ਯੈੱਸ ਪੰਜਾਬ
ਅੰਮ੍ਰਿਤਸਰ, 16 ਅਪ੍ਰੈਲ, 2021:
ਅਕਾਲ ਤਖ਼ਤ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਸਕੱਤਰੇਤ ਵਿਖ਼ੇ ਸ: ਗੁਰਮੀਤ ਸਿੰਘ, (ਐਮ.ਏ.ਐਲ.ਐਲ.ਬੀ., ਸੀ.ਏ.ਆਈ.ਆਈ.ਬੀ.) ਦੀ ਆਨਰੇਰੀ ਸਕੱਤਰ ਵਜੋਂ ਨਿਯੁਕਤੀ ਕੀਤੀ ਹੈ।
ਅੱਜ ਅਕਾਲ ਤਖ਼ਤ ਤੋਂ ਜਾਰੀ ਪ੍ਰੈਸ ਨੋਟ ਅਨੁਸਾਰ ਇਹ ਨਿਯੁਕਤੀ ਸਕੱਤਰੇਤ ਵਿੱਚ ਕੰਮ ਕਾਰ ਅਤੇ ‘ਸੰਸਾਰ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ’ ਦੇ ਮੱਦੇਨਜ਼ਰ ਕੀਤੀ ਗਈ ਹੈ।
ਸ: ਗੁਰਮੀਤ ਸਿੰਘ ਬਾਰੇ ਦੱਸਿਆ ਗਿਆ ਕਿ ਉਹ 1972 ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫ਼ਾਊਂਡਰ ਮੈਂਬਰ ਅਤੇ ਪ੍ਰਧਾਨ ਰਹੇ। ਉਨ੍ਹਾਂ ਨੇ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਹਿਊਮਨ ਰਿਸੋਰਸਿਜ਼ ਦੇ ਡਾਇਰੈਕਟਰ ਵਜੋਂਵੀ ਲੰਮਾ ਸਮਾਂ ਸੇਵਾ ਨਿਭਾਈ ਹੈ।
ਸ: ਗੁਰਮੀਤ ਸਿੰਘ 2019 ਵਿੱਚ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਹਿਤ ਬਣਾਈ ਗਈ ‘ਸਿੱਖ ਜਥੇਬੰਦੀਆਂ ਦੀ ਵਿਸ਼ਵ ਪੱਧਰੀ ਤਾਲਮੇਲ ਕਮੇਟੀ’ ਵਿੱਚ ਕੋਆਰਡੀਨੇਟਰ ਵਜੋਂ ਸੇਵਾ ਨਿਭਾਅ ਰਹੇ ਹਨ।
ਦੱਸਿਆ ਗਿਆ ਕਿ ਸ:ਗੁਰਮੀਤ ਸਿੰਘ ਵੱਲੋਂ ਸਿੱਖ ਪੰਥ ਪ੍ਰਤੀ ਤਨ-ਮਨ ਨਾਲ ਕੀਤੀਆਂ ਗਈਆਂ ਸੇਵਾ ਨੂੰ ਮੁੱਖ ਰੱਖਦਿਆਂ ਅੱਜ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਨ੍ਹਾਂ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖ਼ੇ ਬਤੌਰ ਆਨਰੇਰੀ ਸਕੱਤਰ ਵਜੋਂ ਸੇਵਾ ਸੌਂਪੀ ਗਈ ਹੈ।