23.1 C
Delhi
Wednesday, April 24, 2024
spot_img
spot_img

ਜਨਤਕ ਖੇਤਰ ਦੇ ਇਕਲੌਤੇ ਬਚਦੇ ਅਦਾਰੇ ਪਨਕੌਮ ਨੂੰ ਅੰਨ੍ਹੇਵਾਹ ਲੁੱਟ ਰਹੀ ਹੈ ਅਫ਼ਸਰਸ਼ਾਹੀ: ਮੀਤ ਹੇਅਰ

ਯੈੱਸ ਪੰਜਾਬ
ਚੰਡੀਗੜ੍ਹ, 20 ਦਸੰਬਰ, 2021 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬੇ ਦੇ ਇਕੱਲੇ ਬਚੇ ਜਨਤਕ ਖੇਤਰ ਦੇ ਅਦਾਰੇ ਪੰਜਾਬ ਕਮਿਊਨੀਕੇਸ਼ਨਜ਼ ਲਿਮਿਟੇਡ (ਪਨਾੱਕਮ) (ਪੀ.ਐਸ.ਯੂ) ਦਾ ਪੰਜਾਬ ਵਿੱਚ ਫੈਲੇ ਅੰਨ੍ਹੇ, ਭ੍ਰਿਸ਼ਟਾਚਾਰ ਦਾ ਸਖ਼ਤ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਤਾਅਨਾ ਮਾਰਿਆ ਹੈ ਕਿ ਜੇਕਰ ਕਾਂਗਰਸ ਜਮਾਤ ਦੀ ਜ਼ਮੀਰ ਥੋੜ੍ਹੀ ਬਹੁਤੀ ਵੀ ਜ਼ਿੰਦਾ ਹੈ ਤਾਂ ਪਨਕੌਮ ਦੇ ਭ੍ਰਿਸ਼ਟ ਅਧਿਕਾਰੀਆਂ ਕਰਮਚਾਰੀਆਂ ਉੱਤੇ ਮਿਸਾਲੀ ਕਾਰਵਾਈ ਕੀਤੀ ਜਾਵੇ ਅਤੇ ਕੰਪਨੀ ਨੂੰ ਸ਼ਰੇਆਮ ਲੁੱਟਣ ਵਾਲੇ ਅਫ਼ਸਰਾਂ ਅਧਿਕਾਰੀਆਂ ਦੀਆਂ ਨਾਮੀ ਬੇਨਾਮੀ ਸੰਪਤੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।

ਪਾਰਟੀ ਹੈੱਡਕੁਆਟਰ ਤੋਂ ਤੱਥਾਂ ਅਤੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਜਾਰੀ ਬਿਆਨ ਰਾਹੀਂ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ 1990 ਦੇ ਦਹਾਕੇ ‘ਚ ਇਲੈਕਟ੍ਰੋਨਿਕ ਟਾਊਨ (ਬਿਜਲਈ ਸ਼ਹਿਰ) ਵਜੋਂ ਜਾਣੇ ਜਾਂਦੇ ਮੋਹਾਲੀ (ਐਸਏਐਸ ਨਗਰ) ‘ਚ ਅੱਜ ਬਿਜਲਈ ਖੇਤਰ ਦਾ ਇਕੱਲਾ ਪੀਐਸਯੂ ਬਚਿਆ ਹੈ, ਪਰੰਤੂ ਭ੍ਰਿਸ਼ਟਾਚਾਰ ‘ਚ ਲਿਪਤ ਬੇਲਗ਼ਾਮ ਅਫ਼ਸਰਸ਼ਾਹੀ ਇਸ ਇਕਲੌਤੇ ਅਦਾਰੇ ਨੂੰ ਵਿੱਤੀ ਤੌਰ ‘ਤੇ ਬਰਬਾਦ ਕਰਨ ਲੱਗੀ ਹੋਈ ਹੈ, ਜਿਸ ਕਾਰਨ ਉੱਥੇ ਪੱਕੇ ਅਤੇ ਕੱਚੇ (ਰੈਗੂਲਰ ਐਂਡ ਟੈਂਪਰੇਰੀ) ਕਰਮਚਾਰੀਆਂ ਦੇ ਸਾਹ ਸੁੱਕਦੇ ਜਾ ਰਹੇ ਹਨ, ਕਿਉਂਕਿ ਜੇਕਰ ਜਨਤਕ ਖੇਤਰ ਦੇ ਦੂਸਰੇ ਅਦਾਰਿਆਂ ਵਾਂਗ ਪਨਕਾੱਮ ਵੀ ਬੰਦ ਹੋ ਜਾਂਦੀ ਹੈ ਤਾਂ ਨਾ ਕੇਵਲ ਉਨ੍ਹਾਂ ਦਾ ਰੁਜ਼ਗਾਰ ਵੀ ਖੁੱਸੇਗਾ ਅਤੇ ਹਰ ਮੁਲਾਜ਼ਮ ਦੇ ਬਕਾਇਆ ਖੜੇ ਲੱਖਾਂ ਰੁਪਏ ਦੇ ਭੱਤੇ ਵੀ ਡੁੱਬ ਜਾਣਗੇ, ਕਿਉਂਕਿ ਪਹਿਲਾਂ ਬਾਦਲ ਸਰਕਾਰ, ਫਿਰ ਕੈਪਟਨ ਸਰਕਾਰ ਅਤੇ ਹੁਣ ਚੰਨੀ ਸਰਕਾਰ ਪਨਕਾੱਮ ਨੂੰ ਦੋਵੇਂ ਹੱਥੀ ਲੁੱਟ ਰਹੇ ਕਰੀਬ ਡੇਢ ਦਰਜਨ ਅਫ਼ਸਰਾਂ ਨੂੰ ਹੱਥ ਅਤੇ ਨੱਥ ਪਾਉਣ ‘ਚ ਕੋਈ ਰੁਚੀ ਨਹੀਂ ਦਿਖਾ ਰਹੀ।

ਮੀਤ ਹੇਅਰ ਨੇ ਪਨਕਾੱਮ ਦੇ 10 ਉੱਚ ਅਧਿਕਾਰੀਆਂ ਦੀਆਂ ਆੱਨ ਰਿਕਾਰਡ ਤਨਖ਼ਾਹਾਂ ਲੈਣ ਦੀ ਸੂਚੀ ਜਾਰੀ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਪ੍ਰਤੀ ਮਹੀਨਾ ਡੇਢ ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੋਂ ਵੱਧ ਤਨਖ਼ਾਹ ਲਏ ਜਾ ਰਹੇ ਹਨ, ਦੂਜੇ ਪਾਸੇ ਕੋਵਿਡ ਕਾਰਨ ਡਿਊਟੀ ਦੌਰਾਨ ਮਹਾਰਾਸ਼ਟਰ ਦੇ ਭੁਸਾਵਲ ‘ਚ ਦਮ ਤੋੜਨ ਵਾਲੇ ਪੱਕੇ ਕਰਮਚਾਰੀ ਨਰੇਸ਼ ਕੁਮਾਰ ਦੇ ਪਰਿਵਾਰ ਨੂੰ ਨਾ ਤਾਂ ਨਿਯਮਾਂ ਮੁਤਾਬਿਕ ਬਣਦੀ ਪੂਰੀ ਗਰੈਚੁਟੀ ਰਾਸ਼ੀ ਦਿੱਤੀ ਅਤੇ ਨਾ ਹੀ ਨੌਕਰੀ ਦਿੱਤੀ ਹੈ, ਜਦਕਿ ਕੋਵਿਡ ਦੇ ਸਿਖਰ ‘ਤੇ ਹੋਣ ਕਾਰਨ ਪਰਿਵਾਰ ਨੂੰ ਉਸ ਦੀ ਮ੍ਰਿਤਕ ਦੇਹ ਵੀ ਨਹੀਂ ਮਿਲ ਸਕੀ ਸੀ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਰਾਜਪਾਲ ਪੰਜਾਬ ਨਾਲੋਂ ਵੀ ਵੱਧ ਤਨਖ਼ਾਹਾਂ ਵਸੂਲ ਰਹੇ ਪਨਕਾੱਮ ਦੇ ਅਧਿਕਾਰੀ ਫ਼ਰਜ਼ੀ ਬਿੱਲਾਂ ਅਤੇ ਝੂਠੇ ਹਲਫ਼ੀਆ ਬਿਆਨਾਂ ਰਾਹੀਂ ਵੀ ਪਨਕਾੱਮ ਨੂੰ ਮੋਟਾ ਚੂਨਾ ਲਗਾ ਰਹੇ ਹਨ, ਜਿਸ ਦਾ ਖ਼ੁਲਾਸਾ ਕਿਸੇ ਸਾਧਾਰਨ ਵਿਅਕਤੀ ਜਾਂ ਸੰਸਥਾ ਦੇ ਨਹੀਂ, ਸਗੋਂ ਕੈਗ ਦੀਆਂ ਆੱਡਿਟ ਰਿਪੋਰਟਾਂ ਨੇ ਕੀਤਾ ਹੈ, ਪਰ ਕਿਸੇ ਵੀ ਦੋਸ਼ੀ ਉੱਪਰ ਕੋਈ ਕਾਰਵਾਈ ਤਾਂ ਦੂਰ ਅਗਲੇਰੀ ਜਾਂਚ ਕਰਾਉਣੀ ਵੀ ਸਰਕਾਰ ਨੇ ਜ਼ਰੂਰੀ ਨਹੀਂ ਸਮਝੀ, ਕਿਉਂਕਿ ਸੱਤਾਧਾਰੀਆਂ ‘ਚ ਸਰਗਰਮ ਲੈਂਡ ਮਾਫ਼ੀਆ ਵੀ ਅਜਿਹੇ ਭ੍ਰਿਸ਼ਟ ਅਧਿਕਾਰੀਆਂ ਦੀ ਸਰਪ੍ਰਸਤੀ ਕਰ ਰਿਹਾ ਹੈ ਤਾਂ ਕਿ ਜੇਸੀਟੀ, ਪਨਵਾਇਰ ਆਦਿ ਦੂਸਰੇ ਅਦਾਰਿਆਂ ਵਾਂਗ ਪਨਕਾੱਮ ਵੀ ਬੰਦ ਹੋਵੇ ਅਤੇ ਉਹ ਇਸ (ਪਨਕਾੱਮ) ਦੀ ਅਰਬਾਂ-ਖਰਬਾਂ ਰੁਪਏ ਦੀ ਸੋਨੇ ਵਰਗੀ ਜ਼ਮੀਨ/ਸੰਪਤੀ ਨੂੰ ਕੌਡੀਆਂ ਦੇ ਭਾਅ ਖ਼ਰੀਦ ਸਕਣ।

ਮੀਤ ਹੇਅਰ ਨੇ ਦੱਸਿਆ ਕਿ 71 ਪ੍ਰਤੀਸ਼ਤ ਪੰਜਾਬ ਸਰਕਾਰ ਦੀ ਹਿੱਸੇਦਾਰੀ ਵਾਲੇ ਪੀਐਸਯੂ ਅਦਾਰੇ ਪਨਕਾੱਮ ਕੋਲ ਮੋਹਾਲੀ ‘ਚ ਹੀ 5 ਥਾਵਾਂ ‘ਤੇ ਮੋਟੀ ਪ੍ਰਾਪਰਟੀ ਪਈ ਹੈ।

ਮੀਤ ਹੇਅਰ ਨੇ ਪਨਕਾੱਮ ‘ਚ ਚੱਲ ਰਹੀਆਂ ਧਾਂਦਲੀਆਂ ਅਤੇ ਉੱਚ-ਪੱਧਰੀ ਲੁੱਟ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਥੱਲੇ ਸਮਾਂਬੱਧ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਜਨਤਕ ਖੇਤਰ ਦੇ ਇਸ ਇਕਲੌਤੇ ਅਦਾਰੇ ਨੂੰ ਬਚਾਉਣ ਲਈ ਜੇਕਰ ਚੰਨੀ ਸਰਕਾਰ ਨੇ ਕੋਈ ਪੁਖ਼ਤਾ ਕਦਮ ਨਾ ਚੁੱਕੇ ਤਾਂ 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਨਾ ਕੇਵਲ ਪਨਕਾੱਮ ਨੂੰ ਮੁੜ ਪੈਰਾ ਸਿਰ ਖੜ੍ਹਾ ਕੀਤਾ ਜਾਵੇਗਾ, ਸਗੋਂ ਇਸ ਨੂੰ ਲੁੱਟਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਦੀਆਂ ਸੰਪਤੀਆਂ ਜ਼ਬਤ ਕਰਕੇ ਲੁੱਟ ਦੀ ਵਸੂਲੀ ਕੀਤੀ ਜਾਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION