26.7 C
Delhi
Thursday, April 25, 2024
spot_img
spot_img

ਕੈਪਟਨ ਦੀ ਹਦਾਇਤ ’ਤੇ ਕੀਤੀ ਜਾਂਚ ਤੋਂ ਜੱਗੂ ਅਤੇ ਰੰਧਾਵਾ ਵਿਚਕਾਰ ਕੋਈ ਸਬੰਧ ਸਾਹਮਣੇ ਨਹੀਂ ਆਏ

ਚੰਡੀਗੜ੍ਹ, 25 ਦਸੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਕੀਤੀ ਗਈ ਮੁੱਢਲੀ ਜਾਂਚ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜੱਗੂ ਭਗਵਾਨਪੁਰੀਆ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਸਬੰਧਾਂ ਨੂੰ ਖਾਰਜ ਕੀਤਾ ਹੈ। ਇਹ ਗੱਲ ਇੱਥੇ ਬੁੱਧਵਾਰ ਨੂੰ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਖ਼ਤਰਨਾਕ ਗੈਂਗਸਟਰ ਨੂੰ 5-ਸਟਾਰ ਸਹੂਲਤਾਂ ਦੇਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਹੀ।

ਜੱਗੂ ਹਾਲ ਹੀ ਵਿੱਚ ਸੀਨੀਅਰ ਸਿਆਸਤਦਾਨਾਂ ਨਾਲ ਆਪਣੇ ਪੁਰਾਣੇ ਸਬੰਧਾਂ ਦੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਕਰਕੇ ਸੁਰਖੀਆਂ ਵਿੱਚ ਰਿਹਾ ਹੈ।

ਇਨ੍ਹਾਂ ਦੋਸ਼ਾਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਡੀ.ਜੀ.ਪੀ. (ਇੰਟੈਲੀਜੈਂਸ) ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ ਅਤੇ ਨਾਲ ਹੀ ਤੇਜ਼ੀ ਨਾਲ ਕਾਰਵਾਈ ਕਰਨ ਅਤੇ ਜਲਦ ਤੋਂ ਜਲਦ ਰਿਪੋਰਟ ਜਮ੍ਹਾਂ ਕਰਵਾਉਣ ਲਈ ਵੀ ਕਿਹਾ ਸੀ। ਭਾਵੇਂ ਅੰਤਿਮ ਰਿਪੋਰਟ ਹਾਲੇ ਆਉਣੀ ਹੈ, ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਅਨੁਸਾਰ ਮੁੱਢਲੀ ਜਾਂਚ ਤੋਂ ਗੈਂਗਸਟਰ ਅਤੇ ਜੇਲ੍ਹ ਮੰਤਰੀ ਰੰਧਾਵਾ ਵਿਚਕਾਰ ਕੋਈ ਸਬੰਧ ਸਾਹਮਣੇ ਨਹੀਂ ਆਏ ਹਨ।

ਇਸ ਗੱਲ ਨੂੰ ਉਜਾਗਰ ਕਰਦਿਆਂ ਕਿ ਬੀਤੇ ਕੁਝ ਮਹੀਨਿਆਂ ਤੋਂ ਜੱਗੂ ਦੇ ਸਾਥੀਆਂ ਖਿਲਾਫ਼ ਕਾਰਵਾਈ ਜਾਰੀ ਹੈ, ਪੰਜਾਬ ਪੁਲੀਸ ਨੇ ਗੈਂਗਸਟਰ ਨਾਲ ਨਰਮੀ ਵਰਤਣ ਦੇ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ਨੂੰ ਨਕਾਰਿਆ ਹੈ। ਪਿਛਲੇ ਮਹੀਨੇ ਬਲਜੀਤ ਸਿੰਘ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹਥਿਆਰਾਂ ਅਤੇ ਸੋਨੇ ਸਮੇਤ ਫੜਿ੍ਹਆ ਗਿਆ ਸੀ ਅਤੇ ਅਕਤੂਬਰ ਵਿੱਚ ਗੈਂਗਸਟਰ ਹਰਮਿੰਦਰ ਸਿੰਘ ਨੂੰ ਜਲੰਧਰ ਜ਼ਿਲ੍ਹੇ ਵਿੱਚ ਵੱਡੀ ਮਾਤਰਾ ਵਿੱਚ ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵੇਂ ਜੱਗੂ ਦੇ ਨੇੜਲੇ ਸਾਥੀ ਦੱਸੇ ਜਾਂਦੇ ਹਨ।

ਇਸ ਤੋਂ ਪਹਿਲਾਂ ਮਈ ਵਿੱਚ ਪੁਲੀਸ ਵੱਲੋਂ ਜੱਗੂ ਦੇ ਨੇੜਲੇ ਸਹਿਯੋਗੀ ਕੈਟੇਗਰੀ ‘ਏ’ ਗੈਂਗਸਟਰ ਸ਼ੁਬਨਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸਦੇ ਹਿੰਦੂ ਸੰਘਰਸ਼ ਸੈਨਾ ਆਗੂ ਅਤੇ ਅੰਮ੍ਰਿਤਸਰ ਮਿਉਂਸਪਲ ਕੌਂਸਲਰ ਦੇ ਕਤਲ ਵਿੱਚ ਸ਼ਾਮਲ ਹੋਣ ਦੀ ਸੂਚਨਾ ਸੀ। ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਅਜਿਹੀਆਂ ਹੋਰ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।

ਏ.ਡੀ.ਜੀ.ਪੀ. (ਜੇਲ੍ਹਾਂ) ਨੇ ਗੈਂਗਸਟਰ ਲਈ ਪਟਿਆਲਾ ਸੈਂਟਰਲ ਜੇਲ੍ਹ, ਜਿੱਥੇ ਕਿ ਉਸਨੂੰ ਉੱਚ ਸੁਰੱਖਿਆ ਜ਼ੋਨ ਵਿੱਚ ਰੱਖਿਆ ਗਿਆ ਹੈ, ਵਿੱਚ ਕਿਸੇ ਵੀ ਤਰ੍ਹਾਂ ਦੀਆਂ 5-ਸਟਾਰ ਸਹੂਲਤਾਂ ਦੇ ਦੋਸ਼ਾਂ ਨੂੰ ਨਕਾਰਿਆ ਹੈ।

ਏ.ਡੀ.ਜੀ.ਪੀ. ਜੇਲ੍ਹਾਂ ਦੁਆਰਾ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੱਗੂ ਭਗਵਾਨਪੁਰੀਆ ਨੂੰ ਹੋਰਨਾਂ ਕੈਦੀਆਂ ਦੀ ਤਰ੍ਹਾਂ ਉੱਚ ਸੁਰੱਖਿਆ ਜ਼ੋਨ ਵਿੱਚ ਇੱਕ ਵੱਖਰੇ ਸੈੱਲ ਵਿੱਚ ਰੱਖਿਆ ਗਿਆ ਹੈ ਅਤੇ ਉਸਦੀਆਂ ਗਤੀਵਿਧੀਆਂ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।

ਜੱਗੂ ਜੋ ਕਿ ਇੱਕ ਖ਼ਤਰਨਾਕ ਗੈਂਗਸਟਰ ਹੈ, ਮੁੱਖ ਤੌਰ ‘ਤੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿ੍ਹਆਂ ਵਿੱਚ ਸਰਗਰਮ ਸੀ ਅਤੇ ਕਤਲ, ਕੰਟਰੈਕਟ ਕਿਲਿੰਗ, ਚੋਰੀ, ਲੁੱਟ-ਖੋਹ ਅਤੇ ਗੁੰਡਾਗਰਦੀ ਜਿਹੇ ਕਈ ਮਾਮਲਿਆਂ ਵਿੱਚ ਸ਼ਾਮਲ ਸੀ। ਉਹ ਅਕਾਲੀਆਂ ਦੇ ਸਾਸ਼ਨਕਾਲ ਦੌਰਾਨ ਕਥਿਤ ਰੂਪ ਵਿੱਚ ਅਜਿਹੇ ਘੱਟੋ ਘੱਟ 47 ਮਾਮਲਿਆਂ ਵਿੱਚ ਸ਼ਾਮਲ ਸੀ।

ਸਤੰਬਰ 2014 ਵਿੱਚ ਅਕਾਲੀ ਸਰਕਾਰ ਦੌਰਾਨ ਉਸਨੇ ਹੋਰ ਗੈਂਗਸਟਰ ਸੰਜੀਵ ਕੁਮਾਰ ਉਰਫ਼ ਬਾਬਾ ਨੂੰ ਅੰਮ੍ਰਿਤਸਰ ਵਿੱਚ ਮਾਰਿਆ ਸੀ। ਬਾਬਾ ਜੋ ਕਿ ਉਸ ਸਮੇਂ ਪੈਰੋਲ ‘ਤੇ ਜੇਲ੍ਹ ਵਿਚੋਂ ਬਾਹਰ ਸੀ, ਹੋਰ ਗੈਂਗਸਟਰ ਰਾਜੂ ਚੌਹਾਨ ਨੂੰ ਜਨਵਰੀ 2010 ਵਿੱਚ ਅੰਮ੍ਰਿਤਸਰ ਕੋਰਟ ਕੰਪਲੈਕਸ ਵਿੱਚ ਕਤਲ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ। ਜੱਗੂ ਜੁਲਾਈ 2015 ਵਿੱਚ ਉਸਦੀ ਗ੍ਰਿਫ਼ਤਾਰੀ ਤੋਂ ਲੈ ਕੇ ਜੇਲ੍ਹ ਵਿੱਚ ਬੰਦ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION