23.1 C
Delhi
Wednesday, April 24, 2024
spot_img
spot_img

ਕੈਪਟਨ ਵੱਲੋਂ 265 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟ ਜਲੰਧਰ ਤੇ ਕਪੂਰਥਲਾ ਨੂੰ ਸਮਰਪਿਤ

ਕਰਤਾਰਪੁਰ, 14 ਅਗਸਤ, 2019:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 265.15 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ/ ਉਦਘਾਟਨ ਕੀਤਾ ਜਿਸ ਨਾਲ ਜਲੰਧਰ ਅਤੇ ਕਪੂਰਥਲਾ ਜ਼ਿਲਿਆਂ ਵਿੱਚ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।

ਵੀਡੀਓ ਕਾਨਫਰੰਸਾਂ ਰਾਹੀਂ ਇਨਾਂ ਪ੍ਰੋਜੈਕਟਾਂ ਦੇ ਉਦਘਾਟਨ/ਨੀਂਹ ਪੱਥਰ ਰੱਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਵਿੱਚ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ ਪੂਰਨ ਤੌਰ ’ਤੇ ਵਚਨਬੱਧ ਹੈ।

ਇਨਾਂ ਪ੍ਰੋਜੈਕਟਾਂ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕਪੂਰਥਲਾ ਜ਼ਿਲੇ ’ਚ ਵਿਕਾਸ ਪ੍ਰੋਜੈਕਟਾਂ ’ਤੇ 132.54 ਕਰੋੜ ਰੁਪਏ ਖਰਚੇ ਜਾ ਰਹੇ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਾਲ ਭਰ ਲਈ ਚੱਲ ਰਹੇ ਸਮਾਗਮਾਂ ਦੀ ਲੜੀ ਵਜੋਂ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸੈਂਟਰ ਫਾਰ ਇਨਵੈਂਸ਼ਨ, ਇਨੋਵੇਸ਼ਨ, ਇਨਕੂਬੇਸ਼ਨ ਅਤੇ ਟ੍ਰੇਨਿੰਗ ਸੰਸਥਾ ਦਾ ਉਦਘਾਟਨ ਕੀਤਾ ਜੋ 103 ਕਰੋੜ ਰੁਪਏ ਦੀ ਲਾਗਤ ਨਾਲ ਆਈ.ਕੇ.ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਕੈਂਪਸ ਸੁਲਤਾਨਪੁਰ ਲੋਧੀ ਵਿਖੇ ‘ਸਪੋਕ’ ਵਜੋਂ ਸਥਾਪਤ ਕੀਤੀ ਗਈ ਹੈ।

ਹੁਨਰ ਵਿਕਾਸ ਕੇਂਦਰ ਵਜੋਂ ਇਹ ਸੰਸਥਾ ਉਦਯੋਗਾਂ ਦੀ ਲੋੜ ਮੁਤਾਬਕ ਸਥਾਨਕ ਪੱਧਰ ਦੇ ਇੰਜੀਨੀਅਰ, ਓਪਰੇਟਰ, ਤਕਨੀਸ਼ੀਅਨ, ਅਤੇ ਹੁਨਰਮੰਦ ਮਾਨਵੀ ਸ਼ਕਤੀ ਤਿਆਰ ਕਰਨ ਵਿੱਚ ਸਹਿਯੋਗ ਕਰਨ ਤੋਂ ਇਲਾਵਾ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਸਰਟੀਫਿਕੇਟ ਕੋਰਸ ਤੋਂ ਲੈ ਕੇ ਪੀ.ਐਚ.ਡੀ. ਤੱਕ ਦੀ ਸਿੱਖਿਆ ਵੀ ਮੁਹੱਈਆ ਕਰਵਾਏਗੀ। ਇਹ ਸਮੁੱਚਾ ਪੋ੍ਰਜੈਕਟ ‘ਹੱਬ’ ਅਤੇ ‘ਸਪੋਕ’ ਮਾਡਲ ’ਤੇ ਆਧਾਰਤ ਹੈ ਜਿਸ ਵਿੱਚ ਟਾਟਾ ਤਕਨਾਲੋਜੀ ਲਿਮਿਟਡ (ਟੀ.ਟੀ.ਐਲ.), ਪੂਨੇ ਦੀ ਭਾਈਵਾਲੀ ਹੈ।

ਇਸ ਪ੍ਰੋਜੈਕਟ ’ਤੇ ਕੁੱਲ 707 ਕਰੋੜ ਰੁਪਏ ਦੀ ਲਾਗਤ ਆਈ ਹੈ ਜਿਸ ਵਿੱਚ ਪੀ.ਟੀ.ਯੂ. ਨੇ 12 ਫੀਸਦੀ ਅਤੇ ਟੀ.ਟੀ.ਐਲ. ਨੇ 88 ਫੀਸਦੀ ਹਿੱਸੇਦਾਰੀ ਪਾਈ ਹੈ। ਇਸ ਪ੍ਰੋਜੈਕਟ ਦੇ ਪੀ.ਟੀ.ਯੂ. ਕੈਂਪਸ ਨਾਲ ਜੁੜੇ ਤਿੰਨ ਭਾਗ ਹਨ ਜਿਸ ਉੱਪਰ 304 ਕਰੋੜ ਰੁਪਏ ਖਰਚੇ ਜਾ ਰਹੇ ਹਨ ਜੋ ਤਿੰਨ ਮਹੀਨਿਆਂ ਵਿੱਚ ਤਿਆਰ ਹੋਵੇਗਾ।

‘ਸਪੋਕ’ ਦੀ ਸਥਾਪਨਾ ਸੁਲਤਾਨਪੁਰ ਲੋਧੀ ਦੇ ਕੈਂਪਸ ਵਿੱਚ ਕੀਤੀ ਗਈ ਜਿਸ ਉੱਪਰ 103 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਅੱਜ ਇਸ ਦਾ ਉਦਘਾਟਨ ਕੀਤਾ ਗਿਆ ਜਦਕਿ ਹੱਬ ਦੀ ਸਥਾਪਨਾ ਚਮਕੌਰ ਸਾਹਿਬ ਵਿਖੇ 300 ਕਰੋੜ ਰੁਪਏ ਵਿੱਚ ਕੀਤੀ ਜਾਵੇਗੀ ਜਿਸ ਦਾ ਕੰਮ ਅਜੇ ਸ਼ੁਰੂ ਹੀ ਹੋਇਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਆਈ.ਕੇ.ਗੁਜਰਾਲ ਪੀ.ਟੀ.ਯੂ. ਵਿਖੇ 20 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਆਲਾ ਦਰਜੇ ਦੇ ਗੁਰੂ ਨਾਨਕ ਦੇਵ ਆਡੀਟੋਰੀਅਮ ਦਾ ਵੀ ਉਦਘਾਟਨ ਕੀਤਾ। ਇਸ ਆਡੀਟੋਰੀਅਮ ਦੀ ਸਮਰੱਥਾ 800 ਵਿਅਕਤੀਆਂ ਦੇ ਬੈਠਣ ਦੀ ਹੈ ਅਤੇ ਸਮਾਗਮਾਂ ਦਾ ਲਾਈਵ ਟੈਲੀਕਾਸਟ ਅਤੇ ਵੀਡੀਓ ਕਾਨਫਰੰਸਿੰਗ ਲਈ ਅਧੂਨਿਕ ਸਹੂਲਤਾਂ ਮੌਜੂਦ ਹਨ।

ਪੇਂਡੂ ਇਲਾਕਿਆਂ ਦੀਆਂ ਲੜਕੀਆਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਸੁਲਤਾਨਪੁਰ ਲੋਧੀ ਦੇ ਪਿੰਡ ਫੱਤੂ ਢੀਂਗਾ ਵਿਖੇ 9.54 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫਾਰ ਗਰਲਜ਼ ਦਾ ਵੀ ਉਦਘਾਟਨ ਕੀਤਾ। 27 ਏਕੜ ਰਕਬੇ ਵਿੱਚ ਫੈਲਿਆ ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕਾਂਸਟੀਚਿਊਟ ਕਾਲਜ ਹੈ ਜਿੱਥੇ ਵੱਖ-ਵੱਖ ਵਿਸ਼ਿਆਂ ਵਿੱਚ ਗ੍ਰੈਜੂਏਟ ਪੱਧਰ ਤੱਕ ਦੀ ਪੜਾਈ ਕਰਾਈ ਜਾਵੇਗੀ।

ਜਲੰਧਰ ਵਿੱਚ ਅਤੇ ਇਸ ਦੇ ਦੁਆਲੇ ਦੇ ਸਰਵ ਪੱਖੀ ਵਿਕਾਸ ਨੂੰ ਹੁਲਾਰਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੇ ਸ਼ਹਿਰ ਵਿੱਚ ਸਮਾਰਟ ਐਲ.ਈ.ਡੀ. ਸਟ੍ਰੀਟ ਲਾਈਟਾਂ ਦੀ ਸਪਲਾਈ, ਫਿਕਸਿੰਗ, ਅਤੇ ਪੰਜ ਸਾਲਾਂ ਲਈ ਸਾਂਭ-ਸੰਭਾਲ ਦੇ ਪ੍ਰੋਜੈਕਟ ਦਾ ਵੀ ਨੀਂਹ-ਪੱਥਰ ਰੱਖਿਆ। ਇਹ ਪ੍ਰੋਜੈਕਟ ਅਗਸਤ, 2020 ਤੱਕ ਮੁਕੰਮਲ ਕੀਤਾ ਜਾਵੇਗਾ ਅਤੇ ਸ਼ਹਿਰ ਦੀਆਂ ਮੌਜੂਦਾ ਸਾਰੀਆਂ ਲਾਈਟਾਂ ਨੂੰ ਸਮਾਰਟ ਐਲ.ਈ.ਡੀ. ਲਾਈਟਾਂ ਵਿੱਚ ਬਦਲ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ 3.14 ਕਰੋੜ ਦੀ ਲਾਗਤ ਵਾਲੇ ਟ੍ਰੈਫਿਕ ਸਿਗਨਲਜ਼ ਸਬੰਧੀ ਪ੍ਰੋਜੈਕਟ ਦਾ ਨੀਂਹ-ਪੱਥਰ ਰੱਖਿਆ ਜੋ ਅਗਸਤ, 2020 ਵਿੱਚ ਮੁਕੰਮਲ ਹੋਵੇਗਾ। ਮੁੱਖ ਮੰਤਰੀ ਨੇ 140 ਸਰਕਾਰੀ ਪ੍ਰਾਈਮਰੀ ਅਤੇ ਮਿਡਲ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਮੁਹੱਈਆ ਕਰਵਾਉਣ ਲਈ 3.69 ਕਰੋੜ ਰੁਪਏ ਦੀ ਲਾਗਤ ਵਾਲੇ ਸਮਾਰਟ ਸਿਟੀ ਪ੍ਰੋਜੈਕਟ ਦਾ ਨੀਂਹ-ਪੱਥਰ ਰੱਖਿਆ ਜਿਸ ਨਾਲ 470 ਡਿਜੀਟਲ ਕਲਾਸ ਰੂਮ ਹੋਣਗੇ ਅਤੇ ਇਹ ਪ੍ਰੋਜੈਕਟ ਵੀ ਅਗਸਤ, 2020 ਤੱਕ ਪੂਰਾ ਹੋਵੇਗਾ।

ਮੁੱਖ ਮੰਤਰੀ ਨੇ ਬਲਟਨ ਪਾਰਕ ਲਈ ਸਫ਼ਾਈ ਮਸ਼ੀਨ ਦੀ ਸਪਲਾਈ ਅਤੇ ਪੰਜ ਸਾਲਾਂ ਲਈ ਚਲਾਉਣ ਤੇ ਰੱਖ-ਰਖਾਅ ਸਬੰਧੀ ਤਿੰਨ ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਨੀਂਹ-ਪੱਥਰ ਰੱਖਿਆ ਜੋ ਨਵੰਬਰ, 2019 ਤੱਕ ਮੁਕੰਮਲ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਦੁਆਬਾ ਚੌਂਕ ਤੋਂ ਕਾਲਾ ਸੰਘਿਆ ਡਰੇਨ ਤੱਕ ਪਾਣੀ ਲਿਜਾਣ ਲਈ 2504 ਮੀਟਰ ਲੰਮੀ ਸਟੌਰਮ ਸੀਵਰ ਲਾਈਨ ਪਾਉਣ ਲਈ 5.41 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਵੀ ਨੀਂਹ-ਪੱਥਰ ਰੱਖਿਆ। ਇਹ ਪ੍ਰੋਜੈਕਟ ਅਗਸਤ, 2020 ਵਿੱਚ ਮੁਕੰਮਲ ਹੋਵੇਗਾ ਅਤੇ ਇਸ ਨਾਲ ਇਲਾਕੇ ਵਿੱਚ ਰਹਿ ਰਹੇ ਇਕ ਲੱਖ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚੇਗਾ।

ਉਨਾਂ ਨੇ ਜਮਸ਼ੇਰ ਨੇੜੇ ਪਟਰੌਲ ਪੰਪ ਤੋਂ ਡੇਅਰੀ ਕੰਪਲੈਕਸ ਤੱਕ 5.5 ਕਿਲੋਮੀਟਰ ਲੰਮੀ ਸਟੌਰਮ ਸੀਵਰ ਲਾਈਨ ਦੇ ਵਿਸਤਾਰ ਦਾ ਵੀ ਨੀਂਹ-ਪੱਥਰ ਰੱਖਿਆ। ਇਸ ਪ੍ਰੋਜੈਕਟ ’ਤੇ 67 ਲੱਖ ਰੁਪਏ ਦਾ ਖਰਚ ਆਵੇਗਾ ਅਤੇ ਦੋ ਲੱਖ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚੇਗਾ।

ਮੁੱਖ ਮੰਤਰੀ ਨੇ ਵੱਖ-ਵੱਖ ਜਲ ਸਪਲਾਈ ਸਕੀਮਾਂ ਦਾ ਵੀ ਉਦਘਾਟਨ ਕੀਤਾ ਜਿਨਾਂ ਵਿੱਚ ਭੋਗਪੁਰ ਬਲਾਕ ਵਿੱਚ ਪਿੰਡ ਭੂੰਡੀਆਂ ਨੇੜੇ (37 ਲੱਖ ਰੁਪਏ ਦੀ ਲਾਗਤ ਨਾਲ), ਜਲੰਧਰ ਪੱਛਮੀ ਬਲਾਕ ਦੇ ਪਿੰਡਾਂ ਗੋਪਾਲ ਪੁਰ (25 ਲੱਖ), ਫਰੀਦਪੁਰ (30 ਲੱਖ) ਅਤੇ ਮੀਰਪੁਰ ਵਿੱਚ (34 ਲੱਖ ਰੁਪਏ) ਦੀਆਂ ਜਲ ਸਕੀਮਾਂ ਸ਼ਾਮਲ ਹਨ।

ਇਸੇ ਤਰਾਂ ਲੋਹੀਆਂ ਬਲਾਕ ਵਿੱਚ ਪਿੰਡ ਸੋਹਲ ਤਲਖਾ ਦੱਖਣੀ ਵਿਖੇ 27 ਲੱਖ ਰੁਪਏ ਦੀ ਲਾਗਤ ਨਾਲ ਪਾਈਪ ਰਾਹੀਂ ਪਾਣੀ ਸਪਲਾਈ ਕਰਨ ਦੇ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ। ਇਨਾਂ ਪੇਂਡੂ ਜਲ ਸਪਲਾਈ ਪ੍ਰੋਜੈਕਟਾਂ ਨਾਲ ਇਨਾਂ ਪਿੰਡਾਂ ਦੇ ਚਾਰ ਹਜ਼ਾਰ ਤੋਂ ਵੱਧ ਘਰਾਂ ਨੂੰ ਲਾਭ ਪਹੁੰਚੇਗਾ।

ਇਸ ਮੌਕੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਖਿੱਤੇ ਦੇ ਸਰਵ ਪੱਖੀ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਜਲੰਧਰ ਅਤੇ ਇਸ ਦੇ ਆਲੇ-ਦੁਆਲੇ ਦੇ ਵਿਆਪਕ ਵਿਕਾਸ ਲਈ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਕੁਝ ਪ੍ਰੋਜੈਕਟਾਂ ਦਾ ਕੰਮ ਸ਼ੁਰੂ ਕਰਵਾਉਣ ਲਈ ਮੁੱਖ ਮੰਤਰੀ ਨੂੰ ਵਧਾਈ ਦਿੱਤੀ।

ਇਸ ਮੌਕੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ, ਮਾਰਕਫੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ, ਵਿਧਾਇਕ ਪ੍ਰਗਟ ਸਿੰਘ, ਸੁਸ਼ੀਲ ਰਿੰਕੂ, ਚੌਧਰੀ ਸੁਰਿੰਦਰ ਸਿੰਘ, ਰਜਿੰਦਰ ਬੇਰੀ, ਅਵਤਾਰ ਹੈਨਰੀ, ਹਰਦੇਵ ਸਿੰਘ ਲਾਡੀ, ਪਨਸਪ ਦੇ ਚੇਅਰਮੈਨ ਤਜਿੰਦਰ ਬਿੱਟੂ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਹੁਸਨ ਲਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਿਪਾਲ ਸਿੰਘ ਅਤੇ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸਾਰਥਾ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION