31.1 C
Delhi
Saturday, April 20, 2024
spot_img
spot_img

ਕੈਪਟਨ ਨੇ ਜੀ.ਜੀ.ਆਈ. ਰਿਪੋਰਟ ਬਾਰੇ ਸੁਖਬੀਰ ਦੇ ਝੂਠ ਨੂੰ ਤੱਥਾਂ ਦੇ ਆਧਾਰ ’ਤੇ ਨਕਾਰਿਆ

ਚੰਡੀਗੜ, 29 ਦਸੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਠੋਸ ਤੱਥਾਂ ਅਤੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਚੰਗੇ ਸ਼ਾਸਨ ਦੇ ਸੂਚਕ-ਅੰਕ (ਜੀ.ਜੀ.ਆਈ.) ਸਬੰਧੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਰਿਪੋਰਟ ਬਾਰੇ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਗੁੰਮਰਾਹਕੁੰਨ ਜਾਣਕਾਰੀ ਫੈਲਾ ਕੇ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਨ ਲਈ ਉਸ ਨੂੰ ਕਰੜੇ ਹੱਥੀਂ ਲਿਆ ਜਦਕਿ ਇਹ ਅੰਕੜੇ ਅਸਲ ਵਿੱਚ ਸ਼ੋਮਣੀ ਅਕਾਲੀ ਦਲ-ਭਾਜਪਾ ਦੇ ਕਾਰਜਕਾਲ ਦੌਰਾਨ ਮਾੜੇ ਪ੍ਰਸਾਸ਼ਨ ਦਾ ਨਤੀਜਾ ਹੈ।

ਮੁੱਖ ਮੰਤਰੀ ਨੇ ਸੂਬੇ ਬਾਰੇ ਸ਼ੋਮਣੀ ਅਕਾਲੀ ਦਲ ਦੇ ਮੁਖੀ ਦੀ ਘੋਰ ਅਗਿਆਨਤਾ ਲਈ ਉਸ ’ਤੇ ਵਰਦਿਆਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਮਿਲ ਕੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਆਪਣੀਆਂ ਨੀਤੀਆਂ ਨਾਲ ਹਰੇਕ ਪੱਧਰ ’ਤੇ ਸੂਬੇ ਦੀ ਤਰੱਕੀ ਨੂੰ ਢਾਹ ਲਾਈ।

ਭਾਰਤ ਸਰਕਾਰ ਵੱਲੋਂ 25 ਦਸੰਬਰ ਨੂੰ ਜਾਰੀ ਕੀਤੀ ਗਈ ਜੀ.ਜੀ.ਆਈ. ਰਿਪੋਰਟ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਰਿਪੋਰਟ ਤਿਆਰ ਕਰਨ ਲਈ ਵਰਤੇ ਗਏ ਅੰਕੜੇ ਵਿੱਤੀ ਸਾਲ 2014-15, 2015-16 ਅਤੇ 2016-17 ਨਾਲ ਸਬੰਧਤ ਹਨ ਜਦੋਂ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਗੱਠਜੋੜ ਸਰਕਾਰ ਸੀ।

ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਗੰਭੀਰ ਅਤੇ ਜ਼ਿੰਮੇਵਾਰ ਸ਼ਾਸਨ ਵਿਚ ਸ਼ਾਮਲ ਕੋਈ ਵੀ ਵਿਅਕਤੀ ਜਾਣਦਾ ਹੈ ਕਿ ਤਰੱਕੀ ਦੇ ਸੂਚਕ-ਅੰਕ ਇਕ ਸਮੇਂ ਦੇ ਨਾਲ ਵਿਕਸਤ ਹੁੰਦੇ ਹਨ ਅਤੇ ਵਿਕਾਸ ਸਬੰਧੀ ਕਿਸੇ ਵੀ ਤਰਾਂ ਦੇ ਅੰਕੜੇ ਅਗਲੀਆਂ ਰਿਪੋਰਟਾਂ ਵਿੱਚ ਦਰਸਾਏ ਜਾਂਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਚੁਟਕੀ ਲੈਂਦਿਆਂ ਕਿਹਾ ‘‘ਪਰ ਸੁਖਬੀਰ ਇਹ ਨਹੀਂ ਜਾਣਦਾ ਅਤੇ ਇੰਝ ਜਾਪਦਾ ਹੈ ਕਿ ਉਸਨੂੰ ਜ਼ਿਮੇਵਾਰੀ ਅਤੇ ਚੰਗੇ ਪ੍ਰਸ਼ਾਸਨ ਦਾ ਮਤਲਬ ਹੀ ਨਹੀਂ ਪਤਾ।’’

ਸੂਬੇ ਵਿੱਚ ਉਦਯੋਗਾਂ ਦੀ ਪ੍ਰਗਤੀ ਅਤੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਸਬੰਧੀ ਸੁਖਬੀਰ ਦੇ ਝੂਠਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਰਿਪੋਰਟ 2014-15 ਦੇ ਅੰਕੜਿਆਂ ’ਤੇ ਅਧਾਰਤ ਹੈ। ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਸਬੰਧੀ ਉਪਰਾਲੇ 2017 ਵਿੱਚ ਸ਼ੁਰੂ ਕੀਤੇ ਗਏ ਸਨ ਜਿਸ ਸਮੇਂ ਨਵੀਂ ਬਣੀ ਸਰਕਾਰ ਅਧੀਨ ਇਸ ਸੈਕਟਰ ਵਿੱਚ ਤਬਦੀਲੀਆਂ ਅਜੇ ਵੀ ਜਾਰੀ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਨਿੰਦਾ ਕਰਨ ਦੀ ਜਲਦਬਾਜ਼ੀ ਵਿੱਚ ਸੁਖਬੀਰ ਨੇ ਬਿਆਨ ਦੇਣ ਤੋਂ ਪਹਿਲਾਂ ਸਪੱਸ਼ਟ ਤੌਰ ’ਤੇ ਮੁੱਢਲੇ ਤੱਥਾਂ ਦੀ ਜਾਂਚ ਕਰਨ ਦੀ ਖੇਚਲ ਨਹੀਂ ਕੀਤੀ। ਉਨਾਂ ਅੱਗੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਦੇ ਜ਼ਮੀਨੀ ਹਕੀਕਤ ਤੋਂ ਹਮੇਸ਼ਾ ਕੋਹਾਂ ਦੂਰ ਰਹੇ ਹਨ ਜਿਨਾਂ ਦੇ ਬਿਆਨਾਂ ਦਾ ਤੱਥਾਂ ਅਤੇ ਅੰਕੜਿਆਂ ਨਾਲ ਦੂਰ-ਦੂਰ ਤੱਕ ਕੋਈ ਸਬੰਧ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸ਼ੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦੇ ਹਰਕੇ ਖੇਤਰ ਨੂੰ ਬਰਬਾਦ ਕਰਦਿਆਂ ਪੰਜਾਬ ਨੂੰ ਤਹਿਸ-ਨਹਿਸ ਕਰ ਦਿੱਤਾ ਅਤੇ ਸਮਾਜਿਕ, ਆਰਥਿਕ ਅਤੇ ਪ੍ਰਗਤੀ ਦੇ ਹੋਰਨਾਂ ਮਾਪਦੰਡਾਂ ’ਤੇ ਸੂਬੇ ਨੂੰ ਮੂਧੇ-ਮੂੰਹ ਸੁੱਟ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਵੇਖਦਿਆਂ ਲੋਕਾਂ ਨੇ 2017 ਦੀਆਂ ਚੋਣਾਂ ਅਤੇ ਉਸ ਤੋਂ ਬਾਅਦ ਦੀਆਂ ਸਾਰੀਆਂ ਚੋਣਾਂ ਵਿੱਚ ਅਕਾਲੀਆਂ ਨੂੰ ਸਬਕ ਸਿਖਾਇਆ। ਸੁਖਬੀਰ ਅਤੇ ਉਸਦੇ ਸਾਥੀਆਂ ਨੇ ਆਪਣੀਆਂ ਗਲਤੀਆਂ ਤੋਂ ਸਪੱਸ਼ਟ ਤੌਰ ’ਤੇ ਕੋਈ ਸਬਕ ਨਹੀਂ ਸਿੱਖਿਆ ਸੀ, ਅਤੇ ਇਹ ਸਮਝਦੇ ਰਹੇ ਕਿ ਉਹ ਆਪਣੇ ਗੁੰਮਰਾਹਕੁੰਨ ਬਿਆਨਾਂ ਅਤੇ ਝੂਠ ਅਤੇ ਧੋਖੇ ਨਾਲ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਮੂਰਖ ਬਣਾ ਲੈਣੇਗੇ।

ਮੁੱਖ ਮੰਤਰੀ ਨੇ ਕਿਹਾ ਕਿ ਪਰ ਅਜਿਹਾ ਕੁਝ ਨਹੀਂ ਹੋਇਆ ਕਿਉਂਕਿ ਲੋਕ ਸੁਖਬੀਰ ਦੀ ਸਮਝ ਤੋਂ ਕਿਤੇ ਸਮਝਦਾਰ ਅਤੇ ਪੜੇ ਲਿਖੇ ਹਨ। ਉਨਾਂ ਕਿਹਾ, ‘‘ਲੋਕ ਵਿਕਾਸ ਅਤੇ ਪ੍ਰਗਤੀ ਚਾਹੁੰਦੇ ਹਨ ਨਾ ਕਿ ਧੋਖਾ ਅਤੇ ਖੋਖਲੇ ਵਾਅਦੇ।’’

ਰਿਪੋਰਟ ਵਿੱਚ ਵਰਤੇ ਗਏ ਆਰਥਿਕ ਪ੍ਰਸ਼ਾਸਨ ਸਬੰਧੀ ਅੰਕੜਿਆਂ ਸਬੰਧੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ 2016-17 ਨਾਲ ਸਬੰਧਤ ਹਨ ਜੋ ਕਿ ਪੁਰਾਣੀ ਅਕਾਲੀ-ਭਾਜਪਾ ਸਰਕਾਰ ਅਧੀਨ ਪ੍ਰਗਤੀ ਦੇ ਨਤੀਜੇ ਹਨ। ਉਨਾਂ ਅੱਗੇ ਕਿਹਾ ਕਿ ਇੱਥੋਂ ਤੱਕ ਕਿ ਸਮਾਜ ਭਲਾਈ ਅਤੇ ਵਿਕਾਸ, ਜਨਮ ਦੇ ਸਮੇਂ ਲਿੰਗ ਅਨੁਪਾਤ, ਸਿਹਤ ਬੀਮਾ ਕਵਰੇਜ ਅਤੇ ਘੱਟ ਗਿਣਤੀਆਂ ਦੇ ਸਸ਼ਕਤੀਕਰਨ ਸਬੰਧੀ ਦਰਸਾਏ ਗਏ ਅੰਕੜੇ ਪਿਛਲੀ ਸਰਕਾਰ ਨਾਲ ਸਬੰਧਤ ਹਨ।

ਜਿੱਥੋ ਤੱਕ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦਾ ਸਬੰਧ ਹੈ, 0.1 ਘੱਟ ਵੇਟੇਜ਼ ਵਾਲੇ ਇਕ ਸੰਕੇਤ ਨੂੰ ਛੱਡ ਕੇ ਸਾਰੇ ਸੰਕੇਤ ਲਈ ਅੰਕੜੇ 2015-16 ਅਤੇ 2016-17 ਤੋਂ ਲਏ ਗਏ ਹਨ, ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਨਹੀਂ ਸੀ।

ਜਨਤਕ ਸਿਹਤ ਨਾਲ ਸਬੰਧਤ ਜੱਚਾ ਮੌਤ ਦਰ, ਬੱਚਾ ਮੌਤ ਦਰ ਅਤੇ ਟੀਕਾਕਰਨ ਪ੍ਰਾਪਤੀਆਂ ਸਬੰਧੀ ਅੰਕੜੇ 2014-2017 ਤੱਕ ਦੇ ਸਮੇਂ ਨਾਲ ਸਬੰਧਤ ਹਨ।

ਉਨਾਂ ਮਾਮਲਿਆਂ ਵਿਚ ਜਿੱਥੇ ਮੌਜੂਦਾ ਵਿਵਸਥਾ ਨਾਲ ਸਬੰਧਤ ਸਮੇਂ ਤੋਂ ਅੰਕੜੇ ਲਏ ਗਏ ਹਨ, ਸੂਚਕਾਂਕ ਜਾਂ ਤਾਂ ਮੁੱਖ ਮਾਪਦੰਡਾਂ ‘ਤੇ ਹੋਈ ਪ੍ਰਗਤੀ ਨੂੰ ਦਰਸਾਉਂਦੇ ਹਨ ਜਾਂ ਅਗਲੀ ਰਿਪੋਰਟ ਵਿਚ ਚੰਗੀ ਤਬਦੀਲੀ ਦੀ ਉਮੀਦ ਕਰਦੇ ਹਨ ਕਿਉਂਕਿ ਮੌਜੂਦਾ ਸਰਕਾਰ ਨੇ ਇਨਾਂ ਮਸਲਿਆਂ ਦੇ ਸੁਧਾਰ ਲਈ ਉਪਾਅ ਸਰਗਰਮੀ ਨਾਲ ਲਾਗੂ ਕੀਤੇ ਹਨ ਜਿਨਾਂ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਵਿਖਾਈ ਦੇਣਗੇ।

ਮੁੱਖ ਮੰਤਰੀ ਨੇ ਉਦਾਹਰਨ ਵਜੋ ਦੱਸਿਆ ਕਿ ਮਨੁੱਖੀ ਸਰੋਤ ਵਿਕਾਸ ਵਿੱਚ ਪੰਜਾਬ ਨੇ ਉੱਚ ਦਰਜਾ ਹਾਸਲ ਕੀਤਾ ਹੈ ਜਿਸ ਲਈ ਮਿਆਰੀ ਸਿੱਖਿਆ, ਹੁਨਰ ਸਿਖਲਾਈ ਅਤੇ ਪਲੇਸਮੈਂਟਸ ਨਾਲ ਸਬੰਧਤ ਅੰਕੜੇ 2017 ਤੋਂ ਬਾਅਦ ਲਏ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਜੇ ਸੁਖਬੀਰ ਨੇ ਉਨਾਂ ਦੀ ਸਰਕਾਰ ਦੀ ਨਿੰਦਾ ਕਰਨ ਦੀ ਬਜਾਏ ਥੋੜਾ ਸਮਾਂ ਰਿਪੋਰਟ ਪੜਨ ’ਤੇ ਲਾਇਆ ਹੁੰਦਾ ਤਾਂ ਉਹ ਇੱਕ ਵਾਰ ਫਿਰ ਝੂਠਾ ਅਤੇ ਧੋਖੇਬਾਜ਼ ਕਹਾਉਣ ਤੋਂ ਬਚ ਜਾਂਦਾ, ਜਿਸਦਾ ਏਜੰਡਾ ਸਿਰਫ਼ ਮੌਜੂਦਾ ਸਰਕਾਰ ’ਤੇ ਨਿਰਆਧਾਰ ਦੋਸ਼ ਲਾਉਣਾ ਹੈ।

ਮੁੱਖ ਮੰਤਰੀ ਨੇ ਆਲੋਚਨਾ ਕਰਦਿਆਂ ਕਿਹਾ ਕਿ ਬੀਤੇ ਕੁਝ ਸਾਲਾਂ ਦੌਰਾਨ ਸੁਖਬੀਰ ਅਤੇ ਉਸਦੇ ਪਰਿਵਾਰ ਨੇ ਪੁਰਾਣੇ ਅਤੇ ਸਤਿਕਾਰਤ ਅਕਾਲੀ ਦਲ ਨੂੰ ਲਗਾਤਾਰ ਆਪਣੀਆਂ ਮਾੜੀਆਂ ਨੀਤੀਆਂ ਨਾਲ ਅਜਿਹੀ ਪਾਰਟੀ ਬਣਾ ਦਿੱਤਾ ਹੈ ਜਿਸ ਦੀ ਕੋਈ ਵਿਚਾਰਧਾਰਾ ਨਹੀਂ।

ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਨਾਂ ਨੇ ਆਪਣੀ ਪਾਰਟੀ ਦਾ ਇਸੇ ਤਰਾਂ ਮਜ਼ਾਕ ਬਣਾਉਣਾ ਬੰਦ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸ਼ੋਮਣੀ ਅਕਾਲੀ ਦਲ ਦਾ ਪੰਜਾਬ ਦੇ ਸੱਤਾ ਦੇ ਅਖਾੜੇ ਵਿੱਚੋਂ ਬਿਲਕੁਲ ਸਫ਼ਾਇਆ ਹੋ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION