35.1 C
Delhi
Thursday, April 25, 2024
spot_img
spot_img

ਕੈਪਟਨ ਨੇ ਪੰਜਾਬੀ ਯੂਨੀਵਰਸਿਟੀ ਨੂੰ ਗੁਰੂ ਨਾਨਕ ਦੇਵ ਜੀ ਦੀ ਨੇਪਾਲ ਉਦਾਸੀ ’ਤੇ ਵਿਆਪਕ ਖੋਜ ਕਰਨ ਲਈ ਆਖਿਆ

ਚੰਡੀਗੜ, 14 ਅਕਤੂਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੇਪਾਲ ਦੀ ਪਵਿੱਤਰ ਉਦਾਸੀ ’ਤੇ ਵਿਆਪਕ ਪੱਧਰ ’ਤੇ ਖੋਜ ਕਰਨ ਲਈ ਆਖਿਆ।

ਅੱਜ ਇੱਥੇ ਪੰਜਾਬ ਭਵਨ ਵਿਖੇ ਨੇਪਾਲ ਦੀ ਸਿੱਖ ਵਿਰਾਸਤ ਦੀ ਪੇਸ਼ਕਾਰੀ ਦੌਰਾਨ ਸਿੱਖ ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੇਪਾਲ ਦਾ ਸਿੱਖਾਂ ਨਾਲ ਮਜ਼ਬੂਤ ਰਿਸ਼ਤਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਦਾਸੀ ਦੌਰਾਨ ਇਸ ਪਵਿੱਤਰ ਧਰਤੀ ਨੂੰ ਭਾਗ ਲਾਏ ਜਿਸ ਦਾ ਉਦੇਸ਼ ਦੁੱਖ ਤਕਲੀਫਾਂ ਤੋਂ ਮਨੁੱਖਤਾ ਦਾ ਕਲਿਆਣ ਕਰਨਾ ਸੀ। ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਸ ਸਬੰਧੀ ਹੋਰ ਖੋਜ ਕਰਨ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੇਪਾਲ ਦੀ ਪਵਿੱਤਰ ਉਦਾਸੀ ਦੇ ਨਵੇਂ ਪੱਖ ਉੱਭਰ ਕੇ ਸਾਹਮਣੇ ਆਉਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਤੇ ਨੇਪਾਲ ਦਾ ਸਦੀਆਂ ਪੁਰਾਣਾ ਰਿਸ਼ਤਾ ਤੇ ਸਾਂਝੀ ਸੱਭਿਆਚਾਰਕ ਵਿਰਾਸਤ ਹੈ ਅਤੇ ਉਨਾਂ ਦੇ ਆਪਣੇ ਪਰਿਵਾਰ ਦੇ ਵੀ ਨੇਪਾਲ ਦੇ ਰਾਣਾ’ਜ਼ ਨਾਲ ਵੀ ਨਿੱਘੇ ਪਰਿਵਾਰਕ ਰਿਸ਼ਤੇ ਰਹੇ ਹਨ। ਉਨਾਂ ਇਹ ਵੀ ਦੱਸਿਆ ਕਿ ਪਟਿਆਲਾ ਦੇ ਮਹਾਰਾਜਾ ਅਪ੍ਰੈਲ, 1950 ਵਿੱਚ ਕਾਠਮੰਡੂ ’ਚ ਸਿੰਘਾ ਦਰਬਾਰ ਵਿਖੇ ਜੈਸਲਮੇਰ ਦੇ ਯੁਵਰਾਜ ਰਘੂਨਾਥ ਸਿੰਘ ਜੀ ਦੇ ਵਿਆਹ ਵਿੱਚ ਵੀ ਸ਼ਾਮਲ ਹੋਏ ਸਨ।

ਸਿੱਖ ਅਤੇ ਗੋਰਖਾ ਰੈਜੀਮੈਂਟਾਂ ਦਰਮਿਆਨ ਮਜ਼ਬੂਤ ਸਾਂਝ ਨੂੰ ਚੇਤੇ ਕਰਦਿਆਂ ਇਕ ਸਾਬਕਾ ਫੌਜੀ ਅਤੇ ਫੌਜੀ ਇਤਿਹਾਸਕਾਰ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਨਾਂ ਦੋਵਾਂ ਰੈਜੀਮੈਂਟਾਂ ਨੇ ਆਪਣੇ ਮੁਲਕਾਂ ਦੀ ਸੇਵਾ ਸ਼ਾਨਦਾਰ ਅਤੇ ਵਿਲੱਖਣ ਢੰਗ ਨਾਲ ਕੀਤੀ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਨੇਪਾਲ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਨਵੰਬਰ ਮਹੀਨੇ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਿੱਥੇ ਸਿੱਖ ਧਰਮ ਦੇ ਬਾਨੀ ਨੇ ਆਪਣੇ ਜੀਵਨ ਦੇ 18 ਵਰੇ ਗੁਜ਼ਾਰੇ।

ਇਸ ਤੋਂ ਪਹਿਲਾਂ ਨੇਪਾਲ ਦੇ ਭਾਰਤੀ ਰਾਜਦੂਤ ਮਾਜੀਵ ਪੁਰੀ ਨੇ ਆਪਣੀ ਪੇਸ਼ਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਪੁਰਬ ਹੋਣ ਕਰਕੇ ਨੇਪਾਲ ਦੀ ਸਿੱਖ ਵਿਰਾਸਤ ਨੂੰ ਪ੍ਰਕਾਸ਼ਿਤ ਕਰਨ ਦਾ ਦੂਤ ਘਰ ਨੂੰ ਇਕ ਵਿਸ਼ੇਸ਼ ਮੌਕਾ ਪ੍ਰਦਾਨ ਕੀਤਾ।

ਇਹ ਕਿਤਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੇਪਾਲ ਯਾਤਰਾ ਨਾਲ ਸਬੰਧਤ ਅਸਥਾਨਾਂ, ਮਹਾਨ ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਹੋਏ ਵਿਚਾਰ-ਵਟਾਂਦਰੇ ਅਤੇ ਆਧੁਨਿਕ ਸਮਿਆਂ ਨਾਲ ਸਬੰਧਤ ਜਾਣਕਾਰੀ ’ਤੇ ਆਧਾਰਤ ਹੈ।

ਸ੍ਰੀ ਪੁਰੀ ਨੇ ਨੇਪਾਲ ਦੇ ਪੰਜਾਬ ਨਾਲ ਸਬੰਧਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਇਸ ਦੀ ਸ਼ੁਰੂਆਤ ਸਾਲ 1809 ਤੋਂ ਹੋਈ ਜਦੋਂ ਗੋਰਖਾ ਅਤੇ ਸਿੱਖ ਫੌਜਾਂ ਦਾ ਕਾਂਗੜਾ ਵਿੱਚ ਮੇਲ ਹੋਇਆ ਸੀ। ਉਨਾਂ ਨੇ ਉਮੀਦ ਜ਼ਾਹਰ ਕੀਤੀ ਕਿ ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਇਨਾਂ ਸਬੰਧਾਂ ਨੂੰ ਨਵੀਂ ਸ਼ਕਤੀ ਦੇਵੇਗਾ।

ਨੇਪਾਲ ਵਿੱਚ ਭਾਰਤੀ ਰਾਜਦੂਤ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੇਪਾਲ ਦੀ ਉਦਾਸੀ ਦੌਰਾਨ ਚਰਨ ਛੋਹ ਪ੍ਰਾਪਤ ਥਾਵਾਂ ਦਾ ਜ਼ਿਕਰ ਕੀਤਾ ਜਿਨਾਂ ਵਿੱਚ ਨਾਨਕ ਮੱਠ, ਗਿਆਨੇਸ਼ਵਰ, ਸ਼ੋਭਾ ਭਾਗਵਤੀ, ਥਾਪਾਥਲੀ ਅਤੇ ਪਸ਼ੂਪਤੀਨਾਥ ਸ਼ਾਮਲ ਹਨ। ਉਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਪਹਿਲੇ ਸਿੱਖ ਗੁਰੂ ਸਾਹਿਬ ਜੀ ਨਾਲ ਸਬੰਧਤ ਵੱਖ-ਵੱਖ ਪਵਿੱਤਰ ਸਥਾਨਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 10 ਸਰੂਪ ਪ੍ਰਕਾਸ਼ ਹਨ।

ਭਾਰਤ ਵਿੱਚ ਨੇਪਾਲ ਦੇ ਰਾਜਦੂਤ ਨਿਲੰਬਰ ਆਚਾਰਿਆ ਨੇ ਨੇਪਾਲ ਦੀ ਸਿੱਖ ਵਿਰਾਸਤ ਨੂੰ ਮੂਰਤੀਮਾਨ ਕਰਨ ਲਈ ਕਰਵਾਏ ਗਏ ਇਸ ਪ੍ਰੋਗਰਾਮ ਲਈ ਪੰਜਾਬ ਸਰਕਾਰ ਅਤੇ ਖਾਸ ਤੌਰ ’ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਸ੍ਰੀ ਆਚਾਰਿਆ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਦੁਵੱਲੇ ਰਿਸ਼ਤਿਆਂ ਨੂੰ ਹੋਰ ਨਿੱਘੇ ਬਣਾਉਣ ਦੇ ਨਾਲ-ਨਾਲ ਸਿੱਖਾਂ ਨੂੰ ਨੇਪਾਲ ਨਾਲ ਸਾਂਝ ਹੋਰ ਮਜ਼ਬੂਤ ਕਰੇਗਾ ਜਿੱਥੇ ਸਿੱਖ ਭਾਈਚਾਰੇ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਅਥਾਹ ਯੋਗਦਾਨ ਪਾਇਆ ਗਿਆ ਹੈ।

ਇਸ ਮੌਕੇ ਦੋਵੇਂ ਸਫ਼ੀਰਾਂ ਨੇ ਪਿਆਰ ਤੇ ਸਨੇਹ ਵਜੋਂ ਨੇਪਾਲ ਦੀ ਸਿੱਖ ਵਿਰਾਸਤ ਦੀ ਪ੍ਰਕਾਸ਼ਨਾ ਦਾ ਸੈੱਟ ਅਤੇ ਯਾਦਗਾਰੀ ਸਿੱਕੇ ਭੇਟ ਕੀਤੇ। ਇਸ ਦੇ ਇਵਜ਼ ਵਿੱਚ ਸਨੇਹ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਚੱਲ ਰਹੇ ਸਮਾਗਮਾਂ ਬਾਰੇ ਯਾਦਗਾਰੀ ਪੁਸਤਕਾਂ ਦਾ ਇਕ ਸੈੱਟ ਵੀ ਸੌਂਪਿਆ।

ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਤੋਂ ਇਲਾਵਾ ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION