ਉੱਥੇ ਤੱਕ ਪਹੁੰਚਾਇਆ ਜਾ ਰਿਹਾ ਹੈ।