35.6 C
Delhi
Wednesday, April 24, 2024
spot_img
spot_img

ਗੈਂਗਸਟਰ ਬੁੱਢੇ ਦੀ ਪੁੱਛ ਪੜਤਾਲ ਮਗਰੋਂ ਸਾਬਕਾ ਡਿਪਟੀ ਪਾਸਪੋਰਟ ਅਫ਼ਸਰ ਸਣੇ 15 ਅਪਰਾਧੀ ਸਾਥੀ ਗ੍ਰਿਫਤਾਰ: ਡੀ.ਜੀ.ਪੀ. ਦਿਨਕਰ ਗੁਪਤਾ

ਚੰਡੀਗੜ੍ਹ, 16 ਦਸੰਬਰ, 2019:

ਪੰਜਾਬ ਪੁਲੀਸ ਦੇ ਨਿਰੰਤਰ ਯਤਨਾਂ ਸਦਕਾ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਦੇ ਅਰਮੀਨੀਆ ਤੋਂ ਡਿਪੋਰਟ ਹੋਣ ਨਾਲ ਉਸਦੇ 15 ਅਪਰਾਧੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨਾਲ ਵੱਡੀ ਗਿਣਤੀ ਵਿੱਚ ਹਥਿਆਰਾਂ, ਨਸ਼ੀਲੇ ਪਦਾਰਥ ਅਤੇ ਵਿਦੇਸ਼ੀ ਨਕਦੀ ਜ਼ਬਤ ਕੀਤੀ ਗਈ ਹੈ।

ਇਨ੍ਹਾਂ ਗ੍ਰਿਫਤਾਰੀਆਂ ਵਿੱਚ ਬਿਦੀ ਚੰਦ ਵਾਸੀ ਖੁੱਡਾ ਲਹੌਰਾ, ਸੇਵਾਮੁਕਤ ਡਿਪਟੀ ਪਾਸਪੋਰਟ ਅਫ਼ਸਰ ਜੋ ਕਿ 2007-2008 ਦੌਰਾਨ ਲੋਕ ਸੰਪਰਕ ਅਫ਼ਸਰ (ਪੀ.ਆਰ.ਓ.), ਚੰਡੀਗੜ੍ਹ ਵਿਖੇ ਤਾਇਨਾਤ ਸੀ ਜਿਸਨੇ ਗੌਰਵ ਪਟਿਆਲ ਤੋਂ 50,000 ਰੁਪਏ ਲੈ ਕੇ ਫਰਜ਼ੀ ਨਾਂ ਅਤੇ ਪਤੇ ‘ਤੇ ਭਾਰਤੀ ਪਾਸਪੋਰਟ ਬਣਾ ਕੇ ਉਸਨੂੰ ਸੌਂਪਣਾ ਸੀ। ਬਿਦੀ ਚੰਦ 2011 ਵਿੱਚ ਡਿਪਟੀ ਪਾਸਪੋਰਟ ਅਫ਼ਸਰ ਵਜੋਂ ਸੇਵਾਮੁਕਤ ਹੋਇਆ ਸੀ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਬੁੱਢੇ ਨੂੰ ਅਰਮੀਨੀਆ ਤੋਂ ਵਾਪਸ ਲਿਆਉਣ ਸਮੇਂ ਉਹ ਗੈਰ ਕਾਨੂੰਨੀ ਢੰਗ ਨਾਲ ਯੂ.ਐਸ. ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰਮੀਸ਼ ਵਰਮਾ ‘ਤੇ ਹਮਲਾ ਕਰਨ ਉਪਰੰਤ ਬੁੱਢਾ ਅਪ੍ਰੈਲ 2018 ਨੂੰ ਪੰਜਾਬ ਤੋਂ ਯੂ.ਏ.ਈ. ਭੱਜ ਗਿਆ ਸੀ, ਜਿਸ ਦੌਰਾਨ ਉਸਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਜਿਸ ਵਿੱਚ ਯੂ.ਏ.ਈ., ਚੀਨ, ਇਰਾਨ, ਰੂਸ, ਥਾਈਲੈਂਡ, ਇੰਡੋਨੇਸ਼ੀਆ, ਜਿਓਰਜ਼ੀਆ ਅਤੇ ਸਿੰਗਪੁਰ ਸ਼ਾਮਲ ਹਨ। ਜਦਕਿ ਪੰਜਾਬ ਪੁਲੀਸ ਵੱਲੋਂ ਵੱਖ ਵੱਖ ਦੇਸ਼ਾਂ ਵਿੱਚ ਉਸਦੀ ਯਾਤਰਾ/ਸਟੇਅ ਸਬੰਧੀ ਗਤੀਵਿਧੀਆਂ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ।

ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲੀਸ ਹੁਣ ਇਨ੍ਹਾਂ ਦੇਸ਼ਾਂ ਵਿੱਚ ਉਸਦੇ ਸੰਪਰਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਪੁਲੀਸ ਦੇ ਸੁਪਰਵਿਜ਼ਨ ਆਫ਼ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਦੀਆਂ ਟੀਮਾਂ ਵੱਲੋਂ ਲੁਧਿਆਣਾ, ਮੋਗਾ, ਫਰੀਦਕੋਟ, ਖੰਨਾ, ਐਸ.ਏ.ਐਸ. ਨਗਰ ਅੰਮ੍ਰਿਤਸਰ ਵਿਖੇ ਅੱਗੇ ਹੋਰ ਪੜਤਾਲ ਕੀਤੀ ਜਾ ਰਹੀ ਹੈ।

ਡੀ.ਜੀ.ਪੀ. ਨੇ ਦੱਸਿਆ ਕਿ ਬੁੱਢੇ ਦੀ ਨਿਸ਼ਾਨਦੇਹੀ ‘ਤੇ 6 ਹਥਿਆਰ ਜਿਸ ਵਿੱਚ ਇੱਕ ਕਰਬਾਈਨ, 1 ਬੁਲਟਪਰੂਫ ਜੈਕੇਟ, 3 ਕਿਲੋ ਅਫੀਮ, 7 ਵਾਹਨ, ਅਸਲਾ ਅਤੇ ਕੁੱਲ 13.80 ਲੱਖ ਰੁਪਏ ਦੀ ਨਗਦੀ ਅਤੇ 1700 ਯੂ.ਐਸ. ਡਾਲਰ ਉਸਤੋਂ ਅਤੇ ਸਹਿਯੋਗੀਆਂ ਤੋਂ ਬਰਾਮਦ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਬੁੱਢਾ ਵਾਸੀ ਪਿੰਡ ਕੁੱਸਾ, ਜ਼ਿਲ੍ਹਾ ਮੋਗਾ ਦੇ ਅਰਮੀਨੀਆ ਵਿੱਚ ਹੋਣ ਬਾਰੇ ਪਤਾ ਲਗਾਇਆ ਗਿਆ ਸੀ ਅਤੇ ਇੰਟਰਪੋਲ ਵੱਲੋਂ ਜਾਰੀ ਰੈਡ ਕਾਰਨਰ ਨੋਟਿਸ (ਆਰ.ਐਨ.ਸੀ.) ਦੇ ਅਧਾਰ ‘ਤੇ ਉਸਨੂੰ ਫੜ੍ਹਿਆ ਗਿਆ ਸੀ ਅਤੇ ਉਸਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਯਤਨ ਕੀਤੇ ਗਏ ਸਨ ਜਿਸ ਤੋਂ ਬਾਅਦ 23 ਨਵੰਬਰ ਨੂੰ ਪੰਜਾਬ ਪੁਲੀਸ ਵੱਲੋਂ ਉਸਨੂੰ ਆਈ.ਜੀ.ਆਈ. ਏਅਰਪੋਰਟ ਦਿੱਲੀ ਵਿਖੇ ਗ੍ਰਿਫਤਾਰ ਕੀਤਾ ਗਿਆ।

ਦੱਸਣਯੋਗ ਹੈ ਕਿ ਜ਼ਿਲ੍ਹਾ ਬਠਿੰਡਾ ਦੇ ਜੁਗਰਾਜ ਸਿੰਘ ਉਰਫ਼ ਰਾਜਾ ਕਤਲ ਮਾਮਲੇ ਵਿੱਚ ਪੈਰੋਲ ਮਿਲਣ ਉਪਰੰਤ ਬੁੱਢ ਵੱਲੋਂ ਫਰੀਦਕੋਟ ਜੇਲ੍ਹ ਵਿੱਚ ਰਿਪੋਰਟ ਨਹੀਂ ਕੀਤਾ ਗਿਆ। ਜਿਸ ਵਿੱਚ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪੈਰੋਲ ਦੀ ਉਲੰਘਣਾ ਕਰਨ ਉਪਰੰਤ ਉਸਨੇ ਅਤੇ ਉਸਦੇ ਸਾਥੀਆਂ ਨੇ ਜਨਵਰੀ 2017 ਨੂੰ ਹਰਿਆਣਾ ਦੇ ਚੌਟਾਲਾ ਪਿੰਡ ਦੇ ਇੱਕ ਫਾਰਮ ਹਾਊਸ ਵਿੱਚ ਪ੍ਰਦੀਪ ਕੁਮਾਰ ਅਤੇ ਅਮਿਤ ਸਹਾਰਨ ਦਾ ਕਤਲ ਕੀਤਾ।

ਬੁੱਢੇ ਨੇ ਜੁਲਾਈ 2017 ਵਿੱਚ ਫਰੀਦਕੋਟ ਜ਼ਿਲ੍ਹੇ ਦੇ ਬਾਜਾਖਾਨਾ ਵਿਖੇ ਰਵਿੰਦਰ ਕੋਚਰ ਦਾ ਉਸਦੀ ਰਾਈਸ ਮਿੱਲ ਵਿੱਚ ਕਤਲ ਕੀਤਾ। ਅਪ੍ਰੈਲ 2018 ਵਿੱਚ ਉਸਦੇ ਅਤੇ ਉਸਦੇ ਸਾਥੀਆਂ ਨੇ ਅੰਤਰ ਗਿਰੋਹਾਂ ਦੀ ਦੁਸ਼ਮਣੀ ਤਹਿਤ ਬਦਲਾ ਲੈਣ ਦੀ ਫਿਰਾਕ ਵਿੱਚ ਹਰਿਆਣਾ ਦੇ ਚੰਡੀਮੰਦਰ ਇਲਾਕੇ ਵਿੱਚ ਭੁਪੇਸ਼ ਰਾਣਾ ਦਾ ਕਤਲ ਕੀਤਾ।

20 ਲੱਖ ਰੁਪਏ ਦੀ ਫਿਰੌਤੀ ਦੀ ਰਕਮ ਨਾ ਦੇਣ ਉਪਰੰਤ ਬੁੱਢੇ ਨੇ 14 ਅਪ੍ਰੈਲ, 2018 ਨੂੰ ਪਰਮੀਸ਼ ਵਰਮਾ ‘ਤੇ ਗੋਲੀ ਚਲਾਈ। ਇਸ ਤੋਂ ਬਾਅਦ ਉਹ ਨਿਪਾਲ ਦੇ ਰਸਤਿਓਂ ਦੁਬਾਈ ਭੱਜ ਗਿਆ ਅਤੇ ਦੁਬਈ ਤੋਂ ਹੀ ਤਾਲਮੇਲ ਕਰਕੇ ਉਸਨੇ ਡਰਾਉਣ ਧਮਕਾਉਣ ਅਤੇ ਕਤਲ ਦੀਆਂ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ।

ਦੁਬਈ ਵਿਖੇ ਉਸਦੇ ਇਸ਼ਾਰਿਆ ‘ਤੇ ਉਸਦੇ ਪੰਜਾਬ ਵਿਚਲੇ ਨੇੜਲੇ ਸਾਥੀਆਂ ਵੱਲੋਂ ਤਿੰਨ ਹੋਰ ਕਤਲ ਕੀਤੇ ਗਏ ਜਿਸ ਦਾ ਖੁਲਾਸਾ ਪੜਤਾਲ ਉਪਰੰਤ ਹੋਇਆ। 17 ਜੂਨ, 2018 ਨੂੰ ਰਾਮਪੁਰਾ ਫੂਲ ਵਿਖੇ ਪੋਲਟਰੀ ਫਾਰਮ ਦੇ ਮਾਲਕ ਹਰਦੇਵ ਸਿੰਘ ਉਰਫ਼ ਗੋਗੀ ਜਟਾਣਾ ‘ਤੇ ਦਵਿੰਦਰ ਬੰਬੀਹਾ ਦੇ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਪੁਲੀਸ ਦਾ ਮੁਖਬਰ ਹੋਣ ਦੇ ਸ਼ੱਕ ‘ਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਉਸਦਾ ਕਤਲ ਕਰ ਦਿੱਤਾ ਗਿਆ।

ਦਸੰਬਰ 2018 ਦੇ ਇੱਕ ਹੋਰ ਮਾਮਲੇ ਵਿੱਚ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਵੱਲੋਂ ਆਪਣੇ ਇੱਕ ਦੋਸਤ ਸਰਪੰਚ ਬੇਅੰਤ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ ਰਜਿੰਦਰ ਕੁਮਾਰ ਉਰਫ਼ ਗੋਗਾ ਵਸਨੀਕ ਮਾਣੂੰਕੇ, ਜ਼ਿਲ੍ਹਾ ਮੋਗਾ ਦੇ ਕਤਲ ਦੀ ਸਾਜ਼ਿਸ ਘੜੀ ਗਈ ਜਿਸ ਮਾਮਲੇ ਵਿੱਚ ਰਜਿੰਦਰ ਕੁਮਾਰ ਉਰਫ਼ ਗੋਗਾ ਬਰੀ ਹੋ ਗਿਆ ਸੀ।

ਹਾਲ ਹੀ ਵਿੱਚ ਬੁੱਢੇ ਦੀਆਂ ਹਦਾਇਤਾਂ ‘ਤੇ ਉਸਦੇ ਸਾਥੀ ਲਖਵਿੰਦਰ ਉਰਫ਼ ਲੱਖਾ ਅਤੇ ਅਮਰੀਕ ਸਿੰਘ ਉਰਫ਼ ਸ਼ੇਰਾ ਵੱਲੋਂ ਬਾਬਾ ਜਰਨੈਲ ਸਿੰਘ ਵਾਸੀ ਮੋਗਾ ਦੇ ਨਾਲ ਸਾਜਿਸ਼ ਘੜ ਕੇ ਕੋਟਕਪੁਰਾ ਦੇ ਪਿੰਡ ਕੋਟਸੁਖੀਆ ਦੇ ਡੇਰਾ ਹਰੀਕੇ ਦਾਸ ਦੇ ਬਾਬਾ ਦਿਆਲ ਦਾਸ ਦਾ ਕਤਲ ਕੀਤਾ ਗਿਆ।

ਬੁੱਢੇ ਦੀ ਗ੍ਰਿਫਤਾਰੀ ਅਤੇ ਉਸਨੂੰ ਪੰਜਾਬ ਵਾਪਸ ਲਿਆਉਣਾ ਪੰਜਾਬ ਪੁਲੀਸ ਦੀ ਇੱਕ ਵੱਡੀ ਸਫ਼ਲਤਾ ਹੈ। ਪਿਛਲੇ 2 ਸਾਲਾਂ ਦੌਰਾਨ ਇਹ ਪੰਜਾਬ ਦਾ ਮੁੱਖ ਸਰਗਰਮ ਗੈਂਗਸਟਰ ਬਣਾ ਗਿਆ ਸੀ। ਬੁੱਢੇ ਅਤੇ ਉਸਦੇ ਸਾਥੀਆਂ ਵੱਲੋਂ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਵਿੱਚ ਡਰ, ਭੈਅ ਤੇ ਆਤੰਕ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਸੀ।

ਹੁਣ ਤੱਕ ਬੁੱਢੇ ਅਤੇ ਉਸਦੇ 15 ਸਾਥੀਆਂ ਦੀ ਗ੍ਰਿਫਤਾਰੀ ਨਾਲ ਕਤਲ, ਫਿਰੌਤੀ/ਕਾਰ ਖੋਹਣ ਅਤੇ ਲੁੱਟਾਂ ਖੋਹਾਂ ਦੇ 10 ਮਾਮਲਿਆਂ ਦੇ ਦੋਸ਼ੀਆਂ ਦੀ ਸਨਾਖ਼ਤ ਕੀਤੀ ਗਈ ਹੈ। ਬੁੱਢੇ ਅਤੇ ਉਸਦੇ ਸਾਥੀਆਂ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਅਧਾਰ ‘ਤੇ ਇਨ੍ਹਾਂ ਖਿਲਾਫ਼ 4 ਹੋਰ ਐਫ.ਆਰ.ਆਰਜ਼ ਦਰਜ ਕੀਤੀਆਂ ਗਈਆਂ ਹਨ ਜਿਸ ਸਬੰਧੀ ਅਗਲੇਰੀ ਤਫਤੀਸ਼ ਜਾਰੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION