35.1 C
Delhi
Saturday, April 20, 2024
spot_img
spot_img

ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਸ਼੍ਰੋਮਣੀ ਕਮੇਟੀ ਅਤੇ ਸਤਿਕਾਰ ਕਮੇਟੀਆਂ: ਰਸ਼ਪਾਲ ਸਿੰਘ ਹੁਸ਼ਿਆਰਪੁਰ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 7 ਦਸੰਬਰ 2001 ਨੂੰ ਅ : ਤ/01/1400 ਨੰਬਰ ਅਧੀਨ ਇਕ ਸੰਦੇਸ਼ ਜਾਰੀ ਹੋਇਆ। ਗਿਆਨੀ ਜੋਗਿੰਦਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰੋ: ਮਨਜੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਕੇਵਲ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਗਿਆਨੀ ਭਗਵਾਨ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਜਗਤਾਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਸਤਾਖਰ ਹਨ।

ਸੰਦੇਸ਼ ਹੈ “ਜੁਗੋ ਜੁਗ ਅਟੱਲ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਹੀ ਹੋ ਸਕਦਾ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਅਨੁਕੂਲ ਮਰਯਾਦਾ ਅਰਥਾਤ ਸਰਗਰਮੀਆਂ ਹੋਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਉਸ ਨੂੰ ਮੰਨਣ ਵਾਲੇ ਹੋਣ।

ਮੂਰਤੀਆਂ ਦੀ ਸਥਾਪਨਾ ਅਤੇ ਪੂਜਾ ਕਰਨਾ, ਕੰਧਾਂ ਜਾਂ ਥੜ੍ਹਿਆਂ’ ਤੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ, ਖ਼ਾਨਗਾਹਾਂ, ਮਜ਼ਾਰਾਂ, ਕਬਰਾਂ’ ਤੇ ਸਿਜਦੇ ਕਰਨੇ ਅਤੇ ਮੰਨਤਾਂ ਮੰਨਣੀਆਂ ਸਿੱਖੀ ਸਿਧਾਂਤਾਂ ਦੇ ਉਲਟ ਹੈ। ਜਿਸ ਫ਼ਲਸਫ਼ੇ ਨੇ ਸਿੱਖੀ ਸਿਧਾਂਤਾਂ ਨੂੰ ਖੰਡਿਤ ਕੀਤਾ ਹੋਵੇ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਅਤੇ ਉਸ ਦੇ ਉੱਚੇ ਸੁੱਚੇ ਸਿਧਾਂਤਾਂ ਨੂੰ ਪਿੱਠ ਦੇਣੀ ਹੈ। ਅਜਿਹੀਆਂ ਧਿੰਗੋਜ਼ੋਰੀ ਕਾਰਵਾਈਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਗੁਰੂ ਸਿਧਾਂਤ ਤੇ ਸਿੱਖੀ ਸਿਧਾਂਤਾਂ ਨੂੰ ਠੇਸ ਪਹੁੰਚਾਉਣ, ਉਹ ਬਰਦਾਸ਼ਤ ਨਹੀਂ ਹੋ ਸਕਦੀਆਂ।

ਸ੍ਰੀ ਅਕਾਲ ਤਖ਼ਤ ਸਾਹਿਬ’ ਤੇ ਸਿੱਖ ਸੰਗਤਾਂ ਵਲੋਂ ਨਿਰੰਤਰ ਸ਼ਿਕਾਇਤਾਂ ਪੁੱਜ ਰਹੀਆਂ ਹਨ ਕਿ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਬਰਾਂ, ਮਜ਼ਾਰਾਂ, ਖਾਨਗਾਹਾਂ ਜਾਂ ਸ਼ਮਸ਼ਾਨ ਘਾਟ’ ਤੇ ਲਿਜਾ ਕੇ ਅਖੰਡ ਪਾਠ ਰੱਖੇ ਜਾਂਦੇ ਹਨ। ਸਿੰਘ ਸਾਹਿਬਾਨ ਵਲੋਂ ਅਜਿਹੀਆਂ ਮਨਮੱਤੀ ਕਾਰਵਾਈਆਂ ਦਾ ਗੰਭੀਰ ਨੋਟਿਸ ਲੈਂਦਿਆਂ ਸਮੂਹ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਗੁਰੂ ਨਾਨਕ ਪਾਤਸ਼ਾਹ ਦੇ ਚਲਾਏ ਨਿਰਮਲ ਤੇ ਨਿਆਰੇ ਪੰਥ ਦੀ ਗੁਰਮਤਿ ਜੁਗਤ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਇਕ ਮੁਠ ਹੋ ਕੇ ਰੋਕਣ ਅਤੇ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਥੇ ਨਾ ਲੈ ਕੇ ਜਾਣ ਦੇਣ।

Rashpal Singh Hoshiarpurਨਾਲ ਹੀ ਗੁਰੂ-ਘਰ ਦੇ ਪ੍ਰਬੰਧਕਾਂ, ਗ੍ਰੰਥੀਆਂ, ਪ੍ਰਚਾਰਕਾਂ, ਰਾਗੀਆਂ, ਪਾਠੀਆਂ, ਕਵੀਸ਼ਰਾਂ, ਢਾਡੀਆਂ, ਕਵੀਆਂ ਆਦਿ ਨੂੰ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਐਸੇ ਕਿਸੇ ਵੀ ਪ੍ਰੋਗਰਾਮ ਵਿਚ ਸ਼ਾਮਲ ਨਾ ਹੋਣ ਅਤੇ ਨਾ ਹੀ ਕਿਸੇ ਐਸੇ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ। ਜੋ ਇਸ ਫ਼ੈਸਲੇ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਪੰਥਕ ਮਰਯਾਦਾ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਰਵਾਈ ਕੀਤੀ ਜਾਵੇਗੀ।”

ਇਸ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਕੌਮ ਦੇ ਅੰਦਰ ਕਿੰਨੀਆਂ ਵੱਡੀਆਂ ਕਮਜ਼ੋਰੀਆਂ ਘਰ ਕਰ ਚੁੱਕੀਆਂ ਹਨ। ਦੂਸਰਾ ਇਹ ਸੰਦੇਸ਼ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਜਾਰੀ ਹੋਇਆ ਨਾ ਕਿ ਕਿਸੇ ਸੌੜੀ ਸਿਆਸਤ ਦੇ ਸੱਟੇ ਵਜੋਂ। ਤੀਸਰਾ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਕਿ ਉਹ ਮਨਮੱਤੀ ਸਥਾਨਾਂ’ ਤੇ ਪਾਵਨ ਸਰੂਪ ਨਾ ਜਾਣ ਦੇਣ ਤੇ ਇਕ ਮੁਠ ਹੋ ਕੇ ਰੋਕਣ।

ਇਸ ਦੇ ਬਾਵਜੂਦ ਬਹੁਤ ਗੁਰਦੁਆਰਿਆਂ ਦੇ ਪ੍ਰਬੰਧਕ ਜਾਣੇ-ਅਣਜਾਣੇ ਵਿਚ ਇਸ ਅਵੱਗਿਆ ਦੇ ਭਾਗੀਦਾਰ ਹਨ। ਸੁਚੇਤ ਪ੍ਰਬੰਧਕ ਵੀ ਅਕਸਰ ਸਥਾਨਕ ਭਾਈਚਾਰੇ ਜਾਂ ਸਿਆਸੀ ਭਾਈਚਾਰੇ ਦੇ ਦਬਾਅ ਹੇਠ ਅਕਸਰ ਬੇਵੱਸ ਹੁੰਦੇ ਹਨ। ਸਿੱਖ ਕੌਮ ਅੰਦਰ ਪੈਦਾ ਹੋ ਚੁੱਕੀ ਪ੍ਰਚਾਰਕ ਸ਼੍ਰੇਣੀ ਦੀ ਮਜ਼ਬੂਰੀ ਹੈ ਕਿ ਉਸ ਦਾ ਰੋਟੀ-ਰੋਜ਼ੀ ਦਾ ਸਾਧਨ ਪਾਠ ਕਰਨਾ, ਕਥਾ-ਕੀਰਤਨ ਕਰਨਾ, ਵਾਰਾਂ ਤੇ ਕਵਿਤਾਵਾਂ ਗਾਇਨ ਕਰਨਾ ਹੈ।

ਆਮ ਪ੍ਰਚਾਰਕ ਸ਼੍ਰੇਣੀ ਨੂੰ ਸਮਾਗਮਾਂ ਤੇ ਸਟੇਜਾਂ ਦੀ ਲੋੜ ਹੈ, ਜਿਸ ਲਈ ਉਹ ਸਿਧਾਂਤ ਦੀ ਉਲੰਘਣਾ ਕਰਨ ਦੀ ਖੁੱਲ੍ਹ ਲੈਂਦੀ ਹੈ ਜਾਂ ਸਮਝੌਤਾ ਕਰਦੀ ਹੈ। ਉਹਨਾਂ ਦਾ ਪੱਖ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਸਾਨੂੰ ਸਮਾਗਮਾਂ ਦੀ ਹਾਜ਼ਰੀ ਭਰਨ ਦੇ ਮੌਕੇ ਦੇਣ ਤਾਂ ਅਸੀਂ ਹੋਰ ਪਾਸੇ ਨਹੀਂ ਝਾਕਾਂਗੇ। ਆਤਮਿਕ ਪੱਖ ਨਾਲੋਂ ਆਰਥਿਕ ਪੱਖ ਭਾਰੂ ਹੈ।

ਆਰਥਿਕਤਾ ਦੀ ਮਨੁੱਖੀ ਜੀਵਨ ਅੰਦਰ ਬੜੀ ਵੱਡੀ ਭੂਮਿਕਾ ਹੁੰਦੀ ਹੈ। ਜਦੋਂ ਖੇਤੀਬਾੜੀ ਵਰਗੇ ਘਰੇਲੂ ਰੋਜ਼ਗਾਰ ਖੁੱਸਣ ਲੱਗ ਪੈਣ, ਨੌਕਰੀਆਂ ਦਾ ਕਾਲ ਪੈ ਜਾਵੇ, ਵਪਾਰ ਤੇ ਕਾਰੋਬਾਰ ਘਾਟੇ ਵਿਚ ਜਾਣ ਤਾਂ ਮਨੁੱਖ ਮਨ ਕਰਕੇ ਤਨ ਕਰਕੇ ਬਿਮਾਰ ਹੁੰਦਾ ਹੈ। ਪਰੇਸ਼ਾਨ ਹੁੰਦਾ ਹੈ।

ਫਿਰ ਕਿਸੇ ਸਿਆਣਿਆਂ ਕੋਲੋਂ ਹੱਲ ਪੁੱਛਣ ਚੱਲਦਾ ਹੈ। ਮਸਲਨ ਦੋਆਬੇ ਦੀ ਧਰਤੀ’ਤੇ ਤਿੰਨ ਚਾਰ ਦਹਾਕਿਆਂ ਵਿਚ ਖੁੰਬਾਂ ਵਾਂਗ ਜਠੇਰਿਆਂ ਦੇ ਸਥਾਨ ਜੰਮੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਟੇਕ ਦਾ ਢੌਂਗ ਰਚਾ ਕੇ ਸਿੱਖੀ ਸਰੂਪ ਵਿਚ ਬੈਠੈ ਸਾਧਾਂ ਨੇ ਸਮੱਸਿਆਂਵਾਂ ਦਾ ਕਾਰਨ ਦੱਸਿਆ ਕਿ ਤੁਹਾਡੇ ਵੱਡੇ ਵਡੇਰੇ ਜਠੇਰੇ ਨਾਰਾਜ਼ ਹਨ।


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ


ਉਹਨਾਂ ਦੀ ਮੰਨਤ ਕਰੋ। ਸਾਲਾਨਾ ਪਾਠ ਪੂਜਾ ਕਰਵਾਉ ਤੇ ਲੋਹ ਲੰਗਰ ਤਪਾਉ। ਉਂਝ ਤੇ ਕੋਈ ਕਿਸੇ ਦੀ ਆਰਥਿਕ ਸਮੱਸਿਆ ਵਿਚ ਸਹਾਰਾ ਨਾ ਬਣਿਆ। ਪਰ ਅੰਧ-ਵਿਸ਼ਵਾਸ਼ ਦੇ ਪ੍ਰਭਾਵ ਹੇਠ ਦੇਸ਼-ਵਿਦੇਸ਼ ਵਿਚ ਬੈਠੇ ਸਬੰਧੀਆਂ ਨੇ ਜਠੇਰਿਆਂ ਨੂੰ ਮਨਾਉਣ ਲਈ ਦਿਲ ਖੋਲ੍ਹ ਕੇ ਪੈਸਾ ਲਾਇਆ। ਮੱਠ-ਮਟੀਆਂ ਤੇ ਕਈ ਢੰਗ ਦੀਆਂ ਜਗ੍ਹਾ ਬਣੀਆਂ ਅਤੇ ਨਾਲ ਦੀ ਨਾਲ ਖੁੱਲ੍ਹੇ ਹਾਲ ਖੜ੍ਹੇ ਕਰ ਦਿੱਤੇ। ਏਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਿਆਂ ਤੋਂ ਲਿਆ ਕੇ ਪ੍ਰਕਾਸ਼ ਕਰਕੇ ਸਮਾਗਮ ਰਚਣੇ ਸ਼ੁਰੂ ਹੋ ਗਏ।

ਅਜਿਹੇ ਦੁੱਖਦਾਈ ਅਨੇਕਾਂ ਵਰਤਾਰਿਆਂ ਵਿਰੁੱਧ ਕੌਮ ਦੇ ਪਹਿਰੇਦਾਰ ਫਿਰ ਅਕਾਲ ਤਖ਼ਤ ਸਾਹਿਬ ਜਾਂ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਫ਼ਰਿਆਦੀ ਹੁੰਦੇ ਹਨ। ਇਹ ਹਰਗਿਜ਼ ਨਹੀਂ ਕਿਹਾ ਜਾ ਸਕਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਨੇ ਕਦੇ ਉਕਤ ਸੰਦੇਸ਼ ਦੀ ਉਲੰਘਣਾ ਦੀ ਸ਼ਿਕਾਇਤ ਨੂੰ ਸੁਣਿਆ ਜਾਂ ਵਿਚਾਰਿਆ ਨਹੀਂ। ਦਰਜਨਾਂ ਮਿਸਾਲਾਂ ਹੋਣਗੀਆਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮੌਕਾ ਦੇਖਣ ਲਈ ਕਾਰਵਾਈਆਂ ਪਾਈਆਂ ਗਈਆਂ। ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਨੇ ਉਲੰਘਣਾ ਕਰਨ ਵਾਲਿਆਂ ਨੂੰ ਵਰਜਿਆ ਅਤੇ ਸਾਵਧਾਨ ਕੀਤਾ।

ਦੋਆਬੇ ਦੀ ਚੋਖੀ ਵਸੋਂ ਵਿਦੇਸ਼ਾਂ ਵਿਚ ਵਸਦੀ ਹੈ। ਜਿਨ੍ਹਾਂ ਵਲੋਂ ਭੇਜੀ ਮਾਇਆ ਨੇ ਜਠੇਰੇ ਸਥਾਨ ਪੈਦਾ ਕਰਨ ਵਿਚ ਵੱਡਾ ਹਿੱਸਾ ਪਾਇਆ। ਪੂਰੇ ਪੰਜਾਬ ਦੇ ਮੁਕਾਬਲੇ ਇਸ ਇਲਾਕੇ ਵਿਚ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਦੀ ਭਾਰੀ ਸਮੱਸਿਆ ਅਕਸਰ ਸਾਹਮਣੇ ਆਉਂਦੀ ਹੈ। ਸਿੱਖ ਸੰਗਤਾਂ ਦੀ ਗੁਰਮਤਿ ਪਹੁੰਚ ਦੇ ਸਨਮਾਨ ਵਿਚ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( ਮੌਜੂਦਾ ਜਨਰਲ ਸਕੱਤਰ ) ਜਾਰੀ ਸੰਦੇਸ਼ ਦੇ ਅਮਲ ਨੂੰ ਲਾਗੂ ਕਰਵਾਉਣ ਵਿਚ ਭੂਮਿਕਾ ਨਿਭਾਉਂਦੇ ਰਹੇ ਹਨ।

ਕਈ ਸ਼੍ਰੋਮਣੀ ਕਮੇਟੀ ਮੈਂਬਰ ਨਿਰਪੱਖ ਖੜ੍ਹਦੇ ਹਨ। ਕਿਸੇ ਤਕਰਾਰ ਦੀਆਂ ਸੰਭਾਵਨਾਵਾਂ ਦੇ ਮੱਦੇ-ਨਜ਼ਰ ਪੁੱਜਦਾ ਪੁਲਿਸ ਪ੍ਰਸ਼ਾਸ਼ਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਦੇਸ਼ ਦੇ ਆਧਾਰ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਤੋਂ ਮਨਮਤੀ ਪ੍ਰਬੰਧਕਾਂ ਨੂੰ ਰੋਕਦਾ ਹੈ। ਕਿਤੇ ਸਿਆਸੀ ਦਬਾਅ ਕਾਰਨ ਪੱਖਪਾਤ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ।

ਇਸ ਸੰਦੇਸ਼’ਤੇ ਨਿੱਠ ਕੇ ਸੇਵਾ ਕਰਨ ਵਾਲਿਆਂ ਨੂੰ ਨਾਮ ਮਿਲ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ। ਹਰ ਇਲਾਕੇ ਵਿਚ ਅਕਾਲ ਤਖ਼ਤ ਦੇ ਸੰਦੇਸ਼’ ਤੇ ਅਮਲ ਕਰਦਿਆਂ ਸੇਵਾ ਨਿਭਾਉਣ ਦਾ ਸਿੱਖ ਸੰਗਤਾਂ ਦਾ ਆਪੋ ਆਪਣਾ ਢੰਗ ਹੈ। ਵੱਖ-ਵੱਖ ਇਲਾਕਿਆਂ ਵਿਚ ਸੇਵਾ ਨਿਭਾਉਣ ਵਾਲੇ ਇਕ ਦੂਸਰੇ ਨਾਲ ਆਪਣਾ ਜੋੜ ਬਣਾ ਕੇ ਸਾਂਝੀ ਸ਼ਕਤੀ ਨਾਲ ਸੇਵਾ ਕਰਨ ਦਾ ਯਤਨ ਵੀ ਕਰਦੇ ਹਨ।

ਇਹ ਸੰਯੁਕਤ ਰੂਪ ਵਿਚ ਸੇਵਾ ਕਰਨ ਵਾਲਾ ਕਾਰਜ ਹੈ। ਇਸ ਨੂੰ ਸਮਾਂ ਸੀਮਾ ਅੰਦਰ ਕਰਨਾ ਹੁੰਦਾ ਹੈ। ਪਰ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਧੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਪੁੱਜੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕਰਨ ਵਿਚ ਵੀ ਟਾਲ ਮਟੋਲ ਹੁੰਦੀ ਹੈ ਤਾਂ ਮਰਯਾਦਾ ਨੂੰ ਤਾਰਪੀਡੋ ਕਰ ਰਹੇ ਸਥਾਨ’ ਤੇ ਖਿਚੋਤਾਣ ਪੈਦਾ ਹੋ ਜਾਂਦੀ ਹੈ।

ਇਸ ਪਿੱਛੇ ਕੁਝ ਕਾਰਨ ਹੁੰਦੇ ਹਨ, ਜਿਵੇਂ ਕਿ ਕੋਈ ਸਿੱਖੀ ਸਰੂਪ ਵਿਚ ਜਾਂ ਪਤਵੰਤੇ ਲੋਕ ਇਕੱਠੇ ਹੋ ਕੇ ਜਥੇਦਾਰ ਤੇ ਧਰਮ ਪ੍ਰਚਾਰ ਕਮੇਟੀ ਨੂੰ ਗਲਤ ਸੂਚਨਾਵਾਂ ਦੇ ਰਹੇ ਹੁੰਦੇ ਹਨ। ਜ਼ਿਆਦਾਤਰ ਸਿਆਸੀ ਅਤੇ ਨਾਮੀ ਸਾਧ-ਸੰਤ ਦਖ਼ਲ ਅੰਦਾਜ਼ੀ ਕਰ ਰਹੇ ਹੁੰਦੇ ਹਨ। ਸਿੱਟੇ ਵਜੋਂ ਸਿੱਖ ਸੰਗਤ ਅੰਦਰ ਜਥੇਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਰੋਹ ਪੈਦਾ ਹੁੰਦਾ ਹੈ।

ਅਜਿਹੀਆਂ ਮਿਸਾਲਾਂ ਵੀ ਮਿਲਦੀਆਂ ਹਨ ਕਿ ਜਥੇਦਾਰ ਨੇ ਪ੍ਰਚਾਰਕਾਂ ਨੂੰ ਇਸ਼ਾਰਾ ਦੇ ਦਿੱਤਾ ਕਿ ਚੋਣਾਂ ਆ ਗਈਆਂ ਹਨ। ਉੱਪਰੋਂ ਹੁਕਮ ਹੈ ਕਿ ਤਖ਼ਤ ਸਾਹਿਬ ਤੋਂ ਜਾਰੀ ਸੰਦੇਸ਼’ਤੇ ਅਮਲ ਕਰਨ ਵਾਲੀਆਂ ਕਾਰਵਾਈਆਂ ਨੂੰ ਰੋਕ ਦਿੱਤਾ ਜਾਵੇ। ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਅਤੇ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਚੁੱਪੀ ਜਿੱਥੇ ਸਿੱਖੀ ਦੇ ਪਹਿਰੇਦਾਰਾਂ ਨੂੰ ਇਕੱਲਿਆਂ ਪਾ ਦਿੰਦੀ ਹੈ ਉੱਥੇ ਮਨਮਤੀ ਕਰਮ-ਕਾਂਡਾਂ ਨੂੰ ਹੱਲਾਸ਼ੇਰੀ ਦੇਣ ਵਿਚ ਸਹਾਈ ਹੁੰਦੀ ਹੈ।

ਇਕ ਵਾਕਿਆ ਹੈ ਕਿ ਇਕ ਪਿੰਡ ਵਿਚ ਕਿਸੇ ਦੋਖੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪੀੜ੍ਹੇ ਤੋਂ ਹੇਠਾਂ ਸੁੱਟ ਦਿੱਤਾ। ਹਜ਼ੂਰੀ ਬੈਠਣ ਵਾਲੀ ਥਾਂ’ ਤੇ ਸਿਗਰਟਾਂ, ਬੀੜੀਆਂ ਅਤੇ ਤਮਾਕੂ ਖਿਲਾਰ ਦਿੱਤਾ। ਉਸ ਵਕਤ ਦੇ ਸ਼੍ਰੋਮਣੀ ਗੁ: ਪ੍ਰੰ: ਕਮੇਟੀ ਪ੍ਰਧਾਨ ਅਵਤਾਰ ਸਿੰਘ ਕਿਸੇ ਗੰਭੀਰ ਮਸਲੇ ਵਿਚ ਦੂਜੇ ਸੂਬੇ ਨੂੰ ਜਾ ਰਹੇ ਸਨ। ਉਸ ਪਿੰਡ ਕਿਸੇ ਸੰਪਰਦਾ ਦੇ ਮੁਖੀ ਆਪਣੇ ਪੂਰੇ ਲਾਮ-ਲਸ਼ਕਰ ਨਾਲ ਪੁੱਜੇ। ਸ਼ਾਇਦ ਪ੍ਰਧਾਨ ਜੀ ਦਾ ਕੋਈ ਖਾਸ ਆਦੇਸ਼ ਸੀ। ਪਤਾ ਨਹੀਂ ਕੀ ਕਾਰਨ ਸੀ ਕਿ ਉੱਥੇ ਕਿਸੇ ਨੂੰ ਕੁਝ ਬੋਲਣ ਦੀ ਆਗਿਆ ਨਹੀਂ ਸੀ।

ਜੇ ਕੋਈ ਬੋਲਿਆ ਤਾਂ ਉਸ ਨੂੰ ਲਾਮ-ਲਸ਼ਕਰ ਨੇ ਧਰ ਲਿਆ। ਕੁਝ ਸਮੇਂ ਬਾਅਦ ਸਭ ਨੂੰ ਖਦੇੜ ਦਿੱਤਾ ਗਿਆ। ਉੱਥੇ ਨਾ ਕੋਈ ਪਸ਼ਚਾਤਾਪ ਹੋਇਆ ਤੇ ਨਾ ਹੀ ਕੋਈ ਪਾਠ ਕਰਕੇ ਭੋਗ ਪਾਇਆ ਗਿਆ। ਅਜਿਹੇ ਵਰਤਾਰੇ ਸੰਸਥਾਂਵਾਂ ਅਤੇ ਸੰਪਰਦਾਵਾਂ ਦੀ ਭਰੋਸੇਯੋਗਤਾ’ ਤੇ ਸਵਾਲੀਆਂ ਚਿੰਨ੍ਹ ਲਾ ਦਿੰਦੇ ਹਨ। ਫਿਰ ਇਲਾਕਾ ਪੱਧਰ’ਤੇ ਕੋਈ ਨਾ ਕੋਈ ਕਮੇਟੀਆਂ ਕਾਇਮ ਹੋ ਜਾਂਦੀਆਂ ਹਨ, ਜੋ ਆਪਣੇ ਸਿੱਖ ਹੋਣ ਦਾ ਫਰਜ਼ ਅਦਾ ਕਰਨ ਲਈ ਤਤਪਰ ਹੁੰਦੀਆਂ ਹਨ।

ਪਿਛਲੇ ਦਿਨੀਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਟਾਂਡਾ ਨੇੜੇ ਪੈਂਦੇ ਪਿੰਡ ਬਸੀ ਜਲਾਲ ਤੋਂ ਇਕ ਸਿੱਖ ਪਰਿਵਾਰ ਦੇ ਘਰ ਵਿਚੋਂ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਇਕ ਸਤਿਕਾਰ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਨਾਲ ਲੈ ਗਈ। ਮਸਲਾ ਭਖ ਗਿਆ। ਕੁਝ ਸਿੱਖ ਸੰਸਥਾਂਵਾਂ ਨੇ ਵੀ ਇਸ ਪਹੁੰਚ ਨੂੰ ਅਯੋਗ ਕਰਾਰ ਦਿੱਤਾ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿ: ਹਰਪ੍ਰੀਤ ਸਿੰਘ ਜੀ ਨੇ ਬਿਆਨ ਦੇ ਦਿੱਤਾ ਕਿ ਸਤਿਕਾਰ ਕਮੇਟੀਆਂ ਭੰਗ ਕੀਤੀਆਂ ਜਾਂਦੀਆਂ ਹਨ। ਸਤਿਕਾਰ ਕਮੇਟੀ ਦੀ ਜੇ ਇਹ ਕਾਰਵਾਈ ਅਯੋਗ ਸੀ ਤਾਂ ਉਸ ਸੰਦਰਭ ਵਿਚ ਕੁਝ ਕਹਿਣਾ ਤਾਂ ਯੋਗ ਬਣਦਾ ਸੀ। ਪਰ ਇਕ ਸਿੱਖ ਸੰਗਤ ਦੇ ਮੁੱਢਲੇ ਫਰਜ਼ ਨਾਲ ਜੁੜਦੀ ਸਤਿਕਾਰ ਪ੍ਰਣਾਲੀ ਲਈ ਇਹ ਸ਼ਬਦਾਵਲੀ ਸੁਖਦ ਨਹੀਂ ਹੈ। ਜਥੇਦਾਰ ਸਾਹਿਬ ਤਾਂ ਉਸ ਕਮੇਟੀ ਨੂੰ ਹੀ ਭੰਗ ਕਰ ਸਕਦੇ ਹਨ ਜੋ ਉਹਨਾਂ ਨੇ ਬਣਾਈ ਹੋਵੇ। ਇਹ ਕਮੇਟੀਆਂ ਤਾਂ ਰਜਿਸਟਰਡ ਵੀ ਨਹੀਂ ਹਨ। ਸ਼ਾਇਦ ਕੋਈ ਕੋਈ ਰਜਿਸਟਰਡ ਹੋਣ ਵੀ।

ਹਾਂ ਜੇਕਰ ਸਤਿਕਾਰ ਕਮੇਟੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਯਾਦਾ ਦੇ ਦਾਇਰੇ ਵਿਚੋਂ ਬਾਹਰ ਜਾ ਕੇ ਕਿਸੇ ਡੇਰੇ ਸੰਪਰਦਾ ਦੀ ਮਰਯਾਦਾ ਥੋਪਣ ਲਈ ਬਜ਼ਿਦ ਹੁੰਦੀਆਂ ਹਨ, ਤਾਂ ਉਹਨਾਂ ਨੂੰ ਸੰਵਾਦ ਲਈ ਸੱਦਾ ਦੇਣਾ ਚਾਹੀਦਾ ਹੈ।

ਜੇਕਰ ਸਤਿਕਾਰ ਦੀ ਆੜ ਵਿਚ ਕਿਸੇ ਨਾਲ ਕੋਈ ਸੌਦੇਬਾਜ਼ੀ ਜਾਂ ਧੱਕੇਸ਼ਾਹੀ ਕਰਨ ਦਾ ਹੀਆ ਕਰਦਾ ਹੈ ਤਾਂ ਉਸ ਨੂੰ ਨਸ਼ਰ ਕੀਤਾ ਜਾਣਾ ਚਾਹੀਦਾ ਹੈ। ਉਹ ਅਪਰਾਧ ਕਮੇਟੀ ਤਾਂ ਹੋ ਸਕਦੀ ਹੈ ਪਰ ਸਤਿਕਾਰ ਕਮੇਟੀ ਨਹੀਂ ਹੋ ਸਕਦੀ। ਸਤਿਕਾਰ ਕਮੇਟੀਆਂ ਦਾ ਸੇਵਾ ਕਰਨ ਦਾ ਸੁਚਾਰੂ ਢੰਗ ਤਾਂ ਇਹੀ ਚਾਹੀਦਾ ਹੈ ਉਹ ਕਿਤਿਉਂ ਵੀ ਲਿਆਂਦੇ ਪਾਵਨ ਸਰੂਪਾਂ ਅਤੇ ਹੋਰ ਸਮਾਨ ਦਾ ਹਿਸਾਬ ਰੱਖਦੇ ਹੋਣ।

ਸਾਜ਼ਗਾਰ ਸਬੰਧ ਚਾਹੀਦੇ ਹਨ ਕਿ ਪੰਥ ਦੀਆਂ ਸਿਰਮੌਰ ਸੰਸਥਾਂਵਾਂ ਕੋਲ ਹਰ ਕਾਰਵਾਈ ਦੀ ਸੂਚਨਾ ਜ਼ਰੂਰ ਦਰਜ ਹੋਵੇ, ਬਿਨਾਂ ਸ਼ੱਕ ਪ੍ਰਬੰਧਕਾਂ ਦੀਆਂ ਨਾਕਾਮੀਆਂ ਕਾਰਨ ਬੇਭਰੋਸਗੀ ਹੈ। ਪਰ ਉਹ ਪੰਥ ਨੂੰ ਜਵਾਬਦੇਹ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿਚ ਪੰਥ ਨੂੰ ਬੜੇ ਸਹਿਜ ਨਾਲ ਜਵਾਬ ਦੇਣ ਦਾ ਮਾਦਾ ਰੱਖਣਾ ਚਾਹੀਦਾ ਹੈ। ਸਤਿਕਾਰ ਕਮੇਟੀਆਂ ਕੋਈ ਸੰਪਰਦਾ, ਟਕਸਾਲ ਜਾਂ ਕੋਈ ਇਕ ਧਿਰ ਨਹੀਂ ਹਨ। ਇਹਨਾਂ ਨੂੰ ਕਿਸੇ ਸਿਆਸਤ ਦੇ ਧੜ੍ਹੇ ਵਿਚ ਰੱਖ ਕੇ ਨਹੀਂ ਵੇਖਿਆ ਜਾਣਾ ਚਾਹੀਦਾ।

ਸਤਿਕਾਰ ਕਮੇਟੀਆਂ ਵੀ ਅਜਿਹੇ ਕਦਮਾਂ ਤੋਂ ਗੁਰੇਜ਼ ਕਰਨ ਜਿਸ ਨਾਲ ਤਕਰਾਰ ਪੈਦਾ ਹੋਵੇ ਅਤੇ ਗਾਇਬ ਪਾਵਨ ਸਰੂਪਾਂ ਦਾ ਮਾਮਲਾ ਕੋਈ ਹੋਰ ਰੂਪ ਧਾਰਨ ਕਰ ਲਵੇ। ਬਲਕਿ ਵਿਚਾਰ ਨਾਲ ਪੰਥਕ ਏਕਤਾ, ਇਕਸੁਰਤਾ ਤੇ ਇਕਸਾਰਤਾ ਲਈ ਪੂਰੇ ਠਰੰਮੇ ਨਾਲ ਲੰਮੀ ਨਦਰਿ ਨਾਲ ਵਿਉਂਤਬੰਦੀ ਕੀਤੀ ਜਾਣੀ ਚਾਹੀਦੀ ਹੈ। ਬਾਹਰੀ ਸਤਿਕਾਰ ਤੋਂ ਅੰਦਰੂਨੀ ਸਤਿਕਾਰ ਤੱਕ ਦੇ ਸਫ਼ਰ ਦੀ ਚੇਤਨਾ ਪੈਦਾ ਕਰਨ ਦੀ ਵੱਡੀ ਜ਼ਿੰਮੇਵਾਰੀ ਪਛੜੀ ਹੋਈ ਹੈ, ਜੋ ਸਮੁੱਚੀ ਕੌਮ ਨੇ ਸਤਿਕਾਰ ਕਮੇਟੀ ਦੇ ਰੂਪ ਵਿਚ ਇਕਜੁਟ ਹੋ ਕੇ ਨਿਭਾਉਣੀ ਹੈ।

ਸਾਬਕਾ ਡਾਇਰੈਕਟਰ-ਕਮ-ਕੌਂਸਲਰ
ਨਸ਼ਾ ਛਡਾਊ ਕੇਂਦਰ ਸਰਕਾਰ ਸਪਾਂਸਰਡ ਪ੍ਰੋਜੈਕਟ
*ਸੋਸ਼ਿਆਲੋਜਿਸਟ ਐਨ.ਜੀ.ਓ.ਜ਼Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION