ਚੰਡੀਗੜ੍ਹ, 6 ਅਗਸਤ, 2019 –
ਪੰਜਾਬ ਵਿਧਾਨ ਸਭਾ ਸੈਸ਼ਨ ਉਪਰੰਤ ਮੀਡੀਆ ਨੂੰ ਮੁਖ਼ਾਤਬ ਹੋ ਕੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਬਾਦਲ ਪਰਿਵਾਰ ਨੂੰ ਆੜੇ ਹੱਥੀ ਲਿਆ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਜਿੱਥੇ ਕਾਂਗਰਸ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਾਦਲਾਂ ਸਮੇਂ ਦੇ ਸਾਰੇ ‘ਮਾਫ਼ੀਆ’ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਨੇ ਸੰਭਾਲ ਲਈ ਹੈ, ਜਦਕਿ ਪਾਰਟੀ ਦੇ ਸੀਨੀਅਰ ਵਿਧਾਇਕ ਅਮਨ ਅਰੋੜਾ ਨੇ ਨਸ਼ਿਆਂ ਅਤੇ ਬੇਅਦਬੀ ਦੇ ਮੁੱਦੇ ‘ਤੇ ਕੈਪਟਨ ਸਰਕਾਰ ‘ਤੇ ਬਾਦਲਾਂ ਨੂੰ ਬਚਾਉਣ ਦੇ ਗੰਭੀਰ ਇਲਜ਼ਾਮ ਲਗਾਏ।
ਚੀਮਾ ਨੇ ਸਰਕਾਰ ‘ਤੇ ਲੋਕ ਮਸਲਿਆਂ ਤੋਂ ਭੱਜਣ ਲਈ ਜਾਣਬੁੱਝ ਕੇ ਛੋਟਾ ਇਜਲਾਸ ਰੱਖਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ‘ਆਪ’ ਨੇ ਹਰੇਕ ਮੁੱਦੇ ‘ਤੇ 2 ਦਿਨ ਦੀ ਸੰਜੀਦਾ ਬਹਿਸ ਲਈ ਘੱਟੋ-ਘੱਟ 20 ਦਿਨ ਦਾ ਇਜਲਾਸ ਰੱਖਣ ਦੀ ਮੰਗ ਕੀਤੀ ਸੀ।
ਚੀਮਾ ਨੇ ਕਿਹਾ ਕਿ ਕਾਂਗਰਸ ਨੇ ਵੀ ਸੂਬੇ ਨੂੰ ‘ਮਾਫ਼ੀਆ ਰਾਜ’ ਤੋਂ ਮੁਕਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੈਂਡ ਮਾਫ਼ੀਆ, ਸੈਂਡ ਮਾਫ਼ੀਆ, ਕੇਬਲ ਮਾਫ਼ੀਆ, ਬਿਜਲੀ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਸਿੱਖਿਆ ਮੰਤਰੀ, ਸਿਹਤ ਮਾਫ਼ੀਆ ਵਰਗੇ ਮਾਫ਼ੀਆਂ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਸੂਬੇ ‘ਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ।
ਖਰੜ ‘ਚ ਡਰੱਗ ਮਾਫ਼ੀਆ ਦੀ ਸ਼ਹਿ ‘ਤੇ ਦਿਨ ਦਿਹਾੜੇ ਮਾਰੀ ਡਰੱਗ ਕੰਟਰੋਲ ਅਫ਼ਸਰ ਨੇਹਾ ਸੌਰੀ ਦੇ ਮਾਪੇ ਅੱਜ ਇਨਸਾਫ਼ ਲਈ ਦਰ-ਦਰ ਭਟਕ ਰਹੇ ਹਨ, ਪਰ ਕੋਈ ਸੁਣਵਾਈ ਨਹੀਂ। ਦਲਿਤ ਵਿਦਿਆਰਥੀਆਂ ਦੇ 1200 ਕਰੋੜ ਤੋਂ ਵੱਧ ਦੇ ਵਜ਼ੀਫ਼ਾ ਘੁਟਾਲੇ ‘ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਬਿਜਲੀ ਦੇ ਰੇਟ ਵਾਰ-ਵਾਰ ਵਧਾਏ ਜਾ ਰਹੇ ਹਨ। ਸ਼ਰਾਬ ਮਾਫ਼ੀਆ ਨਾਲ ਜੁੜੇ ਡਿਫਾਲਟਰ ਠੇਕੇਦਾਰਾਂ ‘ਤੇ ਸਰਕਾਰ ਦੀ ਮਿਹਰਬਾਨੀ ਬਣੀ ਹੋਈ ਹੈ ਅਤੇ ਕਰੋੜਾਂ ਦੀ ਚਪਤ ਸਰਕਾਰੀ ਖ਼ਜ਼ਾਨੇ ਨੂੰ ਲੱਗ ਰਹੀ ਹੈ, ਪਰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ।
ਅਮਨ ਅਰੋੜਾ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਬੇਅਦਬੀ ਅਤੇ ਡਰੱਗ ਦੇ ਮੁੱਦੇ ਪ੍ਰਮੁੱਖ ਰਹੇ ਹਨ। ‘ਆਪ’ ਵੱਲੋਂ ਨਸ਼ਿਆਂ ਦੇ ਮੁੱਦੇ ‘ਤੇ ਦਿੱਤਾ ਗਿਆ ‘ਧਿਆਨ ਦਿਵਾਊ ਮਤਾ’ ਨਿਯਮ ਕਾਨੂੰਨ ਅੱਖੋਂ ਪਰੋਖੇ ਕਰਕੇ ਅਸਵੀਕਾਰ ਕਰ ਦਿੱਤਾ ਗਿਆ, ਜਿਸ ‘ਤੇ ‘ਆਪ’ ਵਿਧਾਇਕਾਂ ਨੂੰ ‘ਮੰਗਲਵਾਰ’ ਨੂੰ ਸਦਨ ‘ਚੋਂ ਰੋਸ ਵਜੋਂ ਵਾਕਆਊਟ ਤੱਕ ਕਰਨਾ ਪਿਆ। ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਭਖਦੇ ਲੋਕ ਮਸਲਿਆਂ ਦਾ ਸਾਹਮਣਾ ਕਰਨ ਦੀ ਵੀ ਸਮਰੱਥਾ ਨਹੀਂ ਰੱਖਦੀ।
ਅਮਨ ਅਰੋੜਾ ਨੇ ਕਲੋਜਰ ਰਿਪੋਰਟ ਤੇ ਬਾਦਲਾਂ ਨੂੰ ਘੇਰਦਿਆਂ ਕਿਹਾ ਕਿ ਅਕਾਲੀ ਦਲ ਕਿਹੜੇ ਮੂੰਹ ਨਾਲ ਕਲੋਜਰ ਰਿਪੋਰਟ ‘ਤੇ ਰੌਲਾ-ਰੱਪਾ ਅਤੇ ਵਾਕਆਊਟ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਾਦਲਾਂ ਨੂੰ ਬਚਾਉਣ ਲੱਗੀ ਹੋਈ ਹੈ, ਇਸ ਲਈ ਸੀਬੀਆਈ ਜਾਂਚ ਅਤੇ ਕਲੋਜਰ ਰਿਪੋਰਟ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਸਿਟ ਮੁਖੀ ਪ੍ਰਬੋਦ ਕੁਮਾਰ ਵੱਖਰੀ-ਵੱਖਰੀ ਬਿਆਨਬਾਜ਼ੀ ਕਰ ਰਹੇ ਹਨ ਤਾਂ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਅਸਲੀ ਦੋਸ਼ੀ ਬਚਾਏ ਜਾ ਸਕਣ।
ਅਮਨ ਅਰੋੜਾ ਨੇ ਸਦਨ ਦੇ ਅੰਦਰ ਅਤੇ ਬਾਹਰ ਸਰਕਾਰ ਤੋਂ ਪੁੱਛਿਆ ਕਿ ਸੀਬੀਆਈ ਤੋਂ ਕੇਸ ਵਾਪਸ ਲੈਣ ਬਾਰੇ ਨੋਟੀਫ਼ਿਕੇਸ਼ਨ ਬਾਰੇ ਸਰਕਾਰ ਸਪਸ਼ਟ ਕਰੇ ਕਿ ਕਿਸ ਤਾਰੀਖ਼ ਨੂੰ ਭੇਜੀ ਗਈ, ਜੇਕਰ ਨਹੀਂ ਤਾਂ ਕਿਉਂ ਨਹੀਂ ਜਾਰੀ ਕੀਤੀ ਗਈ, ਜੋ ਕਿ ਸਿੱਧਾ ਸਦਨ ਦੇ ਅਧਿਕਾਰਾਂ ਦੀ ਉਲੰਘਣਾ ਹੈ। ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਜਾਣਬੁੱਝ ਕੇ ਸੀਬੀਆਈ ਨੂੰ ਸਮਾਂ ਦਿੱਤਾ ਤਾਂ ਕਿ ਉਹ ‘ਕਲੋਜਰ ਰਿਪੋਰਟ’ ਤਿਆਰ ਕਰ ਸਕੇ ਅਤੇ ਅਸਲੀ ਦੋਸ਼ੀਆਂ ਨੂੰ ਬਚਣ ਦਾ ਮੌਕਾ ਮਿਲ ਜਾਵੇ।
ਇਸ ਮੌਕੇ ਬੀਬੀ ਸਰਬਜੀਤ ਕੌਰ ਮਾਣੂੰਕੇ, ਜੈ ਕ੍ਰਿਸ਼ਨ ਸਿੰਘ ਰੋੜੀ, ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਸੰਘਾ, ਨੀਲ ਗਰਗ, ਸਿਮਰਨ ਸਹਿਜਪਾਲ ਅਤੇ ਸਟੇਟ ਮੀਡੀਆ ਇੰਚਾਰਜ ਮਨਜੀਤ ਸਿੰਘ ਸਿੱਧੂ ਮੌਜੂਦ ਸਨ।