ਯੈੱਸ ਪੰਜਾਬ
ਨਵੀਂ ਦਿੱਲੀ, 10 ਅਗਸਤ, 2021:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿਖ਼ੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।
ਇਹ ਕਾਂਗਰਸ ਹਾਈਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਮਰਜ਼ੀ ਦੇ ਉਲਟ ਜਾ ਕੇ ਸ: ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਸ੍ਰੀਮਤੀ ਸੋਨੀਆ ਗਾਂਧੀ ਨਾਲ ਪਹਿਲੀ ਮੁਲਾਕਾਤ ਸੀ।
ਅੱਜ ਦੀ ਮੁਲਾਕਾਤ ਇਕ ਘੰਟਾ ਚੱਲੀ ਅਤੇ ਸੂਤਰਾਂ ਦਾ ਕਹਿਣਾ ਹੈ ਕਿ ਦੋਹਾਂ ਆਗੂਆਂ ਨੇ ਰਾਜ ਅੰਦਰ 2022 ਵਿੱਚ ਹੋਣ ਵਾਲੀਆਂ ਅਸੰਬਲੀ ਚੋਣਾਂ, ਰਾਜ ਮੰਤਰੀਮੰਡਲ ਵਿੱਚ ਸੰਭਾਵਿਤ ਫ਼ੇਰਬਦਲ ਅਤੇ ਰਾਜ ਦੇ ਕੁਝ ਹੋਰ ਮੁੱਦਿਆਂ ਬਾਰੇ ਗੱਲਬਾਤ ਕੀਤੀ।
ਮੁਲਾਕਾਤ ਤੋਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾ ਵੱਲੋਂ ਮੁੱਖ ਮੰਤਰੀ ਦੇ ਹਵਾਲੇ ਨਾਲ ਟਵੀਟ ਕਰਦਿਆਂ ਕਿਹਾ ਗਿਆ ਕਿ ‘ਮੈਂ ਅੱਜ ਕੁਲ ਹਿੰਦ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਦਿੱਲੀ ਵਿਖ਼ੇ ਮਿਲਿਆ ਅਤੇ ਸੂਬੇ ਦੇ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ। ਇਕ ਘੰਟੇ ਦੀ ਇਹ ਮੁਲਾਕਾਤ ਤਸੱਲੀਬਖ਼ਸ਼ ਰਹੀ।
ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਪਹਿਲਾਂ ਮੁੱਖ ਮੰਤਰੀ ਨੇ ਚੋਣ ਨੀਤੀਘਾੜੇ ਵਜੋਂ ਮਸ਼ਹੂਰ ਅਤੇ ਆਪਣੇ ਸਾਬਕਾ ਪ੍ਰਿੰਸੀਪਲ ਐਡਵਾਈਜ਼ਰ ਸ੍ਰੀ ਪ੍ਰਸ਼ਾਂਤ ਕਿਸ਼ੋਰ ਨਾਲ ਵੀ ਮੁਲਾਕਾਤ ਕੀਤੀ। ਸ੍ਰੀ ਪ੍ਰਸ਼ਾਂਤ ਕਿਸ਼ੋਰ ਨੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਦੇ ਪ੍ਰਿੰਸੀਪਲ ਐਡਵਾਈਜ਼ਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ।
10 ਜਨਪਥ ’ਤੇ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਮਗਰੋਂ ਮੁੱਖ ਮੰਤਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਵੀ ਮਿਲੇ। ਮੁੱਖ ਮੰਤਰੀ ਨੇ ਸ੍ਰੀ ਅਮਿਤ ਸ਼ਾਹ ਸਾਹਮਣੇ ਕਿਸਾਨੀ ਮੁੱਦੇ ਨੂੰ ਛੇਤੀ ਹੱਲ ਕੀਤੇ ਜਾਣ ਦੀ ਗੱਲ ਰੱਖਣ ਤੋਂ ਇਲਾਵਾ ਰਾਜ ਅੰਦਰ ਸੁਰੱਖ਼ਿਆ ਨੂੂੰ ਦਰਪੇਸ਼ ਖ਼ਤਰੇ ਦਾ ਹਵਾਲਾ ਦਿੰਦਿਆਂ ਰਾਜ ਅੰਦਰ ਐਂਟੀ ਡਰੋਨ ਉਪਕਰਨ ਦਿੱਤੇ ਜਾਣ ਅਤੇ ਕੇਂਦਰੀ ਸੁਰੱਖ਼ਿਆ ਬਲਾਂ ਦੀਆਂ 25 ਕੰਪਨੀਆਂ ਦਿੱਤੇ ਜਾਣ ਦੀ ਮੰਗ ਰੱਖੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ