37.8 C
Delhi
Thursday, April 25, 2024
spot_img
spot_img

ਕੇ.ਪੀ.ਐਸ. ਗਿੱਲ ਦੀ ਅਗਵਾਈ ਤੋਂ ਪ੍ਰੇਰਣਾ ਲਵੇ ਪੁਲਿਸ, ਅੱਤਵਾਦ ਨੂੰ ਸਿਰ ਨਹੀਂ ਚੁੱਕਣ ਦੇਵੇਗਾ ਪੰਜਾਬ: ਕੈਪਟਨ

ਐਸ.ਏ.ਐਸ. ਨਗਰ (ਮੋਹਾਲੀ), 11 ਦਸੰਬਰ, 2019 –
ਅੱਤਵਾਦ ਅਤੇ ਅੰਦਰੂਨੀ ਸੁਰੱਖਿਆ ’ਤੇ ਉੱਘੇ ਅਮਰੀਕੀ ਮਾਹਿਰ ਡਾ. ਪੀਟਰ ਚਾਕ ਨੇ ਅੱਜ ਆਖਿਆ ਕਿ ਪਾਕਿਸਤਾਨ ਵੱਲੋਂ ਭਾਰਤੀ ਅਰਥਚਾਰੇ ’ਤੇ ਹਮਲਾ ਕਰਨ ਲਈ ਸੋਸ਼ਲ ਮੀਡੀਆ ਦੀ ਤਾਕਤ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਇਸ ਦੇ ਨਾਲ ਹੀ ਉਨਾਂ ਨੇ ਸਾਵਧਾਨ ਕੀਤਾ ਕਿ ਆਈ.ਐਸ.ਆਈ. ਸੋਸ਼ਲ ਮੀਡੀਆ ਸਾਈਟਾਂ ਦੇ ਗੁਪਤ ਸੰਕੇਤਾਂ, ਸੁਰੱਖਿਅਤ ਦੂਰ ਸੰਚਾਰ ਪਲੇਟਫਾਰਮਾਂ ਅਤੇ ਆਨਲਾਈਨ ਮੈਪਿੰਗ ਤਕਨਾਲੋਜੀ ਦੀ ਵਰਤੋਂ ਲੁਕਵੇਂ ਢੰਗ ਨਾਲ ਕਸ਼ਮੀਰ ਵਿੱਚ ਜਹਾਦੀਆਂ ਦੀ ਭਰਤੀ ਮੁਹਿੰਮ ਜਾਂ ਸਿੱਧੇ ਤੌਰ ’ਤੇ ਅੱਤਵਾਦੀ ਹਮਲਿਆਂ ਲਈ ਮਦਦ ਕਰਨ ਵਿੱਚ ਕਰ ਸਕਦੀ ਹੈ ਕਿਉਂ ਜੋ ਪਾਕਿਸਤਾਨ ਵੱਲੋਂ ਕਸ਼ਮੀਰ ਵਿੱਚ ਭਾਰਤ ਵਿਰੋਧੀ ਦਲਾਂ ਨੂੰ ਸ਼ਹਿ ਦੇਣ ਦਾ ਪੁਰਾਣਾ ਇਤਿਹਾਸ ਹੈ।

ਰੈਂਡ ਕਾਰਪੋਰੇਸ਼ਨ ਤੋਂ ਅਮਰੀਕੀ ਮਾਹਿਰ ਨੇ ਸੁਝਾਅ ਦਿੱਤਾ ਕਿ ਪਾਕਿਸਤਾਨ ਨਾਲ ਨਿਪਟਣ ਦਾ ਸਭ ਤੋਂ ਕਾਰਗਾਰ ਢੰਗ ਸਹਿਯੋਗੀ ਅਤੇ ਭਾਈਵਾਲ ਮੁਲਕਾਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਕਿ ਪਾਕਿਸਤਾਨ ’ਤੇ ਦਬਾਅ ਬਣਾਇਆ ਜਾ ਸਕੇ। ਇਸੇ ਤਰਾਂ ਇਨਾਂ ਮੁਲਕਾਂ ਨੂੰ ਇਹ ਗੱਲ ਵੀ ਸਮਝਾਉਣੀ ਹੋਵੇਗੀ ਕਿ ਪਾਕਿਸਤਾਨ ਦੀ ਧਰਤੀ ਤੋਂ ਚਲਦੀਆਂ ਦਹਿਸ਼ਤੀ ਕਾਰਵਾਈਆਂ ਦੇ ਕਹਿਰ ਤੋਂ ਉਹ ਵੀ ਬਚ ਨਹੀਂ ਸਕਦੇ।

ਉਨਾਂ ਨੇ ਸੁਚੇਤ ਕੀਤਾ ਕਿ ਅਮਰੀਕਾ ਵੱਲੋਂ ਪਾਕਿਸਤਾਨ ਨਾਲ ਦੂਹਰੇ ਕਿਰਦਾਰ ਵਾਲੀ ਖੇਡ ਖੇਡੀ ਜਾ ਰਹੀ ਹੈ ਕਿਉਂਕਿ ਉਸ ਦੀ ਅਫਗਾਨਿਸਤਾਨ ਵਿੱਚ ਰਣਨੀਤਿਕ ਦਿਲਚਸਪੀ ਹੈ ਅਤੇ ਇਹੀ ਕਾਰਨ ਹੈ ਕਿ ਅਮਰੀਕਾ ਵੱਲੋਂ ਪਾਕਿਸਤਾਨ ਖਿਲਾਫ਼ ਸਖ਼ਤ ਸਟੈਂਡ ਨਹੀਂ ਲਿਆ ਜਾ ਰਿਹਾ।

ਹਮਲੇ ਕਰਨ ਲਈ ਡਰੋਨ ਅਤੇ ਇਕੱਲੇ ਤੌਰ ’ਤੇ ਅੱਤਵਾਦੀ ਕਾਰਵਾਈ ਦੀ ਵਧ ਰਹੀ ਵਰਤੋਂ ਦੇ ਸੰਦਰਭ ਵਿੱਚ ਅਮਰੀਕੀ ਮਾਹਿਰ ਨੇ ਇਸ ਖਤਰੇ ਨਾਲ ਨਜਿੱਠਣ ਲਈ ਅਜਿਹੀ ਤਕਨਾਲੋਜੀ ਅਤੇ ਕਾਨੂੰਨਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਕਰਵਾਉਣ ਦਾ ਸੱਦਾ ਦਿੱਤਾ। ਅਜਿਹੇ ਜਵਾਬੀ ਹਮਲਿਆਂ ਵਿੱਚ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਵਿਚ ਗੈਰ-ਸਰਕਾਰੀ ਸੰਸਥਾਵਾਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਸਮਾਜਿਕ ਭਾਈਚਾਰੇ ਦੀ ਵਿਆਪਕ ਤੌਰ ’ਤੇ ਸ਼ਮੂਲੀਅਤ ਕੀਤੀ ਜਾਵੇ।

ਇੱਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ 100 ਫੀਸਦੀ ਕੱਟੜਪੰਥੀ ਆਨਲਾਈਨ ਥਾਂ ਨਹੀਂ ਲੈ ਸਕਦੀ ਅਤੇ ਮਨੁੱਖੀ ਸੰਪਰਕ ਇਸ ਪ੍ਰਿਆ ਦਾ ਹਿੱਸਾ ਹੈ। ਅਜਿਹੇ ਗਰੁੱਪਾਂ ਨੂੰ ਵੱਖਵਾਦੀਆਂ ਵੱਲੋਂ ਸੌਖਿਆ ਨਿਸ਼ਾਨਾ ਬਣਾਏ ਜਾਣ ਨੂੰ ਸਵੀਕਾਰ ਕਰਦਿਆਂ ਡਾ. ਚਾਕ ਨੇ ਕਿਹਾ ਕਿ ਇਹ ਗਰੁੱਪ ਛੇਤੀ ਕੀਤਿਆਂ ਅੱਤਵਾਦ ਦੀ ਧੌਂਸ ਅੱਗੇ ਹੱਥਿਆਰ ਸੁੱਟਣ ਵਾਲੇ ਨਹੀਂ ਹਨ।

ਰੈਫਰੈਂਡਮ-2020 ਦੇ ਸਪੱਸ਼ਟ ਹਵਾਲੇ ਵਿੱਚ ਡਾ. ਚਾਕ ਨੇ ਕਿਹਾ ਕਿ ਉਨਾਂ ਦਾ ਮੰਨਣਾ ਹੈ ਕਿ ਅਮਰੀਕਾ, ਯੂ.ਕੇ. ਤੇ ਕੈਨੇਡਾ ਤੋਂ ਸਰਗਰਮੀਆਂ ਚਲਾ ਰਹੇ ਵਿਦੇਸ਼ੀ ਗਰੁੱਪਾਂ ਅਤੇ ਪਾਕਿਸਤਾਨ ਵਿੱਚ ਖਾਲਿਸਤਾਨ ਪੱਖੀ ਦਹਿਸ਼ਤਗਰਦਾਂ ਵੱਲੋਂ ਮੌਜੂਦਾ ਸਮੇਂ ਸਿੱਖ ਨੌਜਵਾਨਾਂ ਨੂੰ ਕੱਟੜਵਾਦ ਦੇ ਰਾਹ ’ਤੇ ਤੋਰਨ ਦੇ ਮਨੋਰਥ ਨਾਲ ਜ਼ੋਰਦਾਰ ਢੰਗ ਨਾਲ ਸੋਸ਼ਲ ਮੀਡੀਆ ਰਾਹੀਂ ਯਤਨ ਕੀਤੇ ਜਾ ਰਹੇ ਹਨ।

ਦੂਜੇ ਕੇ.ਪੀ.ਐਸ. ਗਿੱਲ ਯਾਦਗਾਰੀ ਭਾਸ਼ਣ ਮੌਕੇ ‘ਡਿਜੀਟਲਾਇਜ਼ਡ ਨਫ਼ਰਤ: ਆਨਲਾਈਨ ਕੱਟੜਵਾਦ, ਹਿੰਸਕ ਇੰਤਹਾਪਸੰਦੀ ਅਤੇ ਅੱਤਵਾਦ’ ਦੇ ਸਮਕਾਲੀ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਚਾਕ ਨੇ ਸਾਵਧਾਨ ਕੀਤਾ, ‘‘ਇਹ ਸੰਕੇਤ ਉੱਭਰ ਰਹੇ ਹਨ ਕਿ ਆਈ.ਐਸ.ਆਈ. ਕਸ਼ਮੀਰ ਵਿੱਚ ਗੜਬੜੀ ਨਾਲ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਲਈ ਮਨਸੂਬੇ ਘੜ ਰਹੀ ਹੈ।’’

ਡਾ. ਚਾਕ ਨੇ ਸੁਝਾਅ ਦਿੱਤਾ ਕਿ ਸੂਬਾ ਸਰਕਾਰ ਅਜਿਹੇ ਸਮੂਹਾਂ ਦੀ ਸ਼ਨਾਖਤ ਕਰੇ ਅਤੇ ਪਾਕਿਸਤਾਨ ਦੀ ਲੁਕਵੀਂ ਜੰਗ ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਵੀ ਨਾਲ ਜੋੜਿਆ ਜਾਵੇ।

ਆਪਣੇ ਮੁੱਖ ਭਾਸ਼ਣ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਸ਼ਵੀਕਰਨ ਦੇ ਦੌਰ ਵਿੱਚ ਅੱਤਵਾਦ ਸੌਖਿਆ ਹੀ ਕੌਮਾਂਤਰੀ ਭੂਗੋਲਿਕ ਸਰਹੱਦਾਂ ਨੂੰ ਪਾਰ ਕਰ ਸਕਦਾ ਹੈ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਨੌਜਵਾਨਾਂ ਨੂੰ ਉਕਸਾਉਣ, ਦਹਿਸ਼ਤ ਫੈਲਾਉਣ ਅਤੇ ਦਹਿਸ਼ਤਗਰਦੀ ਵਿਚਾਰਧਾਰਾ ਦਾ ਪਾਸਾਰ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ।

ਗੁਆਂਢੀ ਦੁਸ਼ਮਣ ਅਤੇ ਸਰਹੱਦੀ ਨਾਲ ਲਗਦਾ ਹੋਣ ਦੇ ਨਾਤੇ ਪੰਜਾਬ ਸੰਵੇਦਨਸ਼ੀਲ ਸੂਬਾ ਹੋਣ ਅਤੇ ਜੰਮੂ-ਕਸ਼ਮੀਰ ਨਾਲ ਜੁੜੇ ਹੋਣ ਕਰਕੇ ਨਸ਼ਾ ਅੱਤਵਾਦ ਦੀ ਵੱਧ ਰਹੀ ਚੁਣੌਤੀ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਧੁਨਿਕ ਪੁਲਿਸਿੰਗ ਦੀ ਲੋੜ ’ਤੇ ਜ਼ੋਰ ਦਿੱਤਾ ਜੋ ਤਕਨਾਲੋਜੀ ਪੱਖੋਂ ਪੂਰੀ ਤਰਾਂ ਪ੍ਰਪੱਕ ਅਤੇ ਪੇਸ਼ੇਵਰ ਪਹੁੰਚ ਰੱਖਦੀ ਹੋਵੇ। ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਕਿਸੇ ਵੀ ਸੂਰਤ ਵਿੱਚ ਪੰਜਾਬ ਨੂੰ ਬੀਤੇ ਹੋਏ ਕਾਲੇ ਦੌਰ ਵੱਲ ਮੁੜ ਲਿਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ, ਸਾਨੂੰ ਸਭ ਨੂੰ ਪਤਾ ਹੈ ਕਿ ਹੁਣ ਫਿਰ ਕੀ ਵਾਪਰ ਰਿਹਾ ਹੈ।’’

ਕੈਪਟਨ ਅਮਰਿੰਦਰ ਸਿੰਘ ਨੇ ਕੇ.ਪੀ.ਐਸ. ਗਿੱਲ ਵੱਲੋਂ ਪੰਜਾਬ ਪੁਲਿਸ ਨੂੰ ਦਿੱਤੀ ਅਗਵਾਈ ਅਤੇ ਸੂਬੇ ਦੇ ਹਾਲਾਤ ਸੁਖਾਵੇਂ ਅਤੇ ਆਮ ਵਾਂਗ ਬਣਾਉਣ ਵਿੱਚ ਉਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਪੁਲਿਸ ਫੋਰਸ ਨੂੰ ਸਵਰਗੀ ਸਾਬਕਾ ਡੀ.ਜੀ.ਪੀ ਦੀ ਲੀਡਰਸ਼ਿਪ ਤੋਂ ਸੇਧ ਲੈਣ ਦਾ ਸੱਦਾ ਦਿੱਤਾ ਅਤੇ ਕੁਸ਼ਲ ਅਗਵਾਈ ਲਈ ਉਨਾਂ ਤੋਂ ਚਾਨਣ ਮੁਨਾਰੇ ਵਾਂਗ ਪ੍ਰੇਰਣਾ ਲੈਣ ਲਈ ਆਖਿਆ। ਉਨਾਂ ਕਿਹਾ ਕਿ ਕੇ.ਪੀ.ਐਸ. ਗਿੱਲ ਦੇ ਕਾਰਜਕਾਲ ਨੂੰ ਮੁਲਕ ਭਰ ਵਿਚ ਪ੍ਰਵਾਨ ਕੀਤਾ ਜਾਂਦਾ ਹੈ। ਉਨਾਂ ਨੇ ਪ੍ਰੋਗਰਾਮ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਲੀਡਰਸ਼ਿਪ, ਤੁਹਾਡੇ ਤੋਂ ਸ਼ੁਰੂ ਹੁੰਦੀ ਹੈ।

ਆਪਣੇ ਭਾਸ਼ਣ ਵਿੱਚ ਡਾ. ਚਾਕ ਨੇ ਸੰਚਾਰ ਮਾਹਿਰਾਂ ਅਤੇ ਸਿਵਲ ਸੁਸਾਇਟੀ ਗਰੁੱਪਾਂ ਨੂੰ ਇਕਜੁਟ ਕਰਕੇ ਕੱਟੜਪੰਥੀ ਦੀ ਪ੍ਰਿਆ ਵਿੱਚ ਸਿੱਧੇ ਤੌਰ ’ਤੇ ਦਖਲ ਦੇਣ ਦਾ ਸੱਦਾ ਦਿੱਤਾ ਤਾਂ ਕਿ ਬਦਲਵੇਂ ਤੌਰ ’ਤੇ ਸੰਦੇਸ਼ ਮੁਹਿੰਮਾਂ ਵਿਕਸਤ ਕਰਕੇ ਇਨਾਂ ਨੂੰ ਫੈਲਾਇਆ ਜਾ ਸਕੇ। ਭਾਸ਼ਣ ਤੋਂ ਬਾਅਦ ਇੱਕ ਸਵਾਲ ਦੇ ਜਵਾਬ ਵਿਚ ਅਮਰੀਕੀ ਮਾਹਿਰ ਨੇ ਕਿਹਾ ਕਿ ਗੂਗਲ, ਵਟਸਐਪ ਵਰਗੇ ਸੋਸ਼ਲ ਮੀਡੀਆ ਗਰੁੱਪਾਂ ਨੂੰ ਹੁਣ ਇਹ ਅਹਿਸਾਸ ਹੋ ਰਿਹਾ ਹੈ ਕਿ ਤਬਾਹਕੁਨ ਸਰਗਰਮੀਆਂ ਲਈ ਇਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਨਾਲ ਉਨਾਂ ਦੀ ਭਰੋਸੇਯੋਗਤਾ ਨੂੰ ਸੱਟ ਵੱਜ ਰਹੀ ਹੈ।

ਡਾ. ਚਾਕ ਦਾ ਕਹਿਣਾ ਹੈ ਕਿ ਇੰਟਰਨੈਟ, ਪਾਕਿਸਤਾਨ ਵਿੱਚ ਆਮ ਅਤਿਵਾਦੀਆਂ ਦੇ ਸੁਭਾਅ ਅਤੇ ਚਰਿੱਤਰ ਨੂੰ ਬੁਨਿਆਦੀ ਰੂਪ ਵਿੱਚ ਬਦਲਣ ‘ਚ ਸਹਾਈ ਸਿੱਧ ਹੋਇਆ ਸੀ ਜਦਕਿ ਤਾਲਿਬਾਨ ਜਿਹੜਾ 2001 ਵਿੱਚ ਤਾਕਤ ਖੁੱਸਣ ਮਗਰੋਂ ਸਿਲਸਿਲੇਵਾਰ ਢੰਗ ਨਾਲ ਅੱਗੇ ਵਧ ਰਿਹਾ ਹੈ, ਨੇ ਇੰਟਰਨੈਟ ਰਾਹੀਂ ਸੂਚਨਾ ਤਕਨੀਕ ਦੀ ਵਰਤੋਂ ਵਧਾਈ ਹੈ ਅਤੇ ਉਹ ਇਸ ਤਕਨੀਕ ਨੂੰ ਅਪਣੀ ਇਲੈਕਟ੍ਰਾਨਿਕ ਪ੍ਰਾਪੇਗੰਡਾ ਜੰਗ ਸ਼ੁਰੂ ਕਰਨ ਲਈ ਬੇਹੱਦ ਅਨੁਕੂਲ ਮੰਨ ਰਿਹਾ ਹੈ। ਉਨਾਂ ਖੁਲਾਸਾ ਕੀਤਾ ਕਿ ਤਾਲਿਬਾਨ ਕੋਲ ਇਸ ਵੇਲੇ ਕਈ ਇੰਟਰਨੈਟ ਡੋਮੇਨ ਹਨ।

ਡਾ. ਚਾਕ ਮੁਤਾਬਕ ਪਾਕਿਸਤਾਨ ਅਤੇ ਅਫ਼ਗਾਸਿਤਾਨ ਵਿੱਚ ਅਤਿਵਾਦੀਆਂ ਅਤੇ ਦਹਿਸ਼ਤਗਰਦਾਂ ਦੁਆਰਾ ਇੰਟਰਨੈਟ ਅਤੇ ਆਨਲਾਈਨ ਮੰਚਾਂ ਦੀ ਵਰਤੋਂ ਦੇ ਸੁਰੱਖਿਆ ਹਾਲਾਤ ‘ਤੇ ਪੈਣ ਵਾਲੇ ਅਸਰ ਨੂੰ ਵੇਖਦਿਆਂ ਇਹ ਘਟਨਾਕ੍ਰ੍ਰਮ ਭਾਰਤ ਲਈ ਡਾਢੀ ਚਿੰਤਾ ਦਾ ਸਬੱਬ ਹਨ। ਉਨਾਂ ਕਿਹਾ, ‘ਕਸ਼ਮੀਰ ਵਿੱਚ ਦੰਗਿਆਂ ਅਤੇ ਪ੍ਰਦਰਸ਼ਨਾਂ ਨੂੰ ਹੱਲਾਸ਼ੇਰੀ ਦੇਣ ਲਈ ਟਵਿੱਟਰ ਦੀ ਪਹਿਲਾਂ ਹੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਹੁਣ ਜਦ ਕਸ਼ਮੀਰ ਦਾ ਵਿਸ਼ੇਸ਼ ਰਾਜ ਵਾਲਾ ਦਰਜਾ ਹਟਾ ਦਿਤਾ ਗਿਆ ਹੈ ਤਾਂ ਲਸ਼ਕਰ-ਏ-ਤੋਇਬਾ ਜਿਹੀਆਂ ਜਥੇਬੰਦੀਆਂ ਹੋਰ ਆਨਲਾਈਨ ਮੰਚਾਂ ਰਾਹੀਂ ਬੇਚੈਨੀ ਦਾ ਆਲਮ ਤੇਜ਼ ਕਰਨ ਲਈ ਤਤਪਰ ਹੋਣਗੀਆਂ।’’

ਇਕ ਹੋਰ ਹੈਰਾਨੀਜਨਕ ਪ੍ਰਗਟਾਵਾ ਕਰਦਿਆਂ ਡਾ. ਚਾਕ ਨੇ ਕਿਹਾ ਕਿ ਆਈ.ਐਸ. ਨੇ ਵੀ ਅਮਰੀਕਾ ਅਤੇ ਪੱਛਮ ਵਿੱਚ ਇਕ ਵਿਅਕਤੀ ਦੁਆਰਾ ਹਿੰਸਕ ਹਮਲੇ ਕਰਵਾਉਣ ਲਈ ਇੰਟਰਨੈਟ ਅਤੇ ਸੋਸ਼ਲ ਮੀਡੀਆ ਪਲੈਟਫ਼ਾਰਮ ਨੂੰ ਵਰਤਿਆ ਹੈ ਕਿਉਂਕਿ ਆਗੂਹੀਣ ਵਿਰੋਧ ਦੇ ਉਭਾਰ ਵਿੱਚ ਸੂਚਨਾ ਤਕਨੀਕ ਬਹੁਤ ਅਹਿਮ ਰਹੀ ਹੈ। ਜਥੇਬੰਦਕ ਢਾਂਚੇ ਵਜੋਂ ਸੂਚਨਾ ਤਕਨੀਕ ਕੱਟੜ ਇਸਲਾਮੀ ਲਹਿਰਾਂ ਲਈ ਵੀ ਓਨੀ ਹੀ ਸਾਰਥਕਤਾ ਰਖਦੀ ਹੈ, ਜਿੰਨੀ ਕਿ ਕੱਟੜ ਸੱਜੇਪੱਖੀਆਂ ਲਈ। ਉਨਾਂ ਚੌਕਸ ਕਰਦਿਆਂ ਕਿਹਾ ਕਿ ਇਹ ਤਕਨੀਕ ਭਾਰਤ ਵਿੱਚ ਇਕੱਲੇ ਵਿਅਕਤੀ ਜਾਂ ਅੱਧ-ਆਜ਼ਾਦ ਜਥੇਬੰਦੀਆਂ ਨੂੰ ਅਤਿਵਾਦੀ ਹਮਲਿਆਂ ਲਈ ਹੱਲਾਸ਼ੇਰੀ ਦੇਣ ਖ਼ਾਤਰ ਵੀ ਅਸਰਦਾਰ ਢੰਗ ਨਾਲ ਵਰਤੀ ਜਾ ਸਕਦੀ ਹੈ।

ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਇਕੱਲੇ ਵਿਅਕਤੀਆਂ ਦੁਆਰਾ ਕੀਤੇ ਜਾਣ ਵਾਲੇ ਹਮਲਿਆਂ ਨਾਲ ਸਿੱਝਣਾ ਬੜਾ ਮੁਸ਼ਕਲ ਹੈ, ਉਨਾਂ ਕਿਹਾ, ‘ਅਫ਼ਗਾਨਿਸਤਾਨ ਦੇ ਖੇਤਰਾਂ ਵਿੱਚੋਂ ਕੰਮ ਕਰਦੀ-ਕਰਦੀ ਆਈਐਸ ਅਮਰੀਕਾ ‘ਤੇ ਹਮਲਾ ਕਰਨ ਦੇ ਸਬੰਧ ਵਿਚ ਕੁੱਝ ਸਮੇਂ ਤੋਂ ਇਹ ਤਕਨੀਕ ਵਰਤ ਰਹੀ ਹੈ ਅਤੇ ਇਸ ਗੱਲ ਦਾ ਕੋਈ ਕਾਰਨ ਨਹੀਂ ਕਿ ਦਿੱਲੀ, ਮੁੰਬਈ ਬੰਗਲੌਰ, ਚੇਨਈ ਅਤੇ ਲੁਧਿਆਣਾ ਜਿਹੇ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਅਜਿਹੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਸਕਦੀ।

ਇਸ ਤੋਂ ਪਹਿਲਾਂ, ਅਪਣੇ ਸਵਾਗਤੀ ਭਾਸ਼ਣ ਵਿੱਚ, ਡੀ.ਜੀ.ਪੀ. ਦਿਨਕਰ ਗੁਪਤਾ ਨੇ ਤਾਜ਼ਾ ਸੁਰੱਖਿਆ ਹਾਲਾਤ ਅਤੇ ਇੰਟਰਨੈਟ ਤੇ ਆਨਲਾਈਨ ਸੋਸ਼ਲ ਮੀਡੀਆ ਮੰਚਾਂ ਦੀ ਵਰਤੋਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਤੀ। ਸ੍ਰੀ ਗੁਪਤਾ ਨੇ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਕੱਟੜਵਾਦ ਅਤੇ ਅਤਿਵਾਦ ਦੀਆਂ ਦੋਹਰੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਅਪਣੀ ਸਮਰਥਾ ਲਗਾਤਾਰ ਵਧਾ ਰਹੀ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਭੇਟ ਕੀਤਾ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਪੁਲਿਸ, ਖ਼ੁਫ਼ੀਆ ਵਿਭਾਗ ਤੇ ਸੁਰੱਖਿਆ ਵਿਭਾਗ ਨਾਲ ਜੁੜੇ ਮੈਂਬਰਾਂ ਨੇ ਸਮਾਗਮ ਵਿੱਚ ਹਿੱਸਾ ਲਿਆ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਸਾਬਕਾ ਡੀ.ਜੀ.ਪੀ. ਮਰਹੂਮ ਕੇ.ਪੀ. ਐਸ ਗਿੱੱ ਜਿਨਾਂ ਅਤਿਵਾਦ ਵਿਰੁਧ ਦਲੇਰਾਨਾ ਲੜਾਈ ‘ਚ ਪੰਜਾਬ ਪੁਲਿਸ ਦੀ ਅਗਵਾਈ ਕੀਤੀ ਸੀ, ਦੀ ਯਾਦ ਵਿੱਚ ਪਿਛਲੇ ਸਾਲ ਭਾਸ਼ਣਾਂ ਦੀ ਸਾਲਾਨਾ ਲੜੀ ਅਰੰਭੀ ਸੀ। ਪਹਿਲਾ ਕੇ.ਪੀ.ਐਸ. ਗਿੱਲ ਯਾਦਗਾਰੀ ਲੈਕਚਰ ਵੇਲੇ ਜੰਮੂ-ਕਸ਼ਮੀਰ ਦੇ ਤਤਕਾਲੀ ਰਾਜਪਾਲ ਐਨ.ਐਨ. ਵੋਹਰਾ ਨੇ ਭਾਸ਼ਣ ਦਿੱਤਾ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION