29 C
Delhi
Saturday, April 20, 2024
spot_img
spot_img

ਕੈਪਟਨ ਵੱਲੋਂ ਕੋਰੋਨਾ ਨਾਲ ਲੜਣ ਲਈ ਮਿਸ਼ਨ ਫਤਹਿ 2.0 ਤਹਿਤ ਨੌਜਵਾਨ ਵਲੰਟੀਅਰਾਂ ਦੀ ਸ਼ਮੂਲੀਅਤ ਵਾਲੀ ਨਿਵੇਕਲੀ ਪਹਿਲਕਦਮੀ ਸ਼ੁਰੂ

ਯੈੱਸ ਪੰਜਾਬ
ਚੰਡੀਗੜ, 27 ਮਈ, 2021:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਨੌਜਵਾਨਾਂ ਦੀ ਸ਼ਮੂਲੀਅਤ ਵਾਲੀ ਇੱਕ ਨਵੀਂ ਸ਼ੁਰੂਆਤ ਕੀਤੀ ਤਾਂ ਜੋ ‘ਕੋਰੋਨਾ ਮੁਕਤ ਪੰਜਾਬ ਅਭਿਆਨ’ ਦੇ ਹਿੱਸੇ ਵਜੋਂ ਸੂਬੇ ਦੇ ਮਿਸ਼ਨ ਫਤਹਿ 2.0 ਨੂੰ ਅੱਗੇ ਵਧਾਇਆ ਜਾ ਸਕੇ। ਉਨਾਂ ਕੋਰੋਨਾ ਦੀ ਮਹਾਂਮਾਰੀ ਨਾਲ ਲੜਣ ਲਈ ਪ੍ਰਤੀ ਪਿੰਡ ਜਾਂ ਪ੍ਰਤੀ ਮਿਊਂਸਪਲ ਵਾਰਡ ਸੱਤ ਰੂਰਲ ਕੋਰੋਨਾ ਵਲੰਟੀਅਰ (ਆਰ.ਸੀ.ਵੀ.) ਸਮੂਹ ਕਾਇਮ ਕਰਨ ਦੇ ਨਿਰਦੇਸ਼ ਵੀ ਦਿੱਤੇ।

ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਪਿੰਡਾਂ ਦੇ ਬੁਰੀ ਤਰਾਂ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਇਹ ਜ਼ਰੂਰੀ ਹੋ ਜਾਂਦਾ ਹੈ ਕਿ ‘ਕੋਰੋਨਾ ਮੁਕਤ ਪਿੰਡ’ ਲਈ ਇੱਕ ਸੁਚੱਜੀ ਮੁਹਿੰਮ ਚਲਾਈ ਜਾਵੇ।

ਉਨਾਂ ਖੇਡ ਤੇ ਯੁਵਾ ਮਾਮਲੇ ਵਿਭਾਗ ਅਤੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਅਜਿਹੇ ਆਰ.ਸੀ.ਵੀ. ਸਮੂਹ ਤੁਰੰਤ ਕਾਇਮ ਕੀਤੇ ਜਾਣ ਜੋ ਕਿ ਕੋਰੋਨਾ ਖਿਲਾਫ ਜੰਗ ਵਿੱਚ ਅਹਿਮ ਯੋਗਦਾਨ ਪਾਉਣ। ਉਨਾਂ ਇਹ ਵੀ ਕਿਹਾ ਕਿ ਮੌਜੂਦਾ ਕਲੱਬ ਵੀ ਆਰ.ਸੀ.ਵੀ. ਬਣ ਸਕਦੇ ਹਨ ਅਤੇ ਇਸ ਤਰਾਂ ਇਨਾਂ ਵੱਲੋਂ ਕੋਵਿਡ ਖਿਲਾਫ ਜੰਗ ਵਿਚ ਪੰਚਾਇਤਾਂ ਅਤੇ ਮਿਊਂਸਪੈਲਟੀਆਂ ਨੂੰ ਭਰਪੂਰ ਮਦਦ ਦਿੱਤੀ ਜਾ ਸਕਦੀ ਹੈ।

ਸੂਬੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਨੌਜਵਾਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਗਏ ਭਰਪੂਰ ਹੁੰਗਾਰੇ ਸਦਕਾ ਹੀ ਤਿੰਨ ਹਫਤਿਆਂ ਦੌਰਾਨ ਸੂਬੇ ਵਿਚ ਕੋਵਿਡ ਦੇ ਮਾਮਲੇ 9,000 ਤੋਂ ਘਟ ਕੇ 4,000 ਤੱਕ ਹੀ ਰਹਿ ਗਏ ਹਨ ਪਰ ਇਸ ਵਾਰ ਪੇਂਡੂ ਖੇਤਰਾਂ ਉੱਤੇ ਕੋਵਿਡ ਦੀ ਜ਼ਿਆਦਾ ਮਾਰ ਹੋਣ ਕਾਰਨ ਸਥਿਤੀ ਅਜੇ ਵੀ ਗੰਭੀਰ ਹੈ।

ਮੁੱਖ ਮੰਤਰੀ ਨੇ ਆਰ.ਸੀ.ਵੀਜ਼ ਨੂੰ ਟੈਸਟ, ਟਰੇਸ ਤੇ ਟਰੀਟ (ਜਾਂਚ, ਭਾਲ ਤੇ ਇਲਾਜ) ਸਬੰਧੀ ਲੋਕਾਂ ਨੂੰ ਜਾਗਰੂਕ ਕਰਨ, ਗਰੀਬ ਅਤੇ ਬਜ਼ੁਰਗ ਵਿਅਕਤੀਆਂ ਦੀ ਸੰਭਾਲ ਕਰਦੇ ਹੋਏ ਉਨਾਂ ਦੀ ਕੋਵਿਡ ਕੰਟਰੋਲ ਰੂਮ ਅਤੇ ਹੈਲਪਲਾਈਨਾਂ ਤੱਕ ਪਹੁੰਚ ਆਸਾਨ ਬਣਾਉਣ, ਸਾਰੇ ਪਿੰਡਾਂ ਵਿਚ ਠੀਕਰੀ ਪਹਿਰੇ ਲਾਉਣ, ਕੋਵਿਡ ਤੋਂ ਬਚਾਅ ਲਈ ਸਭ ਨਿਯਮਾਂ ਦਾ ਪਾਲਣ ਕਰਨ, ਚੰਗੀਆਂ ਇਲਾਜ ਸੁਵਿਧਾਵਾਂ ਹਾਸਲ ਕਰਨ ਵਿਚ ਪੇਂਡੂ ਲੋਕਾਂ ਦੀ ਮਦਦ ਕਰਨ, ਨੀਮ ਹਕੀਮਾਂ ਤੋਂ ਦੂਰ ਰਹਿਣ, ਕੋਵਾ ਐਪ ਡਾਊਨਲੋਡ ਕਰਨ ਤੋਂ ਇਲਾਵਾ ਬੈਨਰ ਅਤੇ ਕਿਤਾਬਚਿਆਂ ਆਦਿ ਪੇਸ਼ਕਦਮੀਆਂ ਦਾ ਦਾਇਰਾ ਵਧਾ ਕੇ ਹਰ ਵਿਅਕਤੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੋਵਿਡ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਸੋਸ਼ਲ ਮੀਡੀਆ ਉੱਤੇ ਹੋਰ ਰਹੇ ਝੂਠੇ ਪ੍ਰਚਾਰ ਨੂੰ ਰੋਕਣ ਲਈ ਨੌਜਵਾਨਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ ਅਤੇ ਇਸ ਮਹਾਂਮਾਰੀ ਖਿਲਾਫ ਲੜਦੇ ਹੋਏ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਸੂਬਾ ਸਰਕਾਰ ਉਨਾਂ ਦੀ ਪੂਰੀ ਮਦਦ ਕਰੇਗੀ।

ਮੁੱਖ ਮੰਤਰੀ ਨੇ ਸਟੀਰਾਇਡ ਦੇ ਲੋੜੋਂ ਵੱਧ ਇਸਤੇਮਾਲ ਕਾਰਨ ਫੈਲ ਰਹੀ ਬਲੈਕ/ਵਾਈਟ ਫੰਗਸ ਦੀ ਬਿਮਾਰੀ ਦੇ ਮੱਦੇਨਜ਼ਰ ਆਰ.ਸੀ.ਵੀਜ਼ ਨੂੰ ਪੇਂਡੂ ਖੇਤਰਾਂ ਦੇ ਲੋਕਾਂ ਦਰਮਿਆਨ ਕੋਵਿਡ ਦੇ ਇਲਾਜ ਸਬੰਧੀ ਸਾਰੇ ਨਿਰਧਾਰਤ ਨਿਯਮਾਂ ਦਾ ਪਾਲਣ ਕਰਨ ਬਾਰੇ ਜਾਗਰੂਕਤਾ ਫੈਲਾਉਣ ਦਾ ਵੀ ਹੋਕਾ ਦਿੱਤਾ।

ਮੁੱਖ ਮੰਤਰੀ ਨੇ ਅੱਜ ਇਹ ਐਲਾਨ ਕੀਤਾ ਕਿ ਯੁਵਾ ਮਾਮਲੇ ਵਿਭਾਗ ਵੱਲੋਂ 1 ਲੱਖ ਬੈਜ ਅਤੇ 1 ਲੱਖ ਕਾਰ ਸਟਿੱਕਰ, ਜਿਨਾਂ ਉੱਤੇ ‘ਮੈਂ ਟੀਕਾ ਲਗਵਾ ਚੁੱਕਿਆ ਹਾਂ’ ਲਿਖਿਆ ਹੋਵੇ, ਵੰਡੇ ਜਾਣ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਉਨਾਂ ਆਰ.ਸੀ.ਵੀਜ਼ ਨੂੰ ਕਿਹਾ ਕਿ ਲੋਕਾਂ ਨੂੰ ਟੀਕਾਕਰਨ ਕਰਵਾ ਲੈਣ ਮਗਰੋਂ ਇਸ ਜਾਣਕਾਰੀ ਦਾ ਖੁਲਾਸਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਹੋਰ ਲੋਕ ਵੀ ਟੀਕਾਕਰਨ ਲਈ ਅੱਗੇ ਆ ਸਕਣ।

ਕੋਰੋਨਾ ਖਿਲਾਫ ਲੜਾਈ ਵਿਚ ਉਸਾਰੂ ਭੂਮਿਕਾ ਨਿਭਾਉਣ ਲਈ ਮੁੱਖ ਮੰਤਰੀ ਨੇ ਹਰੇਕ ਆਰ.ਸੀ.ਵੀ ਨੂੰ ਇੱਕ-ਇੱਕ ਸਪੋਰਟਸ ਕਿੱਟ 12 ਅਗਸਤ ਨੂੰ ਕੌਮਾਂਤਰੀ ਯੁਵਾ ਦਿਵਸ ਮੌਕੇ ਦਿੱਤੀ ਜਾਵੇਗੀ। ਇਸ ਮਕਸਦ ਲਈ ਉਨਾਂ ਖੇਡ ਅਤੇ ਯੁਵਾ ਮਾਮਲੇ ਵਿਭਾਗ ਨੂੰ 15 ਹਜ਼ਾਰ ਕਿੱਟਾਂ ਦੀ ਤੁਰੰਤ ਖਰੀਦ ਕਰਨ ਲਈ ਵੀ ਕਿਹਾ।

ਇਹ ਉਮੀਦ ਜ਼ਾਹਰ ਕਰਦੇ ਹੋਏ ਕਿ ਮਿਸ਼ਨ 2.0 ਕੋਵਿਡ ਖਿਲਾਫ ਜੰਗ ਵਿਚ ਆਖਰੀ ਮਿਸ਼ਨ ਸਿੱਧ ਹੋਵੇਗਾ, ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਤੀਜੀ ਸੰਭਾਵੀ ਲਹਿਰ ਲਈ ਵੀ ਤਿਆਰ ਰਹਿਣ ਦਾ ਸੱਦਾ ਦਿੱਤਾ। ਫੌਜ ਦੀ ਮਿਸਾਲ ਦਿੰਦੇ ਹੋਏ ਉਨਾਂ ਕਿਹਾ ਕਿ ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਅਤੇ ਸਾਨੂੰ ਲੜਾਈ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ।

ਟੀਕਿਆਂ ਦੀ ਘਾਟ ਸਬੰਧੀ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਰੇ ਸੰਭਾਵੀ ਸਰੋਤਾਂ ਪਾਸੋਂ ਟੀਕੇ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਖਾਸ ਕਰਕੇ ਯੂ.ਕੇ. ਦੀ ਕਿਸਮ ਤੇਜ਼ੀ ਨਾਲ ਫੈਲਣ ਕਾਰਨ ਲੋਕਾਂ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਸਿਰਫ ਟੀਕਾਕਰਨ ਹੀ ਇਸ ਮਹਾਂਮਾਰੀ ਤੋਂ ਬਚਾਅ ਦਾ ਰਾਹ ਹੈ। ਇਸੇ ਕਰਕੇ ਹੀ ਟੀਕਿਆਂ ਦੀ ਮੰਗ ਵਧ ਰਹੀ ਹੈ।

ਇਹ ਸਮਾਗਮ ਸਾਰੇ ਜ਼ਿਲਿਆਂ, ਉਪ ਮੰਡਲ ਮੁੱਖ ਦਫ਼ਤਰਾਂ ਅਤੇ 500 ਪੇਂਡੂ ਤੇ ਸ਼ਹਿਰੀ ਸਥਾਨਾਂ ਉੱਤੇ ਇੱਕੋ ਸਮੇਂ ਪ੍ਰਸਾਰਿਤ ਹੋਇਆ ਅਤੇ ਇਸ ਦੀ ਪ੍ਰਧਾਨਗੀ ਸਪੀਕਰ, ਡਿਪਟੀ ਸਪੀਕਰ, ਮੰਤਰੀ, ਸੰਸਦ ਮੈਂਬਰ, ਵਿਧਾਇਕ, ਡਿਪਟੀ ਕਮਿਸ਼ਨਰ, ਐਸ.ਡੀ.ਐਮ, ਮੇਅਰ, ਐਮ.ਸੀ. ਪ੍ਰਧਾਨ, ਜ਼ਿਲਾ ਪ੍ਰੀਸ਼ਦ ਚੇਅਰਮੈਨ ਤੇ ਮੈਂਬਰ ਅਤੇ ਪੰਚਾਇਤ ਸੰਮਤੀਆਂ/ਸਰਪੰਚਾਂ ਵੱਲੋਂ ਕੀਤੀ ਗਈ।

ਇਸ ਮੌਕੇ ਨੌਜਵਾਨ ਵਰਗ ਵਿਚ ਹਰਮਨਪਿਆਰੇ ਅਤੇ ਸੂਬੇ ਦੀ ਕੋਵਿਡ ਟੀਕਾਕਰਨ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਫਿਲਮ ਅਦਾਕਾਰ ਸੋਨੂੰ ਸੂਦ ਨੇ ਖਾਸ ਕਰਕੇ ਪੇਂਡੂ ਖੇਤਰਾਂ ਵਿਚ ਟੀਕਾਕਰਨ ਦੀ ਮਹੱਤਤਾ ਤੋਂ ਲੋਕਾਂ ਨੂੰ ਜਾਣੰੂ ਕਰਵਾਏ ਜਾਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕੇ ਸੂਬੇ ਨੂੰ ਭਾਰਤ ਬਾਇਓਟੈਕ ਤੋਂ ਵੱਧ ਤੋਂ ਵੱਧ ਗਿਣਤੀ ਵਿਚ ਟੀਕਿਆਂ ਦੀ ਸਪਲਾਈ ਮਿਲ ਸਕੇ। ਉਨਾਂ ਸਰਕਾਰੀ ਹਸਪਤਾਲ, ਮੋਗਾ ਵਿਖੇ ਇੱਕ ਮੈਡੀਕਲ ਆਕਸੀਜਨ ਪਲਾਂਟ ਸਥਾਪਤ ਕਰਨ ਦੀ ਵੀ ਇੱਛਾ ਜਤਾਈ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਬਲੈਕ ਫੰਗਸ ਦੇ ਫੈਲਣ ਉੱਤੇ ਚਿੰਤਾ ਜ਼ਾਹਿਰ ਕੀਤੀ ਜਿਸ ਦੇ ਇਲਾਜ ਲਈ ਸੂਬੇ ਕੋਲ ਲੋੜੀਂਦੀਆਂ 15 ਹਜ਼ਾਰ ਖੁਰਾਕਾਂ (ਇੱਕ ਮਰੀਜ਼ ਨੂੰ 15 ਖੁਰਾਕਾਂ ਦੀ ਲੋੜ ਪੈਂਦੀ ਹੈ) ਦੀ ਥਾਂ ਸਿਰਫ 1000 ਖੁਰਾਕਾਂ ਹੀ ਹਨ। ਉਨਾਂ ਖੁਲਾਸਾ ਕੀਤਾ ਕਿ 37 ਲੱਖ ਘਰਾਂ ਦੇ 1.4 ਕਰੋੜ ਵਿਅਕਤੀਆਂ ਦੀ ਪਿੰਡਾਂ ਵਿਚ ਸਕਰੀਨਿੰਗ ਕੀਤੀ ਜਾ ਚੁੱਕੀ ਹੈ ਜੋ ਕਿ ਪੇਂਡੂ ਖੇਤਰਾਂ ਵਿਚ ਕੋਵਿਡ ਖਿਲਾਫ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਹੈ।

ਉਨਾਂ ਇਹ ਵੀ ਦੱਸਿਆ ਕਿ ਉਪਰੋਕਤ ਵਿਚੋਂ 4 ਹਜ਼ਾਰ ਵਿਅਕਤੀ ਕੋਵਿਡ ਪਾਜ਼ੇਟਿਵ ਪਾਏ ਗਏ ਸਨ ਜਿਨਾਂ ਨੂੰ ਪ੍ਰੋਟੋਕਾਲ ਅਨੁਸਾਰ ਮਦਦ ਮੁਹੱਈਆ ਕਰਵਾਈ ਗਈ ਜਦੋਂ ਕਿ 462 ਮਾਮੂਲੀ ਗੰਭੀਰਤਾ ਵਾਲੇ ਵਿਅਕਤੀਆਂ ਨੂੰ ਐਲ2 ਪੱਧਰ ਦੇ ਸੰਸਥਾਨਾਂ ਵਿਚ ਭੇਜਿਆ ਗਿਆ। ਠੀਕ ਹੋਣ ਪਿੱਛੋਂ ਕਈ ਮਰੀਜ਼ਾਂ ਦੀ ਮੌਤ ਹੋ ਜਾਣ ਵੱਲ ਇਸ਼ਾਰਾ ਕਰਦੇ ਹੋਏ ਉਨਾਂ ਕਿਹਾ ਕਿ ਰੋਗ ਦੀ ਛੇਤੀ ਪਛਾਣ ਅਤੇ ਇਲਾਜ ਯਕੀਨੀ ਬਣਾਉਣ ਲਈ ਟੈਸਟਿੰਗ ਅਤੇ ਸੈਂਪਿਗ ਵਿਚ ਵਾਧਾ ਕੀਤੇ ਜਾਣ ਦੀ ਲੋੜ ਹੈ।

ਉਨਾਂ ਇਹ ਵੀ ਦੱਸਿਆ ਕਿ 191 ਗਰਭਵਤੀ ਮਹਿਲਾਵਾਂ ਵਿਚ ਇਸ ਰੋਗ ਦਾ ਪਾਇਆ ਜਾਣਾ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਉਨਾਂ ਨੇ ਇਹ ਵੀ ਦੱਸਿਆ ਕਿ ਲੋੜ ਨਾਲੋਂ ਵੱਧ ਵਸੂਲੀ ਕਰਨ ਵਾਲੇ ਕਈ ਹਸਪਤਾਲਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਲੋਕਾਂ ਦੇ ਪੈਸੇ ਮੁੜਵਾਏ ਗਏ ਹਨ।

ਇਸ ਮੌਕੇ ਖੇਡਾਂ ਤੇ ਯੁਵਾ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਸੂਬੇ ਵਿਚਲੇ ਸਾਰੇ 13,857 ਰਜਿਸਟਰਡ ਯੂਥ ਕਲੱਬਾਂ ਦੀ ਮਦਦ ਲਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਗਿਣਤੀ ਵਿਚ ਟੀਕਾਕਰਨ ਕਰਵਾਉਣ ਅਤੇ ਇਸ ਮਹਾਂਮਾਰੀ ਤੋਂ ਪੀੜਤ ਲੋਕਾਂ ਵਿਚ ਸਮਾਂ ਰਹਿੰਦਿਆਂ ਇਲਾਜ ਕਰਵਾਉਣ ਨੂੰ ਚੰਗੀ ਤਰਾਂ ਪ੍ਰਚਾਰਿਤ ਕੀਤਾ ਜਾ ਸਕੇ। ਉਨਾਂ ਨੌਜਵਾਨ ਵਰਗ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਇਨਾਂ ਨੇ ਕੋਰੋਨਾ ਦੇ ਮਾਰੂ ਪ੍ਰਭਾਵਾਂ ਅਤੇ ਸਿਹਤ ਸਬੰਧੀ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਬੀਤੇ ਵਰੇ ਹਰ ਦਰ ਦਾ ਬੂਹਾ ਖੜਕਾਇਆ ਸੀ।

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸੂਬੇ ਦੇ ਨੌਜਵਾਨ, ਪਾਰਟੀ ਦੇ ‘ਫਰਜ਼ ਮਨੁੱਖਤਾ ਲਈ’ ਅਭਿਆਨ ਤਹਿਤ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਤਿਆਰ ਹਨ ਪਰ ਸਰਕਾਰ ਵੱਲੋਂ ਉਨਾਂ ਦੇ ਕੀਤੇ ਕੰਮਾਂ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਮੌਕੇ ਕਿਹਾ ਕਿ ਨੌਜਵਾਨਾਂ ਦੇ ਜੋਸ਼ ਦਾ ਇਸਤੇਮਾਲ ਕੋਰੋਨਾ ਸੰਕਟ ਦੇ ਟਾਕਰੇ ਲਈ ਕੀਤਾ ਜਾ ਸਕਦਾ ਹੈ ਅਤੇ ਉਨਾਂ ਵੱਲੋਂ ਪਿੰਡਾਂ ਵਿਚ ਰਹਿੰਦੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਅਤੇ ਸਹੀ ਇਲਾਜ ਲਈ ਅੱਗੇ ਆਉਣ ਹਿੱਤ ਪ੍ਰੇਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ।

ਪੰਜਾਬ ਸਰਕਾਰ ਦੇ ਸਿਹਤ ਸਲਾਹਕਾਰ ਡਾ. ਕੇ.ਕੇ. ਤਲਵਾੜ ਨੇ ਕਿਹਾ ਕਿ ਨੌਜਵਾਨ ਵਰਗ ਵੱਲੋਂ ਸਰਕਾਰੀ ਸਮੁਦਾਇਕ/ਮੁੱਢਲੇ ਸਿਹਤ ਕੇਂਦਰਾਂ ਪਾਸੋਂ ਸਹੀ ਸਮੇਂ ਇਲਾਜ/ਟੈਸਟਿੰਗ ਕਰਵਾਉਣ ਲਈ ਪਿੰਡਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਕੇ ਕੋਵਿਡ-19 ਨੂੰ ਨੱਥ ਪਾਉਣ ਵਿਚ ਮਹੱਤਵਪੂਰਨ ਕਿਰਦਾਰ ਨਿਭਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਵੱਲੋਂ ਖਾਸ ਕਰਕੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਨੀਮ-ਹਕੀਮਾਂ ਪਾਸੋਂ ਇਲਾਜ ਨਾ ਕਰਵਾਉਣ ਸਬੰਧੀ ਵੀ ਜਾਗਰੂਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਪੰਜ ਯੁਵਾ ਵਲੰਟੀਅਰਾਂ (ਕਪੂਰਥਲਾ ਜ਼ਿਲੇ ਦੇ ਸਰਦੁੱਲਾਪੁਰ ਪਿੰਡ ਤੋਂ ਚਰਨਜੀਤ ਸਿੰਘ ਗਿੱਲ, ਪੰਜਾਬ ਯੁਵਾ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਪਿ੍ਰੰਸ ਖੁੱਲਰ, ਮਾਨਸਾ ਜ਼ਿਲੇ ਦੇ ਅਕਲੀਆਂ ਪਿੰਡ ਦੇ ਮਾਤਾ ਖੀਵੀ ਕਲੱਬ ਦੀ ਪ੍ਰਧਾਨ ਰੂਚੀ ਸ਼ਰਮਾ, ਫਾਜ਼ਿਲਕਾ ਜ਼ਿਲੇ ਦੇ ਚੱਕ ਸੈਦੋਕੇ ਪਿੰਡ ਦੇ ਨਹਿਰੂ ਯੁਵਾ ਕੇਂਦਰ ਤੋਂ ਗੁਰਲਾਲ ਸਿੰਘ ਅਤੇ ਸਰਕਾਰੀ ਕਾਲਜ, ਮੋਹਾਲੀ ਤੋਂ ਐਨ.ਸੀ.ਸੀ. ਵਲੰਟੀਅਰ ਨਿਰਭੈਜੋਤ ਕੌਰ) ਨੇ ਮੁੱਖ ਮੰਤਰੀ ਨੂੰ ਜ਼ਮੀਨੀ ਪੱਧਰ ਉੱਤੇ ਕੋਰੋਨਾ ਖਿਲਾਫ ਜੰਗ ਵਿਚ ਹਰ ਤਰਾਂ ਦੀ ਮਦਦ ਅਤੇ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION