35.1 C
Delhi
Friday, March 29, 2024
spot_img
spot_img

ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੌਰਾਨ ਚੱਲਦੀਆਂ ਲਿਖਤ ਪੰਕਤੀਆਂ ਤੇ ਤਰੁੱਟੀਆਂ: ਰਸ਼ਪਾਲ ਸਿੰਘ ਹੁਸ਼ਿਆਰਪੁਰ

ਗੁਰਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ। ਗੁਰਬਾਣੀ ਇਸ ਜੱਗ ਵਿਚ ਚਾਨਣ ਹੈ। ਜਗਿਆਸੂ ਗੁਰਬਾਣੀ ਨੂੰ ਪੜ੍ਹਨ, ਸੁਣਨ ਤੇ ਸਮਝਣ ਦੀ ਦਾਤ ਮੰਗਦਾ ਹੈ। ਗੁਰਬਾਣੀ ਹੁਕਮ ਅਨੁਸਾਰ ਅਮਲੀ ਜੀਵਨ-ਜਾਚ ਲਈ ਅਰਦਾਸ ਕਰਦਾ ਹੈ। ਇਸੇ ਲਈ ਗੁਰਬਾਣੀ ਦੇ ਅਰਥ-ਭੇਦ ਸਮਝਣ ਲਈ ਵੀ ਭੁੱਖ ਪੈਦਾ ਹੁੰਦੀ ਹੈ।

ਅਰਥ ਭੇਦ ਜਾਨਣ ਲਈ ਗੁਰਬਾਣੀ ਦਾ ਸ਼ੁੱਧ ਉਚਾਰਨ ਜ਼ਰੂਰੀ ਹੈ। ਭਾਵ ਕਿ ਅੱਖਰਾਂ ਅਤੇ ਲਗਾਂ ਮਾਤ੍ਰਾਂ ਦਾ ਉਚਾਰਨ ਠੀਕ ਹੋਵੇ। ਸ਼ਬਦ-ਜੋੜ ਸ਼ੁੱਧ ਬੋਲੇ ਜਾਣ। ਸਮੁੱਚੀ ਤੁਕ ਵਿਚ ਯੋਗ ਥਾਵਾਂ ਤੇ ਇਕ ਜਾਂ ਇਕ ਤੋਂ ਵੱਧ ਬਿਸ੍ਰਾਮ ਦੇ ਕੇ ਪਾਠ ਕੀਤਾ ਜਾਵੇ। ਔਖੇ ਸ਼ਬਦਾਂ ਦੇ ਅਰਥਾਂ ਦਾ ਅਭਿਆਸ ਹੋਵੇ। ਪਾਠ ਦੀ ਲੈਅ ਰਸਮਈ ਹੋਵੇ।

ਅਗਲੀ ਵੀਚਾਰ ਸਾਂਝ ਤੋਂ ਪਹਿਲਾਂ ਕਬੂਲ ਕਰਦਾ ਹਾਂ ਕਿ ਸ਼ੁੱਧ ਗੁਰਬਾਣੀ ਪੜ੍ਹਨ ਲਿਖਣ ਦੇ ਵਿਸ਼ੇ ਦਾ ਮਾਹਿਰ ਨਹੀਂ ਹਾਂ। ਨਾ ਹੀ ਕਿਸੇ ਵੱਲ ਉਂਗਲ ਉਠਾਉਣ ਦਾ ਮਕਸਦ ਹੈ। ਮਕਸਦ ਹੈ ਸਾਡੇ ਸਭ ਦੇ ਸਾਵਧਾਨ ਹੋਣ ਦਾ।ਇਹ ਵਿਸ਼ਾ ਵਿਸ਼ਾਲ ਹੈ। ਪਰ ਅਕਸਰ ੴ ( ਇਕ ਓਅੰਕਾਰ ) ਨੂੰ ਏਕਮਕਾਰ ਜਾਂ ਏਕੰਕਾਰ ਬੋਲਣ ਦੀ ਵੱਡੀ ਗਲਤੀ ਆਮ ਪਾਠੀਆਂ ਅਤੇ ਅਰਦਾਸੀਆਂ ਦੇ ਮੂੰਹੋ ਸੁਣੀ ਜਾਂਦੀ ਹੈ। ਬਹੁ-ਗਿਣਤੀ ਕੀਰਤਨੀਏ ਮੰਗਲ ਕਰਦਿਆਂ ਅਜੂਨੀ ਨੂੰ ਆਜੂਨੀ ਪੜ੍ਹਦੇ ਹਨ।

ਅਜੂਨੀ ਦਾ ਅਰਥ ਤਾਂ ਹੈ ਜੂਨਾਂ ਤੋਂ ਰਹਿਤ। ਪਰ ਇਸ ਗਲਤੀ ਕਾਰਨ ਅਰਥ ਬਣ ਜਾਂਦਾ ਹੈ ਕਿ ਜੂਨਾਂ ਵਿਚ ਆਉਂਦਾ ਹੈ। ਆਮ ਤੌਰ ਤੇ ਕੀਰਤਨੀਏ ਤੇ ਇਸਤਰੀ ਸਤਸੰਗੀ ਬੀਬੀਆਂ ਵਲੋਂ “ਗੁਰ ਰਾਮਦਾਸ ਰਾਖਹੁ ਸਰਣਾਈ” ਗਾਇਨ ਕਰਨ ਦੀ ਥਾਂ “ਗੁਰੂ ਰਾਮਦਾਸ” ਗਾਇਨ ਕੀਤਾ ਜਾਂਦਾ ਹੈ। ਸੁਖਮਨੀ ਸਾਹਿਬ ਸੁਸਾਇਟੀਆਂ ਅਤੇ ਇਸਤਰੀ ਸਭਾਵਾਂ ਵਲੋਂ ਸੁਖਮਨੀ ਸਾਹਿਬ ਪਾਠ ਦੇ ਕੀਤੇ ਜਾਂਦੇ ਪ੍ਰੋਗਰਾਮਾਂ ਵਿਚ ਬੇ-ਹਿਸਾਬ ਉਕਾਈਆਂ ਕੀਤੀਆਂ ਜਾਂਦੀਆਂ ਹਨ।

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਮੌਕੇ ਬੜੇ ਪਿਆਰ ਤੇ ਸਤਿਕਾਰ ਨਾਲ ਸਵਯੇ ਪੜ੍ਹੇ ਜਾਂਦੇ ਹਨ। ਸਵਯੇ ਵਿਚ ‘ਅ-ਬਿਗਤ’ ਪੜ੍ਹੀਏ ਤਾਂ ਅਰਥ ਨਿੱਕਲਦੇ ਹਨ ਅਵਿਅਕਤ, ਸਰੀਰ ਤੋਂ ਰਹਿਤ ਪਾਰਬ੍ਰਹਮ, ਪਰ ‘ਅਬਿਗਤ’ ਪੜ੍ਹਿਆ ਜਾਂਦਾ ਹੈ ਤੇ ਅਰਥ ਦੇ ਅਨਰਥ ਹੋ ਜਾਂਦੇ ਹਨ। “ਸ੍ਰੀ ਗੁਰੁ ਰਾਜ ਅਬਿਚਲੁ ਅਟਲੁ” ਵਿਚ ਅ-ਬਿਚਲ ਪੜ੍ਹੀਏ ਤਾਂ ਅਰਥ ਬਣਦਾ ਹੈ ਅਹਿਲ (ਨਾ ਹਿਲਣ ਵਾਲਾ) ਪਰ ਅਬਿਚਲੁ ਪੜ੍ਹਿਆ ਜਾਂਦਾ ਹੈ ।

‘ਕਚਹੁ ਕੰਚਨ’ ਨੂੰ ‘ਕਾਚਹੁ ਕੰਚਨ’ ਪੜ੍ਹਿਆ ਜਾਂਦਾ ਹੈ। ‘ਗੁਰ ਰਾਮਦਾਸ ਸਰ ਅਭਰ ਭਰੇ’ ਨੂੰ ‘ਗੁਰੂ ਰਾਮਦਾਸ’ ਪੜ੍ਹਿਆ ਜਾਂਦਾ ਹੈ। ਅਜਿਹੀਆਂ ਅਣਗਿਣਤ ਗਲਤੀਆਂ ਦਾ ਪ੍ਰਤੱਖ ਕਾਰਨ ਹੈ ਅਣਗਹਿਲੀ ਤੇ ਲਗਾਂ-ਮਾਤ੍ਰਾਂ ਵੱਲ ਧਿਆਨ ਨਾ ਦੇਣਾ। ਦੂਸਰਾ ਵਿਆਕਰਣਿਕ ਨੇਮਾਂ ਵੱਲ ਧਿਆਨ ਨਾ ਦੇਣਾ। ਤੀਸਰਾ ਆਪਣੇ ਪੜ੍ਹਨ-ਸੁਣਨ ਦੇ ਢੰਗ ਨੂੰ ਸਹੀ ਕਰਾਰ ਦੇਣਾ ਅਤੇ ਸੁਧਾਰ ਦੀ ਗੁੰਜਾਇਸ਼ ਹੀ ਨਾ ਰੱਖਣਾ।

ਇਸ ਲ਼ੇਖ ਵਿਚ ਵਿਚਾਰਨਯੋਗ ਮਾਮਲਾ ਗੁਰਬਾਣੀ ਲਿਖਤ ਦਾ ਹੈ। ਜੋ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੌਰਾਨ ਸਕਰੀਨ’ਤੇ ਲਿਖਤੀ ਰੂਪ ਵਿਚ ਚੱਲ ਰਹੀ ਹੁੰਦੀ ਹੈ। 24 ਅਪ੍ਰੈਲ 2020 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰਾਗੀ ਸਿੰਘ ਸ਼ਬਦ ਗਾਇਨ ਕਰ ਰਹੇ ਸਨ “ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥” ਇਹ ਪਾਵਨ ਪੰਕਤੀ ਸਕਰੀਨ’ਤੇ ਚੱਲ ਰਹੀ ਸੀ।


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ


ਸੁਤੇ ਸਿਧ ਪੰਕਤੀ’ਤੇ ਨਜ਼ਰ ਗਈ ਤੇ ਦਿਮਾਗ ਵਿਚ ਕੰਪਣ ਹੋਈ ਇਸ ਲਈ ਕਿ ; “ਸਖਾ” ਦੀ ਥਾਂ “ਸਦਾ” ਲਿਖਿਆ ਚੱਲ ਰਿਹਾ ਸੀ। ਦੂਸਰੇ ਦਿਨ ਮਨ ਨੇ ਜ਼ੋਰ ਪਾਇਆ ਕਿ ਗਲਤੀ ਛੋਟੀ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿਚ ਲਿਆਉਣ ਦਾ ਫਰਜ਼ ਨਿਭਾਉਣਾ ਚਾਹੀਦਾ ਹੈ। ਸ਼੍ਰੋਮਣੀ ਗੁ: ਪ੍ਰੰ: ਕਮੇਟੀ ਦੇ ਉੱਚ ਪ੍ਰਬੰਧਕ ਸਾਹਿਬ ਨੂੰ ਵਟਸਐਪ ਰਾਹੀਂ ਬੜੇ ਸੰਖੇਪ ਵਿਚ ਸੂਚਿਤ ਕੀਤਾ।

ਇਹ ਵੀ ਸੂਚਿਤ ਕੀਤਾ ਕਿ ਰਾਗੀ ਜੱਥੇ ਵਲੋਂ ਗਾਇਨ ਦਰੁਸਤ ਕੀਤਾ ਜਾ ਰਿਹਾ ਸੀ। ਪਰ ਉਹਨਾਂ ਵਲੋਂ ਕੋਈ ਸੰਕੇਤ ਮਾਤਰ ਵੀ ਉੱਤਰ ਨਹੀਂ ਆਇਆ। ਮਹਿਸੂਸ ਕੀਤਾ ਕਿ ਗੁਰਬਾਣੀ ਗ਼ਲਤ ਲਿਖੇ ਜਾਣ ਦੀ ਬੜੀ ਵੱਡੀ ਕੁਤਾਹੀ ਹੈ ਪਰ ਅੱਗੋਂ ਕੋਈ ਹੁੰਗਾਰਾ ਹੀ ਨਹੀਂ। ਇਹ ਸੋਚ ਕੇ ਸਬਰ ਕਰ ਲਿਆ ਕਿ ਵੱਡੇ ਅਹੁਦਿਆਂ’ਤੇ ਬਿਰਾਜਮਾਨ ਅਹੁਦੇਦਾਰਾਂ ਕੋਲ ਵੱਡੇ ਰੁਝੇਵੇਂ ਹੁੰਦੇ ਹਨ ; ਭਵਿੱਖ ਵਿਚ ਸੋਧ ਲਈ ਕੋਈ ਨਾ ਕੋਈ ਅਮਲ ਕਰ ਰਹੇ ਹੋਣਗੇ। ਹੋ ਸਕਦਾ ਕਿ ਅਜਿਹੀਆਂ ਸ਼ਿਕਾਇਤਾਂ ਦੇ ਢੇਰਾਂ ਦੇ ਢੇਰ ਪਏ ਹੋਣ ਤੇ ਕਿਸ ਕਿਸ ਨੂੰ ਜਵਾਬ ਦੇਣ।

ਜੇਕਰ ਗੁਰਬਾਣੀ ਲਿਖਤ ਹੀ ਗ਼ਲਤ ਸਾਹਮਣੇ ਆਵੇਗੀ ਤਾਂ ਪਾਠਕ ਸ਼ੁੱਧ ਗੁਰਬਾਣੀ ਕਿਵੇਂ ਪੜ੍ਹਨਗੇ ? ਇਹ ਤਕਨੀਕੀ ਗ਼ਲਤੀ ਦਾ ਸੁਧਾਰ ਕੀਤੇ ਬਿਨਾਂ ਗੁਰਬਾਣੀ ਗਲਤ ਪੜ੍ਹੀ ਜਾਣੀ ਸੁਭਾਵਕ ਹੈ। ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸਾਹਿਬਾਨ ਅਤੇ ਗੁਰਦੁਆਰਾ ਕਮੇਟੀਆਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਯਕੀਨੀ ਬਣਾਉਣ ਕਿ ਕੀਰਤਨ ਪ੍ਰਸਾਰਨ ਦੌਰਾਨ ਚੱਲ ਰਹੀਆਂ ਪੰਕਤੀਆਂ ਸ਼ੁੱਧ ਹੋਣ ਤੇ ਕਿਸੇ ਤਰ੍ਹਾਂ ਦੀ ਤਰੁੱਟੀ ਨਾ ਹੋਵੇ।

ਨਿਰਸੰਦੇਹ ਗੁਰਦੁਆਰਾ ਕਮੇਟੀਆਂ ਅਤੇ ਚੈਨਲਾਂ ਦਾ ਮੁੱਢਲਾ ਫਰਜ਼ ਹੈ ਕਿ ਸ਼ੁੱਧ ਗੁਰਬਾਣੀ ਦੇ ਪ੍ਰਸਾਰਨ ਦੀ ਸੇਵਾ ਨੂੰ ਸਾਰੀਆਂ ਸੇਵਾਵਾਂ ਤੋਂ ਉੱਪਰ ਮੰਨਣ ਤੇ ਸੇਵਾ ਨੂੰ ਪਹਿਲ ਦੇਣ। ਗੁਰਬਾਣੀ ਦੇ ਸ਼ੁੱਧ ਸਰੂਪ ਨੂੰ ਬਰਕਰਾਰ ਰੱਖਣ ਲਈ ਵੱਡੀ ਤੋਂ ਵੱਡੀ ਪਹਿਰੇਦਾਰੀ ਕਰਨ। ਗੁਰਬਾਣੀ ਹੈ ਤਾਂ ਗੁਰਦੁਆਰੇ ਹਨ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਹਨ। ਪ੍ਰਸ਼ਨ ਇਹ ਵੀ ਉੱਠਦਾ ਹੈ ਕਿ ਜਦੋਂ ਆਮ ਬੰਦੇ ਨੂੰ ਇਹ ਤਰੁੱਟੀਆਂ ਦਿਸ ਜਾਂਦੀਆਂ ਹਨ ਤਾਂ ਧਾਰਮਿਕ ਅਸਥਾਨਾਂ’ਤੇ ਪੇਸ਼ਾਵਰ ਸੇਵਾਵਾਂ ਦੇ ਰਹੇ ਗੁਣੀ-ਗਿਆਨੀਆਂ ਅਤੇ ਪ੍ਰਬੰਧਕਾਂ ਨੂੰ ਕਿਉਂ ਨਹੀਂ ਦਿਸਦੀਆਂ ?

ਇਸ ਤੋਂ ਇਲਾਵਾ ਗੁਰਬਾਣੀ ਦੇ ਛਪਦੇ ਗੁਟਕਿਆਂ ਵਿਚ ਕੀਤੀਆਂ ਜਾਂਦੀਆਂ ਉਕਾਈਆਂ ਵੱਲ ਵੀ ਧਿਆਨ ਦੇਣਾ ਵੀ ਸੇਵਾ ਦਾ ਹਿੱਸਾ ਹੈ। ਸ਼ਖ਼ਸੀ ਪ੍ਰਭਾਵ ਲਈ ਅਜਿਹਾ ਹੀਆ ਕੀਤਾ ਜਾ ਰਿਹਾ ਹੈ। ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿ ਗੁਟਕਿਆਂ ਅੰਦਰ ਆਪਣੀ ਸੰਪਰਦਾ ਦੀ ਮਸ਼ਹੂਰੀ ਕੀਤੀ ਜਾਵੇ ਜਾਂ ਗੁਟਕਿਆਂ ਦੇ ਅੱਗੇ ਪਿੱਛੇ ਕਿਸੇ ਸ਼ਖ਼ਸ ਦੀਆਂ ਗੱਲਾਂ ਲਿਖੀਆਂ ਜਾਣ। ਗੁਰਬਾਣੀ ਪਾਠ ਅਤੇ ਕੀਰਤਨ ਦੀਆਂ ਆ ਰਹੀਆਂ ਆਡੀਓ-ਵੀਡੀਓ’ਤੇ ਵੀ ਨਿਯੰਤਰਣ ਬਣਾਉਣ ਦੀ ਲੋੜ ਹੈ। ਉਦਾਹਰਨ ਲਈ ਸੁਖਮਨੀ ਸਾਹਿਬ ਪਾਠ ਦੀ ਵੀਡੀਓ ਹੈ।

Rashpal Singh Hoshiarpurਉਸ ਵਿਚ ਸੁਖਮਨੀ ਪਾਠ ਅਰੰਭ ਕਰਨ ਤੋਂ ਪਹਿਲਾਂ ਆਪਣੀ ਮਰਜ਼ੀ ਨਾਲ ਪੰਕਤੀ ਪੜ੍ਹੀ ਜਾਂਦੀ ਹੈ ; “ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮ॥” ਅਸਟਪਦੀ ਦੀ ਸਮਾਪਤੀ’ਤੇ ਉਸ ਦਾ ਅੰਕ ਬੋਲਿਆ ਜਾਂਦਾ ਹੈ, ਜਿਵੇਂ ਇਕ, ਦੋ, ਤਿੰਨ। ਫਿਰ ਹਰ ਸਲੋਕ ਤੋਂ ਪਹਿਲਾਂ ਪੰਕਤੀ “ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮ॥” ਪੜ੍ਹੀ ਜਾਂਦੀ ਹੈ। ਹਰ ਸਲੋਕ ਅਤੇ ਅਸਟਪਦੀ ਵਿਚਕਾਰ ਸਤਿਨਾਮੁ ਵਾਹਿਗੁਰੂ ਬੋਲਿਆ ਜਾਂਦਾ ਹੈ। ਸਿੱਖ ਕੌਮ ਦੀਆਂ ਸਿਰਮੌਰ ਕੌਮੀ ਸੰਸਥਾਵਾਂ ਅਤੇ ਤਖ਼ਤ ਸਾਹਿਬਾਨ ਗੁਰਬਾਣੀ ਦੇ ਲਿਖਣ, ਪੜ੍ਹਨ ਅਤੇ ਗਾਇਨ ਦੇ ਅਸਲ ਮਿਆਰ ਤੇ ਸਹੀ ਪ੍ਰਸਾਰ ਵੱਲ ਤੁਰੰਤ ਧਿਆਨ ਕੇਂਦ੍ਰਿਤ ਕਰਨ ਦਾ ਮੁੱਢਲਾ ਫਰਜ਼ ਅਦਾ ਕਰਨ।

ਰਸ਼ਪਾਲ ਸਿੰਘ ਹੁਸ਼ਿਆਰਪੁਰ
98554-40151Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION