24.1 C
Delhi
Thursday, April 25, 2024
spot_img
spot_img

ਕੈਪਟਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ‘ਤੇ ਮਨਾਉਣ ਲਈ ਸਾਲ ਭਰ ਸਮਾਗਮ ਕਰਵਾਏਗੀ

ਚੰਡੀਗੜ੍ਹ, 7 ਜਨਵਰੀ, 2020:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ ਜਿਸ ਦੇ ਪ੍ਰੋਗਰਾਮ ਸਾਲ ਭਰ ਚੱਲਣਗੇ। ਅਗਲੇ ਸਾਲ 18 ਅਪਰੈਲ 2021 ਨੂੰ 400ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਇਸ ਸਾਲ 12 ਅਪਰੈਲ ਨੂੰ 399ਵੇਂ ਪ੍ਰਕਾਸ਼ ਪੁਰਬ ਮੌਕੇ ਵੱਡਾ ਸਮਾਗਮ ਕਰਵਾ ਕੇ ਸਾਲ ਭਰ ਮਨਾਏ ਜਾਣ ਵਾਲੇ ਸਮਾਗਮਾਂ ਦੀ ਲੜੀ ਆਰੰਭ ਕਰੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ 399ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਕਸਬਾ ਬਾਬਾ ਬਕਾਲਾ ਵਿਖੇ ਵੱਡਾ ਸਮਾਗਮ ਉਲੀਕ ਕੇ ਸਾਲ ਭਰ ਦੇ ਸਮਾਗਮਾਂ ਦੀ ਸ਼ੁਰੂਆਤ ਕਰੇਗਾ ਜਿਨ੍ਹਾਂ ਦੀ ਸਮਾਪਤੀ 18 ਅਪਰੈਲ 2021 ਨੂੰ 400ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਧਰਮ, ਸੱਚਾਈ ਅਤੇ ਵਿਸ਼ਵਾਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਦਿੱਤੀ ਲਾਸਾਨੀ ਤੇ ਮਹਾਨ ਕੁਰਬਾਨੀ ਨੂੰ ਸਾਨੂੰ ਹਰੇਕ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ‘ਤੇ ਪਹੁੰਚਾਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621-11 ਨਵੰਬਰ 1675) ਨੇ ਹਿੰਦੂਆਂ/ਕਸ਼ਮੀਰੀ ਪੰਡਿਤਾਂ ਤੇ ਗੈਰ ਮੁਸਲਮਾਨਾਂ ਦੇ ਜਬਰਦਸਤੀ ਇਸਲਾਮ ਧਰਮ ਵਿੱਚ ਬਦਲਣ ਦਾ ਵਿਰੋਧ ਕੀਤਾ ਅਤੇ ਗੁਰੂ ਜੀ ਨੂੰ 1675 ਵਿੱਚ ਮੁਗਲ ਬਾਦਸ਼ਾਹ ਦੇ ਆਦੇਸ਼ਾਂ ‘ਤੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਸੀ।

ਮੁੱਖ ਮੰਤਰੀ ਨੇ ਇਸ ਮੌਕੇ ਆਪਣੀ ਪ੍ਰਧਾਨਗੀ ਵਿੱਚ ਕਾਰਜਕਾਰੀ ਕਮੇਟੀ ਬਣਾਉਣ ਦੀ ਵੀ ਪ੍ਰਵਾਨਗੀ ਦਿੱਤੀ ਜੋ ਕਿ ਸਮਾਗਮਾਂ ਦੇ ਵਿਆਪਕ ਰੂਪਾਂ ਨੂੰ ਅੰਤਿਮ ਰੂਪ ਦੇਵੇਗੀ। ਇਸ ਤੋਂ ਇਲਾਵਾ ਗੁਰੂ ਜੀ ਦੇ ਉਪਦੇਸ਼ਾਂ ਨੂੰ ਫੈਲਾਉਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਸਾਲ ਭਰ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦਾ ਖਾਕਾ ਉਲੀਕਣ ਅਤੇ ਤਾਲਮੇਲ ਬਿਠਾਉਣ ਲਈ ਮੁੱਖ ਸਕੱਤਰ ਦੀ ਅਗਵਾਈ ਹੇਠ ਸਟੀਅਰਿੰਗ ਕਮੇਟੀ ਬਣਾਉਣ ਦੀ ਵੀ ਪ੍ਰਵਾਨਗੀ ਦਿੱਤੀ।

ਕੈਪਟਨ ਅਮਰਿੰਦਰ ਸਿੰਘ ਨੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤਿੰਨ ਸ਼ਹਿਰਾਂ ਅੰਮ੍ਰਿਤਸਰ (ਗੁਰੂ ਜੀ ਦਾ ਜਨਮ ਸਥਾਨ), ਬਾਬਾ ਬਕਾਲਾ (ਜਿੱਥੇ ਗੁਰੂ ਜੀ ਆਪਣੇ ਜੱਦੀ ਘਰ ਵਿੱਚ ਲੰਬਾਂ ਸਮਾਂ ਰਹੇ) ਤੇ ਸ੍ਰੀ ਆਨੰਦਪੁਰ ਸਾਹਿਬ (ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਸਥਾਪਤ ਸ਼ਹਿਰ) ਦੇ ਸਰਵਪੱਖੀ ਵਿਕਾਸ ਲਈ ਸਥਾਨਕ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਨਾਲ ਲੈ ਕੇ ਵਿਆਪਕ ਤਜਵੀਜ਼ ਬਣਾਉਣ ਲਈ ਕਿਹਾ ਤਾਂ ਜੋ ਇਸ ਇਤਿਹਾਸਕ ਦਿਹਾੜੇ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਵਿੱਤੀ ਸਹਾਇਤਾ ਲੈਣ ਲਈ ਭਾਰਤ ਸਰਕਾਰ ਨੂੰ ਕੇਸ ਭੇਜਿਆ ਜਾ ਸਕੇ।

ਮੁੱਖ ਮੰਤਰੀ ਨੇ ਉਚੇਰੀ ਸਿੱਖਿਆ, ਸਕੂਲ ਸਿੱਖਿਆ, ਖੇਡਾਂ, ਸੂਚਨਾ ਤੇ ਲੋਕ ਸੰਪਰਕ ਵਿਭਾਗ ਤੋਂ ਇਲਾਵਾ ਪੰਜਾਬ ਕਲਾ ਪਰਿਸ਼ਦ ਨੂੰ ਉਘੇ ਸਿੱਖ ਵਿਦਵਾਨਾਂ, ਇਤਿਹਾਸਕਾਰਾਂ, ਅਕਾਦਮਿਕ ਮਾਹਿਰਾਂ ਵੱਲੋਂ ਸੈਮੀਨਾਰ, ਭਾਸ਼ਣ ਆਦਿ ਦੇ ਲੜੀਵਾਰ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕਣ ਲਈ ਕਿਹਾ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਦੇ ਸਕੱਤਰ ਨੂੰ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੀ ਯਾਦਗਾਰ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਇਤਿਹਾਸਕ ਦਿਹਾੜੇ ਮੌਕੇ ਇਹ ਸੰਗਤ ਨੂੰ ਸਮਰਪਿਤ ਕੀਤਾ ਜਾ ਸਕੇ।

ਇਹ ਗੱਲ ਯਾਦ ਰੱਖਣਯੋਗ ਹੈ ਕਿ ਮਹਾਨ ਸਿੱਖ ਜਰਨੈਲ ਭਾਈ ਜੈਤਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸ਼ੀਸ਼ ਦਿੱਲੀ ਤੋਂ ਆਨੰਦਪੁਰ ਸਾਹਿਬ ਲਿਆਂਦਾ ਸੀ।

ਇਸ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਦੱਸਿਆ ਕਿ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ 99 ਪਿੰਡਾਂ/ਕਸਬਿਆਂ ਦੀ ਸ਼ਨਾਖਤ ਕਰ ਲਈ ਗਈ ਹੈ। ਮੁੱਖ ਮੰਤਰੀ ਨੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਦੇ ਸਕੱਤਰ ਨੂੰ ਕਿਹਾ ਕਿ ਇਨ੍ਹਾਂ ਸਥਾਨਾਂ ਨੂੰ ਇਤਿਹਾਸਕਾਰਾਂ ਦੀ ਕਮੇਟੀ ਤੋਂ ਬਾਰੀਕੀ ਨਾਲ ਪ੍ਰਮਾਣਿਤ ਕਰਨ ਤਾਂ ਜੋ ਇਨ੍ਹਾਂ ਪਿੰਡਾਂ/ਕਸਬਿਆਂ ਦੇ ਮੌਜੂਦਾ ਬੁਨਿਆਦੀ ਢਾਂਚੇ ਅਤੇ ਨਾਗਰਿਕ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਿਕਾਸ ਗਰਾਂਟ ਦੇਣ ਲਈ ਵਿਚਾਰਿਆ ਜਾ ਸਕੇ।

ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਸੰਜੇ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਕਾਸ ਪ੍ਰਤਾਪ, ਸਕੱਤਰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਹੁਸਨ ਲਾਲ, ਸਕੱਤਰ ਸੂਚਨਾ ਤੇ ਲੋਕ ਸੰਪਰਕ ਗੁਰਕਿਰਤ ਕ੍ਰਿਪਾਲ ਸਿੰਘ, ਸਕੱਤਰ ਉਚੇਰੀ ਸਿੱਖਿਆ ਰਾਹੁਲ ਭੰਡਾਰੀ, ਡਾਇਰੈਕਟਰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮਾਲਵਿੰਦਰ ਸਿੰਘ ਜੱਗੀ, ਵਧੀਕ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਮੁਹੰਮਦ ਇਸ਼ਫਾਕ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION