ਕੈਪਟਨ ਅਮਰਿੰਦਰ ਦੀਆਂ ਹਦਾਇਤਾਂ ‘ਤੇ ਬਿਜਲੀ ਸਬਸਿਡੀ, ਸੇਵਾ-ਮੁਕਤੀ ਲਾਭਾਂ ਤੇ ਕੇਂਦਰੀ ਸਕੀਮਾਂ ਲਈ 427 ਕਰੋੜ ਰੁਪਏ ਜਾਰੀ

ਚੰਡੀਗੜ੍ਹ, 31 ਜਨਵਰੀ, 2020:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਵਿੱਤ ਵਿਭਾਗ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ (ਪੀ.ਐਸ.ਪੀ.ਸੀ.ਐਲ.) ਨੂੰ ਬਿਜਲੀ ਸਬਸਿਡੀ, ਕੇਂਦਰੀ ਸਪਾਂਸਰ ਸਕੀਮਾਂ, ਪੀ.ਆਰ.ਟੀ.ਸੀ. ਅਤੇ 15 ਨਵੰਬਰ 2019 ਤੱਕ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਸੇਵਾਮੁਕਤੀ ਲਾਭਾਂ ਦੀ ਅਦਾਇਗੀ ਲਈ 427 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕਿਸਾਨਾਂ ਨੂੰ ਦਿੱਤੀ ਜਾਂਦੀ ਖੇਤੀ ਸਬਸਿਡੀ ਲਈ ਪਾਵਰਕਾਮ ਨੂੰ 100 ਕਰੋੜ ਰੁਪਏ ਜਦਕਿ 15 ਨਵੰਬਰ, 2019 ਤੱਕ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਜੀ.ਪੀ.ਐਫ./ਲੀਵ ਇਨਕੈਸ਼ਮੈਂਟ ਸਮੇਤ ਸੇਵਾਮੁਕਤੀ ਲਾਭਾਂ ਦੀ ਅਦਾਇਗੀ ਲਈ 163 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਨਾਬਾਰਡ ਅਧੀਨ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਲਈ 36.29 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਤੋਂ ਇਲਾਵਾ 29 ਜਨਵਰੀ, 2020 ਤੱਕ ਮੈਡੀਕਲ, ਪੈਟਰੋਲ ਤੇ ਗਰੀਸ, ਪਾਣੀ/ਬਿਜਲੀ, ਵਸਤਾਂ ਦੀ ਸਪਲਾਈ ਅਤੇ ਦਫ਼ਤਰੀ ਖ਼ਰਚਿਆਂ ਲਈ 64.30 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਬੁਲਾਰੇ ਅਨੁਸਾਰ ਵਿੱਤ ਵਿਭਾਗ ਵੱਲੋਂ ਕੇਂਦਰੀ ਸਪਾਂਸਰ ਸਕੀਮਾਂ (ਸੀ.ਐਸ.ਐਸ.) ਤਹਿਤ 59.16 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਿਸ ਵਿੱਚ ਸੈਂਟਰਲ ਰੋਡ ਫੰਡ ਲਈ 14.01 ਕਰੋੜ ਰੁਪਏ, ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਲਈ 14.49 ਕਰੋੜ ਰੁਪਏ, ਕੌਮੀ ਜੀਵਨ ਨਿਰਬਾਹ ਮਿਸ਼ਨ ਲਈ 6.67 ਕਰੋੜ ਰੁਪਏ, ਸਮਗਰ੍ਹਾ ਸ਼ਿਕਸ਼ਾ ਅਭਿਆਨ (ਸੈਕੰਡਰੀ) ਲਈ 5.60 ਕਰੋੜ ਰੁਪਏ, ਸਟੇਟ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਅਪਗ੍ਰੇਡ ਕਰਨ ਲਈ 5.56 ਕਰੋੜ ਰੁਪਏ, ਅਦਾਲਤਾਂ ਲਈ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਵਾਸਤੇ 4.83 ਕਰੋੜ ਰੁਪਏ ਅਤੇ ਕੌਮੀ ਸਿਹਤ ਮਿਸ਼ਨ ਲਈ 3.65 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਕੌਮੀ ਪੇਂਡੂ ਪੀਣ ਯੋਗ ਪਾਣੀ ਮਿਸ਼ਨ, ਨੀਲੀ ਕ੍ਰਾਂਤੀ, ਪੁਲੀਸ ਫੋਰਸਾਂ ਦੇ ਆਧੁਨਿਕੀਕਰਨ, ਕੌਮੀ ਸਿੱÎਖਿਆ ਮਿਸ਼ਨ (ਐਨ.ਈ.ਐਮ.), ਸਵੱਛ ਭਾਰਤ ਮਿਸ਼ਨ (ਐਸ.ਬੀ.ਐਮ.), ਕੌਮੀ ਸਮਾਜਿਕ ਸਹਾਇਤਾ ਪ੍ਰੋਗਰਾਮ (ਐਨ.ਐਸ.ਏ.ਪੀ.) , ਚਿੱਟੀ ਕ੍ਰਾਂਤੀ ਸਮੇਤ ਸੀ.ਐਸ.ਐਸ. ਤਹਿਤ ਹੋਰ ਪ੍ਰਾਜੈਕਟਾਂ/ਸਕੀਮਾਂ ਲਈ 4.35 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਵਿਭਾਗ ਵੱਲੋਂ ਤਕਨੀਕੀ ਸਿੱਖਿਆ (ਆਈ.ਟੀ.ਆਈ. ਵਿੰਗ) ਲਈ ਪੀ.ਆਰ.ਟੀ.ਸੀ. ਨੂੰ 4.25 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ।