25.6 C
Delhi
Saturday, April 20, 2024
spot_img
spot_img

ਛਪਾਰ ਮੇਲੇ ’ਚ ‘ਆਪ’ ਦੀ ਪ੍ਰਭਾਵਸ਼ੈਲੀ ਰੈਲੀ, ਭਗਵੰਤ ਮਾਨ ਨੇ ਕਿਹਾ ਕੈਪਟਨ ਨੇ ਨਹੀਂ ਨਿਭਾਏ ਮੈਨੀਫ਼ੈਸਟੋ ’ਚ ਕੀਤੇ ਵਾਅਦੇ

ਲੁਧਿਆਣਾ/ਦਾਖਾ, 13 ਸਤੰਬਰ, 2019 –
ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਕਰਜ਼ੇ ਦੇ ਅਸਹਿ ਬੋਝ ਕਾਰਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਚੌਥੀ ਪੀੜ੍ਹੀ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਈ ਪਈ ਹੈ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਆਪਣੀ ਤੀਜੀ ਪੀੜ੍ਹੀ ਦੇ ਆਪਣੇ ਦੋਹਤਿਆਂ-ਪੋਤਿਆਂ ਨੂੰ ਸਿਆਸੀ ਪਿੜ ‘ਚ ‘ਲਾਂਚ’ ਕਰਨ ਲੱਗੇ ਹੋਏ ਹਨ।

ਭਗਵੰਤ ਮਾਨ ਇੱਥੇ ਵਿਧਾਨ ਸਭਾ ਹਲਕਾ ਦਾਖਾ ‘ਚ ਪੈਂਦੇ ਪ੍ਰਸਿੱਧ ਛਪਾਰ ਮੇਲੇ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਆਯੋਜਿਤ ‘ਪੰਜਾਬ ਬੋਲਦਾ ਹੈ’ ਪ੍ਰਭਾਵਸ਼ੈਲੀ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਮਾਨ ਨੇ ਕਰਜ਼ੇ ਕਾਰਨ ਬਰਨਾਲਾ ਦੇ ਪਿੰਡ ਭੌਤਨਾ ‘ਚ ਇੱਕ ਪਰਿਵਾਰ ਦੇ ਪੰਜਵੇਂ ਮੈਂਬਰ ਅਤੇ ਚੌਥੀ ਪੀੜੀ ਦੇ ਵਾਰਸ ਲਵਪ੍ਰੀਤ (23) ਵੱਲੋਂ ਕਰਜ਼ੇ ਕਾਰਨ ਆਤਮ ਹੱਤਿਆ ਕਰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੈਪਟਨ-ਬਾਦਲਾਂ ਨੂੰ ਜੇਕਰ ਲੋਕਾਂ ਦੇ ਧੀਆਂ-ਪੁੱਤਾਂ ਦਾ ਵੀ ਆਪਣੀ-ਪੀੜ੍ਹੀ ਦੇ ਵਾਰਿਸਾਂ ਵਾਂਗ ਫ਼ਿਕਰ ਹੁੰਦਾ ਤਾਂ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ-ਖੇਤ ਮਜ਼ਦੂਰਾਂ ਅਤੇ ਬੇਰੁਜ਼ਗਾਰਾਂ ਦੇ ਹਾਲਤ ਇੰਨੇ ਬਦਤਰ ਨਾ ਹੁੰਦੇ।

ਭਗਵੰਤ ਮਾਨ ਨੇ ਕਿਹਾ ਕਿ ਅੱਜ ਆਮ ਲੋਕਾਂ ‘ਤੇ ਕਰਜ਼ਾ ਪੀੜ੍ਹੀ ਦਰ ਪੀੜ੍ਹੀ ਇੰਜ ਅੱਗੇ ਵੱਧ ਰਿਹਾ ਹੈ ਜਿਵੇਂ ਕੋਈ ਖ਼ਾਨਦਾਨੀ ਬਿਮਾਰੀ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੁਰਦੀ ਜਾਂਦੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਜਿਸ ਨੌਜਵਾਨ ਪੀੜ੍ਹੀ ਦੇ ਮੋਢਿਆਂ ‘ਤੇ ਦੇਸ਼-ਪੰਜਾਬ ਦੀ ਤਰੱਕੀ ਦਾ ਭਾਰ ਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ, ਉਸ ਦੇ ਮੋਢਿਆਂ ‘ਤੇ ਪੁਲਸ ਲਾਠੀਚਾਰਜ ਨਾਲ ਹੋਏ ਜ਼ਖ਼ਮਾਂ ਅਤੇ ਨੀਲਾਂ ਦੇ ਨਿਸ਼ਾਨ ਹਨ। ਰੁਜ਼ਗਾਰ ਅਤੇ ਨੌਕਰੀਆਂ ਲਈ ਯੋਗ ਪੜ੍ਹੇ-ਲਿਖੇ ਨੌਜਵਾਨ ਸੜਕਾਂ ‘ਤੇ ਪੁਲਸ ਦੀ ਕੁੱਟ ਖਾ ਰਹੇ ਹਨ ਅਤੇ ਸਰਕਾਰਾਂ ਨੂੰ ਜਗਾਉਣ ਲਈ ਜਾਨ ਜੋਖ਼ਮ ‘ਚ ਪਾ ਕੇ ਟੈਂਕੀਆਂ ‘ਤੇ ਚੜ੍ਹੇ ਹੋਏ ਹਨ।

ਡਿਗਰੀਆਂ ਕਾਗ਼ਜ਼ ਬਣ ਕੇ ਰਹਿ ਗਈਆਂ ਹਨ। ਮਾਨ ਨੇ ਕਿਹਾ ਕਿ ਬੇਰੁਜ਼ਗਾਰੀ ਹੀ ਨਸ਼ਿਆਂ ਦੀ ਜੜ੍ਹ ਹੈ। ਮਾਪਿਆਂ ਤੇ ਨੌਜਵਾਨਾਂ ਲਈ ਸਰਾਪ ਇਹੋ ਬੇਰੁਜ਼ਗਾਰੀ ਨਸ਼ਾ-ਮਾਫ਼ੀਆ ਲਈ ਚਾਂਦੀ ਬਣੀ ਹੋਈ ਹੈ ਕਿਉਂਕਿ ਬੇਰੁਜ਼ਗਾਰੀ ਦਾ ਝੰਬਿਆ ਨੌਜਵਾਨ ਨਸ਼ਿਆਂ ਵੱਲ ਛੇਤੀ ਗੁੰਮਰਾਹ ਹੋ ਜਾਂਦਾ ਹੈ।

ਭਗਵੰਤ ਮਾਨ ਨੇ ਇਸ ਲਈ ਕੈਪਟਨ ਅਤੇ ਬਾਦਲਾਂ ਦੇ ਵਾਰੀਆਂ ਬੰਨ੍ਹ ਕੇ ਚੱਲ ਰਹੇ ਮਾਫ਼ੀਆ ਰਾਜ ਨੂੰ ਜ਼ਿੰਮੇਵਾਰ ਠਹਿਰਾਇਆ। ਮਾਨ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਏਨਾ ਨੂੰ ਹੁਣ ਹੋਰ ਪਰਖਣ ਦੀ ਲੋੜ ਨਹੀਂ ਅਤੇ 2022 ‘ਚ ਆਮ ਆਦਮੀ ਪਾਰਟੀ ਨੂੰ ਬਿਹਤਰੀਨ ਬਦਲ ਵਜੋਂ ਮੌਕਾ ਦੇ ਕੇ ਪਰਖਿਆ ਜਾਵੇ। ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ ਕਿ ਢਾਈ ਸਾਲਾਂ ‘ਚ ਕੈਪਟਨ ਨੇ ਆਪਣੇ 129 ਪੰਨਿਆਂ ਦੇ ਚੋਣ ਮੈਨੀਫੈਸਟੋ ਦੀਆਂ 29 ਲਾਈਨਾਂ ਵੀ ਪੂਰੀਆਂ ਨਹੀਂ ਕੀਤੀਆਂ।

ਇਸ ਮੌਕੇ ਪ੍ਰਸਿੱਧ ਰੰਗ-ਕਰਮੀ ਅਤੇ ਬੁੱਧੀਜੀਵੀ ਮੇਘਰਾਜ ਰੱਲਾ ਅਤੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਉੱਘੇ ਯੂਥ ਅਕਾਲੀ ਆਗੂ ਜਗਸੀਰ ਸਿੰਘ ਸੀਰਾ ਭਨਭੌਰਾ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ।

ਮੰਚ ਤੋਂ ਖਚਾਖਚ ਭਰੇ ਪੰਡਾਲ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਜਮੀਲ-ਉਰ-ਰਹਿਮਾਨ, ਬਲਜਿੰਦਰ ਸਿੰਘ ਚੌਂਦਾ, ਸਥਾਨਕ ਆਗੂ ਰਜਿੰਦਰ ਪਾਲ ਕੌਰ ਛੀਨਾ, ਅਮਨ ਮੋਹੀ, ਹਰਨੇਕ ਸੇਖੋਂ, ਤੇਜਪਾਲ ਗਿੱਲ, ਗੁਰਜੀਤ ਗਿੱਲ, ਬਲਦੇਵ ਸਿੰਘ ਸੰਗੋਵਾਲ, ਅਮਨ ਚੈਨ, ਨਵਜੋਤ ਜਰਗ ਅਤੇ ਸਤਵਿੰਦਰ ਕੌਰ ਅਮਲੋਹ ਅਤੇ ਹੋਰ ਆਗੂ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION