35.6 C
Delhi
Wednesday, April 24, 2024
spot_img
spot_img

ਘਨੌਰ ਡਿਸਟੀਲਰੀ ਕੇਸ ਵਿਚ ਮੁੱਖ ਮੁਲਜ਼ਮ ਨੂੰ ਸ਼ਰਣ ਦੇਣ ਲਈ ਕਾਂਗਰਸੀ ਵਿਧਾਇਕ ਜਲਾਲਪੁਰ ਨੂੰ ਗ੍ਰਿਫਤਾਰ ਕੀਤਾ ਜਾਵੇ : ਅਕਾਲੀ ਦਲ

ਚੰਡੀਗੜ੍ਹ, 14 ਜੁਨ, 2020:

ਸ਼੍ਰੋਮਣੀ ਅਕਾਲੀ ਦਲੇ ਅੱਜ ਮੰਗ ਕੀਤੀ ਕਿ ਘਨੌਰ ਵਿਖੇ ਗੈਰ ਕਾਨੂੰਨੀ ਡਿਸਟੀਲਰੀ ਕਮ ਬੋਟਲਿੰਗ ਪਲਾਂਟ ਦੇ ਮਾਮਲੇ ਵਿਚ ਮੁੱਖ ਦੋਸ਼ੀ ਦਾ ਇਕ ਮਹੀਨੇ ਤੱਕ ਬਚਾਅ ਕਰਨ ਤੇ ਤੇ ਸ਼ਰਣ ਦੇਣ ਦੇ ਦੋਸ਼ ਵਿਚ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਤੇ ਕਿਸਾਨ ਵਿੰਗ ਦੇ ਪ੍ਰਧਾਨ ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸੀ ਵਿਧਾਇਕ ਨੇ ਖਾਨਪੁਰ ਖੁਰਦ ਦੇ ਸਰਪੰਚ ਅਮਰੀਕ ਵੱਲੋਂ ਕੱਲ੍ਹ ਸ਼ੰਭੂ ਪੁਲਿਸ ਥਾਣੇ ਵਿਚ ਆਤਮ ਸਮਰਪਣ ਕਰਨ ਵੇਲੇ ਦੋ ਕਾਂਗਰਸੀਆਂ ਦੀ ਉਸਦੇ ਨਾਲ ਜਾਣ ਲਈ ਡਿਊਟੀ ਲਗਾਈ।

ਉਹਨਾਂ ਕਿਹਾ ਕਿ ਇਕ ਹੋਰ ਮੁਲਜ਼ਮ ਨੂੰ ਨੇੜਲੇ ਬਨੂੜ ਤੋਂ ਗ੍ਰਿਫਤਾਰ ਕੀਤਾ ਗਿਆ ਵਿਖਾਇਆ ਗਿਆ ਹੈ, ਇਸ ਤੋਂ ਸੰਕੇਤ ਮਿਲਦੇ ਹਨ ਕਿ ਦੋਵਾਂ ਮੁਲਜ਼ਮਾਂ ਵੱਲੋਂ ਆਤਮ ਸਮਰਪਣ ਕਰਨ ਦੀ ਯੋਜਨਾ ਕਾਂਗਰਸੀ ਵਿਧਾਇਕ ਨੇ ਕੇਸ ਦੇ ਸਾਰੇ ਸਬੂਤ ਮਿਟਾਉਣ ਮਗਰੋਂ ਬਣਾਈ ਹੈ।

ਸ੍ਰੀ ਮਲੂਕਾ ਨੇ ਕਿਹਾ ਕਿ ਅਜਿਹੇ ਹਾਲਾਤ ਵਿਚ ਸਿਰਫ ਇਕੋ ਇਕ ਰਾਹ ਕਾਂਗਰਸੀ ਵਿਧਾਇਕ ਨੂੰ ਗ੍ਰਿਫਤਾਰ ਕਰਨ ਦਾ ਬਚਦਾ ਹੈ। ਉਹਨਾਂ ਕਿਹਾ ਕਿ ਇਕ ਵਾਰ ਜਲਾਲਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਹ ਕੇਸ ਦੇ ਸਾਰੇ ਰਾਜ ਖੋਲ੍ਹ ਦੇਵੇਗਾ ਕਿਉਂਕਿ ਇਸੇ ਕੇਸ ਦੇ ਕਾਰਨ ਹੀ ਸੂਬੇ ਦੇ ਆਬਕਾਰੀ ਵਿਭਾਗ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ 5600 ਕਰੋੜ ਰੁਪਏ ਮਾਲੀਆ ਘਾਟਾ ਝੱਲਣਾ ਪਿਆ ਹੈ।

ਉਹਨਾਂ ਕਿਹਾ ਕਿ ਜਲਾਲਪੁਰ ਨੇ ਸ਼ਰ੍ਹੇਆਮ ਇਹ ਕਬੂਲ ਕੀਤਾ ਸੀ ਕਿ ਅਮਰੀਕ ਸਿੰਘ ਉਸਦਾ ਨੇੜਲਾ ਸਾਥੀ ਹੈ ਤੇ ਇਹ ਇਕ ਸੱਚਾਈ ਹੈ ਕਿ ਉਸਦੀ ਪਤਨੀ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਯੁਕਤ ਕਰਵਾਉਣ ਵਿਚ ਉਸਦੀ ਭੂਮਿਕਾ ਤੋਂ ਜਗ ਜਾਣੂ ਹੈ। ਉਹਨਾਂ ਕਿਹਾ ਕਿ ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ ਸਾਰੇ ਘੁਟਾਲੇ ਦਾ ਖੁਲ੍ਹਾਸਾ ਹੋਣ ਤੋਂ ਲੈ ਕੇ ਹੁਣ ਤੱਕ ਅਮਰੀਕ ਸਿੰਘ ਤੇ ਹੋਰ ਮੁਲਜ਼ਮ ਕਿਥੇ ਲੁਕੇ ਹੋਏ ਸਨ ?

ਅਕਾਲੀ ਆਗੂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਅਮਰੀਕ ਸਿੰਘ ਤੇ ਦੂਜਾ ਮੁਲਜ਼ਮ ਦਿਪੇਸ਼ ਜੋ ਕਿ ਦੂਜੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਵਿਸ਼ਵਾਸਪਾਤਰ ਹੈ, ਇਹਨਾਂ ਕਾਂਗਰਸੀ ਵਿਧਾਇਕਾਂ ਦੀਆਂ ਕੇਵਲ ਕਠਪੁਤਲੀਆਂ ਹਨ। ਉਹਨਾਂ ਕਿਹਾ ਕਿ ਲਾਕ ਡਾਊਨ ਦੌਰਾਨ ਹਜ਼ਾਰਾਂ ਕਰੋੜਾਂ ਰੁਪਏ ਦਾ ਵਪਾਰ ਕੀਤਾ ਗਿਆ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


ਇਹ ਗੈਂਗ ਫੈਕਟਰੀ ਚਲਾ ਰਿਹਾ ਸੀ ਤੇ ਇਹ ਸਰਹੱਦ ਪਾਰ ਹਰਿਆਣਾ ਤੱਕ ਸ਼ਰਾਬ ਦੀ ਸਮਗਲਿੰਗ ਕਰ ਰਿਹਾ ਸੀ। ਇਸ ਸਭ ਦੇ ਬਾਵਜੂਦ ਸੂਬੇ ਦੀ ਪੁਲਿਸ ਇਸ ਮਾਮਲੇ ਵਿਚ ਹੌਲੀ ਰਫਤਾਰ ਨਾਲ ਚਲ ਰਹੀ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਜੱਦੀ ਜ਼ਿਲ੍ਹਾ ਹੋਣ ਕਾਰਨ ਪੁਲਿਸ ਨੂੰ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਲਈ ਸਪਸ਼ਟ ਨਿਰਦੇਸ਼ ਨਹੀਂ ਦਿੱਤੇ।

ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਉਹ ਵਿਧਾਇਕਾਂ ਦਾ ਬਚਾਅ ਨਾ ਕਰਨ। ਇਹ ਰਾਜ ਦੇ ਖ਼ਜ਼ਾਨੇ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਨਾਲ ਵੀ ਵੱਡਾ ਅਨਿਆਂ ਹੋਵੇਗਾ ਕਿਉਂਕਿ ਇਹਨਾਂ ਲੋਕਾਂ ਨੂੰ ਸ਼ਰਾਬ ਦੇ ਨਾਂ ‘ਤੇ ਜ਼ਹਿਰ ਸਪਲਾਈ ਕੀਤਾ ਜਾਂਦਾ ਰਿਹਾ ਹੈ।

ਸ੍ਰੀ ਮਲੂਕਾ ਨੇ ਮੁੱਖ ਮੰਤਰੀ ਨੂੰ ਇਹ ਵੀ ਚੇਤੇ ਕਰਵਾਇਆ ਕਿ ਆਬਕਾਰੀ ਵਿਭਾਗ ਨੂੰ ਪਏ 5600 ਕਰੋੜ ਰੁਪਏ ਦੇ ਮਾਲੀਆ ਘਾਟੇ ਦੇ ਪਿਛੇ ਦੋਸ਼ੀਆਂ ਦੀ ਹਾਲੇ ਸ਼ਨਾਖਤ ਹੋਣੀ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਬਾਕੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਦੇ ਖਿਲਾਫ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਉਸਦੀ ਕੀੜੀ ਅਫਗਾਨਾ ਜ਼ਿਲ੍ਹਾ ਗੁਰਦਾਸਪੁਰ ਵਿਚਲੀ ਡਿਸਟੀਲਰੀ ਵਿਚੋਂ ਦੋ ਟਰੱਕ ਭਰ ਕੇ ਨਜਾਇਜ਼ ਸ਼ਰਾਬ ਫੜੀ ਗਈ ਸੀ।

ਉਹਨਾਂ ਕਿਹਾ ਕਿ ਘਾਟਿਆਂ ਦੇ ਬਾਵਜੂਦ ਸ਼ਰਾਬ ਦੇ ਠੇਕੇਦਾਰਾਂ ਨੂੰ 673 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਸਭ ਨੇ ਲੋਕਾਂ ਵਿਚ ਗਲਤ ਸੰਦੇਸ਼ ਦਿੱਤਾ ਹੈ ਕਿ ਕਾਂਗਰਸ ਸਰਕਾਰ ਸਿਰਫ ਇਸ ਲਈ ਸ਼ਰਾਬ ਮਾਫੀਆ ਦਾ ਬਚਾਅ ਕਰ ਰਹੀ ਹੈ ਕਿਉਂਕਿ ਇਸਦੇ ਆਗੂਆਂ ਦਾ ਨਜਾਇਜ਼ ਸ਼ਰਾਬ ਦੀ ਵਿਕਰੀ ਤੇ ਸਮਗਲਿੰਗ ਵਿਚ ਹਿੱਸਾ ਹੈ।

ਉਹਨਾਂ ਕਿਹਾ ਕਿ ਹੁਣ ਇਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਗਾਂਧੀ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਰੇ ਮਾਮਲੇ ਦਾ ਸੱਚ ਦੱਸਣ ਤੇ ਇਹ ਦੱਸਣ ਕਿ ਕੀ ਦੋਵਾਂ ਵਿਧਾਇਕਾਂ ਨੂੰ ਉਹਨਾਂ ਤੋਂ ਆਸ਼ੀਰਵਾਦ ਹਾਸਲ ਸੀ ? ਉਹਨਾਂ ਕਿਹਾ ਕਿ ਜਿਥੇ ਤੱਕ ਮੁੱਖ ਮੰਤਰੀ ਦਾ ਸਵਾਲ ਹੈ, ਜੇਕਰ ਉਹ ਸ਼ਰਾਬ ਮਾਫੀਆ ਦੇ ਅੱਗੇ ਬੇਵਸ ਹਨ ਤਾਂ ਉਹਨਾਂ ਨੂੰ ਸਾਰੇ ਮਾਮਲੇ ਦੀ ਸੀ ਬੀ ਆਈ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION