26.1 C
Delhi
Tuesday, April 16, 2024
spot_img
spot_img

ਗਾਂਧੀ ਪਰਿਵਾਰ ਦੀ ਸਾਜ਼ਿਸ਼ ਨੂੰ ਅਮਲ ’ਚ ਲਿਆਉਂਦਿਆਂ ਸਿੱਖਾਂ ਨੂੰ ਅੱਤਵਾਦੀ ਵਜੋਂ ਪੇਸ਼ ਕਰ ਰਹੇ ਹਨ ਡੀ.ਜੀ.ਪੀ.: ਮਜੀਠੀਆ

ਚੰਡੀਗੜ੍ਹ, 22 ਫਰਵਰੀ, 2020:

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਗਾਂਧੀ ਪਰਿਵਾਰ ਦੀ ਡੂੰਘੀ ਸਾਜ਼ਿਸ਼ ਨੂੰ ਅਮਲ ਵਿਚ ਲਿਆਉਂਦਿਆਂ ਸਿੱਖਾਂ ਨੂੰ ਅੱਤਵਾਦੀਆਂ ਵਜੋਂ ਪੇਸ਼ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਉੱਤੇ ਸੱਟ ਮਾਰਨ ਅਤੇ ਕਾਂਗਰਸ ਪਾਰਟੀ ਦੇ ਨਿਰਦੇਸ਼ਾਂ ਉੱਤੇ ਕਰਤਾਰਪੁਰ ਲਾਂਘਾ ਬੰਦ ਕਰਵਾਉਣ ਲਈ ਹਾਲਾਤ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਲਈ ਸਖ਼ਤ ਨਿਖੇਧੀ ਕੀਤੀ ਹੈ।

ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗਾਂਧੀ ਪਰਿਵਾਰ ਦਾ ਡੀਜੀਪੀ ਉਸ ਸਮੇਂ ਚਹੇਤਾ ਬਣ ਗਿਆ ਸੀ, ਜਦੋਂ ਯੂਪੀਏ ਦੀ ਸਰਕਾਰ ਵੇਲੇ ਖੁਫੀਆ ਵਿਭਾਗ ਵਿਚ ਆਪਣੇ ਅੱਠ ਸਾਲ ਦੇ ਕਾਰਜਕਾਲ ਦੌਰਾਨ ਉਸ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹੇ ਜਾਣਾ ਰੁਕਵਾਇਆ ਸੀ।

ਉਹਨਾਂ ਕਿਹਾ ਕਿ ਉਸ ਦਾ ਇਹ ਕਹਿਣਾ ਕਿ ਪਾਕਿਸਤਾਨ ਵਿਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਸਤੇ ਇੱਕ ਆਮ ਸਿੱਖ ਨੂੰ ਛੇ ਘੰਟੇ ਵਿਚ ਅੱਤਵਾਦੀ ਬਣਾਇਆ ਜਾ ਸਕਦਾ ਹੈ, ਉਹਨਾਂ ਕਰੋੜਾਂ ਗੁਰੂ ਨਾਮ ਲੇਵਾ ਸੰਗਤਾਂ ਦੀ ਅਰਦਾਸ ਦਾ ਅਪਮਾਨ ਹੈ, ਜਿਸ ਕਰਕੇ 73 ਸਾਲ ਮਗਰੋਂ ਇਹ ਲਾਂਘਾ ਖੁੱਲ੍ਹਿਆ ਹੈ।

ਸਰਦਾਰ ਮਜੀਠੀਆ ਨੇ ਡੀਜੀਪੀ ਨੂੰ ਪੁੱਛਿਆ ਕਿ ਉਹ ਜੁਆਬ ਦੇਣ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਉਹਨਾਂ 50 ਹਜ਼ਾਰ ਸਿੱਖਾਂ ਵਿਚੋਂ, ਜਿਹਨਾਂ ਵਿਚ ਮੁੱਖ ਮੰਤਰੀ ਕੈਬਨਿਟ ਮੰਤਰੀ ਅਤੇ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂ ਸ਼ਾਮਿਲ ਹਨ, ਕਿੰਨਿਆਂ ਨੂੰ ਪਾਕਿਸਤਾਨ ਅੰਦਰ ਸਿਖਲਾਈ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਉਹ ਸਿੱਖਾਂ ਨੂੰ ਕਿੰਨੇ ਕਮਜ਼ੋਰ ਸਮਝਦਾ ਹੈ। ਉਹਨਾਂ ਕਿਹਾ ਕਿ ਇਹ ਬਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਇਸ ਦੇ ਜਥੇਦਾਰ ਸਿੰਘ ਸਾਹਿਬ ਹਰਪ੍ਰੀਤ ਸਿੰਘ ਦਾ ਵੀ ਅਪਮਾਨ ਕਰਦਾ ਹੈ, ਜਿਹਨਾਂ ਨੇ ਪਹਿਲੇ ਜਥੇ ਦੀ ਅਗਵਾਈ ਕੀਤੀ ਸੀ ਅਤੇ ਹੁਣ ਵੀ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਹੋਏ ਹਨ।

ਡੀਜੀਪੀ ਨੂੰ 24 ਘੰਟੇ ਅੰਦਰ ਆਪਣੇ ਬਿਆਨ ਦਾ ਸਪੱਸ਼ਟੀਕਰਨ ਦੇਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇਕਰ ਪੁਲਿਸ ਅਧਿਕਾਰੀ ਨੇ ਅਜਿਹਾ ਨਾ ਕੀਤਾ ਤਾਂ ਅਕਾਲੀ ਦਲ ਇੱਕ ਰੋਸ ਅੰਦੋਲਨ ਸ਼ੁਰੂ ਕਰੇਗਾ ਅਤੇ 24 ਫਰਵਰੀ ਨੂੰ ਵਿਧਾਨ ਸਭਾ ਦਾ ਕੰਮਕਾਜ ਨਹੀਂ ਚੱਲਣ ਦੇਵੇਗਾ।

ਉਹਨਾਂ ਕਿਹਾ ਕਿ ਅਸੀਂ ਅਜਿਹਾ ਅਪਮਾਨ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕਰ ਸਕਦੇ। ਡੀਜੀਪੀ ਨੂੰ ਇਸ ਬਾਰੇ ਜਨਤਕ ਤੌਰ ਤੇ ਸਪੱਸ਼ਟ ਕਰਨਾ ਪਵੇਗਾ ਕਿ ਕੀ ਉਹਨਾਂ ਨੇ ਇਹ ਬਿਆਨ ਖੁਦ ਦਿੱਤਾ ਹੈ ਜਾਂ 10 ਜਨਪਥ ਦੇ ਗਾਂਧੀ ਪਰਿਵਾਰ ਦੇ ਇਸ਼ਾਰੇ ਉੱਤੇ ਦਿੱਤਾ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਸਿੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਅੱਤਵਾਦੀ ਗਤੀਵਿਧੀਆਂ ਵਿਚ ਭਾਗ ਲੈਣ ਲਈ ਨਹੀਂ, ਸਗੋਂ ਉਸ ਮਾਹੌਲ ਦੀ ਖੁਸ਼ਬੂ ਲੈਣ ਲਈ ਜਾਂਦੇ ਹਨ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਦਾ ਸੁਨੇਹਾ ਦਿੱਤਾ ਸੀ।

ਉਹਨਾਂ ਕਿਹਾ ਕਿ ਇਹ ਯਾਤਰਾ ਕਰਕੇ ਸ਼ਰਧਾਲੂ ਉਸ ਅਰਦਾਸ ਦੇ ਫਲ ਨੂੰ ਮਹਿਸੂਸ ਕਰ ਰਹੇ ਹਨ, ਜੋ ਉਹਨਾਂ ਨੇ ਅਣਗਿਣਤ ਵਾਰ ਕੀਤੀ ਸੀ। ਉਹਨਾਂ ਕਿਹਾ ਕਿ ਡੀਜੀਪੀ ਦਾ ਬਿਆਨ ਉਸ ਸਮੇਂ ਆਇਆ ਹੈ, ਜਦੋਂ ਇਸ ਪਵਿੱਤਰ ਸਥਾਨ ਦੇ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਕਰਵਾਉਣ ਲਈ ਪਾਸਪੋਰਟ ਦੀਆਂ ਪਾਬੰਦੀਆਂ ਨੂੰ ਹਟਾਉਣ ਦੀ ਗੱਲ ਚੱਲ ਰਹੀ ਹੈ।

ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਦਿਨਕਰ ਗੁਪਤਾ ਨੇ ਅਜਿਹਾ ਸਿੱਖ-ਵਿਰੋਧੀ ਬਿਆਨ ਉਸ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੋਚ ਉੱਤੇ ਚੱਲਦਿਆਂ ਦਿੱਤਾ ਹੈ, ਜਿਸ ਨੇ ਸਿੱਖਾਂ ਨੂੰ ਅੱਤਵਾਦੀਆਂ ਵਜੋਂ ਪੇਸ਼ ਕੀਤਾ ਸੀ, ਸ੍ਰੀ ਦਰਬਾਰ ਸਾਹਿਬ ਉੱਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕਰਵਾਇਆ ਸੀ ਅਤੇ ਕਰਤਾਰਪੁਰ ਲਾਂਘੇ ਨੂੰ ਖੁੱਲ੍ਹਣ ਨਹੀਂ ਸੀ ਦਿੱਤਾ।

ਅਕਾਲੀ ਆਗੂ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਡੀਜੀਪੀ ਸਿੱਖ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ, ਪਰ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਡੇਗੇ ਜਾ ਰਹੇ ਹਥਿਆਰਾਂ ਨੂੰ ਰੋਕਣ ਵਿਚ ਬੇਵਸ ਮਹਿਸੂਸ ਕਰਦਾ ਹੈ।

ਉਹਨਾਂ ਕਿਹਾ ਕਿ ਇਸੇ ਤਰ੍ਹਾਂ ਡੀਜੀਪੀ ਇਸ ਮਾਮਲੇ ਦੀ ਜਾਂਚ ਕਰਵਾਉਣ ਵਿਚ ਵੀ ਨਾਕਾਮ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਹਰਜਿੰਦਰ ਗਿੱਲ ਅਤੇ ਪਰਮਜੀਤ ਪੰਨੂ ਦੇ ਨਾਂ ਬਹਿਬਲ ਕਲਾਂ ਵਿਖੇ ਸਿੱਖਾਂ ਉੱਤੇ ਗੋਲੀਬਾਰੀ ਕਰਨ ਉੱਤੇ ਉਹਨਾਂ ਖ਼ਿæਲਾਫ ਦਰਜ ਹੋਈ ਐਫਆਈਆਰ ਵਿਚੋਂ ਕਿਉਂ ਹਟਾ ਦਿੱਤੇ ਗਏ? ਕੀ ਸਿਰਫ ਇਸ ਕਰਕੇ ਕਿਉਂਕਿ ਉਹਨਾਂ ਉੱਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਹੱਥ ਹੈ?

ਉਹਨਾਂ ਦੱਸਿਆ ਕਿ ਪੁਲਿਸ ਗੋਲੀਬਾਰੀ ਦਾ ਸ਼ਿਕਾਰ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਨੂੰ ਇਸ ਸੰਬੰਧੀ ਹਾਈਕੋਰਟ ਦੇ ਚੀਫ ਜਸਟਿਸ ਕੋਲ ਪਹੁੰਚ ਕਰਨੀ ਪਈ ਹੈ, ਪਰੰਤੂ ਡੀਜੀਪੀ ਨੇ ਅਜੇ ਵੀ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION