ਨਵੀਂ ਦਿੱਲੀ, 1 ਮਾਰਚ, 2020:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇਤਿਹਾਸਕ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਮਾਤਾ ਸਾਹਿਬ ਕੌਰ ਯਾਤਰੀ ਨਿਵਾਸ ਸੰਗਤਾਂ ਨੂੰ ਸਮਰਪਿਤ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਇਸ ਮਾਤਾ ਸਾਹਿਬ ਕੌਰ ਯਾਤਰੀ ਨਿਵਾਸ ਦੀ ਕਾਰ ਸੇਵਾ ਬਾਬਾ ਬਚਨ ਸਿੰਘ ਜੀ ਦੀ ਛਤਰਛਾਇਆ ਹੇਠ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਪੂਰੀ ਕੀਤੀ ਗਈ ਤੇ ਇਸ ਵਿਚ ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਲੱਖਾ ਜੀ, ਬਾਬਾ ਰਵੀ ਜੀ, ਬਾਬਾ ਬਾਬਾ ਸਤਨਾਮ ਜੀ ਦਾ ਵੀ ਵੱਡਮੁੱਲਾ ਯੋਗਦਾਨ ਹੈ। ਉਹਨਾਂ ਦੱਸਿਆ ਕਿ ਤਿੰਨ ਮੰਜ਼ਿਲਾ ਇਹ ਸਰਾਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਜਿਸ ਵਿਚ 34 ਕਮਰੇ ਅਤੇ 2 ਹਾਲ ਬਣਾਏ ਗਏ ਹਨ।
ਸ੍ਰੀ ਸਿਰਸਾ ਨੇ ਦੱਸਿਆ ਕਿ ਇਹ ਸਰਾਂ ਜਿਥੇ ਪੋਸ਼ ਇਲਾਕੇ ਵਿਚ ਸਥਿਤ ਹੈ, ਉਥੇ ਹੀ ਇਹ ਵਿਦੇਸ਼ਾਂ ਤੋਂ ਆਉਦੇ ਐਨ ਆਰ ਆਈਜ਼ ਵਾਸਤੇ ਬਹੁਤ ਲਾਹੇਵੰਦ ਸਾਬਤ ਹੋਵੇਗੀ। ਇੱਥੇ ਹੀ ਵਿਆਹ ਪਾਰਟੀ ਜਾਂ ਹੋਰਨਾਂ ਪ੍ਰੋਗਰਾਮਾਂ ਲਈ ਹਾਲ ਵੀ ਤਿਆਰ ਕੀਤਾ ਜਾ ਰਿਹਾ ਹੈ ਜਦੋਂ ਕਿ ਪੁਰਾਣੀ ਸਰਾਂ ਨੂੰ ਵੀ ਰੈਨੋਵੇਟ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਲੰਗਰ ਹਾਲ ਦੀ ਸੇਵਾ ਵੀ ਇਸ ਵੇਲੇ ਚਲ ਰਹੀ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਸੇਵਾਵਾਂ ਮੁਹੱਈਆ ਕਰਵਾਉਣ ਦੇ ਯਤਨ ਕਰ ਰਹੀ ਹੈ ਤੇ ਬਾਬਾ ਬਚਨ ਸਿੰਘ ਜੀ ਵਰਗਿਆਂ ਦੇ ਆਸ਼ੀਰਵਾਦ ਨਾਲ ਇਕ ਤੋਂ ਬਾਅਦ ਇਕ ਪ੍ਰਾਜੈਕਟ ਮੁਕੰਮਲ ਹੁੰਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕਮੇਟੀ ਦੀ ਇੱਛਾ ਹੈ ਕਿ ਦਿੱਲੀ ਦੇ ਸਮੂਹ ਗੁਰਦੁਆਰਾ ਸਾਹਿਬਾਨ ਵਿਚ ਅਜਿਹੀਆਂ ਸਹੂਲਤਾਂ ਉਪਲਬਧ ਹੋਣ ਤੇ ਇਸ ਵਾਸਤੇ ਜੋ ਵੀ ਕਦਮ ਚੁੱਕਣੇ ਪਏ ਕਮੇਟੀ ਵੱਲੀ ਚੁੱਕੇ ਜਾਣਗੇ।
ਦੱਸਣਯੋਗ ਕਿ ਬਾਬਾ ਬਚਨ ਸਿੰਘ ਵੱਲੋਂ ਹੀ ਪਹਿਲਾਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੀ ਇਕ ਸਰਾਂ ਦੀ ਕਾਰ ਸੇਵਾ ਕੀਤੀ ਗਈ ਸੀ ਜੋ ਪਿਛਲੇ ਮਹੀਨਿਆਂ ਦੌਰਾਨ ਸ਼ੁਰੂ ਹੋ ਗਈ। ਬਾਬਾ ਬਚਨ ਸਿੰਘ ਜੀ ਵੱਲੋਂ ਹੀ ਬਾਲਾ ਸਾਹਿਬ ਹਸਪਤਾਲ ਦੀ ਕਾਰ ਸੇਵਾ ਕੀਤੀ ਜਾ ਰਹੀ ਹੈ।
ਇਸ ਮੌਕੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਮੋਤੀ ਬਾਗ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਕੁਲਦੀਪ ਸਿੰਘ ਸਾਹਨੀ, ਵਾਈਸ ਚੇਅਰਮੈਨ ਅਤੇ ਮਨਜਿੰਦਰ ਸਿੰਘ ਸਿਰਸਾ ਦੇ ਮੁੱਖ ਸਲਾਹਕਾਰ ਹਰਜੀਤ ਸਿੰਘ ਬੇਦੀ, ਦਿੱਲੀ ਕਮੇਟੀ ਮੈਂਬਰ- ਗੁਰਮੀਤ ਸਿੰਘ ਭਾਟੀਆ, ਪਰਮਜੀਤ ਸਿੰਘ ਰਾਣਾ, ਆਤਮਾ ਸਿੰਘ ਲੁਬਾਣਾ, ਹਰਜੀਤ ਸਿੰਘ ਪੱਪਾ, ਰਮਿੰਦਰ ਸਿੰਘ, ਜਸਪ੍ਰੀਤ ਸਿੰਘ ਮਾਨ ਸਮੇਤ ਹੋਰਨਾਂ ਮੈਂਬਰ ਵੀ ਮੌਜੁਦ ਰਹੇ।