29 C
Delhi
Friday, April 19, 2024
spot_img
spot_img

ਕੈਪਟਨ ਅਮਰਿੰਦਰ ਨੇ ਸੁਤੰਤਰਤਾ ਸੈਨਾਨੀ ਉਜਾਗਰ ਸਿੰਘ ਹਰਪੁਰਾ ਯਾਦਗਾਰੀ ਗੇਟ ਬਣਾਉਣ ਲਈ 10 ਲੱਖ ਰੁਪਏ ਜਾਰੀ ਕੀਤੇ

ਬਟਾਲਾ, 18 ਦਸੰਬਰ, 2019:

ਦੇਸ਼ ਦੇ ਅਜ਼ਾਦੀ ਸੰਗਰਾਮ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੈਨਾਨੀ ਸ. ਉਜਾਗਰ ਸਿੰਘ ਹਰਪੁਰਾ ਦੀ ਯਾਦ ਵਿੱਚ ਪੰਜਾਬ ਸਰਕਾਰ ਵਲੋਂ 10 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਹਰਪੁਰਾ ਦੀ ਮੁੱਖ ਸੜਕ ਉੱਪਰ ਯਾਦਗਾਰੀ ਗੇਟ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਸ. ਉਜਾਗਰ ਸਿੰਘ ਹਰਪੁਰਾ ਉਹ ਅਜ਼ਾਦੀ ਘੁਲਾਟੀਏ ਸਨ ਜਿਨਾਂ ਨੇ ਸੰਨ 1924 ਵਿੱਚ ਅੰਗਰੇਜ਼ ਹਕੂਮਤ ਵਿਰੁੱਧ ਲੱਗੇ ਜੈਤੋ ਦੇ ਮੋਰਚੇ ਵਿੱਚ ਭਾਗ ਲਿਆ ਸੀ ਅਤੇ ਅੰਗਰੇਜ਼ ਸਰਕਾਰ ਨੇ ਉਨਾਂ ਨੂੰ ਗਿ੍ਰਫ਼ਤਾਰ ਕਰਕੇ ਕਾਲੇ ਪਾਣੀ (ਅੰਡੇਮਾਨ ਨਿਕੋਬਾਰ) ਵਿਖੇ ਜੇਲ ਵਿੱਚ ਭੇਜ ਦਿੱਤਾ ਸੀ, ਜਿਥੇ ਉਨਾਂ ਨੇ 7 ਸਾਲ ਕਾਲੇ-ਪਾਣੀ ਦੀ ਸਜ਼ਾ ਕੱਟੀ।

ਮੁਲਕ ਅਜ਼ਾਦ ਹੋਣ ਉਪਰੰਤ ਇਸ ਅਜ਼ਾਦੀ ਦੇ ਪਰਵਾਨੇ ਸ. ਉਜਾਗਰ ਸਿੰਘ ਹਰਪੁਰਾ ਨੂੰ ਭਾਰਤ ਸਰਕਾਰ ਵਲੋਂ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਤਾਮਰ ਪੱਤਰ ਦੇ ਕੇ ਨਿਵਾਜਿਆ ਸੀ। ਇਸ ਤੋਂ ਇਲਾਵਾ ਮਹਾਂ-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਸ. ਉਜਾਗਰ ਸਿੰਘ ਹਰਪੁਰਾ ਨੂੰ ਰਾਜ ਪੱਧਰੀ ਸਨਮਾਨ ਵੀ ਦਿੱਤਾ ਸੀ। ਸੁਤੰਤਰਤਾ ਸੈਨਾਨੀ ਸ. ਉਜਾਗਰ ਸਿੰਘ ਹਰਪੁਰਾ ਨੂੰ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਪੈਨਸ਼ਨ ਵੀ ਲਗਾਈ ਗਈ ਸੀ।

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅਜ਼ਾਦੀ ਘੁਲਾਟੀਏ ਸ. ਉਜਾਗਰ ਸਿੰਘ ਹਰਪੁਰਾ ਵਲੋਂ ਅਜ਼ਾਦੀ ਸੰਘਰਸ਼ ਵਿੱਚ ਪਾਏ ਯੋਗਦਾਨ ਸਦਕਾ ਉਨਾਂ ਦੀ ਯਾਦ ਵਿੱਚ ਬਟਾਲਾ-ਸ੍ਰੀ ਹਰਗੋਬਿੰਦਪੁਰ ਸੜਕ ਤੋਂ ਪਿੰਡ ਹਰਪੁਰਾ ਨੂੰ ਜਾਣ ਵਾਲੀ ਸੜਕ ਉੱਪਰ ਯਾਦਗਾਰੀ ਗੇਟ ਬਣਾਉਣ ਲਈ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਹੈ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਬਟਾਲਾ-ਸ੍ਰੀ ਹਰਗੋਬਿੰਦਪੁਰ ਸੜਕ ਤੋਂ ਪਿੰਡ ਹਰਪੁਰਾ ਨੂੰ ਜਾਣ ਵਾਲੀ ਸੜਕ ਦਾ ਨਾਮ ਵੀ ਸਰਦਾਰ ਉਜਾਗਰ ਸਿੰਘ ਅਜ਼ਾਦੀ ਘੁਲਾਟੀਏ ਦੇ ਨਾਮ ਉੱਪਰ ਰੱਖ ਦਿੱਤਾ ਗਿਆ ਹੈ ਜਿਸ ਨੂੰ ਪੰਜਾਬ ਦੇ ਰਾਜਪਾਲ ਵਲੋਂ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਲੋਕ ਨਿਰਮਾਣ ਵਿਭਾਗ ਵਲੋਂ 10 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਹਰਪੁਰਾ ਦੀ ਸੜਕ ਉੱਪਰ ਅਜ਼ਾਦੀ ਘੁਲਾਟੀਏ ਸ. ਉਜਾਗਰ ਸਿੰਘ ਦੀ ਯਾਦ ਵਿੱਚ ਯਾਦਗਾਰੀ ਗੇਟ ਦੀ ਉਸਾਰੀ ਅਰੰਭ ਕਰ ਦਿੱਤੀ ਗਈ ਹੈ।

ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਸ. ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਯਾਦਗਾਰੀ ਗੇਟ ਇੱਕ ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਇਹ ਗੇਟ ਖੂਬਸੂਰਤ ਦਿੱਖ ਵਾਲਾ ਹੋਵੇਗਾ ਜਿਸ ਉੱਪਰ ਸੁਤੰਤਰਾ ਸੈਨਾਨੀ ਸ. ਉਜਾਗਰ ਸਿੰਘ ਦਾ ਨਾਮ ਲਿਖਿਆ ਜਾਵੇਗਾ।

ਅਜ਼ਾਦੀ ਘੁਲਾਟੀਏ ਸ. ਉਜਾਗਰ ਸਿੰਘ ਹਰਪੁਰਾ ਦੇ ਪੁੱਤਰ ਹਰਪਾਲ ਸਿੰਘ ਹਰਪੁਰਾ ਜਨਰਲ ਸਕੱਤਰ ਪੰਜਾਬ ਕਾਂਗਰਸ ਅਤੇ ਰਾਸ਼ਟਰੀ ਸੀਨੀਅਰ ਵਾਈਸ ਪ੍ਰਧਾਨ ਜੱਟ ਮਹਾਂਸਭਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੂਹ ਪਿੰਡ ਅਤੇ ਇਲਾਕਾ ਨਿਵਾਸੀਆਂ ਵਲੋਂ ਮੁੱਖ ਮੰਤਰੀ ਅਤੇ ਸੂਬਾ ਸਰਕਾਰ ਦੇ ਧੰਨਵਾਦੀ ਹਨ ਜਿਨਾਂ ਨੇ ਅਜ਼ਾਦੀ ਘੁਲਾਟੀਏ ਸ. ਉਜਾਗਰ ਸਿੰਘ ਦੀ ਯਾਦ ਵਿੱਚ ਯਾਦਗਾਰੀ ਗੇਟ ਦੀ ਉਸਾਰੀ ਕਰਨ ਦੇ ਨਾਲ ਪਿੰਡ ਨੂੰ ਜਾਣ ਵਾਲੀ ਸੜਕ ਦਾ ਨਾਮ ਸ. ਉਜਾਗਰ ਸਿੰਘ ਮਾਰਗ ਰੱਖਿਆ ਹੈ।

ਉਨਾਂ ਕਿਹਾ ਕਿ ਇਸ ਯਾਦਗਾਰ ਤੋਂ ਆਉਣ ਵਾਲੀਆਂ ਪੀੜੀਆਂ ਜਿਥੇ ਸ. ਉਜਾਗਰ ਸਿੰਘ ਦੇ ਸੁਤੰਤਰਤਾ ਸੰਗਰਾਮ ਵਿੱਚ ਪਾਏ ਯੋਗਦਾਨ ਨੂੰ ਜਾਣ ਸਕਣਗੇ ਉਥੇ ਨੌਜਵਾਨਾਂ ਵਿੱਚ ਵੀ ਦੇਸ਼ ਪ੍ਰਤੀ ਸਮਰਪਣ ਭਾਵਨਾ ਪੈਦਾ ਹੋਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION