35.1 C
Delhi
Thursday, March 28, 2024
spot_img
spot_img

ਕੈਪਟਨ ਦਾ ਬਾਜਵਾ ’ਤੇ ਪਲਟਵਾਰ: ਡੀ.ਜੀ.ਪੀ. ’ਤੇ ਉਂਗਲ ਨਾ ਚੁੱਕੋ, ਤੁਹਾਡੀ ਸੁਰੱਖ਼ਿਆ ਬਾਰੇ ਫ਼ੈਸਲਾ ਮੈਂ ਲਿਆ

ਚੰਡੀਗੜ੍ਹ, 11 ਅਗਸਤ, 2020 –
ਕਾਂਗਰਸੀ ਸੰਸਦ ਮੈਂਬਰ ਵੱਲੋਂ ਪੰਜਾਬ ਦੇ ਡੀ.ਜੀ.ਪੀ. ਦੀ ਨਿਰਪੱਖਤਾ ‘ਤੇ ਉਂਗਲ ਚੁੱਕੇ ਜਾਣ ਉੱਤੇ ਕਰੜਾ ਰੁੱਖ ਅਪਣਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਨਸੀਹਤ ਦਿੱਤੀ ਕਿ ਉਹ ਉਨ੍ਹਾਂ (ਸੂਬੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ) ਨਾਲ ਰਾਬਤਾ ਕਰਨ ਜਾਂ ਦਿੱਲੀ ਵਿਖੇ ਪਾਰਟੀ ਹਾਈ ਕਮਾਨ ਕੋਲ ਪਹੁੰਚ ਕਰਨ ਜੇ ਉਨ੍ਹਾਂ ਨੂੰ ਸੂਬਾ ਸਰਕਾਰ ਖ਼ਿਲਾਫ਼ ਕੋਈ ਸ਼ਿਕਾਇਤ ਹੈ।

ਬਾਜਵਾ ਵੱਲੋਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਲਿਖੇ ਪੱਤਰ ਦਾ ਹਰਫ਼-ਬ-ਹਰਫ਼ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਰਾਜ ਸਭਾ ਮੈਂਬਰ ਦੀ ਬੁਖਲਾਹਟ ਜ਼ਾਹਰ ਹੁੰਦੀ ਹੈ ਅਤੇ ਉਨ੍ਹਾਂ ਵੱਲੋਂ ਬੋਲਿਆ ਜਾਂਦਾ ਝੂਠ ਸਭ ਦੇ ਸਾਹਮਣੇ ਆ ਗਿਆ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਾਜਵਾ ਦੇ ਖੁਦ ਦੇ ਕਹਿਣ ਮੁਤਾਬਕ ਉਹ ਤਥਾਕਥਿਤ ਸਿਆਸੀ-ਪੁਲਿਸ-ਨਸ਼ੇ ਦਾ ਗਠਜੋੜ, ਨਾਜਾਇਜ਼ ਸ਼ਰਾਬ ਦਾ ਉਤਪਾਦਨ ਤੇ ਵੰਡ ਅਤੇ ਨਾਜਾਇਜ਼ ਮਾਈਨਿੰਗ ਜੋ ਕਿ ਪੰਜਾਬ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਹੋ ਰਹੀ ਹੈ, ਖ਼ਿਲਾਫ਼ ਆਵਾਜ਼ ਚੁੱਕ ਰਹੇ ਹਨ। ਪਰ ਜੇਕਰ ਸਰਕਾਰ ਨੇ ਬਾਜਵਾ ਖ਼ਿਲਾਫ਼ ਕੋਈ ਬਦਲਾ ਲਊ ਕਾਰਵਾਈ ਕਰਨੀ ਹੁੰਦੀ ਤਾਂ ਉਸ ਵੱਲੋਂ ਕੇਂਦਰ ਵੱਲੋਂ ਬਾਜਵਾ ਨੂੰ ਸੁਰੱਖਿਆ ਮੁਹੱਈਆ ਕਰਵਾਏ ਜਾਣ ਦਾ ਇੰਤਜ਼ਾਰ ਨਾ ਕੀਤਾ ਜਾਂਦਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ, ”ਕੀ ਅਸੀਂ ਤੁਹਾਡੇ ਵੱਲੋਂ ਹਮੇਸ਼ਾ ਸੂਬਾ ਸਰਕਾਰ ਦੀ ਆਲੋਚਨਾ ਕੀਤੇ ਜਾਣ ਨੂੰ ਬਰਦਾਸ਼ਤ ਨਹੀਂ ਕੀਤਾ?”। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚਲੀਆਂ ਵਿਰੋਧੀ ਪਾਰਟੀਆਂ ਵੀ ਉਨ੍ਹਾਂ ਦੀ ਸਰਕਾਰ ਉੱਤੇ ਬਦਲਾਖੋਰੀ ਦਾ ਇਲਜ਼ਾਮ ਨਹੀਂ ਲਾ ਸਕਦੀਆਂ।

ਇਹ ਸਪਸ਼ੱਟ ਕਰਦੇ ਹੋਏ ਕਿ ਕਾਂਗਰਸੀ ਸੰਸਦ ਮੈਂਬਰ ਨੂੰ ਸੂਬੇ ਵੱਲੋਂ ਦਿੱਤੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਬਤੌਰ ਗ੍ਰਹਿ ਮੰਤਰੀ ਉਨ੍ਹਾਂ ਦਾ ਸੀ ਜੋ ਕਿ ਪੰਜਾਬ ਪੁਲਿਸ ਤੋਂ ਮਿਲੀ ਇੰਟੈਲੀਜੈਂਸ ਦੀ ਜਾਣਕਾਰੀ ‘ਤੇ ਆਧਾਰਿਤ ਸੀ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀ.ਜੀ.ਪੀ. ਦੇ ਉੱਤੇ ਬਾਜਵਾ ਵੱਲੋਂ ਨਿੱਜੀ ਹਮਲਾ ਕਰਨਾ ਨਾ ਸਿਰਫ਼ ਗ਼ਲਤ ਹੈ ਸਗੋਂ ਕਾਂਗਰਸ ਪਾਰਟੀ, ਜਿਸ ਦੇ ਬਾਜਵਾ ਖੁਦ ਵੀ ਸੀਨੀਅਰ ਮੈਂਬਰ ਹਨ, ਦੀਆਂ ਰਵਾਇਤਾਂ ਦੇ ਬਿਲਕੁਲ ਖ਼ਿਲਾਫ਼ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ”ਜੇਕਰ ਬਾਜਵਾ ਨੂੰ ਮੇਰੇ ਅਤੇ ਮੇਰੀ ਸਰਕਾਰ ‘ਤੇ ਕੋਈ ਭਰੋਸਾ ਨਹੀਂ ਹੈ ਤਾਂ ਉਸ ਨੇ ਪਾਰਟੀ ਹਾਈ ਕਮਾਨ ਤੱਕ ਪਹੁੰਚ ਕਰ ਕੇ ਆਪਣੇ ਗਿਲੇ-ਸ਼ਿਕਵੇ ਸਾਹਮਣੇ ਕਿਉਂ ਨਹੀਂ ਰੱਖੇ? ਕੀ ਉਸ ਨੂੰ ਪਾਰਟੀ ਹਾਈ ਕਮਾਨ ਉੱਤੇ ਵੀ ਵਿਸ਼ਵਾਸ ਨਹੀਂ ਰਿਹਾ।”

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੇ ਬੀਤੇ ਦਿਨੀਂ ਹੀ ਸਥਿਤੀ ਸਪੱਸ਼ਟ ਕਰ ਦਿੱਤੀ ਸੀ। ਇਸ ਦੇ ਬਾਵਜੂਦ ਬਾਜਵਾ ਵੱਲੋਂ ਡੀ.ਜੀ.ਪੀ. ‘ਤੇ ਨਿਸ਼ਾਨਾ ਸਾਧੇ ਜਾਣ ਨੇ ਉਨ੍ਹਾਂ ਨੂੰ ਆਪਣੀ ਉਹੀ ਗੱਲ ਦੁਹਰਾਉਣ ਲਈ ਮਜ਼ਬੂਰ ਕਰ ਦਿੱਤਾ ਹੈ ਜੋ ਕਿ ਉਨ੍ਹਾਂ ਨੇ ਕਾਂਗਰਸੀ ਸੰਸਦ ਮੈਂਬਰ ਦੀ ਸੁਰੱਖਿਆ ਸਬੰਧੀ ਪਹਿਲਾਂ ਹੀ ਸਪੱਸ਼ਟ ਕਰ ਦਿੱਤੀ ਸੀ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਬਾਜਵਾ ਇਕੱਲੇ ਵਿਅਕਤੀ ਨਹੀਂ ਹਨ ਜਿਨ੍ਹਾਂ ਦੀ ਸੁਰੱਖਿਆ ਕੋਵਿਡ ਮਹਾਂਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਵਾਪਸ ਲਈ ਗਈ ਹੈ। ਇਸ ਪਿੱਛੇ ਕਾਰਨ ਇਹ ਸੀ ਕਿ ਕੋਵਿਡ ਦੀ ਸਥਿਤੀ ਨੂੰ ਵੇਖਦੇ ਹੋਏ ਅਤੇ ਸੂਬੇ ਦੇ ਹਿੱਤਾਂ ਦੇ ਮੱਦੇਨਜ਼ਰ 6500 ਪੁਲਿਸ ਮੁਲਾਜ਼ਮ ਪੂਰੇ ਸੂਬੇ ਵਿੱਚ ਸੁਰੱਖਿਆ ਡਿਊਟੀਆਂ ਤੋਂ ਵਾਪਸ ਲੈ ਲਏ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਜਿੱਥੋਂ ਤੱਕ ਬਾਜਵਾ ਦੀ ਗੱਲ ਹੈ ਤਾਂ ਉਪਰੋਕਤ ਵਿੱਚ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਦੀ ਗਿਣਤੀ ਸਿਰਫ਼ ਛੇ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਦੂਜੀ ਗੱਲ ਬਾਜਵਾ ਦੀ ਸੂਬਾਈ ਪੁਲਿਸ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਰਾਜ ਸਭਾ ਮੈਂਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜ਼ੈਡ ਸੁਰੱਖਿਆ ਅਧੀਨ ਸੀ.ਆਈ.ਐਸ.ਐਫ. ਵੱਲੋਂ 25 ਸੁਰੱਖਿਆ ਕਰਮੀ (ਸਮੇਤ ਦੋ ਐਸਕਾਰਟ ਡਰਾਈਵਰ ਤੇ ਇਕ ਸਕਾਰਪੀਓ ਕਾਰ) ਦੇਣ ਤੋਂ ਬਾਅਦ ਹੀ ਲਿਆ ਗਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤੀਜੀ ਗੱਲ ਬਾਦਲਾਂ ਨੂੰ ਖਤਰੇ ਦੀ ਸੰਭਾਵਨਾ ਜਿਸ ਦੀ ਆੜ ਵਿੱਚ ਬਾਜਵਾ ਸੂਬਾ ਸਰਕਾਰ ਅਤੇ ਪੁਲਿਸ ਖਿਲਾਫ ਆਪਣੇ ਬੇਬੁਨਿਆਦ ਦੋਸ਼ਾਂ ਨੂੰ ਜਾਇਜ਼ ਠਹਿਰਾਉਣ ਲਈ ਲਗਾਤਾਰ ਬੋਲ ਰਿਹਾ ਹੈ, ਦੀ ਪਛਾਣ ਉਸੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸੀ ਜਿਸ ‘ਤੇ ਸੰਸਦ ਮੈਂਬਰ ਪੱਖਪਾਤ ਦੇ ਦੋਸ਼ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਯਕੀਨ ਕਰਨੀ ਗੈਰ ਤਰਕਸੰਗਤ ਹੈ ਕਿ ਪੁਲਿਸ ਫੋਰਸ ਜੋ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ, ਉਹ ਬਿਨਾਂ ਕਿਸੇ ਕਾਰਨ ਤੋਂ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਤੋਂ ਸੁਰੱਖਿਆ ਵਾਪਸ ਲੈ ਲਵੇ।

ਮੁੱਖ ਮੰਤਰੀ ਨੇ ਕਿਹਾ ਕਿ ਫੇਰ ਵੀ ਜੇ ਬਾਜਵਾ ਨਿੱਜੀ ਸੁਰੱਖਿਆ ਨੂੰ ਵਕਾਰ ਦਾ ਸਵਾਲ ਬਣਾ ਰਿਹਾ ਹੈ ਜਿਵੇਂ ਕਿ ਲੱਗ ਰਿਹਾ ਹੈ, ਉਸ ਦੀ ਹਊਮੇ ਇਸ ਤੱਥ ਨਾਲ ਸੰਤੁਸ਼ਟ ਹੋਣੀ ਚਾਹੀਦੀ ਹੈ ਕਿ ਉਸ ਕੋਲ 25 ਤੋਂ ਵੱਧ ਸੀ.ਆਈ.ਐਸ.ਐਫ. ਕਰਮੀ ਸੁਰੱਖਿਆ ਲਈ ਤਾਇਨਾਤ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਸੱਚ ਹੈ ਕਿ 2019 ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ ਬਾਜਵਾ ਨੂੰ ਕੋਈ ਜ਼ੈਡ ਸੁਰੱਖਿਆ ਦੀ ਲੋੜ ਨਹੀਂ ਕਿਉਂ ਜੋ ਉਸ ਨੂੰ ”ਕੋਈ ਵਿਸ਼ੇਸ਼ ਖਤਰਾ ਦੱਸਣ ਵਾਲਾ ਕੋਈ ਇਨਪੁੱਟ ਨਹੀਂ ਹੈ।”

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਗ੍ਰਹਿ ਮੰਤਰਾਲੇ ਨੂੰ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਬਾਅਦ ਕੋਈ ਇੰਟੈਲੀਜੈਂਸੀ ਇਨਪੁੱਟ ਮਿਲ ਗਿਆ ਸੀ ਤਾਂ ਉਨ੍ਹਾਂ ਨੇ ਇਹ ਗੱਲ ਸੂਬਾ ਸਰਕਾਰ ਨਾਲ ਸਾਂਝੀ ਨਾ ਕਰਨ ਦਾ ਫੈਸਲਾ ਕੀਤਾ ਜਿਨ੍ਹਾਂ ਨਾਲ ਉਨ੍ਹਾਂ ਨੇ ਬਾਜਵਾ ਨੂੰ ਸੀ.ਆਈ.ਐਸ.ਐਫ. ਸੁਰੱਖਿਆ ਬਹਾਲ ਕਰਨ ਬਾਰੇ ਸਲਾਹ ਮਸ਼ਵਰਾ ਨਹੀਂ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਇਸ ਸਾਰੇ ਮਾਮਲੇ ਨੂੰ ਆਪਣੇ ਹੀ ਨਜ਼ਰੀਏ ਨਾਲ ਵੇਖ ਕੇ ਬਾਜਵਾ ਨੇ ਇਕ ਵਾਰ ਫੇਰ ਰਾਜਸੀ ਪ੍ਰਪੱਕਤਾ ਦੀ ਘਾਟ ਦਿਖਾਈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਉਤੇ ਖਤਰੇ ਦੀ ਸੰਭਾਵਨਾ ਦਾ ਸਿਆਸੀਕਰਨ ਕਰਨ ਦੇ ਦੋਸ਼ ਲਗਾ ਕੇ ਰਾਜ ਸਭਾ ਮੈਂਬਰ ਨੇ ਪੁਲਿਸ ਬਲ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਬਿਹਤਰ ਰਿਕਾਰਡ ਹੈ ਅਤੇ ਜਿਹੜੀ ਪੰਜਾਬ ਅਤੇ ਇਥੋਂ ਦੇ ਲੋਕਾਂ ਦੀ ਪਿਛਲੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਅਤਿਵਾਦ, ਨਸ਼ਾ ਅਤਿਵਾਦ, ਮਾਫੀਆ ਤੇ ਗੈਂਗਸਟਰਾਂ ਤੋਂ ਰੱਖਿਆ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ, ”ਕੀ ਬਾਜਵਾ ਸੱਚੀ ਵਿਸ਼ਵਾਸ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਲੋਕ ਵਿਸ਼ਵਾਸ ਕਰਨ ਕਿ ਜਿਸ ਪੁਲਿਸ ਫੋਰਸ ਵਿੱਚ ਮਰਿਆਦਾ, ਸੁਤੰਤਰਤਾ ਤੇ ਪੇਸ਼ੇਵਾਰ ਨੈਤਿਕਤਾ ਦੀ ਘਾਟ ਹੈ ਉਸ ਨੇ ਇਹ ਸਭ ਹਾਸਲ ਕੀਤਾ?”

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪਣੀ ਕਥਿਤ ਸੂਰਮਗਤੀ, ਦ੍ਰਿੜਤਾ ਅਤੇ ਹਿੰਮਤ ਜਿਸ ਬਾਰੇ ਉਹ ਵੱਧ-ਚੜ੍ਹ ਕੇ ਗੱਲਾਂ ਕਰ ਰਿਹਾ ਹੈ, ਵਰਗੇ ਗੁਣਾਂ ਦੀ ਬਜਾਏ ਬਾਜਵਾ ਆਪਣੇ ਹੋਛੇ ਅਤੇ ਸੌੜੀ ਸਿਆਸੀ ਸੋਚ ਤੋਂ ਉਭਰੀਆਂ ਕਾਰਵਾਈਆਂ ਰਾਹੀਂ ਇਹ ਸਪੱਸ਼ਟ ਤੌਰ ਉਤੇ ਖੁਦ ਜ਼ਾਹਰ ਕਰ ਰਿਹਾ ਹੈ ਕਿ ਉਸ ਦੇ ਸਿਆਸੀ ਮੁਫਾਦ ਹਨ। ਇਹ ਬਹੁਤ ਹੀ ਸ਼ਰਮਨਾਕ ਹੈ ਖਾਸ ਕਰਕੇ ਉਦੋਂ ਜਦੋਂ ਪੰਜਾਬ ਕੋਰੋਨਾ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION