23.1 C
Delhi
Wednesday, April 24, 2024
spot_img
spot_img

ਕੇਂਦਰ ਦੀ ਯੋਜਨਾ ਤਹਿਤ ਕੈਪਟਨ ਸਰਕਾਰ ਪੰਜਾਬ ਦੀਆਂ ਜਾਇਦਾਦਾਂ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਤੋਂ ਗੁਰੇਜ਼ ਕਰੇ: ਪਰਮਿੰਦਰ ਢੀਂਡਸਾ

ਯੈੱਸ ਪੰਜਾਬ
ਚੰਡੀਗੜ੍ਹ, 30 ਅਗਸਤ, 2021:
ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਦਾ ਸੂਬੇ ਦੀਆਂ ਸੈਂਕੜੇ ਸਰਕਾਰੀ ਜਾਇਦਾਦਾਂ ਨੂੰ ਪ੍ਰਾਇਵੇਟ ਹੱਥਾਂ ਵਿੱਚ ਦੇਣ ਦੇ ਲੋਕ ਵਿਰੋਧੀ ਫੈਸਲੇ ਦੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਇਥੇ ਜਾਰੀ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਇਸ ਮੁੱਦੇ `ਤੇ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਆਖਿਆ ਕਿ ਪੰਜਾਬ ਸਰਕਾਰ ਵੀ ਕੇਂਦਰ ਨਾਲ ਮਿਲ ਕੇ ਸਰਕਾਰੀ ਸੰਪਤੀ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਜਾ ਰਹੀ ਹੈ।

ਜਿਸ ਨੂੰ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀ ਕਰਨਗੇ। ਸ: ਢੀਂਡਸਾ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੇ ਵਾਅਦਿਆਂ ਮੁਤਾਬਕ ਪੰਜਾਬ ਵਿੱਚ ਵਸੀਲੇ ਪੈਦਾ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ। ਜਿਸ ਕਾਰਨ ਹੁਣ ਸਰਕਾਰੀ ਸੰਪਤੀਆਂ ਨੂੰ ਨਿੱਜੀ ਹੱਥਾਂ ਵਿੱਚ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਸ: ਢੀਂਡਸਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਸਬੰਧ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਇਸਦੇ ਤਹਿਤ 53 ਸਰਕਾਰੀ ਆਰਾਮ ਘਰਾਂ ਅਤੇ 10 ਸੜਕਾਂ ਦੀ ਵਿਕਰੀ ਲਈ ਸ਼ਨਾਖ਼ਤ ਵੀ ਕਰ ਲਈ ਗਈ ਹੈ। ਜਿਸ ਵਿੱਚ ਅਮ੍ਰਿਤਸਰ ਦੇ ਗੁਰੂ ਨਾਨਕ ਆਡੀਟੋਰੀਅਮ,ਗੋਲ ਬਾਗ ਸਪੋਰਟਸ ਕੰਪਲੈਕਸ, ਮਹਾਰਾਜਾ ਰਣਜੀਤ ਸਿੰਘ ਆਡੀਟੋਰੀਅਮ, ਲੁਧਿਆਣਾ ਵਿਚਲੀ ਕੁੱਝ ਜ਼ਮੀਨ ਦੀ ਸੂਚੀ ਤੋਂ ਇਲਾਵਾ ਮੁਹਾਲੀ ਦਾ ਬਹੁ-ਮੰਤਵੀ ਖੇਡ ਸਟੇਡੀਅਮ, ਸ਼੍ਰੀ ਦਸ਼ਮੇਸ਼ ਮਾਰਸ਼ਲ ਆਰਟਸ, ਸਪੋਰਟਸ ਅਕਾਦਮੀ, ਮੋਗਾ, ਫਿਰੋਜ਼ਪੁਰ ਤੇ ਲੁਧਿਆਣਾ ਵਿਚਲੀਆਂ ਸੰਪਤੀਆਂ ਨੂੰ ਵੀ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕਰ ਲਈ ਗਈ ਹੈ।

ਉਨ੍ਹਾਂ ਦੱਸਿਆ ਕਿ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਪਹਿਲਾਂ ਹੀ ਦਰਜਨ ਦੇ ਕਰੀਬ ਸੰਪਤੀਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ। ਸ: ਢੀਂਡਸਾ ਆਖਿਆ ਕਿ ਸਰਕਾਰ ਨਾ ਸਿਰਫ਼ ਸਰਕਾਰੀ ਸੰਪਤੀ ਦਾ ਨਿੱਜੀਕਰਨ ਕਰ ਰਹੀ ਹੈ ਬਲਕਿ ਅਜਿਹਾ ਕਰਕੇ ਉਹ ਵਿਰਾਸਤੀ ਥਾਵਾਂ ਨੂੰ ਤੋੜ-ਭੰਨ ਕਰਨ ਦੀ ਵੀ ਇਜਾਜ਼ਤ ਦੇਵੇਗੀ।

ਜਿਸ ਨਾਲ ਇਨ੍ਹਾਂ ਥਾਵਾਂ ਦਾ ਇਤਿਹਾਸਕ ਮਹੱਤਵ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕੇਂਦਰ ਦੇ ਰਾਹ `ਤੇ ਚੱਲ ਰਹੀ ਹੈ ਅਤੇ ਜੇਕਰ ਇਸੇ ਤਰ੍ਹਾਂ ਸਰਕਾਰੀ ਸੰਪਤੀ ਦੇ ਨਿੱਜੀਕਰਨ ਦਾ ਸਿਲਸਿਲਾ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀ ਹੈ ਜਦੋਂ ਤਕਨੀਕੀ ਸਿੱਖਿਆ, ਬਿਜਲੀ ਅਤੇ ਖੇਤੀ ਮਹਿਕਮੇ ਨੂੰ ਵੀ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਅਤੇ ਪੰਜਾਬ `ਤੇ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਰਾਜ ਹੋਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION