36.1 C
Delhi
Friday, March 29, 2024
spot_img
spot_img

ਗ੍ਰੈਂਡ ਮਲਟੀ ਮੀਡੀਆ ਲਾਇਟ ਐਂਡ ਸਾਊਂਡ ਸ਼ੋਅ ਦੀ ਦੂਜੇ ਦਿਨ ਵੀ ਸਫ਼ਲ ਰਹੀ ਅਲੌਕਿਕ ਪੇਸ਼ਕਾਰੀ

ਸੁਲਤਾਨਪੁਰ ਲੋਧੀ (ਕਪੂਰਥਲਾ), 5 ਨਵੰਬਰ, 2019:
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਸਮਾਗਮਾਂ ਦੀ ਲੜੀ ਹੇਠ ਇੱਥੇ ਵਿਸ਼ੇਸ਼ ਤੌਰ ‘ਤੇ ਸਥਾਪਤ ਕੀਤੇ ਗਏ ‘ਰਬਾਬ’ ਨਾ ਦੇ ਵਿਸ਼ਾਲ ਪੰਡਾਲ ਵਿੱਚ ਰੌਸ਼ਨੀ ਅਤੇ ਆਵਾਜ ਦੇ ਸੁਮੇਲ ਵਾਲੇ ਗ੍ਰੈਂਡ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਦੀ ਅਲੌਕਿਕ ਪੇਸ਼ਕਾਰੀ ਦੂਜੇ ਦਿਨ ਵੀ ਸਫ਼ਲ ਰਹੀ।

‘ਚੜ੍ਹਿਆ ਸੋਧਣ ਧਰਤਿ ਲੋਕਾਈ’ ਸ਼ੋਅ ਦੀ ਦਿਲਕਸ਼ ਪੇਸ਼ਕਾਰੀ ਤੋਂ ਬਾਅਦ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਦੂਜੇ ਦਿਨ ਦੀ ਸ਼ਾਮ ਵੀ ਗੁਰੂ ਨਾਨਕ ਦੀ ਸਿਫ਼ਤ ਅਤੇ ਸੂਫ਼ੀਆਨਾ ਕਲਾਮ ਪੇਸ਼ ਕਰਕੇ ਸਮਾਂ ਬੰਨ੍ਹਦਿਆਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।

ਮਲਟੀ ਮੀਡੀਆ ਸ਼ੋਅ ਦੇ ਦੂਜੇ ਦਿਨ ਦੀ ਪੇਸ਼ਕਾਰੀ ਮੌਕੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਤਮਸਤਕ ਹੁੰਦਿਆਂ ਆਪਣੀ ਹਾਜ਼ਰੀ ਲਵਾਈ।

ਸ੍ਰੀ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਕਾਰਜਾਂ ਦਾ ਵਰਣਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਫਲਸਫ਼ਾ ਬਰਾਬਰੀ ਵਾਲੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਸਮਕਾਲੀ ਸਮੇਂ ਹੋਰ ਵੀ ਜ਼ਿਆਦਾ ਪ੍ਰਸੰਗਿਕ ਹੈ।

ਸ੍ਰੀ ਅਰੋੜਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਹਿਣਸ਼ੀਲਤਾ, ਸ਼ਾਂਤੀ, ਆਪਸੀ ਭਾਈਚਾਰੇ, ਮਹਿਲਾ ਸ਼ਸ਼ਕਤੀਕਰਨ, ਪ੍ਰਕਿਰਤੀ ਤੇ ਕੁਦਰਤੀ ਸਰੋਤਾਂ ਦੀ ਰਾਖੀ ਕਰਨ ਅਤੇ ਸਰਬੱਤ ਦੇ ਭਲੇ ਦਾ ਸਰਵਵਿਆਪੀ ਉਪਦੇਸ਼ ਦਿੱਤਾ। ਇਸ ਲਈ ਮੌਜੂਦਾ ਸਮੇਂ ਦੀ ਇਹ ਮੁੱਖ ਲੋੜ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦਾ ਉਪਦੇਸ਼ ਆਪਣੇ ਜੀਵਨ ਵਿੱਚ ਦ੍ਰਿੜ ਕਰੀਏ।

ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਦੂਰ ਦੁਰਾਡੇ ਤੋਂ ਪੁੱਜੀ ਸੰਗਤ ਜਿੱਥੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ 15 ਨਵੰਬਰ ਦੀ ਰਾਤ ਤੱਕ ਕਰਵਾਏ ਜਾ ਰਹੇ ਇਸ ਪ੍ਰਭਾਵਸ਼ਾਲੀ ਸਮਾਗਮ ਨੂੰ ਭਰਵਾਂ ਹੁੰਗਾਰਾ ਦੇ ਰਹੀ ਹੈ, ਉਥੇ ਹੀ ਇਸ ਦੀ ਰੱਜਵੀਂ ਸ਼ਲਾਘਾ ਕਰਦਿਆਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਵੀ ਜਾਣੂ ਹੋ ਰਹੀ ਹੈ।

ਸ਼ੋਅ ‘ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਲੈਕੇ ਉਨ੍ਹਾਂ ਵੱਲੋਂ ਮੱਝਾਂ ਚਰਾਉਣ, ਵਿਆਹ, ਵੇਈਂ ਨਦੀ ‘ਚ ਚੁੱਭੀ, ਨਾ ਕੋ ਹਿੰਦੂ ਨਾ ਮੁਸਲਮਾਨ ਦਾ ਉਪਦੇਸ਼, ਉਦਾਸੀਆਂ, ਭਾਈ ਮਰਦਾਨਾ, ਭਾਈ ਲਾਲੋ ਤੇ ਨਾਲ ਮੇਲ, ਮਲਿਕ ਭਾਗੋ, ਸੱਜਣ ਠੱਗ, ਕੌਡਾ ਭੀਲ ਦਾ ਉਧਾਰ, ਵਲੀ ਕੰਧਾਰੀ ਤੇ ਸਿੱਧਾਂ ਨਾਲ ਵਾਰਤਾ, ਸ੍ਰੀ ਕਰਤਾਰਪੁਰ ਸਾਹਿਬ ਨਿਵਾਸ ਸਮੇਤ ਉਨ੍ਹਾਂ ਦੀ ਬਾਣੀ, ਉਪਦੇਸ਼ ਅਤੇ ਸਿੱਖਿਆਵਾਂ ਦੀ ਡਿਜ਼ੀਟਲ ਤਕਨੀਕਾਂ ਤੇ ਲੇਜ਼ਰ ਸ਼ੋਅ ਜ਼ਰੀਏ ਬਾਖੂਬੀ ਪੇਸ਼ਕਾਰੀ ਸੰਗਤਾਂ ਨੂੰ ਆਪ ਮੁਹਾਰੇ ਜੈਕਾਰੇ ਲਾਉਣ ਲਈ ਮਜ਼ਬੂਰ ਕਰਦੀ ਹੈ।

ਇਸ ਪੇਸ਼ਕਾਰੀ ਨੂੰ ਦੇਖ ਰਹੇ ਮਾਨਸਾ ਤੋਂ ਆਏ ਬਲਵੰਤ ਸਿੰਘ ਨੇ ਕਿਹਾ ਕਿ ਉਹ ਸੁਲਤਾਨਪੁਰ ਲੋਧੀ ਦੀ ਧਰਤੀ ‘ਤੇ ਕੱਲ੍ਹ ਰਾਤ ਪਹਿਲੀ ਵਾਰ ਆਏ ਸਨ ਅਤੇ ਇੱਥੇ ਇਹ ਸ਼ੋਅ ਦੇਖਿਆ ਅਤੇ ਅੱਜ ਉਨ੍ਹਾਂ ਨੇ ਇਸਨੂੰ ਮੁੜ ਤੋਂ ਦੇਖਣ ਲਈ ਆਪਣਾ ਵਾਪਸੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੀ ਵਾਸੀ ਇੱਕ ਔਰਤ ਨੇ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਰਾਤ ਖ਼ੁਦ ਇਹ ਪ੍ਰੋਗਰਾਮ ਦੇਖਿਆ ਅਤੇ ਐਨੀ ਜਿਆਦਾ ਪ੍ਰਭਾਵਤ ਹੋਈ ਕਿ ਅੱਜ ਆਪਣੇ ਮਾਤਾ-ਪਿਤਾ ਨੂੰ ਨਾਲ ਲੈ ਕੇ ਆਈ ਹੈ।

ਪਟਿਆਲਾ ਤੋਂ ਇੱਕ ਪਰਿਵਾਰ ਦੇ ਨਾਲ ਆਏ ਬੱਚਿਆਂ ਨੇ ਕਿਹਾ ਕਿ ਜੋ ਕੁਝ ਉਨ੍ਹਾਂ ਨੇ ਇਸ ਸ਼ੋਅ ਰਾਹੀਂ ਬਾਬੇ ਨਾਨਕ ਬਾਰੇ ਦੇਖਿਆ ਅਤੇ ਸੁਣਿਆ ਹੈ ਉਹ ਉਮਰ ਭਰ ਭੁੱਲ ਨਹੀਂ ਸਕਣਗੇ। ਮੋਹਾਲੀ ਤੋਂ ਆਏ ਜਸਵਿੰਦਰ ਕੌਰ ਨੇ ਕਿਹਾ ਕਿ ਗੁਰੂ ਨਾਨਕ ਨੂੰ ਯਾਦ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਸੁਚੱਜੇ ਢੰਗ ਨਾਲ ਸਮਾਗਮ ਕਰਵਾਉਣੇ ਇੱਕ ਸ਼ਲਾਘਾਯੋਗ ਉਪਰਾਲਾ ਹੈ।

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ 6 ਤੋਂ 10 ਨਵੰਬਰ ਤੱਕ ਅਤੇ ਫਿਰ 13 ਤੋਂ 15 ਨਵੰਬਰ ਤੱਕ ਸ਼ੋਅ ਸ਼ਾਮ 7 ਵਜੇ ਸ਼ੁਰੂ ਹੋ ਕੇ ਰਾਤ 9.15 ਵਜੇ ਤੱਕ ਚੱਲਣਗੇ ਜਦਕਿ ਸੰਗਤਾਂ ਦੀ ਵੱਡੀ ਗਿਣਤੀ ਆਮਦ ਸਮੇਂ 11, 12 ਤੇ 13 ਨਵੰਬਰ ਨੂੰ ਇਹ ਸ਼ੋਅ ਸ਼ਾਮ 7 ਵਜੇ ਤੋਂ ਰਾਤ 10.30 ਤੱਕ ਦੋ-ਦੋ ਵਾਰੀ ਹੋਣਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਅਤੇ ਵੱਡੀ ਗਿਣਤੀ ਹੋਰ ਧਾਰਮਿਕ, ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਦੂਰ ਦੁਰਾਡੇ ਤੋਂ ਪੁੱਜੀ ਸੰਗਤ ਵੀ ਮੌਜੂਦ ਸੀ ।

Multimedia Light Sound Show Sultanpur Lodhi 2

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION