34 C
Delhi
Tuesday, April 16, 2024
spot_img
spot_img

ਕੈਪਟਨ ਅਮਰਿੰਦਰ ਵੱਲੋਂ ਕਾਨੂੰਨੀ ਮਾਹਰਾਂ ਨਾਲ ਮਸ਼ਵਰਾ ਕਰਕੇ ਕੇਂਦਰੀ ਕਾਨੂੰਨਾਂ ਖ਼ਿਲਾਫ਼ ਲਿਆ ਜਾਵੇਗਾ ਠੋਸ ਫੈਸਲਾ: ਲਾਲ ਸਿੰਘ

ਸਮਾਣਾ, 1 ਅਕਤੂਬਰ, 2020:
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੇ ਰੋਸ ਵਿੱਚ ਸ਼ਾਮਲ ਹੈ, ਉਥੇ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਵਿਖਾਵਿਆਂ ਦੀ ਹਮਾਇਤ ‘ਚ ਪੰਜਾਬ ਪੁੱਜ ਰਹੇ ਹਨ।

ਸ. ਲਾਲ ਸਿੰਘ ਅੱਜ ਸਮਾਣਾ ਦੀ ਅਨਾਜ ਮੰਡੀ ਵਿਖੇ ਆੜਤੀਆ ਐਸੋਸੀਏਸ਼ਨ ਵੱਲੋਂ ਕਰਵਾਏ ਇੱਕ ਵਿਸ਼ੇਸ਼ ਸਮਾਗਮ ਵਿੱਚ ਹਿੱਸਾ ਲੈਣ ਪੁੱਜੇ ਹੋਏ ਸਨ।

ਉਨ੍ਹਾਂ ਨੇ ਅਨਾਜ ਮੰਡੀ ‘ਚ ਝੋਨੇ ਦੀ ਚੱਲ ਰਹੀ ਖਰੀਦ ਦੌਰਾਨ ਇੱਕ ਢੇਰੀ ਦੀ ਬੋਲੀ ਵੀ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਐਮ.ਐਲ.ਏ. ਸ. ਰਾਜਿੰਦਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਮੈਂਬਰ ਸ੍ਰੀ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਅਕਤੂਬਰ ਨੂੰ ਸਮਾਣਾ ਵਿਖੇ ਪੁੱਜਣਗੇ ਤੇ ਕਿਸਾਨਾਂ ਦੀ ਹਮਾਇਤ ‘ਚ ਵਿਸ਼ਾਲ ਟ੍ਰੈਕਟਰ ਰੈਲੀ ‘ਚ ਸ਼ਮੂਲੀਅਤ ਕਰਨਗੇ।

ਚੇਅਰਮੈਨ ਸ. ਲਾਲ ਸਿੰਘ ਨੇ ਇਸ ਮੌਕੇ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਸਮੇਤ ਇਲਾਕਾ ਨਿਵਾਸੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰੀ ਕਾਨੂੰਨਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਸਾਰੇ ਬਦਲ ਖੁੱਲ੍ਹੇ ਰੱਖੇ ਹੋਏ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਨੂੰਨੀ ਮਾਹਰਾਂ ਨਾਲ ਮਸ਼ਵਰਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਸਦ ਮੈਂਬਰ ਤੇ ਸੀਨੀਅਰ ਕਾਂਗਰਸ ਆਗੂ ਸ੍ਰੀ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਇਨ੍ਹਾਂ ਕਾਨੂੰਨਾਂ ਦੇ ਖ਼ਾਤਮੇ ਲਈ ਪੂਰੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।

ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਕੇਂਦਰੀ ਕਾਨੂੰਨ ਇਕੱਲੇ ਮੰਡੀਕਰਨ ਢਾਂਚੇ ਅਤੇ ਐਮ.ਐਸ.ਪੀ. ਨੂੰ ਹੀ ਖ਼ਤਮ ਨਹੀਂ ਕਰ ਰਹੇ ਬਲਕਿ ਪੰਜਾਬ ਦੀ ਕਿਸਾਨੀ, ਆੜਤੀਆਂ, ਟਰਾਂਸਪੋਰਟਰਾਂ ਤੇ ਕਿਰਤੀਆਂ ਸਮੇਤ ਪੰਜਾਬ ਦੇ ਸਮੁੱਚੇ ਅਰਥਚਾਰੇ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਨੇ ਇਸ ਮੌਕੇ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਬਾਦਲਾਂ ਨੇ ਪਹਿਲਾਂ ਕੇਂਦਰੀ ਕਾਨੂੰਨਾਂ ਦੇ ਸੋਹਲੇ ਗਾਏ ਅਤੇ ਹੁਣ ਵਿਰੋਧ ਨੂੰ ਵੇਖਦਿਆਂ ਯੂ ਟਰਨ ਲੈਕੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।

ਸ. ਲਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਦੋ ਫੀਸਦੀ ਕਿਸਾਨੀ ਨੇ ਆਜ਼ਾਦੀ ਤੋਂ ਮਗਰੋਂ ਜਿੱਥੇ ਦੇਸ਼ ਦੀ 60 ਫੀਸਦੀ ਆਬਾਦੀ ਦਾ ਪੇਟ ਭਰਿਆ ਉਥੇ ਹੀ ਦੇਸ਼ ‘ਚ ਹਰੀ ਕ੍ਰਾਂਤੀ ਲਿਆਂਦੀ ਅਤੇ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਖੇਤੀ ਕਰਨੀ ਵੀ ਸਿਖਾਈ। ਪਰੰਤੂ ਮੋਦੀ ਸਰਕਾਰ ਨੇ ਇਸ ਸਭ ਕੁਝ ਨੂੰ ਭੁਲ ਕੇ ਪੰਜਾਬ ਦੀ ਕਿਸਾਨੀ ਨੂੰ ਦਾਅ ‘ਤੇ ਲਾ ਦਿੱਤਾ ਹੈ ਕਿਊਂਕਿ ਇਹ ਕਾਲੇ ਕਾਨੂੰਨ ਲਾਗੂ ਹੋਣ ਕਰਕੇ ਰਾਜ ਅੰਦਰ 13300 ਏਕੜ ਰਕਬੇ ‘ਚ ਅਰਬਾਂ ਰੁਪਏ ਲਗਾਕੇ ਬਣਾਇਆ ਮੰਡੀਕਰਨ ਢਾਂਚਾ ਵੀ ਤਬਾਹ ਹੋ ਜਾਵੇਗਾ।

ਚੇਅਰਮੈਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਲਿਆਉਣੇ ਮੌਜੂਦਾ ਮੰਡੀਕਰਨ ਢਾਂਚੇ ਕਾਰਨ ਪੰਜਾਬ ਦੇ 36000 ਆੜਤੀਆਂ ਨੂੰ ਦਿੱਤੀ ਜਾਣ ਵਾਲੀ 1800 ਕਰੋੜ ਰੁਪਏ ਦੀ ਆੜਤ ਅਤੇ 3 ਲੱਖ ਮਜ਼ਦੂਰਾਂ ਨੂੰ 1100 ਕਰੋੜ ਰੁਪਏ ਦੀ ਮਜ਼ਦੂਰੀ ਦੇਣ ਤੋਂ ਪੈਰ ਪਿਛਾਂਹ ਖਿੱਚਣ ਦੇ ਕਦਮ ਹਨ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਹਾਲ ‘ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸ. ਰਾਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕੋ-ਇੱਕ ਵਾਹਦ ਆਗੂ ਹਨ, ਜਿਨ੍ਹਾਂ ਨੇ ਪਹਿਲਾਂ ਪਾਣੀਆਂ ਦੇ ਸਮਝੌਤੇ ਰੱਦ ਕਰਕੇ ਪੰਜਾਬ ਦੇ ਪਾਣੀ ਬਚਾਏ ਅਤੇ ਹੁਣ ਉਹ ਪੰਜਾਬ ਦੇ ਕਿਸਾਨਾਂ ਨੂੰ ਵੀ ਬਚਾਉਣਗੇ।

ਸ. ਰਾਜਿੰਦਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਦੇਸ਼ ਕੋਰੋਨਾ ਦੀ ਮਹਾਂਮਾਰੀ ਨਾਲ ਜੂਝ ਰਿਹਾ ਸੀ ਪਰੰਤੂ ਨਰਿੰਦਰ ਮੋਦੀ ਨੇ ਇਸ ਬਿਮਾਰੀ ਤੋਂ ਵੀ ਵੱਡਾ ਹਮਲਾ ਕਰਕੇ ਕਿਸਾਨੀ, ਆੜਤੀਆਂ, ਕਿਰਤੀਆਂ ਤੇ ਟਰਾਂਸਪੋਟਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਇਹ ਪੰਜਾਬ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ਬੇਵਫ਼ਾਈ ਹੈ, ਜਿਸ ਕਰਕੇ ਅੰਨਦਾਤਾ ਅੱਜ ਸੜਕਾਂ ਅਤੇ ਰੇਲ ਲਾਈਨਾਂ ‘ਤੇ ਬੈਠਾ ਹੈ।

ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਤੇ ਪ੍ਰਧਾਨ ਫੈਡਰੇਸ਼ਨ ਆਫ਼ ਆੜਤੀਆ ਐਸੋਸੀਏਸ਼ਨ ਸ੍ਰੀ ਵਿਜੇ ਕਾਲੜਾ, ਪੇਡਾ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਫਕੀਰ ਚੰਦ ਬਾਂਸਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਆੜਤੀਆ ਐਸੋਸੀਏਸ਼ਨ ਸਮਾਣਾ ਦੇ ਨਵੇ ਬਣੇ ਪ੍ਰਧਾਨ ਸ੍ਰੀ ਪਵਨ ਬਾਂਸਲ, ਸਾਬਕਾ ਪ੍ਰਧਾਨ ਸ੍ਰੀ ਤਰਸੇਮ ਗੋਇਲ, ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਸ੍ਰੀ ਪ੍ਰਦਮਨ ਸਿੰਘ ਵਿਰਕ, ਵਾਈਸ ਚੇਅਰਮੈਨ ਸ੍ਰੀ ਹਰਦੀਪ ਸਿੰਘ ਕੁਲਾਰਾਂ, ਬਲਾਕ ਪ੍ਰਧਾਨ ਸ੍ਰੀ ਸ਼ਿਵ ਕੁਮਾਰ ਘੱਗਾ, ਸ੍ਰੀ ਰਮੇਸ਼ ਗੋਇਲ, ਸ੍ਰੀ ਲਖਵਿੰਦਰ ਸਿੰਘ ਲੱਖਾ, ਯੂਥ ਕਾਂਗਰਸ ਪ੍ਰਧਾਨ ਸ੍ਰੀ ਮੰਨੂ ਸ਼ਰਮਾ, ਅਸ਼ਵਨੀ ਗੁਪਤਾ ਅਤੇ ਵੱਡੀ ਗਿਣਤੀ ਹੋਰ ਪਤਵੰਤੇ ਮੌਜੂਦ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION