27.1 C
Delhi
Thursday, April 18, 2024
spot_img
spot_img

ਗਲਵਕੜੀਆਂ ਲਈ ਤਰਸਣਗੇ ਮਹਿਫ਼ਲਾਂ ਲਈ ਵਿਲਕਣਗੇ ਰਾਹ: ਅਮਰਜੀਤ ਟਾਂਡਾ

ਕਰੋਨਾ ਵਾਇਰਸ ਵੱਡੀ ਸੰਸਾਰ ਸਮੱਸਿਆ ਬਣੀ ਪਈ ਹੈ। ਹਰ ਕੋਈ ਇਸ ਦਾ ਹੱਲ ਲੱਭਣ ਜਾ ਰਿਹਾ ਹੈ। ਲੋਕ ਮੁਸ਼ਕਲ ਦੀ ਘੜੀ ਵਿੱਚ ਫਸੇ ਹੋਏ ਹਨ। ਅਸਲ ਚ ਇਸ ਤੋਂ ਡਰਨ ਦੀ ਨਹੀਂ ਲੋੜ ਸਾਵਧਾਨੀਆਂ ਲੈਣੀਆਂ ਬਹੁਤ ਜ਼ਰੂਰੀ ਹਨ।

ਸ਼ਾਇਦ ਲੋਕਾਂ ਨੇ ਰਲ ਮਿਲ ਜਿਉਣਾਂ ਤਿਆਗ ਦਿੱਤਾ ਸੀ। ਹੰਕਾਰ ਡੁੱਲ ਰਿਹਾ ਸੀ ਹਿੱਕਾਂ ਚੋਂ। ਨਫ਼ਰਤ ਨੇ ਅੱਤ ਚੁੱਕ ਲਈ ਸੀ। ਬੇਪਛਾਣ ਹੋ ਗਿਆ ਸੀ ਆਪਣਾ ਪਰਾਇਆ।

ਸੰਸਾਰ ਇੱਕ ਦੂਸਰੇ ਦੀ ਖੈਰ ਸੁੱਖ ਮੰਗਣੋਂ ਭੁੱਲ ਗਿਆ ਸੀ। ਬਜ਼ੁਰਗਾਂ ਦੋਸਤਾਂ ਦੀਆਂ ਯਾਦਾਂ ਸਿਰਹਾਣੇ ਥੱਲਿਓਂ ਚੁੱਕ ਦਿੱਤੀਆਂ ਸਨ ਲੋਕਾਂ ਨੇ। ਲੋਕਾਂ ਨੂੰ ਸ਼ਾਇਦ ਭੁੱਲ ਗਈਆਂ ਸਨ ਗੀਤ ਸੁਪਨੇ ਤੇ ਦਾਦੀ ਦੀਆਂ ਦਿੱਤੀਆਂ ਲੋਰੀਆਂ। ਕਿਸੇ ਹੋਰ ਧਰਤ ਨੂੰ ਸ਼ਾਇਦ ਮਾਂ ਕਹਿ ਬੈਠਾ ਸੀ। ਜਿੱਥੇ ਮਾਂ ਦੀ ਗੋਦ ਵਰਗਾ ਨਿੱਘ ਨਹੀਂ ਲੱਭਦਾ।

ਉਜੜੇ ਦਰਾਂ, ਜੰਗਾਲੇ ਜਿੰਦਰਿਆਂ ਤੇ ਗੁਆਚੇ ਯਾਰਾਂ ਦੀਆਂ ਮਹਿਫ਼ਲਾਂ ਉਹਨੇ ਵਿਸਾਰ ਦਿੱਤੀਆਂ ਸਨ। ਔਖੇ ਵੇਲਿਆਂ ਦੀਆਂ ਸ਼ਹਿਦ ਉਹ ਕਹਾਣੀਆਂ ਭੁੱਲ ਗਿਆ ਸੀ। ਸੰਨ ਸੰਤਾਲੀ ਅਤੇ ਚੁਰਾਸੀ ਦਾ ਦੁਖਾਂਤ ਉਹਦੀ ਯਾਦ ਚੋਂ ਕਿਰ ਗਿਆ ਸੀ। ਦੋਸਤਾਂ ਨੂੰ ਮਿਲਣ ਜਾਂਦਾ ਜੇਬਾਂ ਚ ਖੁਸ਼ੀਆਂ ਤਾਂ ਪਾ ਲੈਂਦਾ ਪਰ ਹੰਝੂ ਘਰ ਭੁੱਲ ਜਾਂਦਾ। ਹਉਕੇ ਤੇ ਪੀੜਾਂ ਨੇ ਫਿਰ ਉਹਨੂੰ ਆਰਾਮ ਨਾ ਕਰਨ ਦਿੱਤਾ। ਉਹ ਰੋਂਦਾ ਤੇ ਚੀਸਾਂ ਸਹਾਰ ਨਾ ਹੁੰਦੀਆਂ।

ਉਹ ਕੁਝ ਹੀ ਦਿਨਾਂ ਦੀ ਗੁਲਾਮੀ ਬੰਦ ਘਰਾਂ ਵਿੱਚ ਰਹਿ ਕੇ ਤੋਤਿਆਂ ਦੇ ਪਿੰਜਰਿਆਂ ਦੇ ਤੇ ਪਸ਼ੂਆਂ ਦੇ ਸੰਗਲਾਂ ਰੱਸੀਆਂ ਵੱਲ ਦੇਖਣ ਲੱਗਾ। ਇਹ ਤਾਂ ਮੈਂ ਕਿੰਨਾਂ ਚਿਰਾਂ ਦੇ ਗੁਲਾਮ ਕੀਤੇ ਹੋਏ ਨੇ ਤਾੜੇ ਹੋਏ ਨੇ ਪਿੰਜਰਿਆਂ ਵਿੱਚ। ਉਹਨੂੰ ਸੋਚ ਕੇ ਪਤਾ ਲੱਗਾ ਕਿ ਕੈਦ ਦੀ ਸਜ਼ਾ ਇਕੱਲੇ ਰਹਿਣਾ ਬੰਦ ਕਮਰਿਆਂ ਵਿੱਚ ਕਿੰਨਾ ਮੁਸ਼ਕਲ ਹੁੰਦਾ ਹੈ।

ਗ਼ਰੀਬੀ ਮਸ਼ੱਕਤ ਦੇ ਖ਼ੂਨ ਪਸੀਨੇ ਦੀ ਕੀ ਕੀਮਤ ਹੁੰਦੀ ਹੈ। ਡੁੱਲ੍ਹਦੀਆਂ ਪੀੜਾਂ ਉਨੀਂਦਰੀਆਂ ਰਾਤਾਂ ਭੁੱਖਾਂ ਪਸੀਨੇ ਦੀ ਖੁਸ਼ਬੂ ਕਿੰਝ ਖੋਹ ਸਕਦੀਆਂ ਹਨ। ਮਾਪਿਆਂ ਤੇ ਯਾਰਾਂ ਦੇ ਵਿਛੋੜੇ ਦੀ ਕੀ ਅਹਿਮੀਅਤ ਹੁੰਦੀ ਹੈ ਉਹਨੇ ਦੁਆਰਾ ਸਬਕ ਪੜ੍ਹਿਆ। ਇਹ ਗਵਾਹੀ ਜੋ  ਸਦੀਆਂ ਵੀ ਭਰਦੀਆਂ ਨੇ ਉਹਨੇ ਰਾਹਾਂ ਵਿੱਚ ਲਿਖਿਆ ਦੇਖਿਆ ਤੇ ਸੋਚਿਆ ਕਿ ਬਚਪਨ ਦੇ ਗੁਆਚੇ ਤਾਂ ਪ੍ਰਛਾਵੇਂ ਵੀ ਨਹੀਂ ਲੱਭਦੇ ਹੁੰਦੇ। ਉਹ ਥਾਵਾਂ ਜਿਨ੍ਹਾਂ ਤੇ ਖੇਡ ਖੇਡ ਕੇ ਬਚਪਨ ਉਸਾਰਿਆ, ਗਾਇਆ ਤੇ ਜ਼ਿੰਦਗੀ ਨੂੰ ਅਗਾਂਹ ਤੋਰਿਆ ਮੁੜ ਨਹੀਂ ਹੱਸਦੇ ਹੁੰਦੇ । ਆਪਣੇ ਹੱਥੀਂ ਨਹੀਂ ਬਣਾਏ ਜਾਂਦੇ ਮਿੱਟੀ ਦੇ ਘਰ ਬਚਪਨ ਲੰਘ ਜਾਵੇ ਤਾਂ। ਬੁੱਢੇ ਘਰਾਂ ਦੀਆਂ ਸਾਰਾਂ ਤਾਂ ਅੱਥਰੂ ਹੀ ਲੈਂਦੇ ਨੇ ਕਦੇ ਕਦਾਈਂ।

ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਨੇ ਜਦੋਂ ਨੇੜੇ 2 ਹੋ ਕੇ ਤੱਕਿਆ ਤਾਂ ਜਿੰਦਗੀ ਦੀ ਪਰਿਭਾਸ਼ਾ ਕੋਈ ਹੋਰ ਸੀ। ਦੋਸਤਾਂ ਦੀ ਪਿਆਸ ਕੁਝ ਹੋਰ ਸੀ ਭੁੱਖ ਕੋਈ ਹੋਰ ਸੀ।

ਸਮਾਂ ਆਇਆ ਤਾਂ ਯਾਰ ਯਾਰਾਂ ਲਈ ਦੁਆਵਾਂ ਕਰਨ ਲੱਗੇ। ਦੁਸ਼ਮਣ ਘਰੀਂ ਤਲਵਾਰਾਂ ਖੰਜਰ ਵੀ ਨਾਲ ਲਿਜਾਣੀਆਂ ਭੁੱਲ ਗਏ। ਕੁੜਤਿਆਂ ਕਮੀਜ਼ਾਂ ਦੀਆਂ ਜੇਬਾਂ ਚ ਦਵਾ ਤੇ ਦੁਆਵਾਂ ਸਨ।

ਜੇ ਇੰਜ ਰਿਹਾ ਤਾਂ ਮਿੱਟੀਆਂ ਦੇ ਰੁਦਨ ਖੁਰ ਜਾਣਗੇ। ਚੁੱਪ ਹੋ ਜਾਣਗੀਆਂ ਸਦੀਆਂ ਦੀਆਂ ਚੀਸਾਂ। ਦੋਸਤੀਆਂ ਦਾਗ ਲੱਗਣੋਂ ਬੱਚ ਜਾਣਗੀਆਂ।ਬਚਪਨ ਦੀਆਂ ਯਾਰੀਆਂ ਮੁੜ ਲੱਭ ਜਾਣਗੀਆਂ। ਏਅਰ ਪੋਰਟਾਂ ਤੇ ਵਿਛੋੜਿਆਂ ਦੀ ਜਗ੍ਹਾ ਤੇ ਸੈਰ ਸਪਾਟੇ ਲਿਖੇ ਜਾਣਗੇ। ਚਾਅ ਆਪਣੇ ਹੱਥੀਂ ਬੰਦ ਕੀਤੇ ਦਰਵਾਜ਼ੇ ਖੋਲ੍ਹਣਗੇ। ਰਾਹ ਰੁੱਖ ਤੇਰੀਆਂ ਖੈਰਾਂ ਮੰਗਦੇ ਨਹੀਂ ਥੱਕਣਗੇ।

ਗਲਵੱਕੜੀਆਂ ਚੋਂ ਰੀਝਾਂ ਨਹੀਂ ਮਰਨਗੀਆਂ। ਮੁਸਕਾਣਾ ਨਹੀਂ ਮਿਟਣਗੀਆਂ ਬੁੱਲ੍ਹਾਂ ਤੋਂ। ਵਸਲ ਨਹੀਂ ਗੁਆਚਣਗੇ ਸਮਿਆਂ ਚੋਂ। ਸ਼ਬਦ ਤਿੱਖੇ ਤੀਰ ਨਹੀਂ ਬਣਨਗੇ। ਦਿਲ ਦੀਆਂ ਪਰਤਾਂ ਚ ਮੋਹ ਦਾ ਲਹੂ ਟਪਕੇਗਾ।

ਨਾਨਕ ਦੀਆਂ ਪੈੜਾਂ ਦੀਆਂ ਛੋਹ ਲੱਭਣ ਤੁਰਨਗੇ ਲੋਕ। ਬੂਹੇ ਤਾਲੇ ਲਾ ਨਹੀਂ ਬੈਠਣਗੇ ਅੰਦਰ। ਦਰਵਾਜ਼ੇ ਨਹੀਂ ਵਰਜਣਗੇ ਯਾਰਾਂ ਨੂੰ ਅੰਦਰ ਆਉਣ ਤੋਂ। ਧਰਤੀਆਂ ਅੱਡਾ ਖੱਡਾ ਖੇਡਣ ਲਈ ਹਿੱਕਾਂ ਖੋਲ੍ਹਣਗੀਆਂ।

ਨਫ਼ਰਤਾਂ ਨਸ਼ੇ ਹੰਕਾਰ ਪੂੰਝੇ ਜਾ ਸਕਦੇ ਹਨ ਗਲੀਆਂ ਚੋਂ। ਅਣਿਆਏ ਜ਼ੁਲਮ ਗੋਲੀਆਂ ਕਬਰਾਂ ਨੂੰ ਤੋਰੀਆਂ ਜਾ ਸਕਦੀਆਂ ਹਨ। ਭੋਜਨ ਮਿਲਾਵਟ ਕਰਨ ਵਾਲਿਆਂ ਨੂੰ ਸਬਕ ਸਿੱਖਣਾ ਚਾਹੀਦਾ ਹੈ। ਸਾਦਗੀ ਨੂੰ ਵਿਹੜਿਆਂ ਚ ਸੱਦਣ ਦਾ ਵੇਲਾ ਆ ਗਿਆ ਹੈ।

ਬਜ਼ੁਰਗਾਂ ਦੀ ਤੰਦਰੁਸਤੀ ਪੁੱਛਣ ਦਾ ਸਮਾਂ ਹੈ। ਆਂਡ ਗੁਆਂਡ ਚ ਮਿਲਵਰਤਨ ਪਿਆਰ ਦੀ ਘੜੀ ਪਰਤੀ ਹੈ। ਵਾਧੂ ਖ਼ਰਚਿਆਂ ਤੇ ਬੇਲੋੜੇ ਦਿਖਾਵਿਆਂ ਤੋਂ ਬਚਾਏਗਾ ਇਹ ਸਮਾਂ। ਮਿਹਨਤ ਮੁਸ਼ੱਕਤ ਤੇ ਹੱਥੀਂ ਕੰਮ ਕਰਨ ਦਾ ਰਿਵਾਜ ਪਵੇਗਾ। ਅਜ਼ਵਾਇਨ ਲਸਣ ਅਦਰਕ ਸੌਂਫ ਹਲਦੀ ਨਿੰਬੂ ਤੇ ਹੋਰ ਜੜੀ ਬੂਟੀਆਂ ਦੀ ਪੁੱਛ ਪੜਤਾਲ ਵਧੇਗੀ। ਅਲਸੀ ਮੇਥਿਆਂ ਗੁੜ ਦਾ ਰਾਜ ਆਵੇਗਾ।

ਵੱਡੇ ਵੱਡੇ ਇਕੱਠਾਂ ਧੰਨ ਦੌਲਤ ਨੂੰ ਸਿੱਧੇ ਰਾਹੇ ਪਾਣਗੇ ਇਹ ਪਹਿਰ।ਪੁਜਾਰੀਆਂ ਪੰਡਤਾਂ ਭਾਈਆਂ ਪਖੰਡੀਆਂ ਜੰਤਰਾਂ ਮੰਤਰਾਂ ਦੇ ਪਖੰਡਾਂ ਨੂੰ ਦਫ਼ਨਾਏਗਾ ਇਹ ਵੇਲਾ।

ਸਾਂਝਾਂ ਪਰਤਣਗੀਆਂ ਫਿੱਕੇ ਬੋਲ ਮਰਨਗੇ। ਦਿਆਲਤਾ ਤਿਆਗ ਸਾਦਗੀ ਦਰਾਂ ਤੇ ਆ ਖੜ੍ਹੇਗੀ।ਮਜ਼ਹਬਾਂ ਦੇ ਰਾਹ ਸੁੰਨੇ ਹੋਣਗੇ। ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਮੁਹੱਲਿਆਂ ਚ ਮੁਹੱਬਤਾਂ ਮੁਸਕਰਾਉਂਦੀਆਂ ਆ ਖੜ੍ਹੀਆਂ ਹੋਣਗੀਆਂ।

ਗੁਆਚਾ ਸੱਭਿਆਚਾਰ ਘਰੀਂ ਪਰਤੇਗਾ। ਧਾਰਮਿਕਤਾ ਤੇ ਸਿਆਸਤ ਵੀ ਸ਼ਾਇਦ ਕੁਝ ਸੋਚ ਲਵੇ ਕੇ ਗੁਰਬਤ ਦੇ ਘਰੀਂ ਵੀ ਜਾਈਦਾ। ਭਲਾਈ ਪਿੰਡਾਂ ਸ਼ਹਿਰਾਂ ਦੇ ਨੌਜਵਾਨਾਂ ਬੰਦਿਆਂ ਔਰਤਾਂ ਤੇ ਬੱਚਿਆਂ ਦੇ ਤੋਤਲੇ ਬੋਲਾਂ ਵਿੱਚ ਵੀ ਦਿੱਸੇਗੀ। ਰੁੱਖ ਵੀ ਇੱਕ ਦੂਸਰੇ ਦੀ ਸੁੱਖ ਸਾਂਦ ਪੁੱਛਣ ਤੁਰਨਗੇ।

ਜੇ ਪਹਿਰਾਂ ਘੜੀਆਂ ਨੇ ਸਮੇਂ ਦੀ ਨਬਜ਼ ਪਛਾਣੀ ਅੱਖ ਚ ਅੱਖ ਪਾ ਕੇ ਦੇਖਿਆ ਤਾਂ ਸਫਾਈ ਦੀ ਮਹਾਨਤਾ ਦਾ ਸਿਰਨਾਵਾਂ ਲੱਭਣਗੇ ਲੋਕ। ਗਲਵਕੜੀਆਂ ਲਈ ਤਰਸਣਗੇ। ਮਹਿਫ਼ਲਾਂ ਲਈ ਵਿਲਕਣਗੇ ਰਾਹ ਗਲੀਆਂ। ਸੁਰਖ ਤਵੀਆਂ ਠੰਢੀਆਂ ਕਰਨਗੇ ਅਰਸ਼। ਨਾਨਕ ਦੇ ਬੋਲ ਭਾਲਣਗੇ ਨਵੇਂ ਸਵੇਰੇ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION