28.1 C
Delhi
Thursday, April 25, 2024
spot_img
spot_img

ਕੋਵਿਡ-19 ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ‘ਚ ਸਫਾਈ ਤੇ ਸਵੱਛਤਾ ਬਣਾਈ ਰੱਖਣ ਸਬੰਧੀ ਐਡਵਾਇਜ਼ਰੀ ਜਾਰੀ

ਚੰਡੀਗੜ, 6 ਮਈ, 2020 –
ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਵਿਚ ਸਫਾਈ ਅਤੇ ਸਵੱਛਤਾ ਬਣਾਈ ਰੱਖਣ ਬਾਰੇ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ ਤਾਂ ਜੋ ਕੋਵਿਡ -19 ਮਹਾਂਮਾਰੀ ਤੋਂ ਸਟਾਫ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਨੋਵਲ ਕੋਰੋਨਾਵਾਇਰਸ (ਕੋਵਿਡ -19) ਇੱਕ ਲਾਗ ਦੀ ਬਿਮਾਰੀ ਹੈ, ਜਿਹੜੀ ਬਹੁਤੇ ਮਾਮਲਿਆਂ ਵਿੱਚ ਰੈਸਪੀਰੇਟਰੀ ਡਰਾਪਲਿਟਜ਼ ਰਾਹੀਂ, ਪੀੜਤ ਲੋਕਾਂ ਨਾਲ ਸਿੱਧਾ ਸੰਪਰਕ ਅਤੇ ਦੂਸ਼ਿਤ ਸਤਹ / ਵਸਤੂਆਂ ਰਾਹੀਂ ਫੈਲਦੀ ਹੈ ਅਤੇ ਇਸ ਵਾਇਰਸ ਨੂੰ ਰਸਾਇਣਕ ਕੀਟਾਣੂ ਨਾਸ਼ਕ ਰਾਹੀਂ ਆਸਾਨੀ ਨਾਲ ਨਸ਼ਟ ਕੀਤਾ ਜਾ ਸਕਦਾ ਹੈ।

ਇਸ ਪ੍ਰਕਾਰ ਵਾਇਰਸ ਬਾਰੇ ਸਹੀ ਅਤੇ ਸਮੇਂ ਸਿਰ ਮਿਲੀ ਜਾਣਕਾਰੀ ਇਸ ਮਹਾਂਮਾਰੀ ਨੂੰ ਕਾਬੂ ਕਰਨ ਵਿੱਚ ਅਹਿਮ ਸਥਾਨ ਰੱਖਦੀ ਹੈ। ਰਾਜ ਸਰਕਾਰ ਨੇ ਸੇਵਾ ਕੇਂਦਰਾਂ ਵਲੋਂ ਦਿੱਤੀਆਂ ਜਾਂਦੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਪੜਾਅਵਾਰ ਪਹੁੰਚ ਅਪਣਾਉਣ ਦੀ ਯੋਜਨਾ ਬਣਾਈ ਹੈ।ਸਰਕਾਰ ਵਲੋਂ ਸੇਵਾਵਾਂ ਨੂੰ ਮੁੜ ਤੋਂ ਚਾਲੂ ਕਰਨ ਦੀ ਆਗਿਆ ਦਿੱਤੀ ਗਈ ਹੈ ਅਤੇ ਸੇਵਾ ਕੇਂਦਰ ਜਲਦ ਹੀ ਸਰਕਾਰ ਦੁਆਰਾ ਨਿਰਧਾਰਤ ਯੋਜਨਾ ਅਨੁਸਾਰ ਆਪਣੇ ਕੰਮ ਸ਼ੁਰੂ ਕਰਨਗੇ।

ਐਡਵਾਇਜ਼ਰੀ ਮੁਤਾਬਕ ਸਟਾਫ ਦੀ ਹਾਜ਼ਰੀ ਸਬੰਧੀ ਇਕ ਵਿਆਪਕ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ ਜਿਸ ਤਹਿਤ ਸਟਾਫ ਨੂੰ ਇਸ ਤਰੀਕੇ ਨਾਲ ਬਿਠਾਇਆ ਜਾਵੇ ਕਿ ਉਨਾਂ ਵਿਚ ਹਰ ਸਮੇਂ ਘੱਟੋ ਘੱਟ ਇਕ ਮੀਟਰ ਦੀ ਦੂਰੀ ਬਰਕਰਾਰ ਰਹੇ। ਉਨਾਂ ਅੱਗੇ ਕਿਹਾ ਕਿ ਸਟਾਫ ਲਈ ਇੱਕ- ਇੱਕ ਕਾਊਂਟਰ ਛੱਡਕੇ ਬੈਠਣ ਸਬੰਧੀ ਸੰਭਾਵਨਾ ਵੀ ਤਲਾਸ਼ੀ ਜਾ ਰਹੀ ਹੈ। ਦਫਤਰੀ ਕੰਮਕਾਜ ਦੇ ਸਮੇਂ ਵਿਚ ਤਬਦੀਲੀ ਲਿਆਂਦੀ ਜਾ ਸਕਦੀ ਹੇ , ਦੁਪਹਿਰ ਦੇ ਖਾਣੇ ਅਤੇ ਚਾਹ-ਬਰੇਕ ਦੇ ਸਮੇਂ ਨੂੰ ਲੋੜ ਅਨੁਸਾਰ ਅੱਗੇ ਪਿੱਛੇ ਕਰਨ ਸਬੰਧੀ ਯੋਜਨਾ ਬਣਾਈ ਜਾਵੇ ਤਾਂ ਜੋ ਸਟਾਫ ਦੇ ਇਕੱਠ ਨੂੰ ਰੋਕਿਆ ਜਾ ਸਕੇ।

ਉਨਾਂ ਅੱਗੇ ਕਿਹਾ ਕਿ ਸਟਾਫ ਵਲੋਂ ਤਰਜੀਹੀ ਤੌਰ ‘ਤੇ ਘੱਟੋ ਘੱਟ 20 ਸੈਕਿੰਡ ਲਈ ਸਾਬਣ ਨਾਲ ਹੱਥ ਧੋਤੇ ਜਾਣ ਅਤੇ ਦੋ ਘੰਟੇ ਦੀ ਹੈਂਡ ਵਾਸ਼ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਦਸਤਾਵੇਜ਼ਾਂ ਜਾਂ ਨਕਦ ਲੈਣ-ਦੇਣ ਕਰਨ ਵਾਲੇ ਅਮਲੇ ਨੂੰ ਲੈਣ-ਦੇਣ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ। ਅਮਲੇ ਨੂੰ ਚਾਹ-ਬਰੇਕ / ਦੁਪਹਿਰ ਦੇ ਖਾਣੇ ਦੀ ਬਰੇਕ ਦੇ ਸਮੇਂ ਰਿਫਰੈਸ਼ਮੈਂਟ ਨੂੰ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਧੋਣਾ / ਸਾਫ਼ ਕਰਨਾ ਚਾਹੀਦਾ ਹੈ । ਸਟਾਫ ਵਲੋਂ ਖਾਣਾ ਅਤੇ ਬਰਤਨ ਆਪਸ ਵਿਚ ਸਾਂਝੇ ਨਾ ਕੀਤੇ ਜਾਣ।

ਬੁਲਾਰੇ ਨੇ ਕਿਹਾ ਕਿ ਜੇਕਰ ਸੇਵਾ ਕੇਂਦਰ ਵਿਚ ਕਿਸੇ ਨੂੰ ਤੇਜ਼ ਬੁਖਾਰ ਹੋਵੇ ਤਾਂ ਇਸਦਾ ਇਹ ਮਤਲਬ ਨਹੀਂ ਕਿ ਉਹ ਕੋਵਿਡ -19 ਤੋਂ ਪੀੜਤ ਹੈ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਅਜਿਹੇ ਸਟਾਫ ਨੂੰ ਜਲਦ ਤੋਂ ਜਲਦ ਬਾਕੀ ਦਫਤਰ ਨਾਲੋਂ ਕੁਅਰੰਟਾਈਨ ਕਰਕੇ ਡਾਕਟਰੀ ਜਾਂਚ ਕਰਵਾਈ ਜਾਵੇ। ਕੋਵਿਡ -19 ਨਾਲ ਸਬੰਧਤ ਬੁਖਾਰ ਜਾਂ ਹੋਰ ਲੱਛਣਾਂ ਦੀ ਸਥਿਤੀ ਵਿੱਚ ਸਟਾਫ ਨੂੰ ਘਰ ਰਹਿਣ ਲਈ ਉਤਸ਼ਾਹਤ ਕੀਤਾ ਜਾਵੇ।

ਜੇ ਕਿਸੇ ਸਹਿ-ਕਰਮਚਾਰੀ / ਸਹਿਕਰਮੀ ਦੀ ਪਛਾਣ ਕੋਵਿਡ-19 ਪਾਜ਼ੀਟਿਵ ਵਜੋਂ ਕੀਤੀ ਜਾਂਦੀ ਹੈ ਅਤੇ ਉਹ ਦਫ਼ਤਰ ਵਿਚ ਆਪਣੀ ਹਾਜ਼ਰੀ ਦੌਰਾਨ ਕਿਸੇ ਦੇ ਸੰਪਰਕ ਵਿਚ ਆਇਆ ਹੋਵੇ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਦਫਤਰ ਦੇ ਮੁਖੀ ਨੂੰ ਤੁਰੰਤ ਹੈਲਪਲਾਈਨ ਨੰਬਰ 104 / ਸਟੇਟ ਕੰਟਰੋਲ ਰੂਮ ਨੰਬਰ 01722920074/08872090029 ਤੇ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਅਗਲੇਰੀ ਲੋੜੀਂਦੀ ਕਾਰਵਾਈ ਕਰਕੇ ਡਾਕਟਰੀ ਸਹੂਲਤ ਲੈਣ ਵਿਚ ਸਹਾਇਤਾ ਮਿਲ ਸਕੇ। ਉਨਾਂ ਅੱਗੇ ਕਿਹਾ ਕਿ ਹੈਲਪਲਾਈਨ ਨੰਬਰਾਂ ਤੇ ਸਟਾਫ ਅਤੇ ਦਫਤਰ ਵਿਚ ਹਾਜ਼ਰੀ ਦੌਰਾਨ ਹੋਣ ਵਾਲੇ ਸੰਪਰਕਾਂ ਸਬੰਧੀ ਸਾਰੇ ਤੱਥਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।

ਬੁਲਾਰੇ ਨੇ ਕਿਹਾ ਕਿ ਦਫਤਰ ਵਿਚ ਆਉਣ ਵਾਲੇ ਸਾਰੇ ਕਰਮਚਾਰੀਆਂ ਅਤੇ ਨਾਗਰਿਕਾਂ, ਜੋ ਕਿਸੇ ਵਿਸ਼ੇਸ਼ ਦਿਨ ਸੇਵਾ ਕੇਂਦਰ ਦਾ ਦੌਰਾ ਕਰ ਚੁੱਕੇ ਹਨ, ਦਾ ਪੂਰਾ ਅਤੇ ਢੁਕਵਾਂ ਰਿਕਾਰਡ ਰੱਖਿਆ ਜਾਣਾ ਚਾਹੀਦਾ ਹੈ। ਸਟਾਫ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੇਵਾ ਕੇਂਦਰ ਜਾਂ ਇਸ ਦੇ ਆਲੇ-ਦੁਆਲੇ / ਬਾਹਰ ਗੈਰ ਜ਼ਰੂਰੀ ਤਰੀਕੇ ਨਾਲ ਘੁੰਮਣ ਤੋਂ ਗੁਰੇਜ ਕਰਨ ਅਤੇ ਆਪਣੀ ਨਿਰਧਾਰਤ ਜਗਾ ਤੋਂ ਹੀ ਕੰਮ ਕਰਨ। ਸਟਾਫ ਦੇ ਆਪਸੀ ਸੰਚਾਰ ਲਈ ਇੰਟਰਕੌਮ / ਇਲੈਕਟ੍ਰਾਨਿਕ ਮੀਡੀਆ ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਜਾਵੇ।ਸਟਾਫ ਨੂੰ ਕੱਪੜੇ ਦੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਵਰਤੋਂ ਤੋਂ ਬਾਅਦ ਮਾਸਕ ਨੂੰ ਹਰ ਰੋਜ਼ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ।

ਬੁਲਾਰੇ ਨੇ ਕਿਹਾ ਕਿ ਸਟਾਫ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜਿਕ ਦੂਰੀ, ਹੱਥ ਨਾ ਮਿਲਾਉਣ, ਹੱਥ ਸਾਫ ਕਰਨ, ਮਾਸਕ ਅਤੇ ਦਸਤਾਨੇ ਪਹਿਨਣ, ਸਾਬਣ ਅਤੇ ਪਾਣੀ ਨਾਲ ਹੱਥ ਧੋਣ ਅਤੇ ਸੈਨੀਟਾਈਜ਼ਰ ਦੀ ਵਰਤੋਂ ਸਬੰਧੀ ਸੰਦੇਸ਼ਾਂ ਵਾਲੇ ਪੋਸਟਰਾਂ ਨੂੰ ਸੇਵਾ ਕੇਂਦਰ ਦੇ ਪ੍ਰਵੇਸ਼ ਦਰਵਾਜ਼ੇ ‘ਤੇ ਲਗਾਇਆ ਜਾਵੇ। ਬੁਖਾਰ ਤੋਂ ਪੀੜਤ ਕਰਮਚਾਰੀਆਂ ਦੀ ਜਾਂਚ ਕਰਨ ਲਈ ਸੇਵਾ ਕੇਂਦਰਾਂ ਦੀ ਐਂਟਰੀ ਤੇ ਥਰਮਲ ਸਕੈਨਰਾਂ ਦੀ ਸਥਾਪਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਸੇਵਾ ਕੇਂਦਰ ਦੇ ਸੇਵਾ ਖੇਤਰ ਸਾਹਮਣੇ 6 ਫੁੱਟ ਦੀ ਦੂਰੀ ਤੇ ਲਾਈਨਾਂ/ਵਰਗ/ਚੱਕਰ ਲਗਾ ਕੇ ਨਿਸ਼ਾਨਦੇਹੀ ਕੀਤੀ ਜਾਵੇ। ਇਸੇ ਤਰਾਂ ਸਾਰੇ ਕਾਊਂਟਰਾਂ ਦੇ ਸਾਹਮਣੇ ਵੀ ਲਾਈਨਾਂ/ਵਰਗ/ਚੱਕਰ ਲਗਾ ਕੇ ਨਿਸ਼ਾਨਦੇਹੀ ਕੀਤੀ ਜਾਵੇ। ਕਾਊਂਟਰ ਤੋਂ ਪਹਿਲਾਂ ਲਾਈਨ / ਵਰਗ / ਚੱਕਰ ਘੱਟੋ-ਘੱਟ 2 ਫੁੱਟ ਦੂਰੀ ਤੇ ਲਗਾਇਆ ਜਾਵੇ ਤਾਂ ਜੋ ਕਾਊਂਟਰ ਅਤੇ ਲੋਕਾਂ ਵਿਚ ਦੂਰੀ ਬਣਾਈ ਜਾ ਸਕੇ।

ਲੋਕਾਂ ਨੂੰ ਇਨਾਂ ਲਾਈਨਾਂ/ਵਰਗਾਂ/ਚੱਕਰਾਂ ਵਿੱਚ ਖੜੇ ਰਹਿ ਕੇ ਆਪਣੀ ਵਾਰੀ ਦੀ ਉਡੀਕ ਕਰਨ ਦੀ ਸਲਾਹ ਦਿੱਤੀ ਜਾਵੇ ਤਾਂ ਜੋ ਦੋ ਲੋਕਾਂ ਦਰਮਿਆਨ ਉਚਿਤ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾ ਸਕੇ।

ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਸੇਵਾ ਕੇਂਦਰ ਵਿਖੇ ਆਉਣ ਵਾਲੇ ਬਜ਼ੁਰਗਾਂ ਲਈ ਅਲੱਗ ਲਾਈਨ ਬਣਾਈ ਜਾਵੇ। ਬਜ਼ੁਰਗਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਭੀੜ ਵਾਲੇ ਸਥਾਨ ਜਿਸ ਵਿਚ ਸੇਵਾ ਕੇਂਦਰ ਵੀ ਸ਼ਾਮਿਲ ਹਨ ਵਿਖੇ ਜਾਣ ਤੋਂ ਪਰਹੇਜ਼ ਕਰਨ ਅਤੇ ਆਪਣੇ ਕੰਮ ਲਈ ਕਿਸੇ ਰਿਸ਼ਤੇਦਾਰ/ਸੰਭਾਲ ਕਰਨ ਵਾਲੇ ਨੂੰ ਕਹਿਣ। ਸੇਵਾ ਕੇਂਦਰਾਂ ਵਿੱਚ ਬਿਨਾਂ ਕੰਮ ਤੋਂ ਕਿਸੇ ਨੂੰ ਵੀ ਅੰਦਰ ਨਾ ਆਉਣ ਦਿੱਤਾ ਜਾਵੇ ਅਤੇ ਸਿਰਫ ਅਪੰਗ, ਔਰਤਾਂ ਅਤੇ ਬਜ਼ੁਰਗਾਂ ਨਾਲ ਹੀ ਕਿਸੇ ਸਹਾਇਕ ਨੂੰ ਅੰਦਰ ਆਉਣ ਦਿੱਤਾ ਜਾਵੇ ।

ਐਡਵਾਇਜ਼ਰੀ ਵਿੱਚ ਇਹ ਸਲਾਹ ਦਿੱਤੀ ਗਈ ਹੈ ਕਿ ਸੇਵਾ ਕੇਂਦਰਾਂ ਵਿੱਚ ਸਿਰਫ ਯੋਗ ਨਿਯੁਕਤੀ ਸਮਾਂ ਲੈ ਕੇ ਆਉਣ ਵਾਲੇ ਲੋਕਾਂ ਨੂੰ ਹੀ ਅੰਦਰ ਆਉਣ ਦਿੱਤਾ ਜਾਵੇ। ਸੇਵਾ ਕੇਂਦਰ ਦੇ ਪ੍ਰਵੇਸ਼ ਦੁਆਰ ਤੇ ਨਿਯੁਕਤੀ ਤੈਅ ਕਰਨ ਦੀ ਪ੍ਰਕਿਰਿਆ ਦਾ ਯੋਜਨਾਬੱਧ ਵਿਧੀ ਨਾਲ ਪ੍ਰਚਾਰ ਕੀਤਾ ਜਾਵੇ । ਲੋਕਾਂ ਵੱਲੋਂਂ ਪ੍ਰਾਪਤ ਕੀਤੀ ਸੇਵਾ ਲਈ ਡਿਜੀਟਲ ਭੁਗਤਾਨ ਕਰਨ ਨੂੰ ਪ੍ਰੇਰਿਤ ਕੀਤਾ ਜਾਵੇ ।ਕਾਊਂਟਰ ਤੇ ਕਿਸੇ ਨੂੰ ਵੀ ਦਸਤਾਵੇਜ ਦੇਣ ਤੋਂ ਪਰਹੇਜ ਕੀਤਾ ਜਾਵੇ ਅਤੇ ਦਸਤਾਵੇਜਾਂ ਨੂੰ ਸਪੀਡ ਪੋਸਟ ਨਾਲ ਭੇਜਣ ਨੂੰ ਤਰਜੀਹ ਦਿੱਤੀ ਜਾਵੇ।

ਸਟਾਫ ਅਤੇ ਲੋਕਾਂ ਨੂੰ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂਂ ਬਣਾਈ ਗਈ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾਵੇ।

ਅੰਦਰੂਨੀ ਖੇਤਰ ਜਿਵੇਂ ਕਿ ਦਫ਼ਤਰੀ ਥਾਵਾਂ, ਉਡੀਕ ਥਾਵਾਂ, ਸਟਾਫ ਦੇ ਬੈਠਣ ਦਾ ਖੇਤਰ ਆਦਿ ਨੂੰ ਹਰ ਸ਼ਾਮ ਸੇਵਾ ਕੇਂਦਰ ਸਮੇਂ ਤੋਂ ਬਾਅਦ ਜਾਂ ਸਵੇਰੇ ਸਮੇਂ ਤੋਂ ਪਹਿਲਾਂ ਸਾਫ਼ ਕੀਤਾ ਜਾਵੇ। ਜੇਕਰ ਕੋਈ ਵੀ ਸਤਿਹ ਤੇ ਗੰਦਗੀ ਦਿਖਾਈ ਦਿੰਦੀ ਹੈ ਤਾਂ ਇਸ ਨੂੰ ਸਾਬਣ ਤੇ ਪਾਣੀ ਨਾਲ ਸਾਫ਼ ਕਰਨ ਤੋਂ ਬਾਅਦ ਡਿਸਇਨਫੈਕਟ ਕੀਤਾ ਜਾਵੇ। ਸਫ਼ਾਈ ਕਰਨ ਤੋਂ ਪਹਿਲਾਂ ਵਰਕਰ ਵੱਲੋਂਂ ਡਿਸਪੋਜ਼ੇਬਲ ਰਬੜ ਬੂਟ, ਦਸਤਾਨੇ (ਹੈਵੀ ਡਿਊਟੀ), ਕੱਪੜੇ ਦਾ ਮਾਸਕ ਪਹਿਨਿਆ ਜਾਵੇ।ਸਾਫ਼ ਸਥਾਨਾਂ ਤੋਂ ਸਫ਼ਾਈ ਸ਼ੁਰੂ ਕੀਤੀ ਜਾਵੇ, ਜਿਸ ਤੋਂ ਬਾਅਦ ਜ਼ਿਆਦਾ ਗੰਦਗੀ ਵਾਲੇ ਖੇਤਰਾਂ ਵੱਲ ਸਫ਼ਾਈ ਕੀਤੀ ਜਾਵੇ।

ਸਾਰੇ ਅੰਦਰੂਨੀ ਖੇਤਰ ਜਿਵੇਂ ਕਿ ਦਫ਼ਤਰੀ ਥਾਵਾਂ, ਉਡੀਕ ਥਾਵਾਂ, ਸਟਾਫ ਦੇ ਬੈਠਣ ਦਾ ਖੇਤਰ ਆਦਿ ਨੂੰ 1 ਪ੍ਰਤੀਸ਼ਤ ਸੋਡੀਅਮ ਹਾਈਪੋਕੋਲੋਰਾਈਟ ਨਾਲ ਜਾਂ ਮਾਰਕਿਟ ਵਿੱਚ ਉਪਲਬੱਧ ਇਸ ਬਰਾਬਰ ਦੇ ਹੋਰ ਸਫ਼ਾਈ ਪ੍ਰੋਡਕਟ ਨਾਲ ਡਿਸਇਨਫੈਕਟ ਕੀਤਾ ਜਾਵੇ।ਜ਼ਿਆਦਾ ਛੂਹਣ ਵਾਲੀਆਂ ਵਸਤੂਆਂ ਜਿਵੇਂ ਕਿ ਪਬਲਿਕ ਕਾਉਂਟਰ, ਇੰਟਰਕਾਮ ਸਿਸਟਮ, ਟੈਲੀਫੋਨ, ਪ੍ਰਿੰਟਰ/ਸਕੈਨਰ ਅਤੇ ਦਫ਼ਤਰ ਦੀਆਂ ਹੋਰ ਮਸ਼ੀਨਾਂ ਨੂੰ ਰੋਜ਼ਾਨਾ 2 ਵਾਰ ਸੋਡੀਅਮ ਹਾਈਪੋਕੋਲੋਰਾਈਟ ਸੋਲਿਉਸ਼ਨ (1 ਪ੍ਰਤੀਸ਼ਤ ) ਦੇ ਗਿੱਲੇ ਕੱਪੜੇ ਜਾਂ ਮਾਰਕੀਟ ਵਿੱਚ ਉਪਲਬੱਧ ਇਸ ਬਰਾਬਰ ਦੇ ਹੋਰ ਸਫ਼ਾਈ ਪ੍ਰੋਡਕਟ ਨਾਲ ਸਾਫ਼ ਕੀਤਾ ਜਾਵੇ।

ਧਾਤਾਂ ਦੀਆਂ ਵਸਤੂਆਂ ਜਿਵੇਂ ਕਿ ਦਰਵਾਜਿਆਂ ਦੇ ਹੈਂਡਲ, ਸਿਕਉਰਿਟੀ ਲੋਕ (ਜ਼ਿੰਦਰੇ), ਚਾਬੀਆਂ ਆਦਿ ਨੂੰ ਸਾਫ਼ ਕੀਤਾ ਜਾਵੇ। ਜੋ ਚੀਜ਼ਾਂ/ਸਤਿਹਾਂ ਨੂੰ ਬਲੀਚ ਪਾਊਡਰ ਨਾਲ ਸਾਫ਼ ਨਹੀਂ ਕੀਤਾ ਜਾ ਸਕਦਾ, ਉਨਾਂ ਨੂੰ 70 ਪ੍ਰਤੀਸ਼ਤ ਅਲਕੋਹਲ ਯੁਕਤ ਡਿਸਇਨਫੈਕਟੇਂਟ ਨਾਲ ਸਾਫ਼ ਕੀਤਾ ਜਾਵੇ।ਸਾਫ਼-ਸਫ਼ਾਈ ਲਈ ਵਰਤੇ ਗਏ ਸਮਾਨ ਨੂੰ ਵੀ ਇਸਤੇਮਾਲ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਸਾਫ਼ ਕੀਤਾ ਜਾਵੇ।

ਸਫਾਈ ਕਰਮਚਾਰੀਆਂ ਵੱਲੋਂਂ ਸੁਰੱਖਿਆ ਲਈ ਪਹਿਨੇ ਗਏ ਪ੍ਰੋਟੈਕਟਿਵ ਗਿਅਰ ਨੂੰ ਨਿਯਮਿਤ ਢੰਗ ਨਾਲ ਨਸ਼ਟ ਕੀਤਾ ਜਾਵੇ।ਸਫ਼ਾਈ ਕਰਮਚਾਰੀਆਂ ਵੱਲੋਂਂ ਹਰ ਪਖਾਨੇ ਦੀ ਸਫ਼ਾਈ ਲਈ ਵੱਖਰੇ ਸਮਾਨ ਦੀ ਵਰਤੋਂ ਕੀਤੀ ਜਾਵੇ (ਜਿਵੇਂ ਕਿ ਪੋਚੇ, ਝਾੜੂ, ਨਾਈਲੋਨ ਸਕਰਬਰ ਆਦਿ) ਅਤੇ ਸਿੰਕ ਅਤੇ ਕੰਬੋਡ ਆਦਿ ਦੀ ਸਫ਼ਾਈ ਲਈ ਸਮਾਨ ਦੇ ਵੱਖਰੇ ਸੈੱਟ ਦੀ ਵਰਤੋਂ ਕੀਤੀ ਜਾਵੇ।

ਬੁਲਾਰੇ ਨੇ ਕਿਹਾ ਕਿ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਕੰਮ ਵਾਲੀਆਂ ਥਾਵਾਂ ਤੇ ਕੁਦਰਤੀ ਹਵਾ ਨੂੰ ਪ੍ਰਮੁੱਖਤਾ ਦਿੱਤੀ ਜਾਵੇ ਅਤੇ ਜੇ ਏਅਰ ਕੰਡੀਸ਼ਨਰ/ਕੂਲਰ ਦੀ ਵਰਤੋਂ ਕਰਨੀ ਹੋਵੇ ਤਾਂ ਇਸ ਸੰਬੰਧੀ ਜਾਰੀ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION