36.7 C
Delhi
Thursday, April 18, 2024
spot_img
spot_img

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਪਟਿਆਲਾ ਹੋਵੇਗਾ ਪਲਾਸਟਿਕ ਮੁਕਤ: ਪਰਨੀਤ ਕੌਰ

ਪਟਿਆਲਾ, 20 ਅਕਤੂਬਰ, 2019:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਪਟਿਆਲਾ ਨੂੰ ਪਲਾਸਟਿਕ ਮੁਕਤ ਕਰਨ ਲਈ 2 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਸਾਰਥਕ ਨਤੀਜੇ ਦਿਖਾਈ ਦੇਣ ਲੱਗੇ ਹਨ।

ਇਸ ਸਬੰਧੀ ਅੱਜ ਨਗਰ ਨਿਗਮ ਦੇ ਆਡੀਟੋਰੀਅਮ ਵਿਖੇ ਕਰਵਾਏ ਸਮਾਗਮ ਦੌਰਾਨ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਿਛਲੇ 15 ਦਿਨਾਂ ਦੌਰਾਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਨਗਰ ਨਿਗਮ ਵੱਲੋਂ ਟੀਮਾਂ ਬਣਾਕੇ ਸ਼ਹਿਰ ਦੇ ਸਮੂਹ 60 ਵਾਰਡਾਂ ਨੂੰ ਪਲਾਸਟਿਕ ਮੁਕਤ ਕਰਨ ਲਈ ਮੁਹਿੰਮ ਚਲਾਈ ਗਈ ਅਤੇ ਇਸ ਦੌਰਾਨ ਭਾਰੀ ਮਾਤਰਾ ‘ਚ ਪਲਾਸਟਿਕ ਇਕੱਠਾ ਕਰਕੇ ਸ਼ਹਿਰ ਵਿਚ ਪਈ ਗੰਦਗੀ ਨੂੰ ਖਤਮ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਕਾਸ ਦੇ ਕੰਮ ਤਾਂ ਹੀ ਸਫਲ ਹੋ ਸਕਦੇ ਹਨ ਜੇਕਰ ਲੋਕ ਜਾਗਰੂਕ ਹੋਣ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਹੁਣ ਪਲਾਸਟਿਕ ਦੀ ਥਾਂ ਜੂਟ ਅਤੇ ਕੱਪੜੇ ਦੇ ਥੈਲਿਆਂ ਦਾ ਉਪਯੋਗ ਕਰਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇ ਭਵਿੱਖ ਨੂੰ ਸੁਰੱਖਿਅਤ ਕਰੀਏ।

ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਕੀਤੇ ਗਏ ਸਾਂਝੇ ਉਪਰਾਲੇ ਤਹਿਤ ਸਵੱਛਤਾ ਹੀ ਸੇਵਾ ਦੀ ਇਹ ਮੁਹਿੰਮ 2 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਇਸ ਦੌਰਾਨ ਹਰ ਦਿਨ ਸ਼ਹਿਰ ਦੀਆਂ 4 ਵਾਰਡਾਂ ‘ਚ ਜਾ ਕੇ ਸ਼੍ਰਮ ਦਾਨ ਕਰਦਿਆਂ ਪਲਾਸਟਿਕ ਕਚਰਾ ਚੁੱਕਿਆ ਗਿਆ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਆਪਾ ਸਾਰੇ ਇਹ ਅਹਿਦ ਲਈਏ ਕਿ ਆਪ ਗੁਰੂ ਸਾਹਿਬ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਦਿੱਤੇ ਉਪਦੇਸ਼ ‘ਤੇ ਅਮਲ ਕਰਦਿਆ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ ਪਲਾਸਟਿਕ ਦੀ ਵਰਤੋਂ ਨਹੀਂ ਕਰਾਂਗੇ।

ਸਮਾਗਮ ਦੌਰਾਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐਸ.ਐਸ. ਮਰਵਾਹਾ ਨੇ ਸੰਬੋਧਨ ਕਰਦਿਆ ਕਿਹਾ ਕਿ ਬੋਰਡ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ 13 ਜੁਲਾਈ ਨੂੰ ਵੱਡੀ ਨਦੀ ਤੋਂ ਲੈਕੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਤੱਕ ਸਫ਼ਾਈ ਮੁਹਿੰਮ ਚਲਾਈ ਗਈ ਸੀ ਜਿਸ ਦੌਰਾਨ ਚਾਰ ਘੰਟਿਆ ਦੇ ਅੰਦਰ ਹੀ ਸੜਕ ਦੇ ਦੋਨੋ ਪਾਸਿਆਂ ਤੋਂ ਪੂਰੀ ਤਰ੍ਹਾਂ ਸਫ਼ਾਈ ਹੋਣ ‘ਤੇ ਇਸ ਸਫਲ ਤਜਰਬੇ ਨੂੰ 2 ਅਕਤੂਬਰ ਤੋਂ ਪੂਰੇ ਪਟਿਆਲਾ ਵਿਚ ਲਾਗੂ ਕੀਤਾ ਗਿਆ ਜਿਸ ਦੇ ਹੁਣ ਸਾਰਥਕ ਨਤੀਜੇ ਆਉਣ ਲੱਗੇ ਹਨ।

ਉਨ੍ਹਾਂ ਕਿਹਾ ਕਿ ਪਿਛਲੇ 15 ਦਿਨਾਂ ਤੋਂ ਚਾਰ ਟੀਮਾਂ ਵੱਲੋਂ ਲਗਾਤਾਰ ਪਟਿਆਲਾ ਨੂੰ ਪਲਾਸਟਿਕ ਮੁਕਤ ਕਰਨ ਲਈ ਯਤਨ ਕੀਤੇ ਗਏ ਹਨ ਜਿਸ ਦੌਰਾਨ ਭਾਰੀ ਮਾਤਰਾ ਵਿਚ ਪਲਾਸਟਿਕ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਪਟਿਆਲਾ ਵਾਸੀਆਂ ਦਾ ਪੰਜਾਬ ਪ੍ਰਦੂਸ਼ਣ ਬੋਰਡ ਨੂੰ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਨਿਗਮ ਵੱਲੋਂ ਪਿਛਲੇ ਸਮੇਂ ਦੌਰਾਨ ਸ਼ਹਿਰ ਦੇ ਵਿਕਾਸ ਲਈ ਕਾਫ਼ੀ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਨਹਿਰੀ ਪਾਣੀ ਦਾ ਜੋ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਉਸ ਦਾ ਸਾਰਾ ਖਰਚ ਹੁਣ ਬਿਨਾਂ ਕਰਜ਼ਾ ਲਏ ਸਰਕਾਰ ਆਪ ਕਰੇਗੀ ਜਿਸ ਨਾਲ ਜਿਥੇ ਕੰਮ ਵਿਚ ਤੇਜ਼ੀ ਆਵੇਗੀ ਉਥੇ ਹੀ ਖਰਚ ਵੀ ਘੱਟ ਆਵੇਗਾ।

ਉਨ੍ਹਾਂ ਕਿਹਾ ਕਿ ਨਿਗਮ ਵੱਲੋਂ 90 ਫ਼ੀਸਦੀ ਕੰਮ ਪੂਰੇ ਕਰ ਲਏ ਹਨ ਅਤੇ ਹੁਣ ਬਾਕੀ ਰਹਿੰਦੇ ਕੰਮਾਂ ਨੂੰ ਵੀ ਛੇਤੀ ਨੇਪਰੇ ਚੜਾਇਆ ਜਾਵੇਗਾ।

ਮੇਅਰ ਸ੍ਰੀ ਸ਼ਰਮਾ ਨੇ ਕਿਹਾ ਕਿ ਸ਼ਹਿਰ ‘ਚ ਲੱਗੇ ਕੂੜਾ ਦਾਨ ਨੇ ਜਿਥੇ ਗੰਦਗੀ ਦੇ ਢੇਰਾਂ ਨੂੰ ਖਤਮ ਕੀਤਾ ਹੈ ਉਥੇ ਹੀ ਕੂੜੇ ਤੋਂ ਬਣਾਈ ਗਈ ਖਾਦ ਤੋਂ ਨਿਗਮ ਨੇ 35 ਹਜ਼ਾਰ ਰੁਪਏ ਵੀ ਕਮਾਏ ਹਨ। ਉਨ੍ਹਾਂ ਕਿਹਾ ਕਿ ਜਿਸ ਤਰਾਂ ਇਸ ਵਾਰ ਲੋਕਾਂ ਨੇ ਸ਼ਹਿਰ ਵਿਚ ਡੇਗੂ ‘ਤੇ ਕਾਬੂ ਪਾਇਆ ਹੈ ਉਥੇ ਤਰਾਂ ਪਲਾਸਟਿਕ ਨੂੰ ਖਤਮ ਕਰਨ ਲਈ ਰਲਕੇ ਹੰਭਲਾ ਮਾਰਨ ਦੀ ਜਰੂਰਤ ਹੈ ਕਿਉਕਿ ਬੋਰਡ ਤੇ ਨਿਗਮ ਵੱਲੋਂ ਇਕ ਵਾਰ ਤਾਂ ਪਲਾਸਟਿਕ ਚੁੱਕ ਲਿਆ ਜਾਵੇਗਾ ਪਰ ਜੇਕਰ ਲੋਕ ਜਾਗਰੂਕ ਹੋਣਗੇ ਤਾਂ ਦੁਬਾਰਾ ਪਲਾਸਟਿਕ ਨੂੰ ਇਕੱਠਾ ਕਰਨ ਦੀ ਜਰੂਰਤ ਨਹੀਂ ਪਵੇਗੀ। ਉਨ੍ਹਾਂ ਕੌਸਲਰ ਨੂੰ ਆਪਣੇ-ਆਪਣੇ ਵਾਰਡ ‘ਚ ਜੂਟ ਬੈਗ ਵੰਡਣ ਦੀ ਅਪੀਲ ਵੀ ਕੀਤੀ।

ਸਮਾਗਮ ਦੌਰਾਨ ਨਗਰ ਨਿਗਮ ਦੇ ਪੰਜਾਬ ਪ੍ਰਦੂਸ਼ਣ ਬੋਰਡ ਨੂੰ ਪਲਾਸਟਿਕ ਮੁਕਤ ਪਟਿਆਲਾ ਮੁਹਿੰਮ ‘ਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਸਨਮਾਨ ਵੀ ਕੀਤਾ ਗਿਆ ਜਿਸ ਵਿਚ ਅਮਾਰਾ ਬਰੇਵਰੀਅਜ਼ ਪ੍ਰਾਈਵੇਟ ਲਿਮਟਿਡ ਰਾਜਪੁਰਾ, ਐਨ.ਵੀ. ਡਿਸਟਲਰੀਜ਼ ਅਤੇ ਬਰੇਵਰੀਅਜ਼ ਪ੍ਰਾਈਵੇਟ ਲਿਮਟਿਡ, ਕੋਲੰਬੀਆ ਏਸ਼ੀਆ ਹਸਪਤਾਲ ਅਤੇ ਅਮਰ ਹਸਪਤਾਲ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਗਰੀਨ ਦਿਵਾਲੀ ਦਾ ਸੁਨੇਹਾ ਦਿੰਦੀ ਕੁਦਰਤੀ ਤਰੀਕੇ ਨਾਲ ਬਣਾਏ ਦੀਵਿਆ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਪੱਤਿਆ ਤੋਂ ਤਿਆਰ ਖਾਦ ਸਮੇਤ ਪੁਰਾਣੇ ਸਮਾਨ ਤੋਂ ਬਣਾਈਆ ਵਸਤਾ ਦੀ ਵੀ ਨੁਮਾਇਸ਼ ਨਾਲ ਜੂਟ ਅਤੇ ਕੱਪੜੇ ਤੋਂ ਤਿਆਰ ਬੈਗ ਵੀ ਰੱਖੇ ਗਏ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਮਿੱਟੀ ਦੇ ਬਣੇ ਦੀਵਿਆ ਦੀ ਖਰੀਦਦਾਰੀ ਵੀ ਕੀਤੀ।

ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਟਿਆਲਾ ਨੂੰ ਇਕ ਨਮੂਨੇ ਦਾ ਸ਼ਹਿਰ ਬਣਾਉਣ ਲਈ ਆਪਾ ਸਾਰੇ ਰਲਕੇ ਹੰਭਲਾ ਮਾਰੀਏ ਅਤੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਵੱਧ ਤੋਂ ਵੱਧ ਲਾਭ ਉਠਾਕੇ ਸ਼ਹਿਰ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਈਏ। ਉਨ੍ਹਾਂ ਸ਼ਹਿਰ ਵਾਸੀਆਂ ਦਾ ਪਲਾਸਟਿਕ ਮੁਹਿੰਮ ਵਿਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।

ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਅਮ੍ਰਿਤਪ੍ਰਤਾਪ ਸਿੰਘ ਹਨੀ ਸੇਖੋ, ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਸਹਾਇਕ ਕਮਿਸ਼ਨਰ (ਯੂ.ਟੀ.) ਟੀ.ਬੈਨਿਥ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿੰਨਤੀ ਸੰਗਰ, ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀ ਅਵਿਕੇਸ਼ ਗੁਪਤਾ ਤੇ ਸ੍ਰੀ ਲਾਲ ਵਿਸ਼ਵਾਸ਼, ਕਾਂਗਰਸ ਦੇ ਬਲਾਕ ਪ੍ਰਧਾਨ, ਸਮੂਹ ਕੌਸਲਰ, ਪੀ.ਪੀ.ਸੀ.ਬੀ. ਦੇ ਮੈਂਬਰ ਸੈਕਟਰੀ ਸ੍ਰੀ ਕਰੁਨੇਸ਼ ਗਰਗ, ਚੀਫ ਵਾਤਵਰਣ ਇੰਜੀਨੀਅਰ ਸ੍ਰੀ ਪਰਦੀਪ ਗੁਪਤਾ, ਐਸ.ਈ. ਇੰਜ. ਐਮ.ਐਮ. ਸਿਆਲ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION