29 C
Delhi
Friday, April 19, 2024
spot_img
spot_img

ਕਿਸਾਨ ਮੋਰਚੇ ’ਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦਾ ਸ਼ਹੀਦੀ ਦਿਹਾੜਾ ਮਨਾਇਆ

ਸੰਗਰੂਰ, 27 ਦਸੰਬਰ, 2021 (ਦਲਜੀਤ ਕੌਰ ਭਵਾਨੀਗੜ੍ਹ)
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜ਼ਿਲਾ ਸੰਗਰੂਰ ਵੱਲੋਂ ਡੀਸੀ ਦਫ਼ਤਰ ਅੱਗੇ ਦਿਨ-ਰਾਤ ਦੇ ਪੱਕਾ ਧਰਨਾ ਅੱਜ ਅੱਠਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ। ਇਸ ਚੱਲ ਰਹੇ ਕਿਸਾਨਾਂ ਦੇ ਪੱਕੇ ਮੋਰਚੇ ‘ਚ ਅੱਜ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਸ਼ਹੀਦੀ ਦਿਹਾਡ਼ਾ ਮਨਾਇਆ ਗਿਆ।

ਅੱਜ ਦਾ ਧਰਨਾ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ। ਧਰਨੇ ਦੀ ਸ਼ੁਰੂਆਤ ਵਿੱਚ ਬੇਮਿਸਾਲ ਕੁਰਬਾਨੀ ਦੀ ਜੈ ਜੈਕਾਰ ਕਰਦਿਆਂ ਉਨ੍ਹਾਂ ਦੀ ਯਾਦ ਵਿੱਚ ਖੜੇ ਹੋ ਕੇ ਦੋ ਮਿੰਟ ਦਾ ਮੌਨ ਧਾਰਿਆ ਗਿਆ। ਹੱਕ ਸੱਚ ਲਈ ਜੂਝ ਰਹੇ ਮਾਸੂਮਾਂ ਨੂੰ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕਰਨ ਵਾਲੇ ਫਿਰਕਾਪ੍ਰਸਤ ਤਾਨਾਸ਼ਾਹ ਔਰੰਗਜ਼ੇਬ ਦੇ ਪਾਲਤੂ ਬਘਿਆੜ ਵਜੀਦੇ ਨੂੰ ਬੁਲਾਰਿਆਂ ਵੱਲੋਂ ਫਿੱਟ ਲਾਹਨਤਾਂ ਪਾਈਆਂ ਗਈਆਂ।

ਇਸ ਮੌਕੇ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ 9 ਪੋਹ ਨੂੰ ਮਾਤਾ ਗੁੱਜਰ ਕੌਰ ਅਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਕੇ ਠੰਢੇ ਬੁਰਜ ‘ਚ ਰੱਖਿਆ ਅਤੇ ਹੋਰ ਬਹੁਤ ਸਾਰੇ ਤਸੀਹੇ ਦਿੱਤੇ ਗਏ ਅਤੇ ਜਦੋਂ ਸਾਹਿਬਜ਼ਾਦੇ ਸੂਬਾ ਸਰਹੰਦ ਦੇ ਲਾਲਚ ਅਤੇ ਤਸੀਹਿਆਂ ਅੱਗੇ ਨਾ ਝੁਕੇ ਤਾਂ ਅੱਜ ਦੇ ਦਿਨ 13 ਪੋਹ ਨੂੰ ਉਨ੍ਹਾਂ ਨੂੰ ਜਿਊਂਦਿਆਂ ਨੀਂਹਾਂ ‘ਚ ਚਿਣਨ ਤੋਂ ਬਾਅਦ ਸੂਬਾ ਸਰਹਿੰਦ ਦੇ ਦਰਿੰਦੇ ਜ਼ਾਲਮਾਂ ਵੱਲੋਂ ਕਤਲ ਕਰਕੇ ਸ਼ਹੀਦ ਕਰ ਦਿੱਤਾ ਗਿਆ, ਜਿਸ ਦੀ ਖ਼ਬਰ ਸੁਣਦਿਆਂ ਹੀ ਮਾਤਾ ਗੁਜਰ ਕੌਰ ਨੇ ਵੀ ਉਸੇ ਦਿਨ ਪ੍ਰਾਣ ਤਿਆਗ ਦਿੱਤੇ।

ਉਨ੍ਹਾਂ ਕਿਹਾ ਕਿ ਜਿੱਥੇ ਉਦੋਂ ਦੇ ਜਾਬਰ ਹਾਕਮਾਂ ਵੱਲੋਂ ਆਪਣੇ ਰਾਜ ਦੇ ਨਸ਼ੇ ਦੇ ਜ਼ੋਰ ਲੋਕਾਂ ‘ਤੇ ਸਿੱਧੇ ਜਬਰ ਕੀਤੇ ਜਾ ਰਹੇ ਸਨ ਉਦੋਂ ਜ਼ਮੀਨਾਂ ਵੱਡੀ ਪੱਧਰ ਤੇ ਜਗੀਰਦਾਰਾਂ ਦੇ ਹੱਥਾਂ ‘ਚ ਚਲੀਆਂ ਗਈਆਂ ਸਨ ਜੋ ਮੁਜ਼ਾਅਰਿਆਂ ਤੋਂ ਜਬਰੀ ਜਜ਼ੀਆ ਵਸੂਲ ਕੇ ਬਹੁਤ ਜ਼ਿਆਦਾ ਲੁੱਟ ਅਤੇ ਸ਼ੋਸ਼ਣ ਕਰਦੇ ਸਨ।

ਸ਼੍ਰੀ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਿਵੇਂ ਹੁਣ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਤੋਂ ਜ਼ਮੀਨਾਂ ਖੁੱਸ ਰਹੀਆਂ ਹਨ ਅਤੇ ਵੱਡੇ ਜਗੀਰਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ‘ਚ ਜਾ ਰਹੀਆਂ ਹਨ। ਮੁਗਲ ਹਕੂਮਤ ਵੇਲੇ ਵੀ ਜ਼ਮੀਨਾਂ ‘ਤੇ ਜਗੀਰਦਾਰਾਂ ਦਾ ਕਬਜ਼ਾ ਸੀ।

ਸਹਿਬਜ਼ਾਦਿਆਂ ਦਾ ਸਸਕਾਰ ਕਰਨ ਲਈ ਉੱਨੀ ਜ਼ਮੀਨ ਉਦੋਂ ਟੋਡਰ ਮੱਲ ਨੇ ਉਨੀ ਥਾਂ ਤੇ ਮੋਹਰਾਂ ਧਰ ਕੇ ਅੱਜ ਤੱਕ ਦੇ ਸਭ ਤੋਂ ਮਹਿੰਗੇ ਭਾਅ ‘ਤੇ ਖਰੀਦੀ ਸੀ। ਉਸ ਤੋਂ ਬਾਅਦ ਜ਼ਮੀਨ ਪ੍ਰਾਪਤੀ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ‘ਚ ਸੰਘਰਸ਼ ਚੱਲਿਆ ਜੋ ਇੰਨਾ ਵਿਸ਼ਾਲ ਹੋ ਗਿਆ ਕਿ ਉਸ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਸਾਹਿਬਜ਼ਾਦਿਆਂ ਦਾ ਬਦਲਾ ਲਿਆ ਅਤੇ ਜਗੀਰਦਾਰਾਂ ਤੋਂ ਸਾਰੀਆਂ ਜ਼ਮੀਨਾਂ ਖੋਹ ਕੇ ਹਲਵਾਹਕਾਂ ਦੇ ਨਾ ਕੀਤੀਆਂ।

ਕਿਸਾਨ ਆਗੂ ਨੇ ਕਿਹਾ ਕਿ ਅੱਜ ਵੀ ਉਸੇ ਤਰ੍ਹਾਂ ਜਬਰ ਹੋ ਰਹੇ ਹਨ ਅਤੇ ਕਿਸਾਨਾਂ ਕੋਲੋਂ ਜ਼ਮੀਨਾਂ ਖੁੱਸ ਰਹੀਆਂ ਹਨ ਜਿਨ੍ਹਾਂ ‘ਤੇ ਜਗੀਰਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਹੋ ਰਹੇ ਹਨ ਜਿਸ ਨੂੰ ਰੋਕਣ ਦਾ ਇੱਕੋ ਇੱਕ ਰਾਹ ਆਪਣਾ ਏਕਾ ਅਤੇ ਸੰਘਰਸ਼ ਹੀ ਹੈ।

ਸਟੇਜ ਸਕੱਤਰ ਦੀ ਭੂਮਿਕਾ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਬਾਖੂਬੀ ਨਿਭਾਈ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ, ਕਿਰਪਾਲ ਸਿੰਘ ਧੂਰੀ, ਅਜੈਬ ਸਿੰਘ ਜਖੇਪਲ, ਹਰਪਾਲ ਸਿੰਘ ਪੇਧਨੀ, ਬਲਾਕ ਆਗੂ ਦਰਸ਼ਨ ਸਿੰਘ ਸਾਦੀਹਰੀ, ਗੋਬਿੰਦਰ ਸਿੰਘ ਮੰਗਵਾਲ, ਮਨਜੀਤ ਸਿੰਘ ਘਰਾਚੋਂ, ਪਰਮਜੀਤ ਕੌਰ ਭੁਟਾਲ ਕਲਾਂ, ਬਲਵੀਰ ਸਿੰਘ ਕੋਹਰੀਆ, ਹਰਬੰਸ ਸਿੰਘ ਲੱਡਾ, ਸ਼ੇਰ ਸਿੰਘ ਮਹੋਲੀ, ਦਰਸ਼ਨ ਸਿੰਘ ਅਮਰਗੜ੍ਹ ਅਤੇ ਕੁਲਵਿੰਦਰ ਸਿੰਘ ਭੂਦਨ ਆਦਿ ਆਗੂ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION