31.7 C
Delhi
Friday, April 19, 2024
spot_img
spot_img

ਕੈਪਟਨ ਨੇ ਨਵੇਂ ਰੂਪ ਵਿਚ ਉਲੀਕੇ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਕੀਤਾ ਆਗਾਜ਼, 115 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ

ਯੈੱਸ ਪੰਜਾਬ
ਚੰਡੀਗੜ੍ਹ, 5 ਜੂਨ, 2021:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਤਹਿਤ ਪੰਜਾਬ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦਾ ਸੱਦਾ ਦਿੰਦੇ ਹੋਏ ਸੁਰੱਖਿਅਤ ਅਤੇ ਸਾਫ-ਸੁਥਰੇ ਚੌਗਿਰਦੇ ਵਾਸਤੇ ਮਿੱਥੇ ਹੋਏ ਟੀਚਿਆਂ ਦੀ ਪੂਰਤੀ ਲਈ ਸਾਰੇ ਸਬੰਧਤ ਵਿਭਾਗਾਂ ਦਰਮਿਆਨ ਤਾਲਮੇਲ ਬਣਾਉਣ ਦੀ ਲੋੜ ਉਤੇ ਜੋਰ ਦਿੱਤਾ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਨਵੇਂ ਰੂਪ ਵਿਚ ਉਲੀਕੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਸੂਬਾ ਪੱਧਰ ‘ਤੇ ਆਗਾਜ ਕਰਦੇ ਹੋਏ ਮਿਸ਼ਨ ਦੇ ਪਹਿਲੇ ਪੜਾਅ ਦੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ 115 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਤਾਂ ਕਿ ਵਿਭਾਗ ਦੇ ਵੱਖ-ਵੱਖ ਵਿਭਾਗਾਂ ਦੀ ਅਗਵਾਈ ਵਿਚ 10 ਉਪ-ਮਿਸ਼ਨਾਂ ਨੂੰ ਅਮਲ ਵਿਚ ਲਿਆ ਕੇ ਦੂਜੇ ਪੜਾਅ ਉਤੇ ਵਧੇਰੇ ਕੇਂਦਰਿਤ ਹੋਇਆ ਜਾ ਸਕੇ।

ਇਨ੍ਹਾਂ ਉਪ-ਮਿਸ਼ਨਾਂ ਵਿਚ ਸੁਰੱਖਿਅਤ ਭੋਜਨ, ਸਾਫ ਪਾਣੀ, ਹਰਿਆ-ਭਰਿਆ ਪੰਜਾਬ, ਸੜਕ ਸੁਰੱਖਿਆ, ਪਾਲਣ-ਪੋਸ਼ਣ, ਰਹਿੰਦ-ਖੂੰਹਦ ਪ੍ਰਬੰਧਨ, ਖੇਡੋ ਪੰਜਾਬ, ਭੌਂ ਸੁਰੱਖਿਆ, ਸਾਫ ਹਵਾ ਅਤੇ ਰੋਕਥਾਮ ਸਿਹਤ ਸ਼ਾਮਲ ਹਨ।

ਵਿਸ਼ਵ ਵਾਤਾਵਰਣ ਦਿਵਸ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਉਮੀਦ ਜਾਹਰ ਕੀਤੀ ਕਿ ਇਹ ਉਪਰਾਲਾ ਪੰਜਾਬ ਸਰਕਾਰ, ਖੋਜ ਸੰਸਥਾਵਾਂ, ਉਦਯੋਗ, ਗੈਰ-ਸਰਕਾਰੀ ਸੰਸਥਾਵਾਂ ਅਤੇ ਆਮ ਲੋਕਾਂ ਵਰਗੇ ਸਾਰੇ ਭਾਈਵਾਲਾਂ ਦਰਮਿਆਨ ਬਿਹਤਰ ਤਾਲਮੇਲ ਕਰਨ ਵਿਚ ਸਹਾਈ ਹੋਵੇਗਾ ਤਾਂ ਕਿ ਵਿਕਾਸ ਦੇ ਨਿਰੰਤਰ ਅਤੇ ਵਾਤਾਵਰਣ ਪੱਖੀ ਮਾਡਲ ਨੂੰ ਯਕੀਨੀ ਬਣਾਇਆ ਜਾ ਸਕੇ।

ਗੁਰੂ ਸਾਹਿਬ ਜੀ ਦੇ ਮਹਾਨ ਫਲਸਫੇ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕੁਦਰਤ ਅਤੇ ਮਨੁੱਖਤਾ ਦੇ ਵਿਚਕਾਰ ਆਪਸੀ ਅੰਤਰੀਵ ਸਾਂਝ ਨੂੰ ਦਰਸਾਇਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਫਲਸਫੇ ਦੀ ਭਾਵਨਾ ਨੂੰ ਕਾਇਮ ਰੱਖਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਵਾਤਾਵਰਣ ਪ੍ਰਦੂਸ਼ਣ ਕਾਰਨ ਫੈਲਦੀਆਂ ਘਾਤਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਜਿਵੇਂ ਕਿ ਮੌਜੂਦਾ ਸਮੇਂ ਹਵਾ ਪ੍ਰਦੂਸ਼ਣ ਅੱਖਾਂ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦਾ ਕਾਰਨ ਬਣਿਆ ਹੋਇਆ ਹੈ।

ਮੁੱਖ ਮੰਤਰੀ ਨੇ ਸਾਰਿਆਂ ਨੂੰ ਅਪੀਲ ਕਰਦਿਆਂ ਕੁਦਰਤ ਅਤੇ ਕੁਦਰਤੀ ਸਰੋਤਾਂ ਨੂੰ ਸਾਂਭਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਸਾਫ ਸੁਥਰਾ, ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ। ਇਸ ਲਈ ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਦੀ ਲੋੜੀਂਦੀ ਵਰਤੋਂ ਕਰਨ, ਪਾਣੀ ਦੀ ਘੱਟ ਖਪਤ ਵਾਲੀਆਂ ਫਸਲਾਂ ਪੈਦਾ ਕਰਨ, ਪਰਾਲੀ ਨਾ ਸਾੜਨ ਅਤੇ ਰਸਾਇਣਕ ਖਾਦਾਂ ਦੀ ਘੱਟ ਵਰਤੋਂ ‘ਤੇ ਜ਼ੋਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਸਾਡੇ ਸਾਰਿਆਂ ਦਾ ਇਹ ਪਵਿੱਤਰ ਫਰਜ ਬਣਦਾ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਵੱਡੇ ਪੱਧਰ ਉੱਤੇ ਬੂਟੇ ਲਾਈਏ।”

ਮੁੱਖ ਮੰਤਰੀ ਨੇ ਮਿਲਾਵਟੀ ਦੁੱਧ ਅਤੇ ਡੇਅਰੀ ਵਸਤਾਂ ਦੇ ਗੈਰ-ਸਿਹਤਮੰਦ ਰੁਝਾਨ ਦੀ ਰੋਕਥਾਮ ਲਈ ‘ਮਿਸ਼ਨ ਤੰਦਰੁਸਤ’ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਮਿਆਰੀ ਅਤੇ ਸੁਰੱਖਿਅਤ ਭੋਜਨ/ਡੇਅਰੀ ਵਸਤਾਂ ਮੁਹੱਈਆ ਕਰਵਾਉਣਾ ਸਾਡਾ ਫਰਜ਼ ਬਣਦਾ ਹੈ ਤਾਂ ਕਿ ਉਨ੍ਹਾਂ ਦੀ ਚੰਗੀ ਸਿਹਤ ਅਤੇ ਸਫਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਦਰਿਆਵਾਂ ਦੇ ਪ੍ਰਦੂਸ਼ਣ ਸਬੰਧੀ ਫਿਕਰਮੰਦੀ ਜਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਨਾਮਧਾਰੀ ਸੰਪਰਦਾ ਦੇ ਮੁਖੀ ਬਾਬਾ ਉਦੈ ਸਿੰਘ ਵਰਗੀਆਂ ਵਾਤਾਵਰਣ ਪੱਖੀ ਸ਼ਖਸੀਅਤਾਂ ਦੇ ਨਿਰੰਤਰ ਯਤਨਾਂ ਦੀ ਬਦੌਲਤ ਕਾਲੀ ਵੇਈਂ ਦੇ ਪਾਣੀ ਅਤੇ ਬੁੱਢਾ ਨਾਲਾ ਜੋ ਸਤਲੁਜ ਦਰਿਆ ਵਿਚ ਵਹਿੰਦਾ ਹੈ, ਵਿਚ ਵਰਨਣਯੋਗ ਸੁਧਾਰ ਹੋਇਆ ਹੈ। ਉਨ੍ਹਾਂ ਨੇ ਇਸ ਨੇਕ ਕਾਰਜ ਲਈ ਹੋਰ ਐਨ.ਜੀ.ਓਜ ਪਾਸੋਂ ਵੀ ਪੂਰਨ ਸਹਿਯੋਗ ਕਰਨ ਦੀ ਮੰਗ ਕੀਤੀ।

ਇਸ ਮੌਕੇ ਮੁੱਖ ਮੰਤਰੀ ਨੇ ਡਿਜੀਟਲੀ ਤੌਰ ‘ਤੇ ਜਲੰਧਰ ਸ਼ਹਿਰ ਵਿੱਚ 35 ਕਰੋੜ ਰੁਪਏ ਦੀ ਲਾਗਤ ਵਾਲੇ ਵਰਿਆਨਾ ਡੰਪ ਸਾਈਟ ਰੈਮੀਡੀਏਸ਼ਨ ਪਲਾਂਟ ਦੇ ਨੀਂਹ ਪੱਥਰ ਦੇ ਨਾਲ-ਨਾਲ ਫਾਜ਼ਿਲਕਾ (14.68 ਕਰੋੜ ਰੁਪਏ), ਅਜਨਾਲਾ ਅਤੇ ਗੁਰਾਇਆ (6.25-6.25 ਕਰੋੜ ਰੁਪਏ) ਅਤੇ ਗੜ੍ਹਦੀਵਾਲਾ (3.14 ਕਰੋੜ ਰੁਪਏ) ਵਿੱਚ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਦਾ ਨੀਂਹ ਪੱਥਰ ਰੱਖਿਆ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ 54 ਆਰਸੈਨਿਕ ਪ੍ਰਭਾਵਿਤ ਪਿੰਡਾਂ ਵਿੱਚ 4.85 ਕਰੋੜ ਰੁਪਏ ਦੀ ਲਾਗਤ ਨਾਲ ਘਰੇਲੂ ਜਲ ਸ਼ੁੱਧੀਕਰਨ ਦਾ ਉਦਘਾਟਨ ਕੀਤਾ ਜਿਸ ਨਾਲ 72000 ਪਿੰਡ ਵਾਸੀਆਂ ਨੂੰ ਲਾਭ ਹੋਵੇਗਾ, ਅੰਮ੍ਰਿਤਸਰ ਸਹਿਰ ਵਿਚ ਇਕ ਐਸ.ਟੀ.ਪੀ. (32.23 ਕਰੋੜ ਰੁਪਏ), ਜਲੰਧਰ ਸਹਿਰ ਵਿਚ ਫਲਾਈਓਵਰਜ਼ ਹੇਠਾਂ ਗਰੀਨ ਏਰੀਆ ਵਿਕਾਸ ਪ੍ਰਾਜੈਕਟ (3.90 ਕਰੋੜ ਰੁਪਏ) ਅਤੇ ਜਲੰਧਰ ਸਹਿਰ ਵਿਚ ਗਰੀਨ ਏਰੀਆ ਪਾਰਕਸ ਵਿਕਾਸ ਪ੍ਰਾਜੈਕਟ ਅਧੀਨ ਵਿਕਸਤ ਕੀਤੇ ਸੱਤ ਪਾਰਕਾਂ (8.84 ਕਰੋੜ ਰੁਪਏ) ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਐਪ ਵੀ ਲਾਂਚ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਦੁੱਧ ਅਤੇ ਡੇਅਰੀ ਉਤਪਾਦਾ ਦੀ ਮਿਲਾਵਟਖੋਰੀ ਨੂੰ ਰੋਕਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਸੀਂ ਇਕ ਅਜਿਹਾ ਈਕੋ-ਸਿਸਟਮ ਵਿਕਸਤ ਕਰਨ ਵਿਚ ਸਫਲ ਹੋਏ ਹਾਂ ਜਿਥੇ ਅਪਰਾਧੀ ਬਚ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਸਾਡੀ ਸਟੇਟ ਲੈਬ ਇਕ ਸਾਲ ਵਿਚ ਖਾਧ ਪਦਾਰਥਾਂ ਦੇ 15,000 ਤੋਂ ਵੱਧ ਨਮੂਨਿਆਂ ਦਾ ਵਿਸਲੇਸ਼ਣ ਕਰ ਰਹੀ ਹੈ।

ਭੋਜਨ ਦੀ ਸੁਰੱਖਿਆ ਅਤੇ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ 10 ਮੋਬਾਈਲ ਫੂਡ ਟੈਸਟਿੰਗ ਵੈਨਜ਼ ਤੋਂ ਇਲਾਵਾ 15 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਫੂਡ ਲੈਬ ਅਪਗ੍ਰੇਡ ਕੀਤੀ ਹੈ। ਨਤੀਜੇ ਵਜੋਂ, ਫੂਡ ਸੇਫਟੀ ਟੀਮਾਂ ਨੇ 7507 ਨਮੂਨੇ ਇਕੱਠੇ ਕੀਤੇ ਹਨ, ਜਿਨ੍ਹਾਂ ਵਿਚੋਂ 5910 ਦੇ ਮਾਪਦੰਡਾਂ ਦੀ ਪੁਸ਼ਟੀ ਕੀਤੀ ਗਈ ਜਦੋਂਕਿ 10, 836 ਕਿਲੋਗ੍ਰਾਮ ਅਸੁਰੱਖਿਅਤ/ਮਿਲਾਵਟੀ ਚੀਜਾਂ (ਫਲ, ਸਬਜ਼ੀਆਂ, ਮਠਿਆਈਆਂ ਅਤੇ ਹੋਰ ਉਤਪਾਦ) ਜ਼ਬਤ ਕਰਕੇ ਨਸ਼ਟ ਕਰ ਦਿੱਤੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਖਪਤਕਾਰਾਂ ਨੂੰ ਚੰਗੀ ਕੁਆਲਟੀ ਦੀਆਂ ਖਾਣ-ਪੀਣ ਦੀਆਂ ਵਸਤਾਂ ਦੀ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਲਗਭਗ 22000 ਆਨਲਾਈਨ ਫੂਡ ਬਿਜਨਸ ਓਪਰੇਟਰਾਂ ਨੂੰ ਭੋਜਨ ਸੁਰੱਖਿਆ ਮਾਪਦੰਡਾਂ ਅਤੇ ਸਫਾਈ ਦਰਜਾਬੰਦੀ ਨਾਲ ਸਬੰਧਤ ਸਿਖਲਾਈ ਦਿੱਤੀ ਜਾ ਰਹੀ ਹੈ।

ਆਪਣੇ ਸੰਬੋਧਨ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿੰਨ ਸਾਲ ਪਹਿਲਾਂ ਮਿਸ਼ਨ ਤੰਦਰੁਸਤ ਦੀ ਸ਼ੁਰੂਆਤ ਕਰਨ ਸਬੰਧੀ ਉਨ੍ਹਾਂ ਦੀ ਦੂਰਦਰਸ਼ਤਾ ਅਤੇ ਹੁਣ ਇੱਕ ਨਵੇਂ ਅਤੇ ਸਿਹਤਮੰਦ ਪੰਜਾਬ ਲਈ ਰਾਹ ਪੱਧਰਾ ਕਰਨ ਲਈ ਇਸ ਦੇ ਦਾਇਰੇ ਦਾ ਵਿਸਥਾਰ ਕਰਨ ਲਈ ਪ੍ਰਸੰਸਾ ਕੀਤੀ ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਕਮਿਊਨਿਟੀ ਜਲ ਸ਼ੁੱਧੀਕਰਨ ਪਲਾਂਟ ਅਤੇ ਆਰਸੈਨਿਕ ਅਤੇ ਆਇਰਨ ਹਟਾਉਣ ਵਾਲੇ ਪਲਾਂਟਾਂ ਜ਼ਰੀਏ ਸਾਰੇ ਕੁਆਲਟੀ ਪ੍ਰਭਾਵਿਤ ਪਿੰਡਾਂ ਵਿਚ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਵਾਟਰ ਟਰੀਟਮੈਂਟ ਪਲਾਂਟ 30 ਸਤੰਬਰ, 2021 ਤੱਕ ਚਾਲੂ ਹੋ ਜਾਣਗੇ।

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਨੌਜਵਾਨਾਂ ਨੂੰ ਵਾਤਾਵਰਣ ਜਾਗਰੂਕਤਾ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਵਾਤਾਵਰਣ ਪੱਖੀ ਪਹਿਲਕਦਮੀਆਂ ਦੀ ਮਹੱਤਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਨੌਜਵਾਨਾਂ ਵੱਲੋਂ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਵੀ ਦੇਣਾ ਚਾਹੀਦਾ ਹੈ।

ਧੰਨਵਾਦੀ ਮਤਾ ਪੇਸ਼ ਕਰਦਿਆਂ ਖੇਡਾਂ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਪੱਖੀ ਪਹਿਲਕਦਮੀਆਂ ਦੁਆਰਾ ਸੂਬੇ ਵਿੱਚ ਸਥਾਈ ਵਿਕਾਸ ਨੂੰ ਯਕੀਨੀ ਬਣਾਉਣ ਲਈ ਨੌਜਵਾਨਾਂ ਵੱਲੋਂ ਨਿਭਾਈਆਂ ਜਾਣ ਵਾਲੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦੇਣ ਲਈ ਉਨ੍ਹਾਂ ਵਾਸਤੇ ਇੱਕ ਐਵਾਰਡ ਸਥਾਪਤ ਕਰਨ।

ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਖਾਸ ਤੌਰ ‘ਤੇ ਪੇਂਡੂ ਖੇਤਰਾਂ ਵਿੱਚ ਪਰਾਲੀ ਸਾੜਨ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨੌਜਵਾਨਾਂ ਦੀ ਅਥਾਹ ਸਮਰੱਥਾ ਨੂੰ ਢੁੱਕਵੇਂ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਨਵੇਂ-ਨਰੋਏ ਮਿਸ਼ਨ ਤੰਦਰੁਸਤ ਵਿੱਚ ਖੇਡੋ ਪੰਜਾਬ ਨੂੰ ਉਪ-ਮਿਸ਼ਨ ਵਜੋਂ ਸ਼ਾਮਲ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

ਰਾਣਾ ਸੋਢੀ ਨੇ ਕਿਹਾ ਕਿ ‘ਸਿਹਤਮੰਦ ਸਰੀਰ’ ਦੇ ਸੰਕਲਪ ਨੂੰ ਹੁਲਾਰਾ ਦੇਣ ਲਈ ਤਕਰੀਬਨ 1600 ਹਰੇ ਭਰੇ ਖੇਡ ਦੇ ਮੈਦਾਨ ਅਤੇ ਪਿੰਡਾਂ ਵਿੱਚ 13,724 ਮੌਰਨਿੰਗ ਵੈਲਨੈੱਸ ਕਲੱਬ ਬਣਾਏ ਗਏ ਹਨ।

ਇਸ ਦੌਰਾਨ ਮੁੱਖ ਸਕੱਤਰ ਵਿਨੀ ਮਹਾਜਨ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਨਵੇਂ-ਨਰੋਏ ਮਿਸ਼ਨ ਤੰਦਰੁਸਤ ਦੀ ਮਹੱਤਤਾ ਅਤੇ ਨਿਰਧਾਰਤ ਟੀਚਿਆਂ ਨੂੰ ਹਾਸਲ ਕਰਨ ਲਈ ਇਸ ਦੇ ਲਾਗੂ ਕਰਨ ਦੀ ਰਣਨੀਤੀ ਬਾਰੇ ਸੰਖੇਪ ਵਿੱਚ ਦੱਸਿਆ।

ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਮੁੱਖ ਮੰਤਰੀ ਨੂੰ ਨਵੇਂ-ਨਰੋਏ ਮਿਸ਼ਨ ਤੰਦਰੁਸਤ ਪ੍ਰੋਗਰਾਮ ਨੂੰ ਸਫਲਤਾਪੂਰਵਕ ਲਾਗੂ ਕਰਨ ਦਾ ਭਰੋਸਾ ਦਿੱਤਾ ਜਿਸ ਵਿੱਚ ਹਵਾ ਅਤੇ ਪਾਣੀ ਦੀ ਗੁਣਵੱਤਾ ਵਿੱਚ ਅੱਗੇ ਹੋਰ ਸੁਧਾਰ ਕਰਨ ‘ਤੇ ਧਿਆਨ ਦਿੱਤਾ ਜਾਵੇਗਾ ਤਾਂ ਜੋ ਸਾਡੇ ਨਾਗਰਿਕ ਤੰਦਰੁਸਤ ਰਹਿਣ।

ਗੌਰਤਲਬ ਹੈ ਕਿ ਪੰਜਾਬ ਦੇ ਲੋਕਾਂ ਲਈ ਤੰਦਰੁਸਤ ਸਿਹਤ ਯਕੀਨੀ ਬਣਾਉਣ ਦੇ ਨਾਲ ਨਾਲ ਵਾਤਾਵਰਣ, ਸਿਹਤ ਅਤੇ ਸਬੰਧਤ ਖੇਤਰਾਂ ਵਿਚ ਉਭਰ ਰਹੀਆਂ ਚੁਣੌਤੀਆਂ ਦਾ ਹੱਲ ਕਰਦਿਆਂ ਸੂਬੇ ਦੇ ਵਾਤਾਵਰਣ ਵਿੱਚ ਸੁਧਾਰ ਲਈ ਸਾਲ 2018 ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਪਹਿਲੇ ਪੜਾਅ ਦਾ ਐਲਾਨ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਕਬੱਡੀ ਖਿਡਾਰੀ ਗੁਰਪ੍ਰੀਤ ਕੌਰ, ਜੈਵਿਕ ਖੇਤੀ ਕਰਨ ਵਾਲੇ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ, ਭੱਠਾ ਮਾਲਕ ਮੁਕੇਸ਼ ਨੰਦਾ ਜਿਨ੍ਹਾਂ ਨੇ ਵਾਤਾਵਰਣ ਪੱਖੀ ਜ਼ਿਗਜ਼ੈਗ ਤਕਨਾਲੋਜੀ ਦੀ ਸ਼ੁਰੂਆਤ ਕੀਤੀ, ਸਟੇਟ ਫੂਡ ਲੈਬਾਰਟਰੀ ਤੋਂ ਖੁਰਾਕ ਵਿਸ਼ਲੇਸ਼ਕ ਰਵਨੀਤ ਕੌਰ ਤੋਂ ਇਲਾਵਾ ਆਪਣੇ ਪਿੰਡ ਵਿੱਚ ਵੱਡੇ ਪੱਧਰ ‘ਤੇ ਰੁੱਖ ਲਗਾਉਣ ਵਾਲੀ ਸਰਪੰਚ ਕਵਿਤਾ ਸ਼ਰਮਾ ਸਮੇਤ ਪੰਜ ਹਿੱਸਾ ਲੈਣ ਵਾਲਿਆਂ ਨੇ ਮੁੱਖ ਮੰਤਰੀ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਰੋਜ਼ਮਰ੍ਹਾਂ ਦੀ ਜ਼ਿੰਦਗੀ ਉੱਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਸਕਾਰਾਤਮਕ ਪ੍ਰਭਾਵਾਂ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION