35.1 C
Delhi
Saturday, April 20, 2024
spot_img
spot_img

ਕੋਰੋਨਾ ਕਾਰਨ ਖ਼ੂਨ ਦੇ ਟੁੱਟਦੇ ਰਿਸ਼ਤਿਆਂ ਦੀ ਨਵਾਂਸ਼ਹਿਰੀ ਰੱਖ ਰਹੇ ਹਨ ਲਾਜ!

ਨਵਾਂਸ਼ਹਿਰ, 8 ਅਪ੍ਰੈਲ, 2020 –
ਇੱਕ ਪਾਸੇ ਜਿੱਥੇ ਕੋਰੋਨਾ ਕਾਰਨ ਆਪਣਿਆ ਵੱਲੋਂ ਹੀ ਮਿ੍ਰਤਕ ਸਰੀਰਾਂ ਦੀ ਅੰਤਮ ਕਿਰਿਆ ਤੋਂ ਦੂਰ ਰਹਿਣ ਕਾਰਨ ਖੂਨ ਦੇ ਰਿਸ਼ਤਿਆਂ ਦੇ ਤਾਰ-ਤਾਰ ਹੋਣ ਦੀਆਂ ਖਬਰਾਂ ਆ ਰਹੀਆਂ ਹਨ, ਉੱਥੇ ਨਵਾਂਸ਼ਹਿਰ ਦੇ ਕੋਰੋਨਾ ਤੋਂ ਮੁਕਤ ਹੋਏ ਮਰੀਜ਼ ਜ਼ਿਲ੍ਹਾ ਸਿਵਲ ਹਸਪਤਾਲ ’ਚ ਆਪਣਿਆਂ ਦੇ ਠੀਕ ਹੋਣ ਤੱਕ ਉੱਥੇ ਹੀ ਰਹਿਣ ਲਈ ਬਜ਼ਿੱਦ ਹਨ।

ਪਠਲਾਵਾ ਤੋਂ ਸਵਰਗੀ ਬਾਬਾ ਬਲਦੇਵ ਸਿੰਘ ਦੇ ਪੁੱਤਰ ਫ਼ਤਿਹ ਸਿੰਘ ਦਾ ਲਗਾਤਾਰ ਦੂਸਰਾ ਟੈਸਟ ਚਾਹੇ 6 ਅਪਰੈਲ ਨੂੰ ਨੈਗੇਟਿਵ ਆਉਣ ਨਾਲ ਉਹ ਸਿਹਤ ਵਿਭਾਗ ਵੱਲੋਂ ਸਿਹਤਯਾਬ ਐਲਾਨ ਦਿੱਤਾ ਗਿਆ ਸੀ ਪਰੰਤੂ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਸਿਹਤਯਾਬ ਹੋਣ ਤੱਕ ਇੱਥੇ ਹੀ ਰਹੇਗਾ।

ਉਸ ਦੇ ਹੋਰਨਾਂ ਪਰਿਵਾਰਿਕ ਮੈਂਬਰਾਂ ’ਚੋਂ 7 ਅਪਰੈਲ ਨੂੰ ਬੇਟੀ ਗੁਰਲੀਨ ਕੌਰ, ਪੁੱਤਰ ਮਨਜਿੰਦਰ ਸਿੰਘ, ਭਤੀਜੀਆਂ ਹਰਪ੍ਰੀਤ ਕੌਰ ਤੇ ਕਿਰਨਪ੍ਰੀਤ ਕੌਰ ਦੀਆਂ ਰਿਪੋਰਟਾਂ ਚਾਹੇ ਨੈਗੇਟਿਵ ਆ ਚੁੱਕੀਆਂ ਹਨ ਪਰੰਤੂ 14 ਜੀਆਂ ’ਚੋਂ 5 ਦੀਆਂ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ ਪਰੰਤੂ ਪਰਿਵਾਰਿਕ ਸਾਂਝ ਏਨੀ ਮਜ਼ਬੂਤ ਹੈ ਕਿ ਇਸ ਮੁਸ਼ਕਿਲ ਦੇ ਸਮੇਂ ’ਚ ਵੀ ਪਰਿਵਾਰ ਇੱਕਜੁੱਟ ਹੈ।

ਇਸੇ ਤਰ੍ਹਾਂ ਗੁਰਦੁਆਰਾ ਸੰਤ ਬਾਬਾ ਘਨੱਈਆ ਸਿੰਘ ਜੀ ਦੇ ਮੁਖੀ ਬਾਬਾ ਗੁਰਬਚਨ ਸਿੰਘ ਦਾ ਆਈਸੋਲੇਸ਼ਨ ਵਾਰਡ ’ਚ ਰਹਿਣ ਉਪਰੰਤ ਕਲ੍ਹ ਦੂਰਸਾ ਟੈਸਟ ਵੀ ਨੈਗੇਟਿਵ ਆ ਗਿਆ ਪਰੰਤੂ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਨਾਲ ਰਹਿਣ ਵਾਲੇ ਸੇਵਕ ਦਾ ਟੈਸਟ ਨੈਗੇਟਿਵ ਨਹੀਂ ਆਉਂਦਾ, ਉਹ ਉਸ ਦੀ ਉਡੀਕ ਕਰਨਗੇ। ਇਸੇ ਤਰ੍ਹਾਂ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦੇ ਲਧਾਣਾ ਝਿੱਕਾ ਦੇ ਬਾਬਾ ਦਲਜਿੰਦਰ ਸਿੰਘ ਦਾ ਟੈਸਟ ਵੀ ਕਲ੍ਹ ਦੂਸਰੀ ਵਾਰ ਨੈਗੇਟਿਵ ਆਇਆ ਹੈ ਪਰੰਤੂ ਉਹ ਵੀ ਬਾਬਾ ਜੀ ਦੇ ਨਾਲ ਹੀ ਜਾਣਗੇ।

ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਦਾ ਆਪਣੀ ਮਾਤਾ ਪ੍ਰੀਤਮ ਸਿੰਘ ਨਾਲ ਏਨਾ ਗੂੜ੍ਹਾ ਪਿਆਰ ਹੈ ਕਿ ਉਹ ਆਪਣੇ ਟੈਸਟ ਨੈਗੇਟਿਵ ਆਉਣ ਦੇ ਬਾਵਜੂਦ ਮਾਤਾ ਜੀ ਦੀ ਸੇਵਾ ’ਚ ਜੁਟੇ ਹੋਏ ਹਨ। ਉਨ੍ਹਾਂ ਦੀ ਮਾਤਾ ਵੀ ਪਾਜ਼ੇਟਿਵ ਆਉਣ ਬਾਅਦ ਆਈਸੋਲੇਸ਼ਨ ਵਾਰਡ ’ਚ ਲਿਆਂਦੇ ਗਏ ਸਨ, ਜਿਨ੍ਹਾਂ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਬਾਅਦ ਦੁਬਾਰਾ ਪਹਿਲਾ ਸੈਂਪਲ ਟੈਸਟ ਲਈ ਭੇਜਿਆ ਗਿਆ ਹੈ।

ਫ਼ਤਿਹ ਸਿੰਘ ਦਾ ਦੋ ਸਾਲ ਦਾ ਪੁੱਤਰ ਮਨਜਿੰਦਰ ਸਿੰਘ ਆਈਸੋਲੇਸ਼ਨ ਸਮਾਂ ਪੂਰਾ ਕਰਨ ਬਾਅਦ ਕਲ੍ਹ 7 ਅਪਰੈਲ ਨੂੰ ਲਗਾਤਾਰ ਦੂਸਰੇ ਟੈਸਟ ’ਚ ਨੈਗੇਟਿਵ ਆ ਚੁੱਕਾ ਹੈ ਪਰੰਤੂ ਮਾਂ ਤੋਂ ਅਲੱਗ ਨਹੀਂ ਹੋ ਰਿਹਾ। ਦੋਵੇਂ ਮਾਂ-ਪੁੱਤ ਇਕੱਠੇ ਹੀ ਹਨ।

ਆਈਸੋਲੇਸ਼ਨ ਵਾਰਡ ’ਚ ਮੌਜੁਦ ਸਵਰਗੀ ਬਲਦੇਵ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੀ ਇਸ ਮੁਸ਼ਕਿਲ ਦੀ ਘੜੀ ’ਚ ਵੀ ਸਾਂਝ ਏਨੀ ਪੀਢੀ ਬਣੀ ਹੋਈ ਹੈ ਕਿ ਉਹ ਇੱਕ ਦੂਸਰੇ ਦੀਆਂ ਤੰਦਰੁਸਤੀ ਦੀਆਂ ਦੁਆਵਾਂ ਕਰਦੇ ਹਨ। ਪਰਿਵਾਰ ਇਸ ਗੱਲ ’ਤੇ ਵੀ ਇੱਕ ਜੁੱਟ ਹੈ ਕਿ ਸਵਰਗੀ ਬਲਦੇਵ ਸਿੰਘ ਦੇ ਅਸਥ ਚੁਗਣ ਦੀ ਰਸਮ ਵੀ, ਸਮੁੱਚੇ ਪਰਿਵਾਰਿਕ ਮੈਂਬਰਾਂ ਦੇ ਬਾਹਰ ਆਉਣ ’ਤੇ ਹੀ ਕੀਤੀ ਜਾਵੇਗੀ।

ਐਸ ਐਮ ਓ ਡਾ. ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਕੋਰੋਨਾ ਦੀ ਦਹਿਸ਼ਤ ਆਪਸੀ ਰਿਸ਼ਤੇ ਖਤਮ ਕਰ ਰਹੀ ਹੈ ਤਾਂ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਪਰਿਵਾਰਿਕ ਤੇ ਸਮਾਜਿਕ ਰਿਸ਼ਤਿਆਂ ਦੀ ਸਾਂਝ ਪਹਿਲਾਂ ਤੋਂ ਵੀ ਮਜ਼ਬੂਤ ਬਣੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਠੀਕ ਹੋਏ ਮਰੀਜ਼ਾਂ ਨੂੰ ਦੂਸਰੇ ਮਰੀਜ਼ਾਂ ਤੋਂ ਅਲੱਗ ਵਾਰਡ ’ਚ ਰੱਖਿਆ ਗਿਆ ਹੈ ਤਾਂ ਜੋ ਉਹ ਆਪਣੇ ਬਾਕੀ ਪਰਿਵਾਰਿਕ ਮੈਂਬਰਾਂ ਦੇ ਨਤੀਜਿਆਂ ਦੀ ਉਡੀਕ ਕਰ ਸਕਣ। ਉਨ੍ਹਾਂ ਕਿਹਾ ਕਿ ਹਸਪਤਾਲ ਸਟਾਫ਼ ਵੱਲੋਂ ਇਲਾਜ ਅਧੀਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੇਵਾ ਭਾਵਨਾ ’ਚ ਕੋਈ ਕਮੀ ਨਹੀਂ ਰੱਖੀ ਜਾਵੇਗੀ।

ਜ਼ਿਕਰਯੋਗ ਹੈ ਕਿ ਆਈਸੋਲੇਸ਼ਨ ਵਾਰਡ ਲਈ ਸੇਵਾ ਨਿਭਾਉਣ ਵਾਲੇ ਸਟਾਫ਼ ’ਚ ਮਾਹਿਲਪੁਰ ਤੋਂ ਇੱਥੇ ਭੇਜੇ ਗਏ ਮੈਡੀਕਲ ਸਪੈਸ਼ਲਿਸਟ ਡਾ. ਨਿਰਮਲ ਕੁਮਾਰ ਤਾਂ ਇੱਥੇ ਪੱਕੇ ਤੌਰ ’ਤੇ ਹੀ ਸੇਵਾ ਨਿਭਾਉਣ ਲਈ ਤਿਆਰ ਹੋ ਗਏ ਹਨ।

ਹੋਰਨਾਂ ਡਾਕਟਰਾਂ ’ਚ ਡਾ. ਸਤਿੰਦਰਪਾਲ, ਡਾ. ਵਰਿੰਦਰਪਾਲ, ਮਨੋਰੋਗ ਮਾਹਿਰ ਡਾ. ਰਾਜਿੰਦਰ ਮਾਘੋ ਦੀ ਕੌਂਸਲਿੰਗ ਟੀਮ, ਈ ਐਨ ਟੀ ਮਾਹਿਰ ਡਾ. ਅਮਿਤ ਅਤੇ ਸਮੁੱਚਾ ਨਰਸਿੰਗ ਸਟਾਫ਼, ਟੈਕਨੀਸ਼ੀਅਨ ਅਤੇ ਮੈਡੀਕਲ ਸਟਾਫ਼ ਕੋਰੋਨਾ ਮਰੀਜ਼ਾਂ ਲਈ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION