24.1 C
Delhi
Thursday, April 25, 2024
spot_img
spot_img

ਕੋਡਿਵ 19: ਭਾਰਤੀ ਮਜ਼ਦੂਰ ਬੰਦਸ਼ਾਂ ਤੋੜ ਸੜਕਾਂ ’ਤੇ ਕਿਉਂ? : ਦਰਸ਼ਨ ਸਿੰਘ ਸ਼ੰਕਰ

ਕੋਵਿਡ19 ਦੀ ਪੂਰੇ ਵਿਸਵ ਵਿਚ ਵੱਧ ਰਹੀ ਤਬਾਹੀ ਤਬਾਹੀ ਨੂੰ ਦੇਖਦੇ ਭਾਰਤ ਵਿਚ 24 ਮਾਰਚ ਤੋਂ 21 ਦਿਨ ਦਾ ਲੌਕਡਾਉਨ-1 ਲਾਗੂ ਕਰ ਦਿੱਤਾ ਗਿਆ। ਦੇਸ਼ ਦੀ ਸੰਘਣੀ ਆਬਾਦੀ ਅਤੇ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਇਸ ਤੋਂ ਬਗੈਰ ਸਰਕਾਰ ਪਾਸ ਕੋਈ ਹੋਰ ਬਦਲ ਵੀ ਨਹੀਂ ਸੀ। ਕੋਰੋਨਾਵਾਇਰਸ ਦਾ ਕੋਈ ਇਲਾਜ਼ ਨਾਂ ਹੋਣ ਕਾਰਨ ਬਚਾਓ ਲਈ ਆਪਸੀ ਦੂਰੀ ਅਤੇ ਸਫਾਈ ਹੀ ਇਕੋ ਇਕ ਉਪਾਅ ਹੈ। ਪ੍ਰਧਾਨ ਮੰਤਰੀ ਨੇ 24 ਮਾਰਚ ਨੂੰ ਰਾਤ 12 ਵਜੇ ਤੋਂ ਦੇਸ਼ ਅੰਦਰ ਲੌਕਡਾਊਨ ਲਗਾ ਕੇ ਆਵਾਜਾਈ ਅਤੇ ਸਾਰੇ ਕਾਰੋਬਾਰ ਬੰਦ ਕਰਨ ਦਾ ਐਲਾਨ ਕੀਤਾ ਅਤੇ ਸਾਰਾ ਦੇਸ਼ ਘਰਾਂ ਅੰਦਰ ਬੰਦ ਹੋ ਕੇ ਰਹਿ ਗਿਆ।

ਇਕੋ ਝੱਟਕੇ ਨਾਲ ਦੇਸ਼ ਦੇ ਹਰ ਹਿੱਸੇ ਵਿਚ ਮਜਦੂਰ ਬੇਕਾਰ ਹੋ ਗਏ। ਲੌਕਡਾਉਨ-1 ਦੀ ਮਿਆਦ ਖਤਮ ਤੇ 14 ਅਪਰੈਲ ਨੂੰ ਪ੍ਰਧਾਨ ਮੰਤਰੀ ਨੇ ਮੁੜ 3 ਮਈ ਤਕ 19 ਦਿਨਾਂ ਲਈ ਲੌਕਡਾਉਨ-2 ਲਾਗੂ ਕਰ ਦਿੱਤਾ। ਲੌਕਡਾਉਨ ਵਿਚ ਸਹਿਯੋਗ ਕਰਨ ਲਈ ਲੋਕਾਂ ਦਾ ਧੰਨਵਾਦ ਕਰਦੇ ਇਸ ਨੂੰ ਸਹੀ ਅਤੇ ਉਚਿਤ ਸਮੇਂ ਤੇ ਲਿਆ ਫੈਸਲਾ ਦੱਸਿਆ ਗਿਆ। ਲੌਕਡਾਉਨ-2 ਨੂੰ 20 ਅਪਰੈਲ ਤਕ ਸਖਤੀ ਨਾਲ ਲਾਗੂ ਕੀਤਾ ਜਾਏਗਾ। ਉਸ ਤੋਂ ਪਿਛੋਂ ਵਧੇਰੇ ਪ੍ਰਭਾਵਿਤ (ਹੌਟ ਸਪੌਟ) ਇਲਾਕਿਆਂ ਵਿਚ ਬੰਦਸ਼ਾਂ ਸਖ਼ਤ ਰਹਿਣਗੀਆਂ ਅਤੇ ਦੂਜੇ ਇਲਾਕਿਆਂ ਵਿਚ ਢਿੱਲ ਦੇਣ ਤੇ ਵਿਚਾਰ ਹੋਏਗਾ। ਵਧੇਰੇ ਪ੍ਰਭਾਵਿਤ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਮਹਾਂਮਾਰੀ ਦਾ ਵਾਧਾ ਕਈ ਗੁਣਾਂ ਘੱਟ ਹੈ। ਪਰ ਫਿਰ ਵੀ ਖਤਰਾ ਬਰਕਰਾਰ ਹੈ।

Darshan Singh Shankarਗ੍ਰਹਿ ਵਿਭਾਗ ਨੇ ਲੌਕਡਾਉਨ-2 ਲਈ ਨਵੀਆਂ ਗਾਈਡ ਲਾਈਨਾਂ ਜਾਰੀ ਕੀਤੀਆਂ ਨੇ, ਜੋ 20 ਅਪਰੈਲ ਪਿੱਛੋਂ ਪ੍ਰਭਾਵੀ ਹੋਣਗੀਆਂ । ਆਪਸੀ ਦੂਰੀ, ਮਾਸਕ ਅਤੇ ਸੈਨੇਟਾਈਜ਼ੇਸ਼ਨ ਜਰੂਰੀ ਹੋਣਗੇ। ਧਾਰਮਿਕ ਅਤੇ ਸਮਾਜਿਕ ਸਮਾਗਮ , ਸ਼ਰਾਬ, ਗੁੱਟਕਾ ਅਤੇ ਤਮਾਕੂ ਤੇ ਪਾਬੰਦੀ ਜਾਰੀ ਰਹੇਗੀ। ਖੇਤੀਬਾੜੀ ਧੰਦੇ, ਚਾਰਾ, ਮੀਟ, ਮੱਛੀ, ਮੁਰੰਮਤ ਸਬੰਧੀ ਧੰਦੇ, ਬੈਂਕਾਂ ਆਦਿ, ਮਕੈਨਿਕ, ਪਲੰਬਰ, ਪੇਂਡੂ ਉਦਯੋਗ ਸਮੇਤ ਜਰੂਰੀ ਗਤੀਵਿਧੀਆਂ ਲਈ ਛੋਟ ਹੋਏਗੀ।

ਵਿਸ਼ਵ ਵਿਚ ਹੋਰ ਵਿਗੜੇ ਹਾਲਾਤ:
ਕੋਵਿਡ19 ਮਹਾਂਮਾਰੀ ਦਾ ਘੇਰਾ 2 ਸੌ ਤੋਂ ਵਧੇਰੇ ਦੇਸ਼ਾਂ ਤਕ ਵਧ ਗਿਐ ਅਤੇ ਮਰੀਜਾਂ ਦਾ ਅੰਕੜਾ ਤੇਜ਼ੀ ਨਾਲ ਵਧਦਾ ਹੋਇਆ 22 ਲੱਖ ਤੋਂ ਪਾਰ ਹੋ ਰਿਹੈ। ਡੇਢ ਲੱਖ ਦੇ ਕਰੀਬ ਮੌਤਾਂ ਹੋਈਆਂ ਨੇ ਜੋ ਕੁੱਲ ਮਰੀਜਾਂ ਦਾ 4% ਦੇ ਕਰੀਬ ਹੈ। ਕਰੀਬ ਸਾਢੇ ਪੰਜ ਲੱਖ ਪੀੜਤ ਠੀਕ ਵੀ ਹੋਏ ਨੇ। ਅਮਰੀਕਾ ਵਿਚ ਸਥਿਤੀ ਦਿਨੋ ਦਿਨ ਬੱਦ ਤੋਂ ਬਦਤਰ ਹੋ ਰਹੀ ਹੈ ।

ਬੁਰੀ ਤਰ੍ਹਾਂ ਘਬਰਾਏ ਅਮਰੀਕੀ ਰਾਸ਼ਟਰਪਤੀ ਨੇ ਵਿਸ਼ਵ ਸਿਹਤ ਸੰਸਥਾ ਤੇ ਸਹੀ ਜਾਣਕਾਰੀ ਛੁਪਾਉਣ ਦੇ ਦੋਸ਼ ਲਗਾ ਕੇ ਦਿੱਤੇ ਜਾਂਦੇ ਕਰੀਬ 500 ਮਿਲੀਅਨ ਡਾਲਰ ਦੇ ਫੰਡ ਤੇ ਰੋਕ ਲਗਾਈ ਹੈ। ਅਮਰੀਕਾ ਵਿਚ ਮਰੀਜਾਂ ਦੀ ਗਿਣਤੀ 7 ਲੱਖ ਤੋਂ ਪਾਰ ਜਾ ਚੁੱਕੀ ਹੈ ਅਤੇ ਮੌਤਾਂ ਦਾ ਅੰਕੜਾ 40 ਹਜ਼ਾਰ ਵਲ ਵੱਧ ਰਿਹੈ।

ਇਟਲੀ, ਸਪੇਨ, ਜਰਮਨ, ਫਰਾਂਸ ਸਮੇਤ ਬਹੁਤ ਸਾਰੇ ਮੁਲਕਾਂ ਵਿਚ ਵੀ ਮਹਾਂਮਾਰੀ ਦਾ ਸਿਕੰਜਾ ਹੋਰ ਕਸਦਾ ਜਾ ਰਿਹੈ। ਕੋਰੋਨਾ ਵਾਇਰਸ ਦੇ ਇਲਾਜ ਲਈ ਵਿਗਿਆਨੀ ਅਜੇ ਕੋਈ ਦਵਾਈ ਈਜਾਦ ਨਹੀਂ ਕਰ ਸਕੇ। ਵਿਕਸਤ ਦੇਸ਼ਾਂ ਵਲੋਂ ਵੱਡੀ ਪੱਧਰ ਤੇ ਟੈਸਟਿੰਗ ਕਰਕੇ ਮਰੀਜਾਂ ਦੀ ਸ਼ਨਾਖਤ ਹੋ ਰਹੀ ਹੈ। ਤਸੱਲੀ ਵਾਲੀ ਗੱਲ ਹੈ ਕਿ ਚੀਨ, ਦੱਖਣੀ ਕੋਰੀਆ, ਜਾਪਾਨ ਸਿੰਘਾਪੁਰ ਆਦਿ ਕਈ ਦੇਸ਼ ਸਖਤ ਅਨੁਸਾਸ਼ਨ ਨਾਲ ਇਸ ਆਦਮ ਖਾਣੇ ਦੈਂਤ ਨੂੰ ਨੱਥ ਪਾਉਣ ਵਿਚ ਕਾਫੀ ਸਫਲ ਵੀ ਰਹੇ ਨੇ।

ਜਿਸ ਤੋਂ ਸਪੱਸ਼ਟ ਹੈ ਕਿ ਮਹਾਮਾਰੀ ਨੁਕਸਾਨ ਤਾਂ ਵਧੇਰੇ ਕਰ ਸਕਦੀ ਹੈ, ਪਰ ਸਖਤ ਬੰਦਸ਼ਾਂ ਅਤੇ ਅਨੁਸਾਸ਼ਨ ਰਾਹੀ ਇਸ ਤੇ ਕਾਬੂ ਪਾਉਣਾ ਅਸੰਭਵ ਨਹੀਂ ਹੈ। ਅਜੇ ਤਾਂ ਹਰ ਦੇਸ਼ ਲਈ ਕਿਸੇ ਵੀ ਕੀਮਤ ਤੇ ਆਪਣੇ ਨਾਗਰਿਕਾਂ ਦੀ ਜਾਨ ਬਚਾਉਣਾ ਸਭ ਤੋਂ ਵੱਡੀ ਚੁਣੌਤੀ ਹੈ। ਮਹਾਂਮਾਰੀ ਨਾਲਵਿਸ਼ਵ 9 ਟ੍ਰਿਲੀਅਨ ਡਾਲਰ ਦੇ ਨੁਕਸਾਨ ਦਾ ਅੰਦਾਜ਼ਾ ਹੈ ਅਤੇ ਭਾਰਤ ਦੀ ਵਿਕਾਸ ਦਰ 2% ਤੋਂ ਹੇਠ ਪੁੱਜਣ ਦਾ ਅਨੁਮਾਨ ਹੈ।

ਭਾਰਤ ਸਟੇਜ-3 ਦੀ ਦਹਿਲੀਜ਼ ਤੇ:
ਬੇਸ਼ਕ ਭਾਰਤ ਵਿਚ ਲੌਕਡਾਉਨ ਨਾਲ ਇਸ ਨੂੰ ਤੇਜੀ ਨਾਲ ਵਧਣ ਤੋਂ ਰੋਕਣ ਵਿਚ ਤਾਂ ਸਫਲਤਾ ਮਿਲੀ, ਪਰ ਹੁਣ ਗਲੀ ਮੁਹੱਲਿਆਂ ਵਿਚੋਂ ਤੇਜੀ ਨਾਲ ਨਵੇਂ ਕੇਸ ਆ ਰਹੇ ਨੇ , ਜਿਸ ਤੋਂ ਸਪੱਸ਼ਟ ਹੈ ਕਿ ਭਾਰਤ ਸਟੇਜਾਂ-3 ਵਿਚ ਪੁੱਜਣ ਦੀ ਦਹਿਲੀਜ਼ ਤੇ ਹੈ। ਹੁਣ ਤਕ ਭਾਰਤ ਵਿਚ ਮਰੀਜਾਂ ਦਾ ਅੰਕੜਾ 14 ਹਜਾਰ ਤੋਂ ਪਾਰ ਜਾ ਰਿਹੈ। ਸਾਢੇ ਚਾਰ ਸੌ ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਅਤੇ ਕਰੀਬ 1800 ਮਰੀਜ ਠੀਕ ਹੋਏ ਨੇ। ਮੁੰਬਈ , ਦਿੱਲੀ ਕਰਨਾਟਕਾ ਸਮੇਤ ਬਹੁਤ ਸਾਰੇ ਸੂਬੇ ਮਹਾਂਮਾਰੀ ਦੀ ਭਿਆਨਕ ਮਾਰ ਹੇਠ ਨੇ।

ਪੰਜਾਬ ਸਰਕਾਰ ਦੇ ਯਤਨ :
ਸਮੇਂ ਤੇ ਲਗਾਏ ਕਰਫਿਉ ਨਾਲ ਪੰਜਾਬ ਦੀ ਸਥਿਤੀ ਦੂਜੇ ਰਾਜਾਂ ਦੇ ਮੁਕਾਬਲੇ ਕੁੱਝ ਬੇਹਤਰ ਹੈ। ਸੂਬੇ ਵਿਚ ਮਰੀਜ਼ਾਂ ਦੀ ਗਿਣਤੀ ਦੋ ਸੌ ਪਾਰ ਜਾ ਚੁੱਕੀ ਹੈ ਅਤੇ 14 ਦੀ ਮੌਤ ਹੋਈ ਹੈ। ਇਥੇ ਭੁਖਮਰੀ ਦੀ ਵੀ ਬਹੁਤੀ ਸਮੱਸਿਆ ਨਹੀਂ। ਪਰ ਸੂਬੇ ਉਤੇ ਚੜ੍ਹੇ ਕਰੀਬ ਢਾਈ ਲੱਖ ਕਰੋੜ ਦੇ ਕਰਜੇ ਕਾਰਨ ਦੇਸ਼ ਦਾ ਢਿੱਡ ਭਰਨ ਵਾਲਾ ਸੂਬਾ ਫੰਡਾਂ ਦੀ ਘਾਟ ਨਾਲ ਕਰਾਹ ਰਿਹੈ। ਉਪਰੋਂ ਕੇਂਦਰੀ ਸਰਕਾਰ ਬਣਦੇ ਜੀਐਸਟੀ ਦੇ ਫੰਡ ਜਾਰੀ ਕਰਨ ‘ਚ ਲੇਲੜੀਆਂ ਕੱਢਾਉਂਦੀ ਹੈ। ਸਿਹਤ ਢਾਂਚਾ ਵੀ ਸਹੀ ਨਹੀਂ, ਫਿਰ ਵੀ ਡਾਕਟਰ ਅਤੇ ਸਟਾਫ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਡੱਟੇ ਹੋਏ ਨੇ।

ਪੁਲਿਸ ਨੂੰ ਸਾਰਾ ਧਿਆਨ ਲੋਕਾਂ ਨੂੰ ਘਰਾਂ ਅੰਦਰ ਰੋਕਣ ਤੇ ਲਗਾਉਣਾ ਚਾਹੀਦੈ। ਸੁੱਕਾ ਰਾਸ਼ਣ ਮੁਹੱਈਆ ਕਰਕੇ ਲੰਗਰਾਂ ਨਾਲ ਵਾਇਰਸ ਦੇ ਖਤਰੇ ਨੂੰ ਘਟਾਉਣਾ ਹੋਏਗਾ। ਜਵਾਹਰਪੁਰ ਵਿਖੇ ਲਾਪ੍ਰਵਾਹੀ ਨਾਲ ਇਕੋ ਪਿੰਡ ਵਿਚ 37 ਲੋਕ ਵਾਇਰਸ ਦਾ ਸ਼ਿਕਾਰ ਹੋਏ। ਕਣਕ ਦੀ ਖਰੀਦ ਲਈ 3800 ਖ੍ਰੀਦ ਕੇਂਦਰਾਂ ਵਿਚ ਨੇਤਾ ਲੋਕ ਫੋਟੋਆਂ ਖਿਚਵਾਉਣ ਦੀ ਹੋੜ ਵਿਚ ਨੇ। ਕਣਕ ਦੀ ਖਰੀਦ ਰਾਹੀਂ ਪੰਜਾਬ ਦੀ ਆਰਥਿਕਤਾ ਵਿਚ ਕਰੀਬ 2300 ਕਰੋੜ ਦਾ ਇਜ਼ਾਫਾ ਹੋਏਗਾ, ਜਿਸ ਨਾਲ ਕਿਸਾਨੀ ਅਤੇ ਦੂਜੇ ਕਾਰੋਬਾਰਾਂ ਨੂੰ ਕਾਫੀ ਰਾਹਤ ਮਿਲੇਗੀ।

ਆਫਤ ਦੇ ਸਮੇਂ ਵਿਚ ਰਾਹਤ ਫੰਡ ਵਿਚ ਦਾਨ ਮੰਗਣ ਦੇ ਨਾਲ ਸਾਂਸਦਾਂ ਅਤੇ ਵਧਾਇਕਾਂ ਨੂੰ ਸਭ ਤੋਂ ਪਹਿਲਾਂ ਇਕ ਤੋਂ ਵੱਧ ਪੈਨਸ਼ਨਾਂ ਦਾ ਤਿਆਗ ਕਰਨਾ ਚਾਹੀਦੈ। ਸਰਕਾਰ ਨੂੰ ਜਲਦੀ ਰੈਪਿਡ ਟੈਸਟਿੰਗ ਸ਼ੁਰੂ ਕਰਨੀ ਹੋਏਗੀ। ਲੌਕਡਾਉਨ ਖਤਮ ਹੋਣ ਤੇ ਸਰਕਾਰ ਨੂੰ ਸਮਾਜਿਕ ਦੂਰੀ ਅਤੇ ਸਹੀ ਸਫਾਈ ਦੀ ਆਦਤ ਬਣਾਉਣ ਲਈ ਜਾਗਰੂਕਤਾ ਪ੍ਰੋਗਰਾਮ ਉਲੀਕਣੇ ਹੋਣਗੇ।

ਮਜਦੂਰ ਸੜਕਾਂ ਤੇ ਕਿਉ :
ਕੋਵਿਡ19 ਮਹਾਮਾਰੀ ਤੋਂ ਪਹਿਲਾਂ ਹੀ ਦੇਸ਼ ਅੰਦਰ ਮੰਦੀ ਕਾਰਨ ਬੇਰੁਜ਼ਗਾਰੀ ਤੇਜ਼ੀ ਨਾਲ ਵੱਧ ਰਹੀ ਸੀ। ਅਜੇਹੇ ਵਿਚ ਮਹਾਂਮਾਰੀ ਦਾ ਮੁਕਾਬਲਾ ਕਰਨਾ ਦੇਸ਼ ਲਈ ਬਹੁਤ ਵੱਡੀ ਚੁਣੌਤੀ ਹੈ। ਵਿਸ਼ਵ ‘ਚ ਤਬਾਹੀ ਦੇ ਮੱਦੇਨਜ਼ਰ ਸਖਤ ਕਦਮ ਚੁੱਕਣੇ ਵੀ ਜਰੂਰੀ ਸਨ। ਚੀਨ ਅੰਦਰ ਜਨਵਰੀ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਦੀ ਭਿਆਨਕਤਾ ਨੂੰ ਘੱਟ ਕਰਕੇ ਦੇਖਣਾ ਬਾਕੀ ਦੇਸ਼ਾਂ ਵਾਂਗ ਭਾਰਤ ਨੂੰ ਵੀ ਬਹੁਤ ਮਹਿੰਗਾ ਪੈ ਰਿਹੈ। ਲੌਕਡਾਊਨ ਲਗਾਊਣ ਤੋਂ ਪਹਿਲਾਂ ਤਿਆਰੀ ਦਾ ਕਾਫੀ ਸਮਾਂ ਸੀ।

ਛੁੱਟੀ ਦੇ ਸਮੇਂ ਹਰ ਪ੍ਰਵਾਸੀ ਦੀ ਤਾਂਘ ਆਪਣਿਆਂ ਵਿਚ ਰਹਿਣ ਦੀ ਹੁੰਦੀ ਹੈ। ਨੌਕਰੀਆਂ ਖੁੱਸਣ ਤੇ ਮਕਾਨਾਂ ਦੇ ਕਰਾਏ ਅਤੇ ਸ਼ਹਿਰਾਂ ਦੇ ਖਰਚੇ ਕਰਨੇ ਆਸਾਨ ਨਹੀਂ ਹੁੰਦੇ। ਸਰਕਾਰ ਜੇਕਰ ਸ਼ੁਰੂ ਮਾਰਚ ਵਿਚ ਕਾਮਿਆਂ ਨੂੰ ਲੌਕਡਾਉੂਨ ਬਾਰੇ ਸੂਚਿਤ ਕਰਕੇ ਆਪਣੇ ਸੂਬਿਆਂ ਵਿਚ ਜਾਣ ਲਈ ਸਾਧਨ ਮੁਹੱਈਆ ਕਰਦੀ ਤਾਂ ਸਮੱਸਿਆ ਕਾਫੀ ਘੱਟ ਹੋਣੀ ਸੀ। ਸੂਬੇ ਭਾਰੀ ਕਰਜਿਆਂ ਕਾਰਨ ਪਹਿਲਾਂ ਹੀ ਕੇਂਦਰ ਵਲ ਦੇਖਦੇ ਨੇ। ਸਰਕਾਰੀ ਮੈਡੀਕਲ ਢਾਂਚਾ ਨਕਾਰਾ ਹੋ ਚੁੱਕੈ। ਮਹਾਂਮਾਰੀ ਤਾਂ ਕੀ, ਆਮ ਦਿਨਾਂ ਵਿਚ ਵੀ ਲੋਕ ਪ੍ਰਾਈਵੇਟ ਡਾਕਟਰਾਂ ਜਾਂ ਹਸਪਤਾਲਾਂ’ ਤੇ ਹੀ ਨਿਰਭਰ ਨੇ। ਲੋੜ ਪੈਣ ਤੇ ਪ੍ਰਾਈਵੇਟ ਹਸਪਤਾਲ ਪਿੱਠ ਦਿਖਾ ਗਏ।

ਜਨਤਕ ਵੰਡ ਪ੍ਰਣਾਲੀ ਇਕਦਮ ਬੋਝ ਪੈਣ ਤੇ ਲੜਖੜਾ ਗਈ। ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਬਾਵਜੂਦ ਲੱਖਾਂ ਗਰੀਬ ਪਰਵਾਰਾਂ ਨੂੰ ਖਾਣਾ ਦੇਣਾ ਸੂਬਾ ਸਰਕਾਰਾਂ ਲਈ ਔਖਾ ਹੋ ਰਿਹੈ ਅਤੇ ਆਪਸੀ ਦੂਰੀ ਦਾ ਮੰਤਵ ਵੀ ਲਾਂਭੇ ਜਾ ਰਿਹੈ। ਲੌਕਡਾਊਨ-1 ਲੱਗਦੇ ਹੀ ਮੁੰਬਈ, ਦਿੱਲੀ ਸਮੇਤ ਬਹੁਤੇ ਵੱਡੇ ਸ਼ਹਿਰਾਂ ਤੋਂ ਮਜ਼ਦੂਰ ਪਰਵਾਰਾਂ ਸਮੇਤ ਪੈਦਲ ਹੀ ਆਪਣੇ ਰਾਜਾਂ ਨੂੰ ਤੁਰ ਪਏ। ਮੱਦਦ ਦਾ ਭਰੋਸਾ ਦੇ ਕੇ ਉਨਾਂ ਨੂੰ ਰੋਕਿਆ ਗਿਆ। ਪਰ ਸੂਬਾ ਸਰਕਾਰਾਂ ਮਜਦੂਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ‘ਚ ਸਫਲ ਨਹੀਂ ਹੋ ਰਹੀਆਂ। ਸੜਕਾਂ ਤੇ ਰੋਕੇ ਗਏ ਟਰੱਕਾਂ ਦੇ ਡਰਾਇਵਰਾਂ ਨੂੰ ਪਾਣੀ ਤਕ ਨਹੀਂ ਮਿਲਿਆ।

ਕੁੱਲ ਮਿਲਾ ਕੇ ਸਥਿਤੀ ਅੰਦਰ ਹੀ ਅੰਦਰ ਵਿਸਫੋਟਕ ਹੋ ਚੁੱਕੀ ਸੀ। ਲੌਕਡਾਉਨ-2 ਦਾ ਐਲਾਨ ਹੋਣ ਤੇ ਮੁਸ਼ਕਲ ‘ਚ ਫਸੇ ਮਜ਼ਦੂਰ ਮੁੰਬਈ , ਗੁਜਰਾਤ, ਪੰਜਾਬ (ਲੁਧਿਆਣਾ), ਰਾਜਸਥਾਨ , ਕਰਨਾਟਕਾ ਦੇ ਬਹੁਤੇ ਸ਼ਹਿਰਾਂ ਵਿਚ ਸੜਕਾਂ ਤੇ ਉਤਰ ਆਏ। ਭੁੱਖ ਦੇ ਝੰਬੇ ਮਜ਼ਦੂਰ ਪੁਲਿਸ ਦੀਆਂ ਲਾਠੀਆਂ ਖਾਣ ਲਈ ਮਜਬੂਰ ਦਿਸਦੇ ਨੇ। ਲੋਕ ਸਰਕਾਰੀ ਹਸਪਤਾਲਾਂ ਵਿਚ ਜਾਣ ਤੋਂ ਡਰ ਰਹੇ ਨੇ। ਡਾਕਟਰਾਂ ਅਤੇ ਸਹਿਯੋਗੀ ਸਟਾਫ ਲਈ ਮਿਆਰੀ ਸੁਰੱਖਿਆ ਉਪਕਰਣਾਂ ਦੀ ਘਾਟ ਵੀ ਗੰਭੀਰ ਮੁੱਦਾ ਬਣਿਆ ਹੋਇਆ। ਮਜ਼ਦੂਰਾਂ ਨੂੰ ਪੂਰੀ ਤਨਖਾਹ ਦੇ ਭਰੋਸਾ ਦਾ ਪਾਲਣ ਵੀ ਨਹੀਂ ਹੋ ਰਿਹਾ।

ਅਨਾਜ ਵੰਡਣ ਦੇ ਯਤਨ ਗਰੀਬ ਜਨਤਾ ਦਾ ਭਰੋਸਾ ਬੰਨਣ ‘ਚ ਸਫਲ ਨਹੀਂ ਦਿਸਦੇ। ਪ੍ਰਧਾਨ ਮੰਤਰੀ ਵਲੋਂ ਇਸ ਨੂੰ ਲੰਮੀ ਲੜਾਈ ਦਸਣ ਨਾਲ ਮਜਦੂਰਾਂ ਦੀ ਬੇਚੈਨੀ ਹੋਰ ਵੱਧ ਗਈ। ਔਖੇ ਸਮੇਂ ਵੀ ਕੁੱਝ ਲੋਕ ਇਸ ਨੂੰ ਮਜਹੱਬ ਨਾਲ ਜੋੜ ਕੇ ਸਥਿਤੀ ਹੋਰ ਵਿਗਾੜਨ ‘ਚ ਲਗੇ ਨੇ। ਕਈ ਥਾਂਈਂ ਸਬਜ਼ੀਆਂ/ਫਲਾਂ ਦੀਆਂ ਵਾਲਿਆਂ ਨੂੰ ਧਰਮ ਦੇ ਨਾਮ ਤੇ ਪ੍ਰੇਸ਼ਾਨ ਕਰਨ ਦੇ ਵੀਡੀਓ ਵੀ ਆ ਰਹੇ ਨੇ, ਜੋ ਭੁਖਮਰੀ ਤੋਂ ਵੀ ਖਤਰਨਾਕ ਹੈ।

ਜੇਕਰ ਮਜਦੂਰਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਕਰਕੇ ਹੱਲ ਕੱਢਣ ਦੇ ਯਤਨ ਹੋ ਜਾਂਦੇ, ਤਾਂ ਮਜਦੂਰ ਸੜਕਾਂ ਤੇ ਉਤਰਨ ਲਈ ਮਜਬੂਰ ਨਾਂ ਹੁੰਦੇ। ਇਸ ਨਾਲ ਆਪਸੀ ਦੂਰੀ ਅਤੇ ਸਹੀ ਸੈਨੀਟੇਸ਼ਨ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਆਉੰਦਾ ਅਤੇ ਵਾਇਰਸ ਨੂੰ ਹਰਾਉਣਾ ਵੀ ਆਸਾਨ ਰਹਿੰਦਾ।

ਮਹਾਂਮਾਰੀ ਤੋਂ ਸਬਕ ਦੀ ਲੋੜ:
ਲੌਕਡਾਉਨ ਨਾਲ ਕੋਵਿਡ-19 ਮਹਾਮਾਰੀ ਦੀ ਮਾਰ ਨੂੰ ਰੋਕਿਆ ਤਾਂ ਜਾ ਸਕਦੈ, ਇਹ ਸਮੱਸਿਆ ਦਾ ਪੱਕਾ ਹੱਲ ਨਹੀਂ। ਕਾਰੋਬਾਰਾਂ ਨੂੰ ਲੰਮੇ ਸਮੇ ਤਕ ਬੰਦ ਰੱਖਕੇ ਗਰੀਬਾਂ ਨੂੰ ਭੁਖਮਰੀ ਵਲ ਧੱਕਣਾ ਹੋਰ ਵੀ ਭਿਆਨਕ ਹੋ ਸਕਦੈ। ਲੋਕਾਂ ਨੂੰ ਸਥਿਤੀ ਦੀ ਗੰਭੀਰਤਾ ਬਾਰੇ ਸਹੀ ਜਾਣਕਾਰੀ ਦੇ ਕੇ ਮਹਾਮਾਰੀ ਨਾਲ ਸਿੱਝਣ ਲਈ ਬੰਦਸ਼ਾਂ ਦੀ ਆਦਿਤ ਪਾਉਣੀ ਹੋਏਗੀ।

ਕੇਂਦਰ ਨੂੰ ਸੂਬਾ ਸਰਕਾਰਾਂ ਅਤੇ ਮਾਹਿਰਾਂ ਦੀ ਰਾਏ ਨਾਲ ਯੋਜਨਾਵਾਂ ਤਿਆਰ ਕਰਨੀਆਂ ਹੋਣਗੀਆਂ। ਮਹਾਂਮਾਰੀ ਦੀ ਤਬਾਹੀ ਨਾਲ ਭਾਰਤ ‘ਚ ਮੰਦੀ ਦਾ ਵੱਧਣਾ ਵੀ ਤਹਿ ਹੈ। ਉਸ ਸਥਿਤੀ ਨਾਲ ਨਿਪਟਾਣ ਲਈ ਰਾਜਸੀ ਹਿੱਤ ਲਾਂਭੇ ਰੱਖਕੇ ਸਭ ਦੇ ਸਹਿਯੋਗ ਨਾਲ ਦੇਸ਼ ਭਗਤੀ ਦੀ ਭਾਵਨਾ ਨਾਲ ਅੱਗੇ ਵਧਣਾ ਜਰੂਰੀ ਹੋਏਗਾ।

ਲੇਖਕ,
ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਧਿਕਾਰੀ (ਰਿਟਾ.)
9915836543


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION