ਯੈੱਸ ਪੰਜਾਬ
ਚੰਡੀਗੜ੍ਹ, 01 ਫਰਵਰੀ, 2021:
ਦੇਸ਼ ਅੱਜ ਅਤਿਅੰਤ ਨਾਜੁਕ ਸਥਿਤੀ ਵਿੱਚੋਂ ਗੁਜਰ ਰਿਹਾ ਹੈ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੀ ਲੀਡਰਸ਼ਿਪ ਦੇਸ਼ ਦੀ ਅਗਵਾਈ ਕਰ ਰਹੀ ਹੁੰਦੀ ਤਾਂ ਦੇਸ਼ ਨੂੰ ਇਹ ਦਿਣ ਨਾ ਦੇਖਣੇ ਪੈਂਦੇ।
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ. ਬਰਿੰਦਰ ਸਿੰਘ ਢਿੱਲੋਂ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਵੱਲੋਂ ਹਰ ਘਰ ਪਾਣੀ ਅਤੇ ਹਰ ਘਰ ਸਫਾਈ ਮਿਸ਼ਨ ਦੀ ਸ਼ੁਰੂਆਤ ਮੌਕੇ ਸੂਬੇ ਦੇ ਨੌਜਵਾਨ ਪੰਚਾਂ ਤੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਇਹ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਨ ਦੀ ਅਤੇ ਕੈਪਟਨ ਅਮਰਿੰਦਰ ਸਿੰਘ ਅਜਿਹੀਆਂ ਪਹਿਲ ਕਦਮੀਆਂ ਲਈ ਜਾਣੇ ਜਾਂਦੇ ਹਨ।
ਯੂਥ ਆਗੂ ਨੇ ਪਿੰਡਾਂ ਦੇ ਪੰਚਾਂ ਸਰਪੰਚਾਂ ਖਾਸਕਰ ਨੌਜਵਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਮੁੱਦਿਆਂ ਤੇ ਆਧਾਰਤ ਰਾਜਨੀਤੀ ਵੱਲ ਅੱਗੇ ਲਿਜਾਣ ਤਾਂ ਜੋ ਹਮੇਸ਼ਾਂ ਉਹੀ ਆਗੂ ਅੱਗੇ ਆਵੇ ਜੋ ਦੇਸ਼ ਅਤੇ ਸੂਬੇ ਦਾ ਭਲਾ ਕਰ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਗੱਲ ਲਈ ਪ੍ਰੇਰਤ ਕਰਨਾ ਹੋਵੇਗਾ ਕਿ ਉਹ ਵੋਟ ਪਾਉਣ ਲੱਗਿਆਂ ਝੂਠੇ ਨਾਅਰਿਆਂ ਵਿੱਚ ਨਾ ਆ ਕੇ ਮੁੱਦਿਆਂ ਨੂੰ ਸਾਹਮਣੇ ਰੱਖ ਕੇ ਕੰਮ ਕਰਨ।
ਸ. ਢਿੱਲੋਂ ਨੇ ਅਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਰਾਘਵ ਚੱਢਾ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਜਿਹੇ ਲੋਕ ਦੂਸਰਿਆਂ ਨੂੰ ਮੱਤਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਜਿੰਨ੍ਹਾਂ ਨੂੰ ਇੱਕ ਨਿਗਮ ਤੱਕ ਦਾ ਕੰਮ ਚਲਾਉਣਾ ਨਹੀਂ ਆਉਂਦਾ। ਉਨ੍ਹਾਂ ਇਸ ਮੌਕੇ ਪੰਜਾਬ ਦੇ ਨੌਜਵਾਨ ਸਰਪੰਚਾਂ ਅਤੇ ਵਿਸ਼ੇਸ਼ਕਰ ਮਹਿਲਾਂ ਸਰਪੰਚਾਂ ਵੱਲੋਂ ਸਮਾਜ ਦੇ ਸਮੁੱਚੇ ਵਿਕਾਸ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।