34 C
Delhi
Tuesday, April 23, 2024
spot_img
spot_img

ਗੰਨਾ ਕਾਸ਼ਤਕਾਰਾਂ ਲਈ ਵਰਦਾਨ ਸਾਬਿਤ ਹੋਵੇਗਾ ਕਲਾਨੌਰ ਵਿਖੇ ਸਥਾਪਤ ਕੀਤਾ ਜਾਣ ਵਾਲਾ ਇੰਸਟੀਚਿਊਟ: ਸੁਖਜਿੰਦਰ ਰੰਧਾਵਾ

ਚੰਡੀਗੜ੍ਹ, 15 ਜੁਲਾਈ, 2019:
ਕਿਸਾਨਾਂ ਨੂੰ ਸੰਕਟ ਵਿੱਚੋਂ ਉਭਾਰਨ ਅਤੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਗੰਨੇ ਦੀ ਖੇਤੀ ਅਹਿਮ ਯੋਗਦਾਨ ਪਾ ਸਕਦੀ ਹੈ ਜਿਸ ਲਈ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਅਤੇ ਇਸ ਦੀ ਕਾਸ਼ਤ ਲਈ ਨਵੀਆਂ ਤਕਨੀਕਾਂ ਨੂੰ ਅਪਣਾਉਣ ਲਈ ਕਲਾਨੌਰ ਵਿਖੇ ਅਤਿ ਆਧੁਨਿਕ ਸ਼ੂਗਰਕੇਨ ਰਿਸਰਚ ਐਂਡ ਟਰੇਨਿੰਗ ਇੰਸਟੀਚਿਊਟ ਬਣਾਉਣ ਜਾ ਰਹੀ ਹੈ।

ਇਹ ਖੁਲਾਸਾ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਗੰਨੇ ਦੀ ਖੇਤੀ ਨਾਲ ਜੁੜੇ ਮਾਹਿਰਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਦੇਸ਼ ਦੇ ਸਿਖਰਲੇ ਸ਼ੂਗਰਕੇਨ ਇੰਸਟੀਚਿਊਟ ਦੇ ਵਿਗਿਆਨੀਆਂ ਨਾਲ ਕੀਤੀ ਮੀਟਿੰਗ ਉਪਰੰਤ ਕੀਤਾ।

ਸ. ਰੰਧਾਵਾ ਨੇ ਦੱਸਿਆ ਕਿ ਗੰਨੇ ਦੀ ਪੈਦਾਵਾਰ ਵਧਾ ਕੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਧਾਉਣ ਅਤੇ ਸਹਿਕਾਰੀ ਖੰਡ ਮਿੱਲਾਂ ਵਿੱਚ ਚੀਨੀ ਦਾ ਉਤਪਾਦਨ ਵਧਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਦਿਸ਼ਾਂ ਨਿਰਦੇਸ਼ ਤਹਿਤ ਕਲਾਨੌਰ ਵਿਖੇ ਇਕ ਵਿਸ਼ਵ ਪੱਧਰੀ ਇੰਸਟੀਚਿਊਟ ਸਥਾਪਨ ਕੀਤਾ ਜਾ ਰਿਹਾ ਹੈ।

ਜਿਸ ਦੀ ਰੂਪ ਰੇਖਾ ਉਲੀਕਣ ਲਈ ਸ਼ੂਗਰਫੈਡ ਦੇ ਅਧਿਕਾਰੀਆਂ ਅਤੇ ਗੰਨੇ ਦੀ ਖੇਤੀ ਨਾਲ ਜੁੜੇ ਵਿਗਿਆਨਕਾਂ ਦੀ ਇਕ ਟੀਮ ਵੱਲੋਂ ਪਿਛਲੇ ਸਮੇਂ ਵਿੱਚ ਵਸੰਤਦਾਦਾ ਸ਼ੂਗਰ ਇੰਸਟੀਚਿਊਟ ਪੁਣੇ ਦਾ ਦੌਰਾ ਕੀਤਾ ਗਿਆ ਅਤੇ ਅੱਜ ਦੀ ਮੀਟਿੰਗ ਵਿੱਚ ਉਸ ਟੀਮ ਵੱਲੋਂ ਦਿੱਤੀ ਪੇਸ਼ਕਾਰੀ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਸ. ਰੰਧਾਵਾ ਨੇ ਕਿਹਾ ਕਿ ਮੀਟਿੰਗ ਵਿੱਚ ਪੰਜ ਮਾਹਿਰਾਂ ਦੀ ਇਕ ਟੀਮ ਬਣਾਉਣ ਦਾ ਫੈਸਲਾ ਕੀਤਾ ਗਿਆ ਜੋ 15 ਦਿਨਾਂ ਦੇ ਅੰਦਰ ਇਸ ਇੰਸਟੀਚਿਊਟ ਦੀ ਸਥਾਪਨਾ ਲਈ ਆਪਣੀ ਰਿਪੋਰਟ ਪੇਸ਼ ਕਰੇਗੀ।

ਇਸ ਟੀਮ ਵਿੱਚ ਸ਼ੂਗਰਕੇਨ ਬਰੀਡਿੰਗ ਇੰਸਟੀਚਿਊਟ ਕੋਇੰਬਟੂਰ ਦੇ ਡਾਇਰੈਕਟਰ ਡਾ. ਬਖਸ਼ੀ ਰਾਮ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ.ਬੀ.ਐਸ.ਢਿੱਲੋਂ, ਨੈਸ਼ਨਲ ਫੈਡਰੇਸ਼ਨ ਆਫ ਕੋਆਪਰੇਟਿਵ ਸ਼ੂਗਰ ਫੈਕਟਰੀਜ਼ ਲਿਮਟਿਡ ਦੇ ਸਲਾਹਕਾਰ ਸ੍ਰੀ ਆਰ.ਬੀ.ਡੌਲੇ, ਸ਼ੂਗਰਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਦਵਿੰਦਰ ਸਿੰਘ ਤੇ ਰਾਣਾ ਸ਼ੂਗਰ ਮਿੱਲ ਦੇ ਪ੍ਰਬੰਧਕੀ ਨਿਰਦੇਸ਼ਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

ਸਹਿਕਾਰਤਾ ਮੰਤਰੀ ਨੇ ਕਿਹਾ ਕਿ ਕਿਸਾਨੀ ਅਤੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਫਸਲੀ ਵਿਭਿੰਨਤਾ ਨੂੰ ਅਪਣਾਉਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਗੰਨੇ ਦੀ ਖੇਤੀ ਪੰਜਾਬ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ ਜਿਸ ਲਈ ਇਸ ਦੀਆਂ ਅਤਿ-ਆਧੁਨਿਕ ਖੋਜਾਂ ਲਈ ਚੰਗੇ ਇੰਸਟੀਚਿਊਟ ਦੀ ਸਥਾਪਨਾ ਜ਼ਰੂਰੀ ਸੀ।

ਉਨ੍ਹਾਂ ਕਿਹਾ ਕਿ ਇਸ ਇੰਸਟੀਚਿਊਟ ਦੇ ਬਣਨ ਨਾਲ ਗੰਨੇ ਦੀ ਖੇਤੀ ਦਾ ਚੋਖਾ ਝਾੜ ਹੋਵੇਗਾ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਇੰਸਟੀਚਿਊਟ ਦੀ ਸਥਾਪਨਾ ਲਈ ਤੇਜ਼ੀ ਨਾਲ ਕਦਮ ਚੁੱਕੇ ਜਾਣ।

ਮੀਟਿੰਗ ਦੌਰਾਨ ਸ. ਰੰਧਾਵਾ ਵੱਲੋਂ ਸ਼ੂਗਰਫੈਡ ਵੱਲੋਂ ਰਜਿਸਟਰਡ ਕਰਵਾਏ ਪੰਜਾਬ ਸ਼ੂਗਰਕੇਨ ਕਲੱਬ ਦੇ ਸਰਟੀਫਿਕੇਟ ਨੂੰ ਜਾਰੀ ਕੀਤਾ ਗਿਆ। ਇਸ ਕਲੱਬ ਵਿੱਚ ਸਮੂਹ ਮਿਲਾਂ ਦੇ ਘੱਟੋ-ਘੱਟ 50 ਅਗਾਂਹਵਧੂ ਗੰਨਾ ਕਾਸ਼ਤਕਾਰ, ਜੀ.ਐਮ., ਅਤੇ ਸੀ.ਸੀ.ਡੀ.ਓ. ਮੈਂਬਰ ਲਏ ਜਾਣਗੇ।

ਇਸ ਤੋਂ ਇਲਾਵਾ ਕੁਝ ਅਧਿਕਾਰੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕੇਨ ਕਮਿਸ਼ਨਰ ਦੇ ਨੁਮਾਇੰਦਿਆਂ ਤੋਂ ਇਲਾਵਾ ਸਹਿਕਾਰਤਾ ਵਿਭਾਗ ਦੇ ਅਦਾਰੇ ਮਿਲਕਫੈਡ, ਮਾਰਕਫੈਡ ਅਤੇ ਨਾਬਾਰਡ ਦੇ ਮੈਂਬਰ ਵੀ ਲਏ ਜਾਣ ਦਾ ਵਿਚਾਰ ਹੈ। ਇਹ ਕਲੱਬ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਦੀ ਬਿਹਤਰੀ ਲਈ ਕੰਮ ਕਰੇਗਾ ਅਤੇ ਗੰਨੇ ਦੀ ਖੇਤੀ ਦੇ ਤਜ਼ਰਬੇ ਭਾਰਤ ਦੇ ਦੂਜੇ ਸੂਬਿਆਂ ਨਾਲ ਸਾਂਝੇ ਕਰਨ ਤਹਿਤ ਗੰਨਾ ਕਾਸ਼ਤਕਾਰਾਂ ਨੂੰ ਸਿਖਲਾਈ ਦਿੱਤੇ ਜਾਣ ਦਾ ਪ੍ਰਬੰਧ ਕਰੇਗਾ।

ਇਹ ਕਲੱਬ ਗੰਨਾ ਕਾਸ਼ਤਕਾਰਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਪ੍ਰਾਪਤ ਕਰ ਕੇ ਗੰਨਾ ਕਾਸ਼ਤਕਾਰਾਂ ਨੂੰ ਇਸ ਦਾ ਲਾਭ ਦਿਵਾਏਗਾ। ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਬਾਰੇ ਸਰਕਾਰ ਨੂੰ ਜਾਣੂੰ ਕਰਵਾਏਗਾ।

ਇਸ ਮੌਕੇ ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਵਿਧਾਇਕ ਸ. ਕੁਲਬੀਰ ਸਿੰਘ ਜ਼ੀਰਾ ਤੇ ਸ. ਬਰਿੰਦਰਮੀਤ ਸਿੰਘ ਪਾਹੜਾ, ਵਧੀਕ ਮੁੱਖ ਸਕੱਤਰ ਸਹਿਕਾਰਤਾ ਸ੍ਰੀ ਵਿਸਵਾਜੀਤ ਖੰਨਾ, ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਵਿਕਾਸ ਗਰਗ, ਸਕੱਤਰ ਖਰਚਾ ਸ੍ਰੀ ਵੀ ਐਨ ਜ਼ਾਦੇ, ਸ਼ੂਗਰਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਦਵਿੰਦਰ ਸਿੰਘ, ਸ਼ੂਗਰਕੇਨ ਬਰੀਡਿੰਗ ਇੰਸਟੀਚਿਊਟ ਕੋਇੰਬਟੂਰ ਦੇ ਡਾਇਰੈਕਟਰ ਡਾ. ਬਖਸ਼ੀ ਰਾਮ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ.ਬੀ.ਐਸ.ਢਿੱਲੋਂ, ਨੈਸ਼ਨਲ ਫੈਡਰੇਸ਼ਨ ਆਫ ਕੋਆਪਰੇਟਿਵ ਸ਼ੂਗਰ ਫੈਕਟਰੀਜ਼ ਲਿਮਟਿਡ ਦੇ ਸਲਾਹਕਾਰ ਸ੍ਰੀ ਆਰ.ਬੀ.ਡੌਲੇ, ਕੇਨ ਕਮਿਸ਼ਨਰ ਸ੍ਰੀ ਜਸਵੰਤ ਸਿੰਘ, ਰਾਣਾ ਸ਼ੂਗਰ ਮਿੱਲ ਦੇ ਪ੍ਰਬੰਧਕੀ ਨਿਰਦੇਸ਼ਕ ਰਾਣਾ ਇੰਦਰ ਪ੍ਰਤਾਪ ਸਿੰਘ, ਡਾ. ਕੇ.ਐਸ.ਥਿੰਦ, ਸਹਾਇਕ ਕੇਨ ਕਮਿਸ਼ਨਰ ਸ੍ਰੀ ਵਿਜੇ ਕੁਮਾਰ, ਡਾ. ਗੁਲਜ਼ਾਰ ਸਿੰਘ ਸੰਘੇੜਾ, ਸ਼ੂਗਰਫੈਡ ਦੇ ਜਨਰਲ ਮੈਨੇਜਰ ਸ੍ਰੀ ਹਰਬਖਸ਼ ਸਿੰਘ, ਡਿਪਟੀ ਚੀਫ ਇੰਜਨੀਅਰ ਸ੍ਰੀ ਕੰਵਲਜੀਤ ਸਿੰਘ, ਡਾ.ਐਸ.ਪੀ. ਸਿੰਘ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION