28.1 C
Delhi
Thursday, March 28, 2024
spot_img
spot_img

ਕੈਪਟਨ ਦੀ ਸ਼ਮੂਲੀਅਤ ਵਾਲੇ ਪਹਿਲੇ ਜੱਥੇ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ, ਇਮਰਾਨ ਖ਼ਾਨ ਨੇ ਕੀਤਾ ਨਿੱਜੀ ਤੌਰ ’ਤੇ ਸਵਾਗਤ

ਕਰਤਾਰਪੁਰ (ਪਾਕਿਸਤਾਨ), 9 ਨਵੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਦੇ ਹਿੱਸੇ ਵਜੋਂ ਕਰਤਾਰਪੁਰ ਲਾਂਘੇ ਦਾ ਖੁੱਲਣਾ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਤੇ ਸਦਭਾਵਨਾ ਦੀ ਸ਼ੁਰੂਆਤ ਸਿੱਧ ਹੋਵੇਗਾ।

ਇਸ ਲਾਂਘੇ ਦੇ ਖੁੱਲਣ ਨੂੰ ਅਹਿਮ ਦਿਨ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਲਾਂਘਾ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਅਮਨ, ਸ਼ਾਂਤੀ ਅਤੇ ਭਾਈਚਾਰੇ ਦੇ ਸੁਨੇਹੇ ਦਾ ਸੂਚਕ ਸਾਬਤ ਹੋਵੇਗਾ।

ਕਰਤਾਰਪੁਰ ਵਿਖੇ ਪਾਕਿਸਤਾਨ ਦੇ ਇਮੀਗ੍ਰੇਸ਼ਨ ਟਰਮੀਨਲ ’ਤੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਇਕ ਨਿਮਾਣੇ ਸ਼ਰਧਾਲੂ ਵਜੋਂ ਪਹਿਲੇ ਜਥੇ ਦਾ ਹਿੱਸਾ ਬਣ ਕੇ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ ਕਿਉਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਖੁੱਲੇ ਦਰਸ਼ਨ ਦੀਦਾਰ ਦੀ ਅਰਦਾਸ ਸਮੁੱਚੀ ਸੰਗਤ ਵੱਲੋਂ ਬੀਤੇ 70 ਵਰਿਆਂ ਤੋਂ ਕੀਤੀ ਜਾ ਰਹੀ ਸੀ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਹਰ ਕੋਈ ਤੇ ਖਾਸ ਕਰ ਕੇ ਸਿੱਖ ਬਹੁਤ ਖੁਸ਼ ਹਨ। ਉਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਪਾਕਿਸਤਾਨ ਸਥਿਤ ਹੋਰਨਾਂ ਗੁਰਦੁਆਰਾ ਸਾਹਿਬਾਨ ਦੇ ਰਾਹ ਵੀ ਸ਼ਰਧਾਲੂਆਂ ਲਈ ਖੁੱਲਣਗੇ, ਜਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੋਂ ਸੰਗਤ ਲੰਮੇ ਸਮੇਂ ਤੋਂ ਵਾਂਝੀ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖੁਦ ਆ ਕੇ ਇਮੀਗ੍ਰੇਸ਼ਨ ਟਰਮੀਨਲ ‘ਤੇ ਪਹਿਲੇ ਜਥੇ ਦਾ ਸਵਾਗਤ ਕੀਤਾ, ਜਿਸ ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਉਨਾਂ ਦੀ ਪਤਨੀ ਸ਼੍ਰੀਮਤੀ ਗੁਰਸ਼ਰਨ ਕੌਰ ਸ਼ਾਮਿਲ ਸਨ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਜਥੇ ਦੀ ਇੱਕ ਨਿਮਾਣੇ ਸਿੱਖ ਵਜੋਂ ਅਗਵਾਈ ਕੀਤੀ। ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਵਫਦ ਨਾਲ ਬੱਸ ਵਿੱਚ ਸਵਾਰ ਹੋ ਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਪੁੱਜੇ।

ਕੈਪਟਨ ਅਮਰਿੰਦਰ ਸਿੰਘ ਦੇ ਇਮੀਗ੍ਰੇਸ਼ਨ ਟਰਮੀਨਲ ਪੁੱਜਣ ‘ਤੇ ਤੁਰੰਤ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਉਨਾਂ ਦਾ ਸਵਾਗਤ ਕੀਤਾ ਅਤੇ ਇੱਕ ਦੂਜੇ ਦੇ ਪਰਿਵਾਰਾਂ ਦਾ ਤਾਰੁਫ ਕਰਵਾਇਆ।ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰਮੀਨਲ ਖੁੱਲਣ ਨੂੰ ਇਤਿਹਾਸਕ ਦਿਨ ਕਰਾਰ ਦਿੱਤਾ।

ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਭੈਣ ਅਤੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਦੀ ਪਤਨੀ ਸ਼੍ਰੀਮਤੀ ਹੇਮਿੰਦਰ ਕੌਰ ਦੀ ਜਾਣ ਪਛਾਣ ਪਾਕਿਸਤਾਨੀ ਵਿਦੇਸ਼ ਮੰਤਰੀ ਨਾਲ ਕਰਵਾਈ ਤਾਂ ਅੱਗਿਓਂ ਸ਼ਾਹ ਮਹਿਮੂਦ ਕੁਰੇਸ਼ੀ ਨੇ ਆਖਿਆ, ਨਟਵਰ ਸਿੰਘ ਨੂੰ ਕੌਣ ਨਹੀਂ ਜਾਣਦਾ, ਉਹ ਇਕ ਮਕਬੂਲ ਅਤੇ ਬਹੁਤ ਸਤਿਕਾਰਤ ਸ਼ਖਸੀਅਤਾਂ ਵਿੱਚੋਂ ਇੱਕ ਸਨ।‘‘

ਇਸ ਉਪਰੰਤ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੀ ਧਰਮ ਪਤਨੀ ਤੇ ਸੰਸਦ ਮੈਂਬਰ ਸ਼੍ਰੀਮਤੀ ਪਰਨੀਤ ਕੌਰ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਸ੍ਰੀ ਦਰਬਾਰ ਸਾਹਿਬ,ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਸ਼ਾਂਤੀ, ਖੁਸ਼ਹਾਲੀ ਅਤੇ ਸਰਬਪੱਖੀ ਵਿਕਾਸ ਲਈ ਅਰਦਾਸ ਕੀਤੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਵੱਲੋਂ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਰੁਮਾਲਾ ਸਾਹਿਬ ਅਤੇ ਚੌਰ ਸਾਹਿਬ ਦੀ ਸੇਵਾ ਕੀਤੀ ਅਤੇ ਗ੍ਰੰਥੀ ਸਿੰਘ ਵੱਲੋਂ ਉਨਾਂ ਨੂੰ ਸਿਰੋਪਾਓ ਦਿੱਤਾ ਗਿਆ। ਇਸ ਦੌਰਾਨ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਕੁਲਜੀਤ ਸਿੰਘ ਨਾਗਰਾ ਨੇ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਵੱਲੋਂ ਵੀ ਗੁਰਦੁਆਰਾ ਸਾਹਿਬ ਵਿਖੇ ਰੁਮਾਲਾ ਸਾਹਿਬ ਦੀ ਸੇਵਾ ਕੀਤੀ।

ਇਸ ਮੌਕੇ ਵੱਖ ਵੱਖ ਕੈਬਨਿਟ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਸ਼ਖਸੀਅਤਾਂ ਨੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION