35.1 C
Delhi
Thursday, April 25, 2024
spot_img
spot_img

ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦਾ ਸਵਾਗਤ, ਬਸ਼ਰਤੇ ਬੱਚੇ ਪੜ੍ਹਨ ਲਈ ਅਤੇ ਸਹੀ ਤਰੀਕੇ ਨਾਲ ਹੀ ਆਉਣ: ਸੁੱਖ ਧਾਲੀਵਾਲ

ਲੁਧਿਆਣਾ, 8 ਜਨਵਰੀ, 2020:
ਕੈਨੇਡਾ ਵਿੱਚ ਚੌਥੀ ਵਾਰ ਸੰਸਦ ਮੈਂਬਰ ਬਣੇ ਸ੍ਰ. ਸੁਖਮਿੰਦਰ ਸਿੰਘ ਸੁੱਖ ਧਾਲੀਵਾਲ ਪੰਜਾਬ ਦੌਰੇ ‘ਤੇ ਆਏ ਹੋਏ ਹਨ। ਅੱਜ ਗੈਰ ਸਰਕਾਰੀ ਸੰਸਥਾ ਕਿਰਤ ਸੇਵਾ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਸਥਾਨਕ ਯੂ. ਸੀ. ਪੀ. ਐੱਮ. ਏ. ਦਫ਼ਤਰ ਵਿਖੇ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਪ੍ਰਵਾਸੀ ਪੰਜਾਬੀ ਸ੍ਰ. ਕ੍ਰਿਪਾਲ ਸਿੰਘ ਮਾਂਗਟ ਤੇ ਸ੍ਰ. ਸੁਰਿੰਦਰਪਾਲ ਸਿੰਘ ਮਾਹਲ (ਸੀ. ਆਰ), ਸ੍ਰ. ਦਰਸ਼ਨ ਸਿੰਘ ਮੱਕੜ, ਕਿਰਤ ਸੇਵਾ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਖਾਲਸਾ, ਸੀਸੂ ਦੇ ਪ੍ਰਧਾਨ ਸ੍ਰ. ਉਪਕਾਰ ਸਿੰਘ ਅਹੂਜਾ ਅਤੇ ਹੋਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਇਸ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਸੁੱਖ ਧਾਲੀਵਾਲ ਨੇ ਕਿਹਾ ਕਿ ਕੈਨੇਡਾ ਇੱਕ ਅਮਨ ਪਸੰਦ ਅਤੇ ਕਿਰਤ ਕਰਨ ਵਾਲੇ ਲੋਕਾਂ ਦਾ ਦੇਸ਼ ਹੈ। ਇਸ ਦੇਸ਼ ਵਿੱਚ ਕਿਰਤ ਕਰਕੇ ਨਾਮ ਬਣਾਉਣ ਵਾਲੇ ਲੋਕਾਂ ਦੀ ਕਦਰ ਵੀ ਪੈਂਦੀ ਹੈ।

ਪਿਛਲੇ ਸਮੇਂ ਦੌਰਾਨ ਪੰਜਾਬੀਆਂ ਵਿਦਿਆਰਥੀਆਂ ਦੀ ਆਮਦ ਵਿੱਚ ਆਈ ਭਾਰੀ ਬੜ੍ਹਤ ਬਾਰੇ ਉਨ੍ਹਾਂ ਕਿਹਾ ਕਿ ਕੈਨੇਡਾ ਪੜ੍ਹਨ ਆਉਣ ਵਾਲੇ ਪੰਜਾਬੀ ਵਿਦਿਆਰਥੀਆਂ ਦਾ ਉਹ ਸਵਾਗਤ ਕਰਦੇ ਹਨ ਬਸ਼ਰਤੇ ਵਿਦਿਆਰਥੀ ਸਹੀ ਮਾਅਨਿਆਂ ਵਿੱਚ ਪੜ੍ਹਾਈ ਕਰਨ ਅਤੇ ਕਾਨੂੰਨੀ ਰਸਤਾ ਅਖ਼ਤਿਆਰ ਕਰਕੇ ਹੀ ਕੈਨੇਡਾ ਆਉਣ। ਪੜ੍ਹਾਈ ਕਰਕੇ ਪੀ. ਆਰ. ਲੈਣ ਦਾ ਯਤਨ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਹੀ ਕਰਨਾ ਪੈਂਦਾ।

ਉਨ੍ਹਾਂ ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਸੋਸ਼ਣ ਬਾਰੇ ਕਿਹਾ ਕਿ ਇਸ ਲਈ ਕਿਸੇ ਹੱਦ ਤੱਕ ਸਾਡੇ ਵਿਦਿਆਰਥੀ ਹੀ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਕੈਨੇਡਾ ਜਾਂਦੇ ਤਾਂ ਪੜਨ ਹਨ ਪਰ ਉਹ ਪੜ੍ਹਾਈ ਨੂੰ ਪਿੱਛੇ ਰੱਖ ਕੇ ਗੈਰਕਾਨੂੰਨੀ ਤਰੀਕੇ ਨਾਲ ਨਿਰਧਾਰਤ ਸਮੇਂ ਤੋਂ ਜਿਆਦਾ ਕੰਮ ਕਰਦੇ ਹਨ।

ਜੇਕਰ ਉਹ ਨਿਰਧਾਰਤ ਸਮਾਂ ਹੀ ਕੰਮ ਕਰਨ ਉਹ ਤਾਂ ਵੀ ਆਪਣਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਦੇ ਹਨ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਪੜ੍ਹਾਈ ਲਈ ਭੇਜਣ ਉਪਰੰਤ ਉਨ੍ਹਾਂ ਤੋਂ ਉਦੋਂ ਤੱਕ ਡਾਲਰਾਂ ਦੀ ਮੰਗ ਨਾ ਕਰਨ ਜਦੋਂ ਤੱਕ ਉਨ੍ਹਾਂ ਦੀ ਪੜ੍ਹਾਈ ਮੁਕੰਮਲ ਨਹੀਂ ਹੁੰਦੀ। ਇਸ ਨਾਲ ਵਿਦਿਆਰਥੀਆਂ ਦਾ ਸੋਸ਼ਣ ਵੱਡੇ ਪੱਧਰ ‘ਤੇ ਰੁਕ ਸਕਦਾ ਹੈ।

ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਸ਼ਹਿਰ ਦੀਆਂ ਸਨਅਤੀ ਸਖਸ਼ੀਅਤਾਂ ਦੀ ਸ਼ਲਾਘਾ ਕਰਦਿਆਂ ਸੁੱਖ ਧਾਲੀਵਾਲ ਨੇ ਕਿਹਾ ਕਿ ਅੱਜ ਲੁਧਿਆਣਾ ਕਰਕੇ ਪੂਰੇ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਵਿਚਾਰਿਆ ਜਾਂਦਾ ਹੈ। ਉਨ੍ਹਾਂ ਸ਼ਹਿਰ ਦੀਆਂ ਸਨਅਤੀ ਇਕਾਈਆਂ ਅਤੇ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਵੱਲੋਂ ਵਿਕਸਤ ਕੀਤੀਆਂ ਜਾ ਰਹੀਆਂ ਨਵੀਂਆਂ ਤਕਨੀਕਾਂ ਦੇ ਪਸਾਰ ਅਤੇ ਆਪਣੇ ਵਪਾਰ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਫੈਲਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਤਰੀਕੇ ਨਾਲ ਪ੍ਰਵਾਸ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਨੱਥ ਪਾਈ ਜਾ ਸਕਦੀ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਜਿੱਥੇ ਸੁੱਖ ਧਾਲੀਵਾਲ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸੁੱਖ ਧਾਲੀਵਾਲ ਨੇ ਹਮੇਸ਼ਾਂ ਦੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਨੂੰ ਤਰਜੀਹ ਦਿੱਤੀ। ਇਸ ਮੌਕੇ ਉਨ੍ਹਾਂ ਸੁੱਖ ਧਾਲੀਵਾਲ ਦੇ ਕੈਨੇਡਾ ਜਾਣ ਅਤੇ ਉਥੇ ਕੀਤੇ ਸੰਘਰਸ਼ ਦੀ ਦਾਸਤਾਨ ਵੀ ਦੱਸੀ। ਭਾਈ ਗਰੇਵਾਲ ਨੇ ਪ੍ਰਵਾਸੀ ਪੰਜਾਬੀਆਂ ਨੂੰ ਸਿੱਖੀ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਦਾ ਸੱਦਾ ਦਿੱਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਸਮਾਗਮ ਦੇ ਆਯੋਜਨ ਕਰਤਾ ਸ੍ਰ. ਮਨਜੀਤ ਸਿੰਘ ਖਾਲਸਾ ਨੇ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲੇ ਪੰਜਾਬੀਆਂ ਵਿਦਿਆਰਥੀਆਂ ਦੀ ਬਾਂਹ ਫੜ੍ਹਨੀ ਯਕੀਨੀ ਬਣਾਉਣ। ਉਨ੍ਹਾਂ ਕਿਰਤ ਸੇਵਾ ਬਾਰੇ ਵਿਚਾਰ ਦਿੰਦਿਆਂ ਦੱਸਿਆ ਕਿ ਇਸ ਸੰਸਥਾ ਵੱਲੋਂ ਦੁਨਿਆਵੀ ਦਾਨਾਂ ਤੋਂ ਹਟ ਕੇ ਲੋੜਵੰਦਾਂ ਨੂੰ ਕਿਰਤ ਨਾਲ ਜੋੜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਜਿੱਥੇ ਨੌਜਵਾਨਾਂ ਨੂੰ ਕਿਰਤ ਦੇ ਕਾਬਿਲ ਕੀਤਾ ਜਾਂਦਾ ਹੈ ਉਥੇ ਹੀ ਉਨ੍ਹਾਂ ਨੂੰ ਆਪਣਾ ਕਾਰੋਬਾਰ ਜਾਂ ਕੰਮ ਸ਼ੁਰੂ ਕਰਨ ਲਈ ਆਰਥਿਕ ਮਦਦ ਵੀ ਮੁਹੱਈਆ ਕਰਵਾਈ ਜਾਂਦੀ ਹੈ।

ਇਸ ਮੌਕੇ ਸ੍ਰ. ਹਰਪਾਲ ਸਿੰਘ ਨਿਮਾਣਾ ਨੇ ਸਟੇਜ ਸਕੱਤਰ ਦੀ ਭੂਮਿਕਾ ਅਦਾ ਕੀਤੀ। ਇਸ ਮੌਕੇ ਪ੍ਰਧਾਨ ਸ੍ਰ. ਡੀ. ਐੱਸ. ਚਾਵਲਾ, ਸ੍ਰ. ਕੁਲਵੰਤ ਸਿੰਘ, ਸ੍ਰ. ਤਰੁਣਜੀਤ ਸਿੰਘ, ਸ੍ਰ. ਐੱਚ. ਐੱਸ. ਬੈਂਸ, ਸ੍ਰ. ਅਵਤਾਰ ਸਿੰਘ ਭੋਗਲ, ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ, ਸ੍ਰ. ਗੁਰਦੀਪ ਸਿੰਘ, ਸ੍ਰ. ਗੁਰਪ੍ਰੀਤ ਸਿੰਘ, ਸ੍ਰ. ਰਾਜਿੰਦਰ ਸਿੰਘ ਸਰਹਾਲੀ, ਸ੍ਰ. ਨਵਜੋਤ ਸਿੰਘ, ਸ੍ਰ. ਦਲਜੀਤ ਸਿੰਘ ਬੇਦੀ ਯੂ. ਕੇ., ਸ੍ਰ. ਹਰਸਿਮਰਨ ਸਿੰਘ ਲੱਕੀ, ਸ੍ਰ. ਮਨਜਿੰਦਰ ਸਿੰਘ ਸਚਦੇਵਾ, ਸ੍ਰ. ਪਰਮਿੰਦਰ ਸਿੰਘ ਜੱਟਪੁਰੀ, ਸ੍ਰ. ਕੁਲਤਾਰ ਸਿੰਘ ਲਾਲੀ ਅਤੇ ਹੋਰ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION