29 C
Delhi
Saturday, April 20, 2024
spot_img
spot_img

ਕੇਸਾਧਾਰੀ ਫੁੱਟਬਾਲ ਟੂਰਨਾਮੈਂਟ ਕਰੇਗਾ ਪੰਜਾਬੀ ਸਭਿਆਚਾਰ ਤੇ ਸਿੱਖ ਪਛਾਣ ਨੂੰ ਪ੍ਰਫੁੱਲਤ – ਹਰਜੀਤ ਸਿੰਘ ਗਰੇਵਾਲ

ਸਿੱਖ ਨੌਜਵਾਨਾਂ ਨੂੰ ਆਪਣੀ ਸਾਬਤ-ਸੂਰਤ ਪਛਾਣ ਕਾਇਮ ਰੱਖਣ ਲਈ ਪ੍ਰੇਰਿਤ ਕਰਨ ਅਤੇ ਸਮੂਹ ਖੇਡਾਂ ਵਿਚ ਸਿੱਖੀ ਸਰੂਪ ਬਣਾਏ ਰੱਖਣ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਤਹਿਤ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਅਤੇ ਖਾਲਸਾ ਫੁੱਟਬਾਲ ਕਲੱਬ (ਖ਼ਾਲਸਾ ਐਫਸੀ) ਵੱਲੋਂ ਪੰਜਾਬ ਵਿੱਚ ਲੜਕਿਆਂ ਲਈ ਪਹਿਲਾ ‘ਸਿੱਖ ਫੁੱਟਬਾਲ ਕੱਪ’ 30 ਜਨਵਰੀ ਤੋਂ 8 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਸਾਬਤ-ਸੂਰਤ ਲੜਕੀਆਂ ਲਈ ਫੁੱਟਬਾਲ ਮੁਕਾਬਲੇ ਅਗਲੇ ਵਰ੍ਹੇ ਤੋਂ ਸ਼ੁਰੂ ਹੋਣਗੇ।

ਇਹ ਖਾਲਸਾ ਐਫਸੀ, ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਰਜਿਸਟਰਡ ਹੈ ਜਿਸ ਵੱਲੋਂ ਸਿੱਖ ਫੱੁਟਬਾਲ ਕੱਪ ਹਰ ਸਾਲ ਖੇਡ ਵਿਭਾਗ ਪੰਜਾਬ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾਏਗਾ। ਇਸ ਟੂਰਨਾਮੈਂਟ ਲਈ ਖਾਲਸਾ ਐਫਸੀ ਵੱਲੋਂ ਜ਼ਿਲ੍ਹਾ ਪੱਧਰ ’ਤੇ ਲੜਕਿਆਂ ਦੀਆਂ ਫੁੱਟਬਾਲ ਟੀਮਾਂ ਦੀ ਚੋਣ ਕਰਨ ਲਈ ਹਰੇਕ ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਚੋਣ ਟਰਾਇਲ ਮੁਕੰਮਲ ਕਰ ਲਏ ਗਏ ਹਨ। ਕਲੱਬ ਦਾ ਲੋਗੋ, ਵੈਬਸਾਈਟ ਤੇ ਮੋਬਾਈਲ ਐਪ ਵੀ ਲਾਂਚ ਹੋ ਚੁੱਕਾ ਹੈ।

ਫੀਫਾ ਦੇ ਨਿਯਮਾਂ ਤਹਿਤ ਕੇਸਾਧਾਰੀ ਖਿਡਾਰੀਆਂ ਦਾ ਇਹ ਫੁੱਟਬਾਲ ਟੂਰਨਾਮੈਂਟ 30 ਜਨਵਰੀ ਤੋਂ 8 ਫਰਵਰੀ ਤੱਕ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਹੋਵੇਗਾ। ਨਾਕ-ਆਊਟ ਵਿਧੀ ਦੇ ਅਧਾਰ ’ਤੇ ਹੋਣ ਵਾਲੇ ਇਸ ਅੰਤਰ-ਜ਼ਿਲ੍ਹਾ ਟੂਰਨਾਮੈਂਟ ਵਿੱਚ 14 ਸਾਲ ਤੋਂ 21 ਸਾਲ ਤੱਕ ਦੀ ਉਮਰ ਦੇ ਸਾਬਤ-ਸੁਰਤ ਖਿਡਾਰੀ ਭਾਗ ਲੈਣਗੇ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਗਮ 8 ਫਰਵਰੀ ਨੂੰ ਐਸ.ਏ.ਐਸ.ਨਗਰ ਦੇ ਸਟੇਡੀਅਮ ਵਿੱਚ ਹੋਵੇਗਾ।

ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਿਵੇਕਲਾ ਉੱਦਮ ਖਾਲਸਾ ਐਫਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਆਰੰਭਿਆ ਹੈ। ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਅਤੇ ਖਾਲਸਾ ਐਫਸੀ ਦਾ ਪ੍ਰਮੁੱਖ ਮੰਤਵ ਸਰਵਉੱਚ ਸਿੱਖ ਸਿਧਾਂਤਾਂ ਨੂੰ ਕਾਇਮ ਰੱਖਦੇ ਹੋਏ ਸਿੱਖ ਖੇਡਾਂ ਸਮੇਤ ਹੋਰ ਮਸ਼ਹੂਰ ਖੇਡਾਂ ਨੂੰ ਸਿੱਖਾਂ ਵਿਚ ਪ੍ਰਫੁੱਲਤ ਕਰਨਾ ਅਤੇ ਹਰਮਨ ਪਿਆਰਾ ਬਣਾਉਣਾ ਹੈ।

ਫੁੱਟਬਾਲ ਪ੍ਰਮੋਟਰ ਗਰੇਵਾਲ ਦਾ ਕਹਿਣਾ ਹੈ ਕਿ ਆਪਣੀ ਕਿਸਮ ਦਾ ਇਹ ਵਿਲੱਖਣ ਕੇਸਾਧਾਰੀ ਟੂਰਨਾਮੈਂਟ ਵਿਸ਼ਵ ਭਰ ਵਿੱਚ ਜਿੱਥੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰੇਗਾ ਉਥੇ ਸਿੱਖ ਪਛਾਣ ਨੂੰ ਹੋਰ ਉਜਾਗਰ ਕਰੇਗਾ ਜਿਸ ਨਾਲ ਵਿਦੇਸ਼ਾਂ ਵਿੱਚ ਸਿੱਖਾਂ ’ਤੇ ਹੁੰਦੇ ਨਸਲੀ ਹਮਲੇ ਰੋਕਣ ਵਿੱਚ ਮੱਦਦ ਮਿਲੇਗੀ। ਇਸ ਤੋਂ ਇਲਾਵਾ ਇਹ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਨੌਜਵਾਨਾਂ ਦੀ ਤਾਕਤ ਨੂੰ ਖੇਡ ਗਤੀਵਿਧੀਆਂ ਵੱਲ ਮੋੜਨ ਵਿਚ ਸਹਾਇਤਾ ਕਰੇਗਾ ਤਾਂ ਜੋ ਖਿਡਾਰੀ ਫੁੱਟਬਾਲ ਖੇਡ ਨੂੰ ਪੇਸ਼ੇ ਵਜੋ ਅਪਣਾਕੇ ਆਪਣਾ ਭਵਿੱਖ ਉਜਲ ਬਣਾ ਸਕਣ।

ਖਾਲਸਾ ਐਫਸੀ ਵੱਲੋਂ ਖਿਡਾਰੀਆਂ ਨੂੰ ਕਈ ਲਾਭ ਦਿੱਤੇ ਜਾ ਰਹੇ ਹਨ। ਇਸ ਸਿੱਖ ਫੁੱਟਬਾਲ ਕੱਪ ਵਿੱਚ ਖੇਡਣ ਵਾਲੀਆਂ ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੀਆਂ ਕੇਸਾਧਾਰੀ ਟੀਮਾਂ ਨੂੰ ਖੇਡ ਕਿੱਟਾਂ, ਜਰਸੀ ਅਤੇ ਟਰੈਕ ਸੂਟ ਤੋਂ ਇਲਾਵਾ ਯਾਤਰਾ ਭੱਤਾ ਵੀ ਮਿਲੇਗਾ। ਜੇਤੂ ਟੀਮ ਨੂੰ 5 ਲੱਖ ਰੁਪਏ ਅਤੇ ਉਪ-ਜੇਤੂ ਨੂੰ 3 ਲੱਖ ਰੁਪਏ ਦੇ ਨਕਦ ਪੁਰਸਕਾਰ ਤੋਂ ਇਲਾਵਾ ਦੋਵਾਂ ਟੀਮਾਂ ਦੇ ਕੋਚਾਂ ਨੂੰ ਕ੍ਰਮਵਾਰ 51,000 ਅਤੇ 31,000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਤ ਕੀਤਾ ਜਾਵੇਗਾ।

ਖਾਲਸਾ ਐਫਸੀ ਦੇ ਪ੍ਰਧਾਨ ਗਰੇਵਾਲ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸਟੇਡੀਅਮਾਂ ਵਿੱਚ ਹੋਣ ਵਾਲੇ ਸਾਰੇ ਫੁੱਟਬਾਲ ਮੈਚਾਂ ਦੌਰਾਨ ਸਿੱਖ ਜੰਗਜੂ ਕਲਾ ਗੱਤਕੇ ਦੀ ਪ੍ਰਦਰਸ਼ਨੀ ਵੀ ਹੋਵੇਗੀ। ਗਰੇਵਾਲ ਨੇ ਭਵਿੱਖਤ ਯੋਜਨਾਵਾਂ ਬਾਰੇ ਕਿਹਾ ਕਿ ਖਾਲਸਾ ਐਫਸੀ ਦੀ ਟੀਮ ਭਾਰਤ ਦੀਆਂ ਪ੍ਰਮੁੱਖ ਟੀਮਾਂ ਤੇ ਫੁੱਟਬਾਲ ਲੀਗ ਸਮੇਤ ਵੱਖ-ਵੱਖ ਦੇਸ਼ਾਂ ਵਿਚ ਫੁੱਟਬਾਲ ਕਲੱਬਾਂ ਨਾਲ ਮੈਚ ਖੇਡਿਆ ਕਰੇਗੀ। ਸਾਬਤ-ਸੂਰਤ ਖਿਡਾਰੀਆਂ ਲਈ ਖਾਲਸਾ ਐਫਸੀ ਇੱਕ ਪਲੇਟਫਾਰਮ ਦਾ ਕੰਮ ਕਰੇਗਾ ਜਿੱਥੋਂ ਉਹ ਚੋਟੀ ਦੇ ਭਾਰਤੀ ਅਤੇ ਵਿਦੇਸ਼ੀ ਫੁੱਟਬਾਲ ਕਲੱਬਾਂ ਨਾਲ ਸਮਝੌਤੇ ਕਰਕੇ ਆਪਣੀ ਬਿਹਤਰ ਜਿੰਦਗੀ ਜਿਉਣ ਦਾ ਅਹਿਸਾਸ ਕਰ ਸਕਣ।

ਖਾਲਸਾ ਐਫਸੀ ਆਪਣੀ ਸਾਬਤ-ਸੂਰਤ ਟੀਮ ਨੂੰ ਬਿਹਤਰੀਨ ਸਿਖਲਾਈ, ਕੋਚਿੰਗ ਸਮੇਤ ਡਾਕਟਰੀ ਸਹੂਲਤਾਂ ਦੇ ਨਾਲ-ਨਾਲ ਮੁਫਤ ਪੜਾਈ ਅਤੇ ਰਿਹਾਇਸ਼ ਪ੍ਰਦਾਨ ਕਰਨ ਲਈ ਸਪਾਂਸਰਾਂ ਦਾ ਪ੍ਰਬੰਧ ਕਰੇਗਾ। ਇਸ ਤੋਂ ਇਲਾਵਾ ਖਾਲਸਾ ਐਫਸੀ ਆਪਣੇ ਕੇਸਾਧਾਰੀ ਫੁੱਟਬਾਲਰਾਂ ਨੂੰ ਟੂਰਨਾਮੈਂਟਾਂ ਦੌਰਾਨ ਲੱਗਣ ਵਾਲੀਆਂ ਸੱਟਾਂ ਜਾਂ ਨੁਕਸਾਨ ਨੂੰ ਪੂਰਾ ਕਰਨ ਲਈ ਬੀਮਾ ਯੋਜਨਾ ਲੈਣ ਦੀ ਕੋਸ਼ਿਸ਼ ਕਰੇਗਾ। ਗਰੇਵਾਲ ਨੇ ਇਹ ਵੀ ਕਿਹਾ ਕਿ ਹਰ ਤਰਾਂ ਦੇ ਮੀਡੀਆ ਵਿਚ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਵੀ ਉਜਾਗਰ ਕੀਤਾ ਜਾਵੇਗਾ ਤਾਂ ਜੋ ਉਹ ਹੋਰ ਵੱਡੇ ਕਲੱਬਾਂ ਵਿੱਚ ਆਪਣੀ ਕਿਸਮਤ ਅਜਮਾ ਸਕਣ।

ਖਾਲਸਾ ਐਫਸੀ ਵੱਲੋਂ ਹਰ ਸਾਲ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ ਜਿਸ ਦੌਰਾਨ ਉਘੇ ਸਾਬਤ-ਸੂਰਤ ਖਿਡਾਰੀਆਂ, ਫੁੱਟਬਾਲਰਾਂ, ਕੋਚਾਂ ਅਤੇ ਤਕਨੀਕੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਜਾਵੇਗਾ। ਖਾਲਸਾ ਐਫਸੀ ਵੱਲੋਂ ਨਵੰਬਰ ਦੇ ਪਹਿਲੇ ਹਫ਼ਤੇ ਕਲੱਬ ਦੀਆਂ ਪੰਜਾਬ ਦੇ ਸਾਰੇ 22 ਜ਼ਿਲਿ੍ਹਆਂ ਦੀਆਂ ਟੀਮਾਂ ਦੀ ਚੋਣ ਸਮੇਤ ਚੰਡੀਗੜ੍ਹ ਦੀ ਸਾਬਤ-ਸੂਰਤ ਟੀਮ ਲਈ ਚੋਣ ਟਰਾਇਲ ਮੁਕੰਮਲ ਹੋ ਚੁੱਕੇ ਹਨ ਜਿੰਨਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜੋਸ਼ ਅਤੇ ਉਤਸ਼ਾਹ ਉਮੀਦ ਨਾਲੋਂ ਕਿਤੇ ਜ਼ਿਆਦਾ ਸੀ। ਚੰਡੀਗੜ੍ਹ ਅਤੇ ਪੰਜਾਬ ਦੇ 23 ਵੱਖ-ਵੱਖ ਫੁੱਟਬਾਲ ਸਟੇਡੀਅਮਾਂ ਵਿੱਚ ਸਿੱਖ ਫੁੱਟਬਾਲ ਕੱਪ ਲਈ ਟੀਮਾਂ ਦੇ ਚੋਣ ਟਰਾਇਲਾਂ ਮੌਕੇ 2200 ਤੋਂ ਵੱਧ ਸਾਬਤ-ਸੂਰਤ ਫੁੱਟਬਾਲਰਾਂ ਨੇ ਹਿੱਸਾ ਲਿਆ।

ਇਹ ਜ਼ਿਲ੍ਹਾ ਪੱਧਰੀ ਕੇਸਾਧਾਰੀ ਟੀਮਾਂ ਪੰਜਾਬ ਅਤੇ ਚੰਡੀਗੜ੍ਹ ਦੇ ਫੁੱਟਬਾਲ ਮੈਦਾਨਾਂ ਵਿੱਚ ਅੰਤਰ-ਜ਼ਿਲ੍ਹਾ ਟੂਰਨਾਮੈਂਟ ਵਜੋਂ ਨਾਕ-ਆਊਟ ਵਿਧੀ ਮੁਤਾਬਿਕ ਮੈਚ ਖੇਡਣਗੀਆਂ। ਉਪਰੰਤ ਫ਼ਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਗਮ 8 ਫਰਵਰੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਟੇਡੀਅਮ ਵਿੱਚ ਹੋਵੇਗਾ। ਵੱਖ-ਵੱਖ ਸਟੇਡੀਅਮਾਂ ਵਿੱਚ ਹੋਣ ਵਾਲੇ ਸਾਰੇ ਫੁੱਟਬਾਲ ਮੈਚਾਂ ਦੌਰਾਨ ਸਿੱਖ ਜੰਗਜੂ ਕਲਾ ਗੱਤਕੇ ਦੀ ਪ੍ਰਦਰਸ਼ਨੀ ਵੀ ਹੋਵੇਗੀ।

(ਹਰਜੀਤ ਸਿੰਘ ਗਰੇਵਾਲ)
ਪ੍ਰਧਾਨ, ਖਾਲਸਾ ਫੁੱਟਬਾਲ ਕਲੱਬ।
76588-00000

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION