35.1 C
Delhi
Saturday, April 20, 2024
spot_img
spot_img

ਕੋਆਪ੍ਰੇਟਿਵ ਸੁਸਾਇਟੀਆਂ ਨੂੰ ਘਪਲਾਮੁਕਤ ਬਣਾਉਣ ਲਈ ਸਾਰੀਆਂ ਸੁਸਾਇਟੀਆਂ ਦਾ ਕੰਪਿਊਟਰੀਕਰਨ ਕੀਤਾ ਜਾਵੇਗਾ : ਰੰਧਾਵਾ

ਚੰਡੀਗੜ੍ਹ, 3 ਜਨਵਰੀ, 2019 –

ਪੰਜਾਬ ਦੇ ਪੇਂਡੂ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੀਆਂ ਜਾਂਦੀਆਂ ਕੋਆਪ੍ਰੇਟਿਵ ਸੁਸਾਇਟੀਆਂ ਨੂੰ ਘਪਲਾਮੁਕਤ ਬਣਾਉਣ ਲਈ ਸਾਰੀਆਂ ਸੁਸਾਇਟੀਆਂ ਦਾ ਕੰਪਿਊਟਰੀਕਰਨ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਸਰਹੱਦੀ ਖੇਤਰ ਦੇ ਪਿੰਡਾਂ ਵਿਚਲੀਆਂ ਸੁਸਾਇਟੀਆਂ ਤੋਂ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਮਾਰਕਫੈੱਡ ਦੇ ਦਫਤਰ ਵਿਖੇ ਵੱਖ-ਵੱਖ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਸੁਸਾਇਟੀਆਂ ਦਾ ਸਾਰਾ ਕੰਮਕਾਜ ਆਨਲਾਈਨ ਹੋਣ ਜਿਥੇ ਸੁਸਾਇਟੀਆਂ ਦੀ ਕਾਰਜਪ੍ਰਣਾਲੀ ਵਿੱਚ ਪਾਰਦਰਸ਼ਤਾ ਆਵੇਗੀ ਉਥੇ ਇਨ੍ਹਾਂ ਵਿੱਚ ਹੁੰਦੇ ਗਬਨਾਂ ਤੇ ਘਪਲਿਆਂ ਨੂੰ ਵੀ ਰੋਕਿਆ ਜਾ ਸਕੇਗਾ।

ਉਨ੍ਹਾਂ ਦੱਸਿਆ ਕਿ ਇਸ ਕਾਰਜ ਦੀ ਸ਼ੁਰੂਆਤ ਸਰਹੱਦੀ ਖੇਤਰ ਦੇ ਪਿੰਡਾਂ ਦੀਆਂ ਸੁਸਾਇਟੀਆਂ ਤੋਂ ਕੀਤੀ ਜਾਵੇਗੀ। ਸ਼ੁਰੂਆਤੀ ਪੜਾਅ ਵਿੱਚ ਤਰਨ ਤਾਰਨ, ਅਜਨਾਲਾ, ਰਾਜਾਸਾਂਸੀ, ਬਾਬਾ ਬਕਾਲਾ, ਬਟਾਲਾ, ਡੇਰਾ ਬਾਬਾ ਨਾਨਕ ਦੇ ਪਿੰਡਾਂ ਦੀਆਂ ਸੁਸਾਇਟੀਆਂ ਵਿੱਚ ਕੰਪਿਊਟਰੀਕਰਨ ਦੀ ਪ੍ਰੀਕਿਰਿਆ ਨੂੰ ਆਰੰਭ ਕੀਤਾ ਜਾਵੇਗਾ ਅਤੇ ਇਸ ਕਾਰਜ ਨੂੰ ਜਲਦ ਨੇਪਰੇ ਚਾੜ੍ਹਨ ਲਈ ਟੈਂਡਰਿੰਗ ਕੀਤੀ ਜਾ ਰਹੀ ਹੈ।

ਕੈਬਨਿਟ ਮੰਤਰੀ ਨੇ ਮੀਟਿੰਗ ਦੌਰਾਨ ਸਹਿਕਾਰੀ ਬੈਂਕਾਂ ਤੇ ਸੰਸਥਾਵਾਂ ਵੱਲੋਂ ਕੀਤੀ ਜਾਂਦੀ ਰਿਕਵਰੀ ਦਾ ਵੀ ਜਾਇਜ਼ਾ ਲਿਆ ਅਤੇ ਰਿਕਵਰੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਸੰਗਰੂਰ, ਲੁਧਿਆਣਾ, ਮਾਨਸਾ ਅਤੇ ਮੋਗਾ ਦੀਆਂ ਸੁਸਾਇਟੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਿਕਵਰੀ ਦੀ ਪ੍ਰੀਕਿਰਿਆ ਨੂੰ ਹੋਰ ਚੁਸਤ-ਦਰੁਸਤ ਬਣਾਇਆ ਜਾਵੇ ਅਤੇ ਕੋਆਪ੍ਰੇਟਿਵ ਬੈਂਕਾਂ ਤੇ ਸੁਸਾਇਟੀਆਂ ਦਾ ਕਰਜ਼ਾ ਨਾ ਮੋੜਨ ਵਾਲੇ ਚੋਟੀ ਦੇ 15 ਡਿਫਾਲਟਰਾਂ ’ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਮੀਟਿੰਗ ਵਿੱਚ ਵਾਲਮਾਰਟ ਤੇ ਬੈਸਟ ਪ੍ਰਾਈਜ਼ ਵਰਗੀਆਂ ਵੱਡੀਆਂ ਕੰਪਨੀਆਂ ਨਾਲ ਸਮਝੌਤਾ ਕਰ ਕੇ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਰਾਹੀਂ ਇਨ੍ਹਾਂ ਦੇ ਵਿਕਰੀ ਕੇਂਦਰ ਖੋਲ੍ਹੇ ਜਾਣ ਦਾ ਫੈਸਲਾ ਵੀ ਲਿਆ ਗਿਆ। ਕੈਬਨਿਟ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਇਸ ਜ਼ਰੀਏ ਪ੍ਰਾਪਤ ਕਮਿਸ਼ਨ ਰਾਹੀਂ ਜਿਥੇ ਸੁਸਾਇਟੀਆਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਉਥੇ ਇਨ੍ਹਾਂ ਦੀ ਆਰਥਿਕਤਾ ਹੋਰ ਮਜ਼ਬੂਤ ਹੋਵੇਗੀ ਅਤੇ ਇਸ ਦਾ ਸਿੱਧਾ ਲਾਭ ਕਿਸਾਨ ਭਾਈਚਾਰੇ ਨੂੰ ਮਿਲੇਗਾ, ਜੋ ਕਿ ਆਪਣੀਆਂ ਕਿਸਾਨੀ ਨਾਲ ਲੋੜਾਂ ਲਈ ਕਾਫੀ ਹੱਦ ਤੱਕ ਸਹਿਕਾਰੀ ਸੁਸਾਇਟੀਆਂ ’ਤੇ ਨਿਰਭਰ ਕਰਦਾ ਹੈ।

ਉਨ੍ਹਾਂ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਸੁਸਾਇਟੀਆਂ ਦੇ ਪ੍ਰਧਾਨਾਂ ਤੇ ਸਕੱਤਰਾਂ ਨਾਲ ਡਵੀਜ਼ਨ ਪੱਧਰ ’ਤੇ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਆਪਣੇ ਕੰਮਕਾਜ ਦੌਰਾਨ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਜਾਣ ਕੇ ਉਨ੍ਹਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਕਿਸਾਨੀ ਨੂੰ ਠੁੰਮਣਾ ਲਾਉਣ ਵਾਲੀਆਂ ਇਨ੍ਹਾਂ ਸੁਸਾਇਟੀਆਂ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ।

ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਵਧੀਕ ਮੁੱਖ ਸਕੱਤਰ ਸਹਿਕਾਰਤਾ ਸ਼੍ਰੀਮਤੀ ਕਲਪਨਾ ਮਿੱਤਲ ਬਰੂਆ, ਸਕੱਤਰ ਖੇਤੀਬਾੜੀ ਸ਼੍ਰੀ ਕਾਹਨ ਸਿੰਘ ਪੰਨੂ, ਰਜਿਸਟਰਾਰ ਸਹਿਕਾਰੀ ਸੁਸਾਇਟੀਆਂ ਸ਼੍ਰੀ ਵਿਕਾਸ ਗਰਗ, ਮਾਰਕਫੈੱਡ ਦੇ ਐਮ. ਡੀ. ਸ਼੍ਰੀ ਵਰੁਣ ਰੂਜ਼ਮ, ਸ਼੍ਰੀ ਚਰਨਦੇਵ ਸਿੰਘ ਮਾਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION