30.6 C
Delhi
Thursday, April 25, 2024
spot_img
spot_img

ਕੋਰੋਨਾ ਖਿਲ਼ਾਫ ਮੈਚ ਜਿੱਤਣ ਲਈ ਮੈਦਾਨ ‘ਚ ਡਟੇ ਪੰਜਾਬ ਪੁਲਿਸ ਦੇ ਖਿਡਾਰੀ : ਨਵਦੀਪ ਸਿੰਘ ਗਿੱਲ

Punjab Police

ਖਿਡਾਰੀ ਹਰ ਮੋਰਚਾ ਫਤਹਿ ਕਰਨ ਲਈ ਮੈਦਾਨ ਚ ਨਿੱਤਰਦੇ ਹਨ। ਖੇਡਦੇ ਵੀ ਉਹ ਸੱਚੀ ਸੁੱਚੀ ਖੇਡ ਭਾਵਨਾ ਨਾਲ ਹਨ। ਜਿੱਤਣ ਦਾ ਨਿਸ਼ਾਨਾ ਮਨ ਵਿੱਚ ਧਾਰ ਕੇ ਉਹ ਮੈਦਾਨ ਵਿੱਚ ਉਤਰਦੇ ਹਨ। ਵੱਖ ਵੱਖ ਖੇਡਾਂ ਵਿੱਚ ਕੌਮਾਂਤਰੀ ਮੰਚ ਉਤੇ ਭਾਰਤ ਨੂੰ ਜਿੱਤਾਂ ਦਿਵਾਉਣ ਵਾਲੇ ਪੰਜਾਬ ਪੁਲਿਸ ਦੇ ਖਿਡਾਰੀ ਹੁਣ ਕੋਰੋਨਾ ਖਿਲ਼ਾਫ ਚੱਲ ਰਹੀ ਜੰਗ ਜਿਸ ਨੂੰ ਇਕ ਮੈਚ ਵੀ ਆਖ ਸਕਦੇ ਹਾਂ, ਵਿੱਚ ਜਿੱਤ ਹਾਸਲ ਕਰਨ ਲਈ ਫੀਲਡ ਵਿੱਚ ਡਟੇ ਹੋਏ ਹਨ।

ਅੱਜ ਪੰਜਾਬ ਪੁਲਿਸ ਵੱਲੋਂ ਪਟਿਆਲ਼ਾ ਸਬਜ਼ੀ ਮੰਡੀ ਵਿਖੇ ਡਿਊਟੀ ਨਿਭਾਉੰਦਿਆਂ ਹੱਥ ਵਢਵਾਉਣ ਵਾਲੇ ਆਪਣੇ ਸਾਥੀ ਹਰਜੀਤ ਸਿੰਘ ਦੇ ਸਿਦਕ ਸਿਰੜ ਨੂੰ ਸਲਾਮ ਕਰਨ ਲਈ ਆਪਣੀ ਨੇਮ ਪਲੇਟ ਉਤੇ ਹਰਜੀਤ ਸਿੰਘ ਦਾ ਨਾਮ ਲਿਖ ਕੇ ਉਸ ਦੀ ਹੌਸਲਾ ਅਫਜਾਈ ਕੀਤੀ ਗਈ ਜਿਸ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਗਈਆਂ।

ਇਨ੍ਹਾਂ ਤਸਵੀਰਾਂ ਵਿੱਚ ਪੰਜਾਬ ਪੁਲਿਸ ਵਿੱਚ ਸਰਵਿਸ ਕਰ ਰਹੇ ਸਾਬਕਾ ਕੌਮਾਂਤਰੀ ਖਿਡਾਰੀਆਂ ਦੀਆਂ ਤਸਵੀਰਾਂ ਦੇਖ ਕੇ ਉਨ੍ਹਾਂ ਦਾ ਵੱਖਰਾ ਫੀਲਡ ਤੇ ਰੂਪ ਦੇਖਣ ਨੂੰ ਮਿਲਿਆ ਪਰ ਜਜ਼ਬਾ ਉਹੀ ਸੀ ਖੇਡ ਮੈਦਾਨ ਫ਼ਤਿਹ ਕਰਨ ਅਤੇ ਸਾਥੀ ਖਿਡਾਰੀਆਂ ਨੂੰ ਸਪੋਰਟ ਕਰਨ ਵਾਲਾ ਜਿਵੇਂ ਮਿਡਫੀਲਡਰ ਫਾਰਵਰਡ ਨੂੰ ਪਾਸ ਦੇ ਰਿਹਾ ਹੋਵੇ ਜਾਂ ਫੇਰ ਰਿਲੇਅ ਦੌੜ ਦਾ ਬੈਟਨ ਬਦਲਿਆ ਜਾ ਰਿਹਾ ਹੈ।

2003 ਦੀ ਉਹ ਘਟਨਾ ਵੀ ਯਾਦ ਆ ਗਈ ਜਦੋਂ ਭਾਰਤੀ ਹਾਕੀ ਦਾ ਚਮਕਦਾ ਸਿਤਾਰਾ ਤੇ ਚੋਟੀ ਦਾ ਡਰੈਗ ਫਲਿੱਕਰ ਜੁਗਰਾਜ ਸਿੰਘ ਮੰਦਭਾਗੇ ਹਾਦਸੇ ਚ ਫੱਟੜ ਹੋ ਗਿਆ ਸੀ (ਭਾਰਤੀ ਹਾਕੀ ਦਾ ਇਹ ਮੰਦਭਾਗ ਸੀ) ਇਸ ਤੋਂ ਬਾਅਦ ਦਿੱਲੀ ਵਿਖੇ ਜੁਗਰਾਜ ਸਿੰਘ ਜ਼ੇਰੇ ਇਲਾਜ ਸੀ ਅਤੇ ਭਾਰਤੀ ਹਾਕੀ ਟੀਮ ਧਨਰਾਜ ਪਿੱਲੈ ਦੀ ਅਗਵਾਈ ਵਿੱਚ ਕੁਆਲਾਲੰਪਰ ਤੋਂ ਏਸ਼ੀਆ ਕੱਪ ਜਿੱਤ ਕੇ ਆਈ।

Navdeep singh Gillਪੂਰੀ ਟੀਮ ਨੇ ਹਸਪਤਾਲ ਜਾ ਕੇ ਆਪਣੇ ਸੋਨੇ ਦੇ ਤਮਗੇ ਜੁਗਰਾਜ ਦੇ ਗਲ ਪਾ ਕੇ ਉਸ ਦਾ ਹੌਸਲਾ ਵਧਾਇਆ।ਉਨ੍ਹਾਂ ਪਲਾਂ ਦੇ ਗਵਾਹ ਜੁਗਰਾਜ ਸਮੇਤ ਬਲਜੀਤ ਸਿੰਘ ਢਿੱਲੋਂ, ਗਗਨਅਜੀਤ ਸਿੰਘ, ਕੰਵਲਪ੍ਰੀਤ ਸਿੰਘ ਤੇ ਤੇਜਬੀਰ ਸਿੰਘ ਹੁੰਦਲ ਅੱਜ ਹਰਜੀਤ ਸਿੰਘ ਦੀ ਸਪੋਰਟ ਵਿੱਚ ਵੱਖਰਾ ਫਰਜ਼ ਨਿਭਾ ਰਹੇ ਹਨ। ਪੰਜਾਬ ਪੁਲਿਸ ਦੇ ਖਿਡਾਰੀ ਅਫਸਰ ਨਵੇਂ ਰੂਪ ਵਿੱਚ ਸਾਡੇ ਸਾਹਮਣੇ ਆਪਣੇ ਫਰਜ਼ ਨਿਭਾਉਂਦੇ ਨਜ਼ਰ ਆ ਰਹੇ ਹਨ।

ਪਿਛਲੇ ਦਿਨੀਂ ਭਾਰਤੀ ਹਾਕੀ ਦੇ ਸਾਬਕਾ ਕਪਤਾਨ ਤੇ ਅਰਜੁਨਾ ਐਵਾਰਡੀ ਰਾਜਪਾਲ ਸਿੰਘ (ਡੀਐਸਪੀ) ਦੀ ਚੰਡੀਗੜ੍ਹ-ਮੁਹਾਲੀ ਦੇ ਬਾਰਡਰ ਉਤੇ ਰਾਤ ਵੇਲੇ ਨਾਕੇ ਦੀ ਡਿਊਟੀ ਦੀ ਖ਼ਬਰ ਦੇਖੀ। ਇਸੇ ਤਰ੍ਹਾਂ ਜੂਨੀਅਰ ਵਿਸ਼ਵ ਕੱਪ ਦੇ ਜੇਤੂ ਤੇ ਭਾਰਤੀ ਹਾਕੀ ਟੀਮ ਦੇ ਚੋਟੀ ਦੇ ਡਿਫੈਂਡਰ ਰਹੇ ਕੰਵਲਪ੍ਰੀਤ ਸਿੰਘ (ਐਸਪੀ) ਦੀ ਫਤਹਿਗੜ੍ਹ ਸਾਹਿਬ ਜਿਲੇ ਵਿੱਚ ਡਿਊਟੀ ਦੇ ਨਾਲ-ਨਾਲ ਉਸ ਦੀ ਗੋਬਿੰਦਗੜ੍ਹ ਮੰਡੀ ਨੇੜੇ ਲੋੜਵੰਦਾਂ ਨੂੰ ਖਾਣ ਪੀਣ ਦਾ ਸਮਾਨ ਵੰਡਦੇ ਦੀ ਤਸਵੀਰ ਵੇਖੀ।

ਤਿੰਨ ਵਾਰ ਦਾ ਓਲੰਪੀਅਨ, ਅਰਜੁਨਾ ਐਵਾਰਡੀ, ਹਾਕੀ ਵਿਸ਼ਵ ਕੱਪ ਵਿੱਚ ਭਾਰਤ ਦੀ ਕਪਤਾਨੀ ਕਰਨ ਵਾਲਾ ਬਲਜੀਤ ਸਿੰਘ ਢਿੱਲੋਂ (ਐਸਪੀ) ਤਰਨਤਾਰਨ ਵਿੱਚ ਕੋਰੋਨਾ ਖਿਲ਼ਾਫ ਫਾਰਵਰਡ ਪੰਕਤੀ ਵਿੱਚ ਡਟਿਆ ਹੋਇਆ ਡਿਊਟੀ ਨਿਭਾ ਰਿਹਾ ਹੈ। ਤਿੰਨ ਵਾਰ ਦੇ ਏਸ਼ੀਅਨ ਗੇਮਜ਼ ਚੈਂਪੀਅਨ, ਕਾਮਨਵੈਲਥ ਗੇਮਜ਼ ਗੋਲਡ ਮੈਡਲਿਸਟ, ਓਲੰਪੀਅਨ ਤੇ ਅਰਜੁਨਾ ਐਵਾਰਡੀ ਦੌੜਾਕ ਮਨਜੀਤ ਕੌਰ (ਐਸਪੀ) ਹੁਸ਼ਿਆਰਪੁਰ ਵਿਖੇ ਕੋਰੋਨਾ ਖਿਲ਼ਾਫ ਦੌੜ ਨੂੰ 400 ਮੀਟਰ ਦੇ ਟਰੈਕ ਨੂੰ ਸਰ ਕਰਨ ਵਾਂਗ ਦੌੜ ਰਹੀ ਹੈ। ਕਾਮਨਵੈਲਥ ਗੇਮਜ਼ ਚੈਂਪੀਅਨ, ਏਸ਼ੀਅਨ ਗੇਮਜ਼ ਮੈਡਲਿਸਟ, ਅਰਜੁਨਾ ਐਵਾਰਡੀ ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਆਪਣੀਆਂ ਜਾਗਰੂਕ ਸੋਸ਼ਲ ਮੀਡੀਆ ਪੋਸਟਾਂ ਰਾਹੀ ਦੋਹਰਾ ਤੇ ਵੱਖਰੇ ਤਰ੍ਹਾਂ ਦਾ ਫ਼ਰਜ਼ ਨਿਭਾ ਰਹੀ ਹੈ।

ਰੁਸਤਮ ਭਲਵਾਨਾਂ ਦੇ ਪਰਿਵਾਰ ਦੇ ਫ਼ਰਜ਼ੰਦ ਕਾਮਨਵੈਲਥ ਗੇਮਜ਼ ਦੇ ਚੈਂਪੀਅਨ, ਜੂਨੀਅਰ ਵਿਸ਼ਵ ਚੈਂਪੀਅਨ ਅਤੇ ਏਸ਼ਿਆਈ ਖੇਡਾਂ ਦਾ ਤਮਗਾ ਜੇਤੂ ਓਲੰਪੀਅਨ ਤੇ ਅਰਜੁਨਾ ਐਵਾਰਡੀ ਪਲਵਿੰਦਰ ਸਿੰਘ ਚੀਮਾ (ਐਸਪੀ) ਨੇ ਵੀ ਆਪਣੀ ਡਿਊਟੀ ਨਿਭਾਉਂਦਿਆਂ ਜਿੱਥੇ ਲੋੜਵੰਦਾਂ ਦੀ ਮੱਦਦ ਕੀਤੀ ਉਥੇ ਪਟਿਆਲਾ ਸਬਜ਼ੀ ਮੰਡੀ ਦੇ ਮੁਲਜ਼ਮਾਂ ਨੂੰ ਫੜਨ ਲਈ ਲੜੀ ਗਈ ਲੜਾਈ ਵਿੱਚ ਵੀ ਮੋਹਰੀ ਰੋਲ ਨਿਭਾਇਆ। ਜੂਨੀਅਰ ਵਿਸ਼ਵ ਕੱਪ ਜੇਤੂ ਤੇ ਭਾਰਤ ਦਾ ਤੇਜ ਤਰਾਰ ਫਾਰਵਰਡ ਖਿਡਾਰੀ ਰਿਹਾ ਤੇਜਬੀਰ ਸਿੰਘ ਹੁੰਦਲ਼ (ਐਸਪੀ) ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਵਿੱਚ ਬਾਖੂਬੀ ਡਿਊਟੀ ਨਿਭਾਉਣ ਤੋਂ ਹੁਣ ਸੁਲਤਾਨਪੁਰ ਲੋਧੀ ਤੋਂ ਬਟਾਲਾ ਆ ਗਿਆ ਹੈ।

ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦਾ ਕਪਤਾਨ, ਪਦਮ ਸ੍ਰੀ ਅਰਜੁਨਾ ਐਵਾਰਡੀ, ਭਾਰਤੀ ਹਾਕੀ ਟੀਮ ਦਾ ਸਾਬਕਾ ਕਪਤਾਨ, ਰਿਵਰਸ ਫਲਿੱਕ ਦਾ ਜਾਦੂਗਰ ਸਟਰਾਈਕਰ ਗਗਨ ਅਜੀਤ ਸਿੰਘ (ਐਸਪੀ),ਪੈਦਲ ਤੋਰ ਚ ਏਸ਼ੀਅਨ ਗੇਮਜ਼ ਦੀ ਮੈਡਲਿਸਟ ਖੁਸ਼ਬੀਰ ਕੌਰ, ਹੈਵੀਵੇਟ ਵਰਗ ਦੇ ਚੈਂਪੀਅਨ ਮੁੱਕੇਬਾਜ਼ ਹਰਪਾਲ ਸਿੰਘ (ਐਸਪੀ), ਰੁਸਤਮੇ ਹਿੰਦ ਪਹਿਲਵਾਨ ਜਗਜੀਤ ਸਿੰਘ (ਐਸਪੀ), ਜੈਵਲਿਨ ਵਿੱਚ ਏਸ਼ੀਅਨ ਮੈਡਲਿਸਟ ਜਗਦੀਸ਼ ਬਿਸ਼ਨੋਈ, ਕਾਮਨਵੈਲਥ ਗੇਮਜ਼ ਤੇ ਏਸ਼ੀਆ ਦੀ ਜੇਤੂ ਓਲੰਪੀਅਨ ਅਥਲੀਟ ਰਾਜਵਿੰਦਰ ਕੌਰ ਗਿੱਲ, ਹਾਕੀ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਗੁਰਬਾਜ ਸਿੰਘ, ਸਰਵਨਜੀਤ ਸਿੰਘ, ਧਰਮਵੀਰ ਸਿੰਘ ਸਭ ਡਟੇ ਹੋਏ ਹਨ।

1500 ਮੀਟਰ ਦੌੜ ਵਿੱਚ ਏਸ਼ੀਅਨ ਗੇਮਜ਼ ਦੀ ਰਿਕਾਰਡ ਹੋਲਡਰ ਪਦਮ ਸ੍ਰੀ ਤੇ ਅਰਜੁਨਾ ਐਵਾਰਡੀ ਅਥਲੀਟ ਸੁਨੀਤਾ ਰਾਣੀ, ਕਾਮਨਵੈਲਥ ਗੇਮਜ਼ ਵਿੱਚ ਡਿਸਕਸ ਦੀ ਸਿਲਵਰ ਮੈਡਲਿਸਟ ਹਰਵੰਤ ਕੌਰ, ਅਰਜੁਨਾ ਐਵਾਰਡੀ ਹੈਂਡਬਾਲ ਖਿਡਾਰੀ ਸੁਖਪਾਲ ਸਿੰਘ ਪਾਲੀ, ਅਰਜੁਨਾ ਐਵਾਰਡੀ ਬਾਸਕਟਬਾਲ ਖਿਡਾਰੀ ਪਰਮਿੰਦਰ ਸਿੰਘ ਸੀਨੀਅਰ ਤੇ ਪਰਮਿੰਦਰ ਸਿੰਘ ਜੂਨੀਅਰ, ਪੰਜਾਬ ਪੁਲਿਸ ਦੀ ਹਾਕੀ ਟੀਮ ਦੇ ਲੰਬਾ ਸਮਾਂ ਕੋਚ ਰਹੇ ਮਨਪ੍ਰੀਤ ਸਿੰਘ, 1982 ਦੀਆਂ ਏਸ਼ਿਆਈ ਖੇਡਾਂ ਵਿੱਚ ਵਾਟਰ ਪੋਲੋ ਦੇ ਮੈਡਲਿਸਟ ਗੁਰਮੀਤ ਸਿੰਘ ਜਿਨ੍ਹਾਂ ਇਕ ਵਾਰ ਡਿਊਟੀ ਦੌਰਾਨ ਨਹਿਰ ਚ ਛਾਲ ਮਾਰ ਕੇ ਇਕ ਧਰਨਾਕਾਰੀ ਨੂੰ ਬਚਾਇਆ ਸੀ।

ਹੈਂਡਬਾਲ ਖਿਡਾਰੀ ਰਾਜੇਸ਼ ਚੌਧਰੀ, ਲੰਬੀ ਛਾਲ ਦੇ ਨੈਸ਼ਨਲ ਰਿਕਾਰਡ ਹੋਲਡਰ ਰਹੇ ਅਥਲੀਟ ਅੰਮ੍ਰਿਤਪਾਲ ਸਿੰਘ ਨੇ ਵੀ ਆਪੋ ਆਪਣੀ ਥਾਂ ਮੋਰਚਾ ਸਾਂਭਿਆ ਹੋਇਆ ਹੈ।

ਮੇਰੇ ਆਪਣੇ ਜਿਲੇ ਬਰਨਾਲਾ ਵਿੱਚ ਕਬੱਡੀ ਦੇ ਮੰਨੇ ਪ੍ਰਮੰਨੇ ਰੇਡਰ ਗੁਰਲਾਲ ਘਨੌਰ ਤੇ ਫੁਟਬਾਲਰ ਬਾਵਾ ਧਨੌਲਾ ਇਕੱਠੇ ਡਿਊਟੀ ਨਿਭਾਉਂਦੇ ਹੋਏ ਲੋੜਵੰਦਾਂ ਦੀ ਮੱਦਦ ਦੇ ਨਾਲ ਬੇਜੁਬਾਨ ਜਾਨਵਰਾਂ ਦੀ ਵੀ ਮੱਲਮ੍ਹ ਪੱਟੀ ਕਰ ਰਹੇ ਹਨ। ਨੈਟਬਾਲ ਦੀ ਨਰਸਰੀ ਬਰਨਾਲਾ ਸ਼ਹਿਰ ਦੇ ਭਾਰਤੀ ਨੈਟਬਾਲ ਟੀਮ ਦੇ ਖਿਡਾਰੀ ਗੁਰਮੇਲ ਸਿੰਘ, ਰਾਜਪਾਲ ਸਿੰਘ, ਸੁਖਪਾਲ ਸਿੰਘ, ਕਮਲਜੀਤ ਕੌਰ ਤੇ ਏਸ਼ੀਅਨ ਗੇਮਜ਼ ਚੈਂਪੀਅਨ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਵੀ ਕੋਰੋਨਾ ਖਿਲ਼ਾਫ ਜੰਗ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਖਿਡਾਰੀਆਂ ਦੀ ਸੂਚੀ ਬਹੁਤ ਲੰਬੀ ਹੈ। ਕਈਆਂ ਦੇ ਨਾਮ ਵੀ ਰਹਿ ਗਏ ਹੋਣਗੇ ਪਰ ਉਨ੍ਹਾਂ ਦੇ ਜਜ਼ਬੇ ਤੇ ਭਾਵਨਾ ਨੂੰ ਸਲਾਮ ਜਿਹੜੇ ਖੇਡ ਮੈਦਾਨ ਜਿੱਤਣ ਤੋਂ ਬਾਅਦ ਹੁਣ ਕੋਰੋਨਾ ਖਿਲ਼ਾਫ ਜੰਗ ਜਿੱਤਣ ਲਈ ਮੈਦਾਨ ਵਿੱਚ ਨਿੱਤਰੇ ਹੋਏ ਹਨ। ਉਨ੍ਹਾਂ ਦੀ ਮਿਹਨਤ ਅਜਾਈਂ ਨਹੀਂ ਜਾਵੇਗੀ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION