35.1 C
Delhi
Saturday, April 20, 2024
spot_img
spot_img

ਕੈਪਟਨ ਨੇ ਕੋਰੋਨਾ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਕੀਤੀਆਂ ਵਿਚਾਰਾਂ

ਚੰਡੀਗੜ੍ਹ, 8 ਅਪਰੈਲ, 2020:
ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਪ ਤੇ ਸੀ.ਪੀ.ਆਈ. ਸਣੇ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰ ਕੇ ਮੌਜੂਦਾ ਸੰਕਟ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਹਰ ਪਹਿਲੂ ਉਤੇ ਵਿਚਾਰ ਕੀਤਾ ਅਤੇ ਹੌਲੀ ਹੌਲੀ ਆਮ ਵਰਗੀ ਸਥਿਤੀ ਯਕੀਨੀ ਬਣਾਉਣ ਲਈ ਕੀਤੇ ਜਾਣ ਵਾਲੇ ਉਪਾਵਾਂ ਲਈ ਸੁਝਾਅ ਵੀ ਮੰਗੇ।

ਮੁੱਖ ਮੰਤਰੀ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਕਾਂਗਰਸੀ ਵਿਧਾਇਕਾਂ ਨਾਲ ਵੀਡਿਓ ਕਾਨਫਰੰਸਿੰਗ ਤੋਂ ਬਾਅਦ ਲੜੀਵਾਰਾਂ ਫੋਨ ਕਾਲਾਂ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ, ਵਿਰੋਧੀ ਧਿਰ ਦੇ ਨੇਤਾ ਅਤੇ ਆਪ ਆਗੂ ਹਰਪਾਲ ਸਿੰਘ ਚੀਮਾ ਅਤੇ ਸੀ.ਪੀ.ਆਈ. ਦੇ ਹਰਦੇਵ ਸਿੰਘ ਅਰਸ਼ੀ ਨਾਲ ਗੱਲਬਾਤ ਵੀ ਕੀਤੀ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਨੇ ਸੂਬਾ ਸਰਕਾਰ ਵੱਲੋਂ ਕੋਵਿਡ-19 ਖਿਲਾਫ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕਰਦਿਆਂ ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਲ ਮੁੱਖ ਤੌਰ ‘ਤੇ ਸਹਿਮਤੀ ਪ੍ਰਗਟਾਈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੂਬੇ ਵਿੱਚ ਸਰਕਾਰੀ ਮਸ਼ੀਨਰੀ ਰਾਹੀਂ ਹੋਰ ਖੁਰਾਕ ਪੈਕਟਾਂ ਨੂੰ ਵੰਡਣ ਦੇ ਹੱਕ ਵਿੱਚ ਸਨ। ਮੁੱਖ ਮੰਤਰੀ ਨੇ ਸਾਰੀਆਂ ਹੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਆਪਣੀ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ।

ਪੰਜਾਬ ਕਾਂਗਰਸ ਨੇ ਸੂਬੇ ਅਤੇ ਲੋਕਾਂ ਦੇ ਹਿੱਤ ਵਿੱਚ ਮੁੱਖ ਮੰਤਰੀ ਨੂੰ ਕੋਈ ਵੀ ਫੈਸਲਾ ਜੋ ਉਨ੍ਹਾਂ ਨੂੰ ਉਚਿਤ ਲੱਗਦਾ ਹੋਵ, ਲੈਣ ਲਈ ਪੂਰੀ ਤਰ੍ਹਾਂ ਅਧਿਕਾਰਤ ਕੀਤਾ।

ਮੁੱਖ ਮੰਤਰੀ ਨੇ ਕੋਵਿਡ-19 ਦੀ ਅੱਗੇ ਵਧਦੀ ਸਥਿਤੀ ‘ਤੇ ਚਿਤਾਵਨੀ ਦਿੰਦਿਆਂ ਦੱਸਿਆ ਕਿ ਵਿਸ਼ਵ ਪੱਧਰ ‘ਤੇ ਸੁਝਾਏ ਜਾ ਰਹੇ ਅੰਕੜੇ ਦੱਸ ਰਹੇ ਹਨ ਕਿ ਸਥਿਤੀ ਕੋਈ ਚੰਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦੀ ਲਾਗੂ ਕੀਤੇ ਲੌਕਡਾਊਨ/ਕਰਫਿਊ ਦੇ ਚੱਲਦਿਆਂ ਭਾਰਤ ਹਾਲੇ ਤੱਕ ਦੂਜੇ ਅਗਾਂਹਵਧੂ ਮੁਲਕਾਂ ਮੁਕਾਬਲੇ ਬਿਹਤਰ ਸਥਿਤੀ ਵਿੱਚ ਹੈ ਪਰ ਅਸੀਂ ਇਸ ਮੌਕੇ ਕੋਈ ਵੀ ਅਵਸੇਲਾਪਣ ਨਹੀਂ ਦਿਖਾ ਸਕਦੇ।

ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਵੀ ਕਦਮ ਚੁੱਕੇ ਜਾਂਦੇ ਹਨ ਉਹ ਸਭ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਲਏ ਜਾ ਰਹੇ ਹਨ। ਇਹ ਕਦਮ ਅਣਕਿਆਸੇ ਸੰਕਟ ਨੂੰ ਨਜਿੱਠਣ ਲਈ ਜਿੰਨੇ ਵੀ ਸਖਤ ਲੋੜੀਂਦੇ ਸਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਾਂਗਰਸੀ ਵਿਧਾਇਕਾਂ ਨਾਲ ਵੀਡਿਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਕੋਵਿਡ-19 ਦੇ ਮੌਜੂਦਾ ਅੰਕੜੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੇਸਾਂ ਵਿੱਚ ਅਚਾਨਕ ਵਾਧੇ ਦਾ ਕਾਰਨ ਨਿਜ਼ਾਮੂਦੀਨ (ਦਿੱਲੀ) ਵਿਖੇ ਵਾਪਰੀ ਤਬਲੀਗੀ ਜਮਾਤ ਦੀ ਘਟਨਾ ਦੇ ਨਤੀਜੇ ਵਜੋਂ ਵਧੇ ਹਨ ਕਿਉਂਕਿ ਸੂਬੇ ਵਿੱਚ 573 ਲੋਕ ਦਾਖਲ ਹੋ ਗਏ ਸਨ। ਇਨ੍ਹਾਂ ਵਿੱਚੋਂ 38 ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਲੱਭ ਲਿਆ ਗਿਆ ਹੈ।

ਪਰਵਾਸੀ ਪੰਜਾਬੀਆਂ ਦੀ ਅਲੋਚਨਾ ਬਾਰੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵੱਲੋਂ ਜ਼ਾਹਰ ਕੀਤੀ ਚਿੰਤਾ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਨੇ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਡਰਨ ਨਾ ਸਗੋਂ ਆਪਣੇ ਵਿਦੇਸ਼ੀ ਦੌਰੇ ਦਾ ਖੁਲਾਸਾ ਕਰਨ ਲਈ ਅੱਗੇ ਆਉਣ।

ਉਨ੍ਹਾਂ ਨੇ ਪਰਵਾਸੀ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ੍ਰੀ ਬਾਜਵਾ ਨੇ ਆਖਿਆ ਕਿ ਐਨ.ਆਰ.ਆਈਜ਼., ਪੰਜਾਬ ਦੀ ਜੀਵਨਧਾਰਾ ਹਨ ਅਤੇ ਸੂਬੇ ਦੀ ਆਰਥਿਕਤਾ ਵਿੱਚ ਇਨ੍ਹਾਂ ਦਾ ਵੱਡਾ ਯੋਗਦਾਨ ਹੈ।

ਵੀਡੀਓ ਕਾਨਫਰੰਸਿੰਗ ਦੌਰਾਨ ਪੰਜਾਬ ਕਾਂਗਰਸ ਦੇ ਮੁਖੀ ਸੁਨੀਲ ਜਾਖੜ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਸੰਕਟ ਦੀ ਇਸ ਘੜੀ ਨਾਲ ਨਿਪਟਣ ਲਈ ਮੁੱਖ ਮੰਤਰੀ ਅਤੇ ਸੂਬਾ ਸਰਕਾਰ ਵੱਲੋਂ ਨਿਭਾਏ ਯੋਗਦਾਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ।

ਸ੍ਰੀ ਜਾਖੜ ਨੇ ਕਿਹਾ ਕਿ ਇਸ ਮਸਲੇ ‘ਤੇ ਅਗਲੇ ਦਿਨਾਂ ਵਿੱਚ ਸਰਕਾਰ ਵੱਲੋਂ ਲਏ ਜਾਣ ਵਾਲੇ ਕਿਸੇ ਵੀ ਫੈਸਲੇ ਦਾ ਪਾਰਟੀ ਪੂਰਾ ਸਮਰਥਨ ਕਰੇਗੀ।

ਸਪੀਕਰ ਨੇ ਸ੍ਰੀ ਜਾਖੜ ਦੀ ਤਾਈਦ ਕਰਦਿਆਂ ਆਖਿਆ ਕਿ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਸਰਕਾਰ ਵੱਲੋਂ ਜੋ ਵੀ ਕਦਮ ਚੁੱਕੇ ਜਾਣਗੇ, ਪਾਰਟੀ ਦੇ ਨਾਲ-ਨਾਲ ਪੰਜਾਬ ਦੇ ਨਾਗਰਿਕ ਉਸ ਦਾ ਪੂਰਾ ਸਮਰਥਨ ਕਰਨਗੇ।

ਉਨ੍ਹਾਂ ਨੇ ਮਹਾਂਮਾਰੀ ਨੂੰ ਕਾਬੂ ਕਰਨ ਅਤੇ ਸੂਬੇ ਵਿੱਚ ਇਸ ਰੋਗ ਦੇ ਫੈਲਾਅ ਨੂੰ ਰੋਕਣ ਲਈ ਕਰਫਿਊ ਲਾ ਕੇ ਕਾਇਮ ਕੀਤੀ ਮਿਸਾਲ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਕਿਉਂਕਿ ਹਾਲ ਹੀ ਦੇ ਹਫ਼ਤਿਆਂ ਦੌਰਾਨ ਲਗਪਗ 1.5 ਲੱਖ ਐਨ.ਆਰ.ਆਈਜ਼ ਅਤੇ ਬੁਰੀ ਤਰ੍ਹਾਂ ਪ੍ਰਭਾਵਿਤ ਮੁਲਕਾਂ ਤੋਂ ਕੁਝ ਹੋਰ ਲੋਕਾਂ ਦੇ ਆਉਣ ਦੇ ਬਾਵਜੂਦ ਇਸ ਰੋਗ ‘ਤੇ ਕੰਟਰੋਲ ਕਰਨ ਲਈ ਅਸਰਦਾਰ ਢੰਗ ਨਾਲ ਕਦਮ ਚੁੱਕੇ ਗਏ।

ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਨੂੰ ਲੱਭਣ ਅਤੇ ਕਰਫਿਊ ਦੀਆਂ ਬੰਦਸ਼ਾਂ ਨੂੰ ਅਮਲ ਵਿੱਚ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਨੰਬਰਦਾਰਾਂ ਨੂੰ ਵੀ ਸ਼ਾਮਲ ਕਰਨ ਦਾ ਸੁਝਾਅ ਦਿੱਤਾ।

ਜਦੋਂ ਕੁਝ ਵਿਧਾਇਕਾਂ ਨੇ ਇਹ ਆਖਿਆ ਕਿ ਲੋੜਵੰਦ ਲੋਕਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਤਾਂ ਮੁੱਖ ਮੰਤਰੀ ਨੇ ਖੁਰਾਕ ਵਿਭਾਗ ਨੂੰ ਸੁੱਕਾ ਰਾਸ਼ਨ ਵੰਡਣ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰਨ ਲਈ ਆਖਿਆ। ਅੰਮ੍ਰਿਤਸਰ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆਂ ਨੇ ਕਿਹਾ ਕਿ ਮੁਸ਼ਕਲ ਇਸ ਕਰਕੇ ਆ ਰਹੀ ਹੈ ਕਿਉਂਕਿ ਸੁੱਕੇ ਰਾਸ਼ਨ ਲਈ ਮੰਗ ਤੇ ਸਪਲਾਈ ਵਿੱਚ ਵੱਡਾ ਪਾੜਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਪਹਿਲ ਤਾਂ ਕੁਝ ਦੇਰ ਹੋਈ ਸੀ ਕਿਉਂਕਿ ਮਾਰਕਫੈਡ ਤੋਂ ਦਾਲ ਦੀ ਪੂਰੀ ਸਪਲਾਈ ਨਹੀਂ ਸੀ ਪਰ ਹੁਣ ਸਭ ਕੁਝ ਲੀਹ ‘ਤੇ ਹੈ ਅਤੇ 10 ਲੱਖ ਪੈਕਟਾਂ ਵਿੱਚੋਂ 6 ਲੱਖ ਪੈਕੇਟ ਵੰਡੇ ਜਾਣ ਦੀ ਪ੍ਰਕ੍ਰਿਆ ਹੇਠ ਹਨ। ਉਨ੍ਹਾਂ ਨੇ ਅੱਗੇ ਸਪੱਸ਼ਟ ਕੀਤਾ ਕਿ ਸੁੱਕਾ ਰਾਸ਼ਨ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਮਿਲੇਗਾ, ਜਿਨ੍ਹਾਂ ਕੋਲ ਨੀਲੇ ਕਾਰਡ ਨਹੀਂ ਹਨ।

ਵਿਧਾਇਕਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸੁੱਕੇ ਰਾਸ਼ਨ ਵਿੱਚ ਚਾਹ-ਪੱਤੀ ਅਤੇ ਮਿਰਚ-ਮਸਾਲੇ ਵੀ ਸ਼ਾਮਲ ਕੀਤੇ ਜਾਣ ਅਤੇ ਪੈਕੇਟਾਂ ਦੀ ਗਿਣਤੀ 15 ਲੱਖ ਤੱਕ ਵਧਾਈ ਜਾਵੇ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੂਬੇ ਵਿੱਚ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਜੇਕਰ ਲੋੜ ਹੋਈ ਤਾਂ ਪੈਕਟਾਂ ਦੀ ਗਿਣਤੀ ਹੋਰ ਵਧਾਈ ਜਾਵੇਗੀ।

ਕੁਝ ਵਿਧਾਇਕਾਂ ਦੇ ਸਵਾਲਾਂ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਆਉਣ ਵਾਲੇ ਵਾਢੀ ਅਤੇ ਖਰੀਦ ਸੀਜ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਲਈ ਲਗਭਗ 3800 ਮੰਡੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਸੀ.ਸੀ.ਐਲ. ਵੀ ਪਾ੍ਰਪਤ ਕਰ ਲਈ ਗਈ ਹੈ।

ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਮੰਡੀਆਂ ਵਿੱਚ ਆਪਣੀ ਉਪਜ ਦੇਰੀ ਨਾਲ ਲਿਆਉਣ ਬਦਲੇ ਕਿਸਾਨਾਂ ਨੂੰ ਬੋਨਸ ਦੇਣ ਲਈ ਸੂਬੇ ਵੱਲੋਂ ਸੁਝਾਏ ਗਈ ਪ੍ਰੋਤਸ਼ਾਹਤ ਮੁੱਲ ਨੂੰ ਕੇਂਦਰ ਵੱਲੋਂ ਅਜੇ ਮਨਜ਼ੂਰੀ ਨਹੀਂ ਦਿੱਤੀ ਗਈ। ਬਾਰਦਾਨੇ ਦੀ ਘਾਟ ਦੇ ਮੁੱਦੇ ੍ਯਤੇ ਉਨ੍ਹਾਂ ਕਿਹਾ ਕਿ ਸੂਬੇ ਕੋਲ ਲੋੜੀਂਦੇ ਬਾਰਦਾਨੇ ਦਾ 72 ਫੀਸਦੀ ਉਪਲੱਬਧ ਹੈ ਅਤੇ ਬਾਕੀ ਪੱਛਮੀ ਬੰਗਾਲ ਤੋਂ ਲੈਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਜੇਕਰ ਇਹ ਸਮੇਂ ਸਿਰ ਨਹੀਂ ਮਿਲਦਾ ਤਾਂ ਪੀ.ਪੀ. ਬੈਗ ਦੀ ਵਰਤੋਂ ਕੀਤੀ ਜਾਵੇਗੀ।

ਹਰਮਿੰਦਰ ਸਿੰਘ ਗਿੱਲ (ਤਰਨ ਤਾਰਨ) ਨੇ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਪੁਲਿਸ ਦੀ ਮਿਸਾਲੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ। ਸੰਗਤ ਸਿੰਘ ਗਿਲਜੀਆ (ਹੁਸ਼ਿਆਰਪੁਰ) ਨੇ ਵਾਢੀ ਲਈ ਮਜ਼ਦੂਰਾਂ ਵਾਸਤੇ ਬਿਹਾਰ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਅਤੇ ਸਰਪੰਚਾਂ ਦੇ ਜ਼ਰੀਏ ਬੁੱਢਾਪਾ ਪੈਨਸ਼ਨ ਘਰ-ਘਰ ਜਾ ਕੇ ਦੇਣ ਦਾ ਸੁਝਾਅ ਦਿੱਤਾ। ਪਰਮਿੰਦਰ ਸਿੰਘ ਪਿੰਕੀ (ਫਿਰੋਜ਼ਪੁਰ) ਨੇ ਵੀ ਵਾਢੀ ਲਈ ਮਜ਼ਦੂਰਾਂ ਦੀ ਘਾਟ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ।

ਸ੍ਰੀ ਪਿੰਕੀ, ਕੁਲਜੀਤ ਸਿੰਘ ਨਾਗਰਾ (ਫਤਿਹਗੜ੍ਹ ਸਾਹਿਬ), ਦਲਵੀਰ ਸਿੰਘ ਗੋਲਡੀ (ਸੰਗਰੂਰ) ਅਤੇ ਫਤਿਹਜੰਗ ਸਿੰਘ ਬਾਜਵਾ ਸਮੇਤ ਕਈ ਵਿਧਾਇਕਾਂ ਨੇ ਕੁਝ ਛੋਟਾਂ ਨਾਲ ਕਰਫਿਊ/ਲੌਕਡਾਊਨ ਨੂੰ ਅੱਗੇ ਵਧਾਉਣ ਦੀ ਗੱਲ ਆਖੀ। ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਦੀ ਤਰਫੋਂ ਸਖਤੀ ਵਿੱਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ ਅਤੇ ਉਨ੍ਹਾਂ ਨੇ ਡੇਰਿਆਂ ਵੱਲੋਂ ਸਰਕਾਰ ਨੂੰ ਦਿੱਤੀ ਸਹਾਇਤਾ ਦੀ ਵੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਕਰਫਿਊ ਅਤੇ ਬੰਦਸ਼ਾਂ ਬਾਰੇ ਕੋਈ ਫੈਸਲਾ ਲੈਣ ਸਮੇਂ ਉਨ੍ਹਾਂ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION