26.1 C
Delhi
Saturday, April 20, 2024
spot_img
spot_img

ਗੁਰੂ ਅਤੇ ਆਲਮ ਬਾਰੇ ਆਪਣਾ ਸਟੈਂਡ ਸਪਸ਼ਟ ਕਰੇ ਅਕਾਲੀ ਦਲ: ਆਪ

ਚੰਡੀਗੜ੍ਹ, 23 ਜੁਲਾਈ 2019:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ 33 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸ਼ਾਂਤੀਪੂਰਵਕ ਰੋਸ ਜਤਾ ਰਹੀ ਸੰਗਤ ‘ਤੇ ਬਹਿਬਲਕਲਾਂ ਵਾਂਗ ਗੋਲੀਬਾਰੀ ਕਰਕੇ 4 ਸਿੱਖ ਨੌਜਵਾਨਾਂ ਨੂੰ ਮਾਰ ਮੁਕਾਉਣ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਾਬਕਾ ਅਧਿਕਾਰੀ ਅਤੇ ਅਕਾਲੀ ਦਲ (ਬਾਦਲ) ਦੇ ਸੀਨੀਅਰ ਲੀਡਰ ਦਰਬਾਰਾ ਸਿੰਘ ਗੁਰੂ (ਆਈਏਐਸ) ਅਤੇ ਮੁਹੰਮਦ ਇਜ਼ਹਾਰ ਆਲਮ (ਆਈਪੀਐਸ) ਸਮੇਤ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਨੂੰ ਨੋਟਿਸ ਜਾਰੀ ਕਰਨ ਦਾ ਸਵਾਗਤ ਕਰਦੇ ਹੋਏ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਜ਼ਹਾਰ ਆਲਮ ਅਤੇ ਦਰਬਾਰਾ ਸਿੰਘ ਗੁਰੂ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਦੀ ਮੰਗ ਕੀਤੀ ਹੈ।

‘ਆਪ’ ਹੈੱਡਕੁਆਟਰ ਰਾਹੀਂ ਜਾਰੀ ਬਿਆਨ ‘ਚ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਜਲੰਧਰ ਤੋਂ ਪਾਰਟੀ ਉਮੀਦਵਾਰ ਰਹੇ ਜਸਟਿਸ ਜ਼ੋਰ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੱਤਾ ਭੋਗਦੀਆਂ ਆ ਰਹੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਆਪਣੇ ਸੌੜੇ ਸਿਆਸੀ ਹਿਤਾਂ ਲਈ ਧਰਮ ਨੂੰ ਵਰਤਣ ਤੋਂ ਕਦੇ ਨਹੀਂ ਝਿਜਕਦੀਆਂ, ਦੂਜੇ ਪਾਸੇ ਸਮਾਜ ‘ਚ ਵੰਡੀਆਂ ਪਾਉਣ ਅਤੇ ਆਪਸੀ ਭਾਈਚਾਰੇ ਨੂੰ ਪਾੜੇ ਰੱਖਣ ਲਈ ਬੇਅਦਬੀ ਅਤੇ ਗੋਲੀਕਾਂਡ ਵਰਗੇ ਮਾਮਲਿਆਂ ਦੀ ਜਾਂਚ ਠੰਢੇ ਬਸਤੇ ‘ਚ ਸੁੱਟ ਦਿੱਤੀਆਂ ਹਨ। ਨਕੋਦਰ ਕਾਂਡ ਇਸ ਦੀ ਦਹਾਕਿਆਂ ਪੁਰਾਣੀ ਅਤੇ ਬਰਗਾੜੀ-ਬਹਿਬਲ ਕਲਾਂ ਤਾਜ਼ਾ ਮਿਸਾਲਾਂ ਹਨ।

‘ਆਪ’ ਆਗੂਆਂ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਹਮੇਸ਼ਾ ਹੀ ਪੰਥ ਦੇ ਨਾਮ ‘ਤੇ ਵੋਟਾਂ ਸੇਕਣ ਵਾਲੇ ਅਕਾਲੀ ਦਲ (ਬਾਦਲ) ਨੇ ਹਮੇਸ਼ਾ ਉਨ੍ਹਾਂ ਲੋਕਾਂ ਅਤੇ ਅਫ਼ਸਰਾਂ ਨੂੰ ਤਰੱਕੀਆਂ ਅਤੇ ਵੱਡੇ ਰੁਤਬਿਆਂ ਨਾਲ ਨਿਵਾਜਿਆ ਹੈ, ਜਿੰਨਾ ਨੇ ਪੰਜਾਬ ਅਤੇ ਪੰਥ ਦਾ ਰੱਜ ਕੇ ਘਾਣ ਕੀਤਾ।

‘ਆਪ’ ਆਗੂਆਂ ਨੇ ਦੱਸਿਆ ਕਿ 2 ਫਰਵਰੀ 1986 ਨੂੰ ਨਕੋਦਰ ਦੇ ਗੁਰੂ ਨਾਨਕਪੁਰਾ ਵਿਚਲੇ ਗੁਰਦੁਆਰਾ ਗੁਰੂ ਅਰਜਨ ਦੇਵ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਪਵਿੱਤਰ ਬੀੜਾਂ ਅਗਨ ਭੇਟ ਹੋ ਗਈਆਂ ਸਨ। ਦੋ ਦਿਨਾਂ ਬਾਅਦ 4 ਫਰਵਰੀ ਨੂੰ ਰੋਸ ਵਜੋਂ ਸ਼ਾਂਤੀਪੂਰਵਕ ਧਰਨਾ ਦੇ ਰਹੀ ਸੰਗਤ ਉੱਤੇ ਪੁਲਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 4 ਸਿੱਖ ਨੌਜਵਾਨ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਿਲਮਿਲ ਸਿੰਘ ਗੌਰਸੀਆ ਅਤੇ ਹਰਮਿੰਦਰ ਸਿੰਘ ਰਾਏਪੁਰ ਚਲੂਪੁਰ ਨੂੰ ਮਾਰ ਦਿੱਤਾ ਸੀ।

ਉਸ ਸਮੇਂ ਦਰਬਾਰਾ ਸਿੰਘ ਏਡੀਸੀ (ਡੀਸੀ ਦੀਆਂ ਸ਼ਕਤੀਆਂ ਵਰਤਣ ਦੇ ਅਧਿਕਾਰ) ਜਲੰਧਰ ਅਤੇ ਇਜ਼ਹਾਰ ਆਲਮ ਐਸਐਸਪੀ ਜਲੰਧਰ ਸਨ। ਇਨ੍ਹਾਂ ਦੋਵੇਂ ਅਫ਼ਸਰਾਂ ਦੀ ਇਸ ਮਾਮਲੇ ‘ਚ ਭੂਮਿਕਾ ਨਕਾਰਾਤਮਿਕ ਰਹੀ। ਜਿਸ ਕਾਰਨ ਇੱਕ ਮ੍ਰਿਤਕ ਨੌਜਵਾਨ ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਵੱਲੋਂ ਪਾਈ ਪਟੀਸ਼ਨ ਤੇ ਹਾਈਕੋਰਟ ਨੇ ਗੁਰੂ, ਆਲਮ ਅਤੇ ਪੰਜਾਬ ਸਰਕਾਰ ਨੂੰ ਜਵਾਬਦੇਹੀ ਲਈ ਤਲਬ ਕੀਤਾ ਹੈ, ਜਿਸਦਾ ਆਮ ਆਦਮੀ ਪਾਰਟੀ ਸਵਾਗਤ ਕਰਦੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION