25.1 C
Delhi
Tuesday, April 23, 2024
spot_img
spot_img

ਕੇਂਦਰ ਪੰਜਾਬ ਨਾਲ ਮਤਰੇਆ ਸਲੂਕ ਬੰਦ ਕਰੇ, ਜਾਰੀ ਕਰੇ ਜੀਐਸਟੀ ਬਕਾਇਆ: ਸੁਨੀਲ ਜਾਖੜ

ਚੰਡੀਗੜ੍ਹ, 28 ਨਵੰਬਰ,2019 –
ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਜੀਐਸਟੀ ਦੇ ਬਕਾਏ ਦੇ 4100 ਕਰੋੜ ਰੁਪਏ ਜਾਰੀ ਕਰਨ ਵਿਚ ਕੀਤੀ ਜਾ ਰਹੀ ਢਿੱਲ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕੇਂਦਰ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਆ ਸਲੂਕ ਬੰਦ ਕਰੇ ਅਤੇ ਤੁਰੰਤ ਸੂਬੇ ਦਾ ਕੇਂਦਰੀ ਜੀਐਸਟੀ ਵਿਚ ਬਣਦਾ ਹਿੱਸਾ ਜਾਰੀ ਕੀਤਾ ਜਾਵੇ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਸੰਘੀ ਢਾਂਚੇ ਦੀ ਮੂਲ ਭਾਵਨਾ ਦੇ ਉਲਟ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਕਾਹਲੀ ਵਿਚ ਦੋਸ਼ਪੂਰਨ ਜੀਐਸਟੀ ਲਾਗੂ ਕੀਤਾ।ਉਨ੍ਹਾਂ ਕਿਹਾ ਕਿ ਕੇਂਦਰ ਨੇ ਇਸ ਟੈਕਸ ਪ੍ਰਣਾਲੀ ਨੂੰ ਇੰਨ੍ਹਾਂ ਗੁੰਝਲਦਾਰ ਬਣਾ ਦਿੱਤਾ ਕਿ ਛੋਟੇ ਵਪਾਰੀ ਲਈ ਇਸ ਨੂੰ ਸਮਝਣਾ ਹੀ ਮੁਸਕਿਲ ਹੋ ਗਿਆ।

ਇਸ ਤੋਂ ਬਿਨ੍ਹਾਂ ਨਵੀਂ ਪ੍ਰਣਾਲੀ ਵਿਚ ਰਾਜਾਂ ਨੂੰ ਹੋਣ ਵਾਲੇ ਘਾਟੇ ਦੀ ਭਰਪਾਈ ਲਈ ਦਿੱਤੇ ਭਰੋਸੇ ਅਨੁਸਾਰ ਹੁਣ ਰਾਜਾਂ ਨੂੰ ਰਕਮਾਂ ਨਹੀਂ ਦਿੱਤੀਆਂ ਜਾ ਰਹੀਆਂ।

ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੋਟਬੰਦੀ, ਦੋਸ਼ਪੂਰਨ ਜੀਐਸਟੀ ਲਾਗੂ ਕਰਨ ਅਤੇ ਗਲਤ ਆਰਥਿਕ ਨੀਤੀਆਂ ਕਾਰਨ ਅੱਜ ਦੇਸ਼ ਦੇ ਹਰ ਖੇਤਰ ਵਿਚ ਮੰਦੀ ਛਾਈ ਹੋਈ ਹੈ। ਸ੍ਰੀ ਜਾਖੜ ਨੇ ਕਿਹਾ ਕਿ ਰਾਜਾਂ ਦੇ ਜੀਐਸਟੀ ਉਗਰਾਹੀ ਵਿਚ ਇਸੇ ਮੰਦੀ ਕਾਰਨ ਵੱਡੀ ਪੱਧਰ ਤੇ ਗਿਰਾਵਟ ਆਈ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜੀਐਸਟੀ ਉਗਰਾਹੀ 44 ਫੀਸਦੀ ਘਟੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਪੰਜਾਬ ਦੀ ਸਮੱਸਿਆ ਨਹੀਂ ਹੈ। ਸਾਰੇ ਸੂਬੇ ਇਸ ਮੁਸਕਿਲ ਨਾਲ ਪਰੇਸ਼ਾਨ ਹਨ। ਹਿਮਾਚਲ ਪ੍ਰਦੇਸ਼ ਵਿਚ 40 ਫੀਸਦੀ ਅਤੇ ਹਰਿਆਣਾ ਵਿਚ 24 ਫੀਸਦੀ ਜੀਐਸਟੀ ਉਗਰਾਹੀ ਵਿਚ ਕਮੀ ਦਰਜ ਕੀਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਇਹ ਆਂਕੜੇ ਸਪੱਸ਼ਟ ਕਰਦੇ ਹਨ ਕਿ ਦੋਸ਼ਪੂਰਨ ਜੀਐਸਟੀ ਅਤੇ ਗਲਤ ਆਰਥਿਕ ਨੀਤੀਆਂ ਕਾਰਨ ਰਾਜਾਂ ਦੇ ਆਰਥਿਕ ਸੋਮਿਆਂ ਨੂੰ ਸੱਟ ਵੱਜੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜਿਹੇ ਵਿਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਜੀਐਸਟੀ ਦੇ 4100 ਕਰੋੜ ਰੁਪਏ ਰੋਕੇ ਜਾਣੇ ਬੇਹੱਦ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਇਸ ਹਰਕਤ ਨੂੰ ਦੁਰਭਾਵਨਾ ਭਰਪੂਰ ਦੱਸਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਬਿਨ੍ਹਾਂ ਦੇਰੀ ਇਹ ਰਕਮ ਜਾਰੀ ਕਰੇ।

ਸ੍ਰੀ ਜਾਖੜ ਨੇ ਕਿਹਾ ਕਿ ਇਸ ਸਬੰਧੀ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਪੱਧਰ ਤੇ ਪ੍ਰਧਾਨ ਮੰਤਰੀ ਦਫ਼ਤਰ ਕੋਲ ਇਹ ਮੁੱਦਾ ਉਠਾਉਣਗੇ ਉਥੇ ਹੀ ਕਾਂਗਰਸ ਪਾਰਟੀ ਵੀ ਮੋਦੀ ਸਰਕਾਰ ਦੀ ਇਸ ਕਾਣੀ ਵੰਡ ਖਿਲਾਫ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਨੇ ਯਾਦ ਕਰਵਾਇਆ ਕਿ ਸ੍ਰੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਸਮੇਂ ਵੀ ਇਕ ਵਾਰ ਕਾਂਗਰਸ ਸਰਕਾਰ ਸਮੇਂ ਸਾਨੂੰ ਪ੍ਰਧਾਨ ਮੰਤਰੀ ਦੇ ਘਰ ਬਾਹਰ ਧਰਨਾ ਲਗਾਉਣ ਦਾ ਫੈਸਲਾ ਕਰਨਾ ਪਿਆ ਸੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਹੁਣ ਅਜਿਹੀ ਨੌਬਤ ਨਹੀਂ ਆਉਣ ਦੇਵੇਗੀ।

ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਸੂਬਿਆਂ ਨਾਲ ਇਸ ਤਰਾਂ ਦਾ ਵਤੀਰਾ ਹੋਰ ਵੀ ਨਿੰਦਨਯੋਗ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਤੁਰੰਤ ਜੀਐਸਟੀ ਬਕਾਇਆ ਜਾਰੀ ਕਰਨ ਦੀ ਮੰਗ ਦੁਹਰਾਉਂਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਨਾਲ ਭੇਦਭਾਵ ਬੰਦ ਨਾ ਕੀਤਾ ਤਾਂ ਕਾਂਗਰਸ ਪਾਰਟੀ ਦਿੱਲੀ ਜਾ ਕੇ ਮੋਦੀ ਸਰਕਾਰ ਖਿਲਾਫ ਲੋਕ ਸਭਾ ਅੱਗੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION