35.1 C
Delhi
Friday, April 19, 2024
spot_img
spot_img

ਕੈਪਟਨ ਨੇ ਕੇਂਦਰ ‘ਤੇ ਓਪਨ ਮਾਰਕਿਟ ਸੇਲ ਸਕੀਮ ਅਧੀਨ ਪੰਜਾਬ ਦੇ ਅਨਾਜ ਭੰਡਾਰ ਨੂੰ ਚੁੱਕਣ ‘ਤੇ ਜ਼ੋਰ ਪਾਇਆ

ਚੰਡੀਗੜ੍ਹ, 1 ਨਵੰਬਰ, 2019 –
ਪੰਜਾਬ ਵਿੱਚ ਅਨਾਜ ਭੰਡਾਰਨ ਲਈ ਲੋੜੀਂਦੀ ਥਾਂ ਦੀ ਕਿੱਲਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਭਾਰਤ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਉਹ ਓਪਨ ਮਾਰਕਿਟ ਸੇਲ ਸਕੀਮ ਅਧੀਨ ਪੰਜਾਬ ਦੇ ਅੰਨਾਜ ਭੰਡਾਰਨ ਨੂੰ ਤੇਜ਼ੀ ਨਾਲ ਚੁੱਕਣ ਦੀ ਆਗਿਆ ਦੇਵੇ ਤਾਂ ਜੋ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਜਲਦ ਹੀ ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਵੀ ਮਿਲ ਕੇ ਭੰਡਾਰਨ ਦੀ ਸਮੱਸਿਆ ਦੇ ਹੱਲ ਲਈ ਉਨ੍ਹਾਂ ਦੇ ਨਿੱਜੀ ਦਖਲ ਦੀ ਮੰਗ ਕਰਨਗੇ ਅਤੇ ਜੇ ਲੋੜ ਪਈ ਤਾਂ ਉਹ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਵੀ ਉਠਾਉਣਗੇ।

ਸੂਬੇ ਵਿੱਚ ਚੱਲ ਰਹੀ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸੱਦੀ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਉਹ ਐਫ.ਸੀ.ਆਈ. ਨੂੰ ਭੰਡਾਰਨ ਦੇ ਫਰਕ ਦੀ ਅਸਲ ਸਥਿਤੀ ਦੀ ਰਿਪੋਰਟ ਮੁਹੱਈਆ ਕਰਵਾਉਣ ਲਈ ਕਹਿਣ ਤਾਂ ਜੋ ਸੂਬਾ ਕੇਂਦਰ ਸਰਕਾਰ ਵੱਲੋਂ ਤੈਅਸ਼ੁਦਾ ਭੰਡਾਰਨ ਸਟਾਕ ਨਾ ਚੁੱਕਣ ਦੀ ਸੂਰਤ ਵਿੱਚ ਇਸ ਮਾਮਲੇ ਦੇ ਹੱਲ ਲਈ ਵਿਆਪਕ ਨੀਤੀ ਤਿਆਰ ਕੀਤੀ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੀ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਦਾ ਕੋਟਾ ਵਧਾਉਣ ਦਾ ਮਾਮਲਾ ਵਧਾਉਣ ਲਈ ਵੀ ਕੇਂਦਰ ਸਰਕਾਰ ਕੋਲ ਮੁੱਦਾ ਉਠਾਉਣਗੇ ਤਾਂ ਜੋ ਭੰਡਾਰ ਕੀਤੇ ਵਾਧੂ ਅਨਾਜ ਦੀ ਵੰਡ ਹੋ ਸਕੇ ਜਿਸ ਨਾਲ ਸੂਬੇ ਦੀ ਭੰਡਾਰਨ ਸਮੱਸਿਆ ਦਾ ਵੀ ਹੱਲ ਹੋ ਸਕੇਗਾ। ਸੂਬੇ ਵਿੱਚ ਇਸ ਵੇਲੇ 40 ਲੱਖ ਮੀਟਰਿਕ ਟਨ ਭੰਡਾਰਨ ਸਮਰੱਥਾ ਦੀ ਘਾਟ ਹੈ। ਸਾਉਣੀ ਦੀ ਫਸਲ ਦੇ ਵਧੀਆ ਉਤਪਾਦਨ ਅਤੇ ਝੋਨੇ ਦੀ ਖਰੀਦ ਦੀ ਤੇਜ਼ੀ ਨੂੰ ਦੇਖਦਿਆਂ ਮੌਜੂਦਾ ਭੰਡਾਰਨ ਸਮਰੱਥਾ ਉਤੇ ਹੋਰ ਵੀ ਦਬਾਅ ਪਵੇਗਾ।

ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਪ੍ਰਸਤਾਵਿਤ ਪੇਸ਼ਕਸ਼ ‘ਤੇ ਹਾਮੀ ਭਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੋਰਡ ਵੱਲੋਂ ਸ਼ਨਾਖਤ ਕੀਤੇ 93 ਮੰਡੀ ਸ਼ੈਡਾਂ ਨੂੰ ਫੂਡਗ੍ਰੇਨ ਦੇ ਭੰਡਾਰਨ ਲਈ ਵਰਤਿਆ ਜਾਵੇਗਾ। ਉਨ੍ਹਾਂ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਤੇ ਮਾਰਕਫੈਡ ਦੇ ਐਮ.ਡੀ. ਨੂੰ ਵੇਅਰਹਾਊਸਿੰਗ ਦਾ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਇਕ ਖਾਕਾ ਤਿਆਰ ਕਰਨ ਨੂੰ ਕਿਹਾ।

ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਨੂੰ ਬਦਲਣ ਦੀ ਤਜਵੀਜ਼ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਲੰਬੇ ਸਮੇਂ ਤੋਂ ਸਫਲ ਚੱਲ ਰਹੀ ਪ੍ਰਣਾਲੀ ਨੂੰ ਬਦਲਣ ਤੋਂ ਪਹਿਲਾਂ ਵਿਆਪਕ ਅਧਿਐਨ ਕਰਵਾਉਣਾ ਚਾਹੀਦਾ ਹੈ ਅਤੇ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਪੂਰੀ ਯੋਜਨਾਬੰਦੀ ਦੀ ਲੋੜ ਹੁੰਦੀ ਹੈ ਜੋ ਕਿ ਕਿਸਾਨਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਸਭ ਤੋਂ ਜ਼ਰੂਰੀ ਹੈ।

ਸੂਬੇ ਵਿੱਚ ਖਰੀਦ ਪ੍ਰਬੰਧਾਂ ਦੀ ਰਫਤਾਰ ਉਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਖੁਰਾਕ ਵਿਭਾਗ ਦੀਆਂ ਪ੍ਰੇਸ਼ਾਨੀ ਮੁਕਤ ਸੁਖਾਲੀ ਖਰੀਦ ਅਤੇ ਲਿਫਟਿੰਗ ਅਤੇ ਨਾਲੋ-ਨਾਲ ਕਿਸਾਨਾਂ ਨੂੰ ਭੁਗਤਾਨ ਦੀਆਂ ਕੋਸ਼ਿਸ਼ਾਂ ਨੂੰ ਸਲਾਹਿਆ।

ਇਸ ਦੌਰਾਨ ਖੁਰਾਕ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਖੁਲਾਸਾ ਕੀਤਾ ਕਿ ਮੌਜੂਦਾ ਸਾਉਣੀ ਸੀਜ਼ਨ ਦੌਰਾਨ 170 ਲੱਖ ਮੀਟਰਿਕ ਟਨ ਦੇ ਟੀਚੇ ਤਹਿਤ ਹੁਣ ਤੱਕ 108.50 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਾਰਾ ਖਰੀਦ ਦਾ ਕੰਮ 15 ਦਸੰਬਰ ਦੀ ਆਖਰੀ ਤਰੀਕ ਤੋਂ ਪਹਿਲਾਂ ਹੀ 30 ਨਵੰਬਰ ਤੱਕ ਮੁਕੰਮਲ ਹੋ ਜਾਵੇਗਾ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੰਡੀ ਬੋਰਡ ਦੇ ਵਾਈਸ ਚੇਅਰਮੈਨ ਵਿਜੇ ਕਾਲੜਾ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈਜ਼ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਵਿੱਤ ਅਨਿਰੁਧ ਤਿਵਾੜੀ, ਮੰਡੀ ਬੋਰਡ ਦੇ ਸਕੱਤਰ ਰਵੀ ਭਗਤ, ਖੁਰਾਕ ਅਤੇ ਸਿਵਲ ਸਪਲਾਈਜ਼ ਦੇ ਡਾਇਰੈਕਟਰ ਅਨਿੰਦਿਤਾ ਮਿਤਰਾ, ਮਾਰਕਫੈੱਡ ਦੇ ਐਮ.ਡੀ. ਵਰੁਣ ਰੂਜ਼ਮ, ਐਫ.ਸੀ.ਆਈ. ਦੇ ਪੰਜਾਬ ਖੇਤਰੀ ਜਨਰਲ ਮੈਨੇਜਰ ਅਰਸ਼ਦੀਪ ਸਿੰਘ ਥਿੰਦ, ਪਨਸਪ ਦੇ ਐਮ.ਡੀ. ਅਮਰਪਾਲ ਸਿੰਘ ਅਤੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਐਡੀਸ਼ਨਲ ਐਮ.ਡੀ. ਤੇ ਐਡੀਸ਼ਨਲ ਸਕੱਤਰ ਵਿੱਤ ਯਸ਼ਨਜੀਤ ਸਿੰਘ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION